ਕਾਮਰੇਡ ਸੁਰਜੀਤ ਨੂੰ ਭਰਪੂਰ ਇਨਕਲਾਬੀ ਸ਼ਰਧਾਂਜਲੀਆਂ
Posted on:- 21-09-2014
ਬੁੰਡਾਲਾ (ਜਲੰਧਰ) : ਸੀਪੀਆਈ
(ਐਮ) ਦੇ ਪੋਲਿਟ ਬਿਊਰੋ ਮੈਂਬਰ ਕਾਮਰੇਡ ਐਮਏ ਬੇਬੀ ਨੇ ਕਿਹਾ ਹੈ ਕਿ ਕਿਉਂ ਜੋ ਆਰਐਸਐਸ
ਤੇ ਇਸ ਦੇ ਦੂਸਰੇ ਹਿੰਦੂਤਵਵਾਦੀ ਸੰਗਠਨਾਂ ਵੱਲੋਂ ਕੇਂਦਰ ਵਿੱਚ ਮੋਦੀ ਸਰਕਾਰ ਦੇ ਸੱਤਾ
ਵਿੱਚ ਆ ਜਾਣ ਨਾਲ ਆਪਣੀਆਂ ਫਿਰਕੂ ਤੇ ਵੰਡਣ ਵਾਲੀਆਂ ਗਤੀਵਿਧੀਆਂ ਤੇਜ਼ ਕਰਕੇ ਭਿਅੰਕਰ
ਕਿਸਮ ਦਾ ਫਿਰਕੂ ਧਰੁਵੀਕਰਨ ਹੋ ਰਿਹਾ ਹੈ। ਇਹ ਅਤਿ ਜ਼ਰੂਰੀ ਬਣ ਗਿਆ ਹੈ ਕਿ ਪੰਜਾਬ ਦੀਆਂ
ਦੇਸ਼ ਭਗਤ ਤੇ ਧਰਮ ਨਿਰਪੱਖ਼ ਸ਼ਕਤੀਆਂ ਫਿਰਕੂ ਧਰੁਵੀਕਰਨ ਰੋਕਣ ਲਈ ਧਰਮ ਨਿਰਪੱਖ਼ ਤੇ ਜਮਹੂਰੀ
ਲੋਕਾਂ ਦੀ ਵਿਸ਼ਾਲ ਲਾਮਬੰਦੀ ਕਰਨ।
ਕਾਮਰੇਡ ਬੇਬੀ ਅੱਜ ਇੱਥੇ ਕੌਮਾਂਤਰੀ ਪ੍ਰਸਿੱਧੀ
ਵਾਲੇ ਕਮਿਊਨਿਸਟ ਆਗੂ ਅਤੇ ਸੀਪੀਆਈ (ਐਮ) ਦੇ ਲੰਮਾ ਸਮਾਂ ਜਨਰਲ ਸਕੱਤਰ ਰਹੇ ਕਾਮਰੇਡ
ਹਰਕਿਸ਼ਨ ਸਿੰਘ ਸੁਰਜੀਤ ਦੀ 6ਵੀਂ ਬਰਸੀ ਮੌਕੇ ਭਾਰੀ ਇਕੱਠ ਨੂੰ ਸੰਬੋਧਨ ਕਰ ਰਹੇ ਸਨ।
ਕਾਮਰੇਡ ਸੁਰਜੀਤ ਨੂੰ ਇਨਕਲਾਬੀ ਸ਼ਰਧਾਂਜਲੀ ਭੇਟ ਕਰਦੇ ਹੋਏ ਉਨ੍ਹਾਂ ਨੇ ਕਾਮਰੇਡ ਸੁਰਜੀਤ
ਵੱਲੋਂ ਧਰਮ ਨਿਰਪੱਖਤਾ ਦਾ ਝੰਡਾ ਬੁਲੰਦ ਰੱਖਣ ਲਈ ਵਕਤ ਬ ਵਕਤ ਪਾਏ ਮਹਾਨ ਯੋਗਦਾਨ ਨੂੰ
ਯਾਦ ਕੀਤਾ। ਉਨ੍ਹਾਂ ਦੱਸਿਆ ਕਿ ਕਾਮਰੇਡ ਸੁਰਜੀਤ ਨੇ 80ਵਿਆਂ ਦੇ ਦਹਾਕੇ ਵਿੱਚ ਸਾਮਰਾਜੀ
ਸ਼ਹਿ ਪ੍ਰਾਪਤ ਖ਼ਾਕਿਸਤਾਨੀ ਦਹਿਸ਼ਤਗਰਦਾਂ ਵਿਰੁੱਧ ਲੜਾਈ ਵਿੱਚ ਅਤੇ ਪੰਜਾਬ ਵਿੱਚ ਹਿੰਦੂ
ਸਿੱਖ ਏਕਤਾ, ਫਿਰਕੂ ਸਦਭਾਵਨਾ ਤੇ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰਾਖ਼ੀ ਵਾਸਤੇ ਲੜਾਈ
ਵਿੱਚ ਦਲੇਰੀ ਭਰੀ ਆਗੂ ਭੂਮਿਕਾ ਨਿਭਾਈ। ਸਾਥੀ ਬੇਬੀ ਨੇ ਕਾਮਰੇਡ ਸੁਰਜੀਤ ਵੱਲੋਂ ਭਾਰਤ
ਦੀ ਕਮਿਊਨਿਸਟ ਲਹਿਰ ਦੇ ਵਿਕਾਸ ਵਿੱਚ ਪਾਏ ਵੱਡੇ ਯੋਗਦਾਨ ਨੂੰ ਵੀ ਯਾਦ ਕੀਤਾ। ਕਾਮਰੇਡ
ਬੇਬੀ ਨੇ ਆਖਿਆ ਕਿ ਪੰਜਾਬ ਦੇ ਆਜ਼ਾਦੀ ਘੁਲਾਟੀਆਂ ਨੇ ਆਜ਼ਾਦੀ ਲਈ ਜਾਨਾਂ ਕੁਰਬਾਨ ਕੀਤੀਆਂ।
ਕਾਮਰੇਡ ਸੁਰਜੀਤ ਉਨ੍ਹਾਂ ਦੀ ਸ਼ੁਰੂਆਤ ਨੂੰ ਅੱਗੇ ਲੈ ਕੇ ਗਏ। ਸਾਥੀ ਸੁਰਜੀਤ ਨੇ ਆਜ਼ਾਦੀ
ਅੰਦੋਲਨ ਤੋਂ ਬਾਅਦ ਮੌਜੂਦਾ ਹਾਕਮਾਂ ਦੀਆਂ ਲੋਕ ਵਿਰੋਧੀ ਨੀਤੀਆਂ ਵਿਰੁੱਧ ਮਜ਼ਦੂਰ,
ਕਿਸਾਨ, ਮੁਲਾਜ਼ਮਾਂ ਤੇ ਹੋਰ ਮਿਹਨਤਕਸ਼ ਲੋਕਾਂ ਦੇ ਹੱਕੀ ਸੰਘਰਸ਼ਾਂ ਲਈ ਮੋਹਰੀ ਰੋਲ ਅਦਾ
ਕੀਤਾ। ਸਾਥੀ ਸੁਰਜੀਤ ਜੀ ਨੇ ਆਪਣੀ ਜ਼ਿੰਦਗੀ ਵਿੱਚ ਆਦਰਸ਼ ਸਾਹਮਣੇ ਰੱਖਿਆ। ਕਾ. ਬੇਬੀ ਨੇ
ਆਖਿਆ ਕਿ ਆਉਣ ਵਾਲੇ ਦਿਨਾਂ ਵਿੱਚ ਮਿਹਨਤੀ ਜਨਤਾ ਦੀ ਆਰਥਿਕ ਹਾਲਤ ਹੋਰ ਵਿਗੜੇਗੀ। ਇਸ
ਸਬੰਧ ਵਿੱਚ ਇੱਕ ਹੀ ਰਸਤਾ ਹੈ ਮਜ਼ਦੂਰ ਜਮਾਤ ਦਾ ਤਿੱਖ਼ਾ ਸੰਘਰਸ਼। ਮੌਜੂਦਾ ਚੋਣਾਂ ਵਿੱਚ
ਖੱਬੀਆਂ ਧਿਰਾਂ ਨੂੰ ਵੱਡੀ ਸੱਟ ਪਈ ਹੈ, ਇਸ 'ਤੇ ਖੁੱਲ੍ਹ ਕੇ ਵਿਚਾਰ ਹੋਣਾ ਚਾਹੀਦਾ ਹੈ।
ਕਾਮਰੇਡ
ਬੇਬੀ ਨੇ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਵੀ ਲੋਕ ਵਿਰੋਧੀ
ਆਰਥਿਕ ਨੀਤੀਆਂ ਤੇਜ਼ੀ ਨਾਲ ਲਾਗੂ ਕਰ ਰਹੀ ਹੈ। ਡਿਫੈਂਸ, ਬੀਮਾ ਅਤੇ ਰੇਲਵੇ ਦਾ ਨਿੱਜੀਕਰਨ
ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾ. ਸੁਰਜੀਤ ਨੇ ਖੱਬੀਆਂ, ਧਰਮ ਨਿਰਪੱਖ਼ ਅਤੇ
ਲੋਕ ਜਮਹੂਰੀ ਸ਼ਕਤੀਆਂ ਦੇ ਮਜ਼ਬੂਤ ਹੋਣ ਦਾ ਸੱਦਾ ਦਿੱਤਾ ਸੀ। ਸਾਮਰਾਜੀ ਨਿਰਦੇਸ਼ਤ ਆਰਥਿਕ
ਨੀਤੀਆਂ ਦਾ ਇੱਕਜੁਟ ਸੰਘਰਸ਼ ਹੀ ਬਦਲ ਹੋ ਸਕਦਾ ਹੈ।
ਇਸ ਮੌਕੇ ਸੰਬੋਧਨ ਕਰਦਿਆਂ
ਸੀਪੀਆਈ (ਐਮ) ਦੇ ਸੂਬਾ ਸਕੱਤਰ ਕਾ. ਚਰਨ ਸਿੰਘ ਵਿਰਦੀ ਨੇ ਕਿਹਾ ਕਿ ਸਾਡੇ ਸਾਹਮਣੇ
ਕਾਰਪੋਰੇਟ ਸੈਕਟਰ, ਫਿਰਕਾਪ੍ਰਸਤੀ ਤੇ ਅਮਰੀਕਨ ਸਾਮਰਾਜ ਜਿਹੀਆਂ ਚੁਣੌਤੀਆਂ ਹਨ। ਚਾਰ
ਖੱਬੀਆਂ ਪਾਰਟੀਆਂ ਵੱਲੋਂ ਲੋਕ ਮੁੱਦਿਆਂ ਨੂੰ ਲੈ ਕੇ 28 ਨਵੰਬਰ ਨੂੰ ਲੁਧਿਆਣਾ ਵਿਖੇ
ਵਿਸ਼ਾਲ ਰੈਲੀ ਕੀਤੀ ਜਾਵੇਗੀ।
ਇਸ ਮੌਕੇ ਕਾ. ਚਰਨ ਸਿੰਘ ਵਿਰਦੀ, ਜੋਗਿੰਦਰ ਸਿੰਘ
ਦਿਆਲ, ਕਾ. ਰਘੁਨਾਥ ਸਿੰਘ, ਕਾ. ਵਿਜੇ ਮਿਸਰਾ, ਰਣਬੀਰ ਸਿੰਘ ਵਿਰਕ, ਗੁਰਮੇਸ਼ ਸਿੰਘ, ਭੂਪ
ਚੰਦ ਚੰਨੋ, ਰਾਮ ਸਿੰਘ ਨੂਰਪੁਰੀ, ਭੁਪਿੰਦਰ ਸਾਂਬਰ, ਅਮਨਜੋਤ ਕੌਰ ਰਾਮੂਵਾਲੀਆ, ਵਿਧਾਇਕ
ਪ੍ਰਗਟ ਸਿੰਘ, ਕੁਲਦੀਪ ਸਿੰਘ ਵਡਾਲਾ ਆਦਿ ਨੇ ਸੰਬੋਧਨ ਕੀਤਾ। ਸਟੇਜ ਦੀ ਭੂਮਿਕਾ ਸਾਥੀ
ਲਹਿੰਬਰ ਸਿੰਘ ਤੱਗੜ ਅਤੇ ਗੁਰਚੇਤਨ ਸਿੰਘ ਨੇ ਨਿਭਾਈ। ਸਰਬ ਸਾਥੀ ਗੁਰਮੀਤ ਸਿੰਘ ਢੱਡਾ
ਅਤੇ ਬੰਤ ਸਿੰਘ ਨਮੋਲ ਨੇ ਸ਼ਰਧਾਂਜਲੀ ਸਮਾਗਮ ਦੀ ਪ੍ਰਧਾਨਗੀ ਕੀਤੀ। ਬਜ਼ੁਰਗ ਕਾਮਰੇਡ ਰਤਨ
ਸਿੰਘ ਨੂੰ ਸਨਮਾਨਿਤ ਕੀਤਾ ਗਿਆ।