ਭਾਜਪਾ ਤੇ ਅਕਾਲੀ ਦਲ ਦੀ ਸਾਂਝ ਪੱਕੀ : ਬਾਦਲ
Posted on:- 21-09-2014
ਫ਼ਰੀਦਕੋਟ : ਪੰਜਾਬ
ਦੇ ਮੁੱਖ ਮੰਤਰੀ ਪ੍ਰਕਾਸ਼ ਸਿਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ
ਅਤੇ ਭਾਰਤੀ ਜਨਤਾ ਪਾਰਟੀ ਦਾ ਗਠਜੋੜ ਚਿਰਸਥਾਈ ਅਤੇ ਪੱਕੀ ਸਾਂਝ ਵਾਲਾ ਹੈ ਅਤੇ ਇਸ ਗਠਜੋੜ
ਦੀ ਤੁਲਨਾ ਕਿਸੇ ਵੀ ਹੋਰ ਗੱਠਜੋੜ ਨਾਲ ਕਰਨੀ ਉਚਿਤ ਨਹੀਂ।
ਅੱਜ ਇੱਥੇ ਬਾਬਾ ਸੇਖ਼
ਫਰੀਦ ਦੇ ਆਗਮਨ ਪੁਰਬ ਮੌਕੇ ਟਿੱਲਾ ਬਾਬਾ ਸੇਖ਼ ਫਰੀਦ ਵਿਖੇ ਆਪਣੀ ਅਕੀਦਤ ਦੇ ਫੁੱਲ ਭੇਟ
ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸ਼੍ਰੋਮਣੀ
ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਨਹੁੰ ਮਾਸ ਦਾ ਰਿਸ਼ਤਾ ਹੈ ਅਤੇ ਦੋਹਾਂ ਨੂੰ ਇੱਕ
ਦੂਜੇ ਤੋਂ ਨਿਖੇੜ ਕੇ ਨਹੀਂ ਵੇਖਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕਤਾਂਤਰਿਕ
ਇਤਿਹਾਸ ਵਿਚ ਇਨ੍ਹਾਂ ਦੋਹਾਂ ਪਾਰਟੀਆਂ ਦਾ ਇਕ ਨਿਵੇਕਲਾ ਗੱਠਜੋੜ ਹੈ ਜੋ ਕਿ ਲੰਬੇ ਸਮੇਂ
ਤੋਂ ਹਰ ਸਿਆਸੀ ਚੁਣੌਤੀ ਵਿਚ ਸਫਲ ਹੋ ਕੇ ਨਿਤਰਿਆ ਹੈ।
ਉਨ੍ਹਾਂ ਕਿਹਾ ਕਿ ਮਹਾਰਾਸ਼ਟਰ
ਵਿਚ ਭਾਜਪਾ ਅਤੇ ਸ਼ਿਵਸੈਨਾ ਦਾ ਗੱਠਜੋੜ ਦੋਹਾਂ ਪਾਰਟੀਆਂ ਦਾ ਨਿੱਜੀ ਮਾਮਲਾ ਹੈ ਅਤੇ ਇਸ
ਨੂੰ ਅਕਾਲੀ- ਭਾਜਪਾ ਗਠਜੋੜ ਦੇ ਸੰਦਰਭ ਵਿਚ ਜੋੜ ਕੇ ਵੇਖਿਆ ਜਾਣਾ ਠੀਕ ਨਹੀਂ ਹੈ।
ਉਨ੍ਹਾਂ ਕਿਹਾ ਕਿ ਅਕਾਲੀ ਦਲ-ਭਾਜਪਾ ਗੱਠਜੋੜ ਵਿਚ ਸੌਦੇਬਾਜ਼ੀ ਨਹੀਂ ਹੁੰਦੀ ਹੈ ਅਤੇ ਇਹ
ਇਕ ਸਥਾਈ ਰਿਸ਼ਤਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ
ਭਾਰਤੀ ਜਨਤਾ ਪਾਰਟੀ ਦੀ ਸਾਂਝੀ ਸਰਕਾਰ ਨੇ ਪਿਛਲੇ ਸਮੇਂ ਵਿਚ ਰਾਜ ਨੂੰ ਤਰੱਕੀ ਦੀਆਂ
ਨਵੀਂਆਂ ਮੰਜ਼ਿਲਾਂ 'ਤੇ ਪਹੁੰਚਾਇਆ ਹੈ, ਉੱਥੇ ਹੀ ਇਸ ਸਰਕਾਰ ਨੇ ਰਾਜ ਵਿਚ ਅਮਨ ਸਾਂਤੀ
ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਵਿਚ ਵੀ ਵੱਡੀ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ
ਕਿਹਾ ਕਿ ਪੰਜਾਬ ਅੱਜ ਦੇਸ਼ ਦਾ ਸਭ ਤੋਂ ਵੱਧ ਸ਼ਾਂਤ ਸੂਬਾ ਹੈ ਜੋ ਕਿ ਤੇਜ਼ੀ ਨਾਲ ਤਰੱਕੀ ਕਰ
ਰਿਹਾ ਹੈ।
ਇਸ ਮੌਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਟਿੱਲਾ ਬਾਬਾ ਸੇਖ਼ ਫਰੀਦ
ਵਿਖੇ ਮੱਥਾ ਟੇਕਿਆ ਅਤੇ ਕਿਹਾ ਕਿ ਬਾਬਾ ਸੇਖ਼ ਫਰੀਦ ਵੱਲੋਂ ਸਦੀਆਂ ਪਹਿਲਾਂ ਦਿੱਤੀਆਂ
ਸਿੱਖਿਆਵਾਂ ਅੱਜ ਵੀ ਓਨੀਆਂ ਹੀ ਸਾਰਥਕ ਹਨ ਅਤੇ ਸਾਡੇ ਸਮਾਜ ਲਈ ਇਹ ਸਿੱਖਿਆਵਾਂ ਅੱਜ ਵੀ
ਰਾਹ ਦਸੇਰਾ ਬਣੀਆਂ ਹੋਈਆਂ ਹਨ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਕਿ ਸਾਡੇ
ਗੁਰੂਆਂ-ਪੀਰਾਂ ਵੱਲੋਂ ਵਿਖਾਏ ਭਾਈਚਾਰਕ ਸਾਂਝ ਦੇ ਰਸਤੇ 'ਤੇ ਚੱਲਦਿਆਂ ਆਪਣੇ ਸੂਬੇ ਨੂੰ
ਦੁਨੀਆਂ ਦਾ ਸ਼੍ਰੇਸਠ ਖਿੱਤਾ ਬਣਾਉਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਉਹ ਹਰ
ਸਾਲ ਇੱਥੇ ਆਪਣੀ ਸ਼ਰਧਾ ਭੇਟ ਕਰਨ ਆਉਂਦੇ ਹਨ ਅਤੇ ਇਸੇ ਤਹਿਤ ਹੀ ਉਹ ਅੱਜ ਵੀ ਇੱਥੇ ਪੁੱਜੇ
ਹਨ। ਇਸ ਮੌਕੇ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਇੰਦਰਜੀਤ ਸਿੰਘ ਖਾਲਸਾ ਮੁੱਖ ਸੇਵਾਦਾਰ
ਵੱਲੋਂ ਮੁੱਖ ਮੰਤਰੀ ਨੂੰ ਸਿਰੋਪਾਓ ਵੀ ਭੇਟ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ
ਇਲਾਵਾ ਵਿਧਾਇਕ ਦੀਪ ਮਲੋਹਤਰਾ, ਸਾਬਕਾ ਲੋਕ ਸਭਾ ਮੈਂਬਰ ਬੀਬੀ ਪਰਮਜੀਤ ਕੌਰ ਗੁਲਸ਼ਨ,
ਡਿਪਟੀ ਕਮਿਸ਼ਨਰ ਮੁਹਮੰਦ ਤਇਅਬ, ਐਸਐਸਪੀ ਸੁਖਦੇਵ ਸਿੰਘ ਕਾਹਲੋਂ, ਪਰਮਬੰਸ ਸਿੰਘ ਬੰਟੀ
ਰੋਮਾਣਾ, ਕੁਲਤਾਰ ਸਿੰਘ ਬਰਾੜ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਇੰਦਰਜੀਤ ਸਿੰਘ ਖਾਲਸਾ ਮੁੱਖ
ਸੇਵਾਦਾਰ ਬਾਬਾ ਫਰੀਦ ਵਿੱਦਿਅਕ ਅਤੇ ਧਾਰਮਿਕ ਸੰਸਥਾਵਾਂ, ਮਹੀਪਇੰਦਰ ਸਿੰਘ ਸੇਖੋਂ ਆਦਿ
ਵੀ ਹਾਜ਼ਰ ਸਨ।