ਮੇਰੇ ਕੋਲ ਦੇਸ਼ ਨੂੰ ਆਰਥਿਕ ਸ਼ਕਤੀ ਬਣਾਉਣ ਦਾ ਸਪੱਸ਼ਟ ਖ਼ਾਕਾ : ਮੋਦੀ
Posted on:- 21-09-2014
ਨਵੀਂ ਦਿੱਲੀ : ਪ੍ਰਧਾਨ
ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਹੈ ਕਿ ਵਿਸ਼ਵੀ ਆਰਥਿਕ ਸ਼ਕਤੀ ਵਜੋਂ ਮੁੜ ਤੋਂ ਉਭਰਨ
ਦਾ ਭਾਰਤ ਕੋਲ ਇੱਕ ਮੌਕਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਚੀਨ ਦੀ ਬਰਾਬਰੀ ਕਰ ਸਕਦਾ
ਹੈ ਅਤੇ ਦੇਸ਼ ਦੇ ਸਵਾ ਅਰਬ ਲੋਕਾਂ ਦੀ ਉਦਮਸ਼ੀਲਤਾ ਨੂੰ ਦਿਸ਼ਾ ਦੇਣ ਲਈ ਉਨ੍ਹਾਂ ਕੋਲ ਇੱਕ
ਸਪੱਸ਼ਟ ਖ਼ਾਕਾ ਹੈ। ਸ੍ਰੀ ਮੋਦੀ ਨੇ ਕਿਹਾ ਕਿ ਇਹ ਇੱਕ ਅਜਿਹਾ ਦੇਸ਼ ਹੈ, ਜਿਸ ਨੂੰ ਕਦੇ
ਸੋਨੇ ਦੀ ਚਿੜੀ ਕਿਹਾ ਜਾਂਦਾ ਸੀ। ਅਸੀਂ ਪਹਿਲਾਂ ਜਿੱਥੇ ਸੀ, ਉਥੋਂ ਹੇਠਾਂ ਆ ਗਏ ਹਾਂ,
ਪਰ ਹੁਣ ਸਾਡੇ ਕੋਲ ਮੁੜ ਤੋਂ ਉਭਰਨ ਦਾ ਮੌਕਾ ਹੈ। ਜੇਕਰ ਤੁਸੀਂ ਪਿਛਲੀਆਂ 5 ਜਾਂ 10
ਸਦੀਆਂ ਦਾ ਬਿਊਰਾ ਦੇਖੋ ਤਾਂ ਪਤਾ ਲੱਗੇਗਾ ਕਿ ਭਾਰਤ ਅਤੇ ਚੀਨ ਬਰਾਬਰ ਰਫ਼ਤਾਰ ਨਾਲ ਅੱਗੇ
ਵਧੇ ਹਨ। ਸ੍ਰੀ ਮੋਦੀ ਨੇ ਇੱਕ ਟੀਵੀ ਚੈਨਲ ਨੂੰ ਦਿੱਤੀ ਇੰਟਰਵਿਊ ਵਿੱਚ ਕਿਹਾ ਕਿ ਵਿਸ਼ਵੀ
ਕੁਲ ਘਰੇਲੂ ਉਤਪਾਦ ਵਿੱਚ ਉਨ੍ਹਾਂ ਦਾ ਯੋਗਦਾਨ ਸਮਾਨਅੰਤਰ ਵਧਿਆ ਹੈ ਅਤੇ ਸਮਾਨਅੰਤਰ ਘਟਿਆ
ਹੈ। ਅੱਜ ਦਾ ਯੁੱਗ ਇੱਕ ਵਾਰ ਫ਼ਿਰ ਏਸ਼ੀਆ ਦਾ ਹੈ, ਭਾਰਤ ਅਤੇ ਚੀਨ ਇਕੱਠੇ ਤੇਜ਼ੀ ਨਾਲ
ਅੱਗੇ ਵਧ ਰਹੇ ਹਨ। ਚੀਨ ਨਾਲ ਤੁਲਨਾ 'ਤੇ ਉਨ੍ਹਾਂ ਕਿਹਾ ਕਿ ਭਾਰਤ ਨੂੰ ਕੁਝ ਹੋਰ ਬਣਨ ਦੀ
ਜ਼ਰੂਰਤ ਨਹੀਂ ਹੈ ਅਤੇ ਇਸ ਨੂੰ ਨਿਸ਼ਚਤ ਤੌਰ 'ਤੇ ਹੀ ਭਾਰਤ ਬਣੇ ਰਹਿਣਾ ਚਾਹੀਦਾ ਹੈ।