ਨਗਰ ਪੰਚਾਇਤ ਮਾਹਿਲਪੁਰ ’ਤੇ ਬਿਜਲੀ ਦੇ ਖਰੀਦੇ ਸਮਾਨ ’ਚ ਲੱਖਾਂ ਰੁਪਏ ਦੀ ਘਪਲੇਬਾਜ਼ੀ ਦਾ ਦੋਸ਼
Posted on:- 20-09-2014
- ਸ਼ਿਵ ਕੁਮਾਰ ਬਾਵਾ
ਹੁਸ਼ਿਆਰਪੁਰ: ਨਗਰ ਪੰਚਾਇਤ ਮਾਹਿਲਪੁਰ ਦੇ ਅਧਿਕਾਰੀਆਂ ਵਲੋਂ ਬਿਜਲੀ ਦੇ ਸਮਾਨ ਦੀ ਖਰੀਦੋ ਫਰੋਖਤ ਵਿੱਚ ਲੱਖਾਂ ਰੁਪਏ ਦਾ ਹੇਰ ਫੇਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਇਲਾਵਾ ਅਧਿਕਾਰੀਆਂ ਵੱਲੋਂ ਸ਼ਹਿਰ ਵਿਚ ਕੁੱਝ ਸੜਕਾਂ ਅਤੇ ਪਾਰਕ ਅਤੇ ਕਮਿਊਨਿਟੀ ਹਾਲ ਅਤੇ ਕਮਰਿਆਂ ਦੇ ਨਿਰਮਾਣ ਵਿਚ ਵੀ ਚੰਗੀ ਤਰ੍ਹਾਂ ਹੱਥ ਸਾਫ ਕੀਤਾ ਗਿਆ ਹੈ। ਉਕਤ ਖੁਲਾਸਾ ਸੂਚਨਾ ਅਧਿਕਾਰ ਐਕਟ ਤਹਿਤ ਪ੍ਰਾਪਤ ਹੋਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਚੰਚਲ ਵਰਮਾ ਪੁੱਤਰ ਮਨੋਹਰ ਲਾਲ ਵਾਸੀ ਮਾਹਿਲਪੁਰ ਨੇ ਅੱਜ ਹੁਸ਼ਿਆਰਪੁਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸਨੇ 3 ਜੁਲਾਈ 2014 ਨੂੰ ਨਗਰ ਪੰਚਾਇਤ ਮਾਹਿਲਪੁਰ ਦੇ ਨਗਰ ਪੰਚਾਇਤ ਅਧਿਕਾਰੀ ਤੋਂ ਸੂਚਨਾ ਅਧਿਕਾਰ ਐਕਟ ਤਹਿਤ ਜਾਣਕਾਰੀ ਮੰਗੀ ਸੀ ਕਿ ਮੈਂਨੂੰ ਜਾਣਕਾਰੀ ਦਿੱਤੀ ਜਾਵੇ ਕਿ ਨਗਰ ਪੰਚਾਇਤ ਮਾਹਿਲਪੁਰ ਵਲੋਂ ਸ਼ਹਿਰ ਵਿਚ ਕਰਵਾਏ ਜਾ ਰਹੇ ਅਤੇ ਚੱਲ ਰਹੇ ਵਿਕਾਸ ਦੇ ਕੰਮਾਂ ਤੇ ਹੁਣ ਤੱਕ ਕਿੰਨਾ ਪੈਸਾ ਖਰਚ ਕੀਤਾ ਗਿਆ ਹੈ ਅਤੇ ਉਕਤ ਇਮਾਰਤਾਂ ਦੇ ਨਿਰਮਾਣ ਤੇ ਖਰੀਦੇ ਗਏ ਬਿਜਲੀ ਦੇ ਸਮਾਨ ਤੇ ਕੁੱਲ ਕਿੰਨਾ ਖਰਚ ਕੀਤਾ ਗਿਆ ਹੈ।
ਸ੍ਰੀ ਚੰਚਲ ਵਰਮਾ ਨੇ ਦੱਸਿਆ ਕਿ ਨਗਰ ਪੰਚਾਇਤ ਦੇਕਾਰਜ ਸਾਧਕ ਅਫਸਰ ਵਲੋਂ ਉਸਨੂੰ ਮੰਗੀ ਗਈ ਸੂਚਨਾ ਅਧੂਰੀ ਦਿੱਤੀ ਪ੍ਰੰਤੂ ਜਦ ਉਸਨੇ ਇਸ ਸਬੰਧ ਵਿਚ ਬੀਤੇ ਦਿਨ ਹੁਸ਼ਿਆਰਪੁਰ ਵਿਖੇ ਡਿਪਟੀ ਕਮਿਸ਼ਨਰ ਕੋਲ ਸ਼ਿਕਾਇਤ ਕੀਤੀ ਤਾਂ ਜਿਹੜੀ ਸੂਚਨਾ ਜਲਦਬਾਜ਼ੀ ਵਿਚ ਉਕਤ ਅਧਿਕਾਰੀ ਵਲੋਂ ਉਸਨੂੰ ਭੇਜੀ ਗਈ ਉਸ ਵਿਚ ਲੱਖਾਂ ਰੁਪਏ ਦੀ ਘਪਲੇਬਾਜ਼ੀ ਸਾਹਮਣੇ ਆਈ ਹੈ। ਉਸਨੇ ਦੱਸਿਆ ਕਿ ਜਿਹੜਾ ਬਿਜਲੀ ਦਾ ਸਮਾਨ ਨਗਰ ਪੰਚਾਇਤ ਵਲੋਂ ਖਰੀਦਿਆ ਗਿਆ ਹੈ ਉਹ ਸਾਰਾ ਮਾਹਿਲਪੁਰ ਦੀ ਇਕ ਹੀ ਫਰਮ ਤੋਂ ਖਰੀਦਿਆ ਗਿਆ ਹੈ ਜੋ ਕਿ ਨਗਰ ਪੰਚਾਇਤ ਦਫਤਰ ਵਿਚ ਕੰਮ ਕਰਦੇ ਇਕ ਮੁਲਾਜ਼ਮ ਦੇ ਨਜ਼ਦੀਕੀ ਰਿਸ਼ਤੇਦਾਰ ਦੀ ਦੁਕਾਨ ਹੈ। ਖਰੀਦੇ ਗਏ ਉਪਕਰਨਾ ਵਿਚ ਅੱਧੋ ਅੱਧ ਦਾ ਫਰਕ ਹੈ। ਉਹਨਾਂ ਦੱਸਿਆ ਕਿ ਜਿਹੜੇ ਲੈਂਪ 630 ਰੁਪਏ ਦੇ ਹਿਸਾਬ ਨਾਲ ਖਰੀਦੇ ਉਹ ਅਸਲ ਵਿਚ 450 ਪ੍ਰਤੀ ਹਿਸਾਬ ਨਾਲ ਮਿਲਦੇ ਹਨ।ਇਸੇ ਤਰ੍ਹਾਂ ਬਹੁਤ ਸਾਰਾ ਅਜਿਹਾ ਸਮਾਨ ਹੈ ਜਿਸਦੀ ਕੀਮਤ 10, 20, 100 ਹੈ ਉਸਦਾ ਬਿਲ 50 ਤੋਂ 300 ਰੁਪਏ ਦੇ ਹਿਸਾਬ ਨਾਲ ਪਾਇਆ ਗਿਆ ਹੈ।
ਸ੍ਰੀ ਵਰਮਾ ਨੇ ਦੱਸਿਆ ਕਿ ਸੂਚਨਾ ਅਨੁਸਾਰ ਪਾਰਕ ਦੇ ਕੰਮ ਤੇ 2 ਲੱਖ ਰੁਪਿਆ ਖਰਚ ਦੱਸਿਆ ਗਿਆ ਹੈ ਜਦਕਿ ਪਾਰਕ ਜਿਹੜੀ ਪਾਰਕ ਮਾਹਿਲਪੁਰ ਫਗਵਾੜਾ ਰੋਡ ਤੇ ਹੈ ਉਸਦੀ ਹਾਲਤ ਦੇਖਕੇ ਤਾਂ ਸਾਫ ਪਤਾ ਲੱਗਦਾ ਹੈ ਕਿ ਉਕਤ ਪਾਰਕ ਤੇ ਇਥ ਧੇਲਾ ਵੀ ਨਹੀਂ ਖਰਚਿਆ ਗਿਆ। ਉਸਦੀ ਹਾਲਤ ਇਹ ਹੈ ਕਿ ਘਾਹ ਫੂਸ ਵਿਚ ਲੁਕੀ ਪਾਰਕ ਨਜ਼ਰ ਹੀ ਨਹੀਂ ਪੈਂਦੀ। ਕੰਮਿਊਨਿਟੀ ਸੈਂਟਰ ਤੇ 10.36 ਲੱਖ ਰੁਪਿਆ ਖਰਚ ਸ਼ੋਅ ਕੀਤਾ ਗਿਆ ਹੈ ਜਦਕਿ ਅਸਲੀਅਤ ਵਿਚ ਖੜ੍ਹੇ ਕਮਰੇ ਨੂੰ ਦੇਖਕੇ ਸਾਫ ਪਤਾ ਲੱਗਦਾ ਹੈ ਕਿ ਉਥੇ ਬਹੁਤ ਹੀ ਘੱਟ ਪੈਸੈ ਖਰਚੇ ਗਏ ਹਨ। ਪੰਚਾਇਤ ਨੂੰ 30 ਦਸੰਬਰ ਤੋਂ 30 ਜੂਨ 2014 ਤੱਕ 42 ਨਕਸ਼ਿਆਂ ਤੋਂ 15.46 ਲੱਖ ਰਕਮ ਪ੍ਰਾਪਤ ਹੋਈ ਜੋ ਕਿ ਅੰਦਾਜਨ ਬਹੁਤ ਘੱਟ ਸ਼ੋਅ ਕੀਤੀ ਗਈ ਹੈ। ਸ੍ਰੀ ਵਰਮਾ ਨੇ ਕਿਹਾ ਕਿ ਸ਼ਹਿਰ ਵਿਚ ਕੋਈ ਵੀ ਸਹੂਲਤ ਨਹੀਂ ਪ੍ਰੰਤੂ ਸਹੂਲਤਾਂ ਤੇ ਖਰਚੇ ਗਏ ਲੱਖਾਂ ਰੁਪਏ ਦੇਖਕੇ ਹੋਸ਼ ਉਡ ਜਾਂਦੇ ਹਨ ਕਿਉਂਕਿ ਮਾਹਿਲਪੁਰ ਵਾਸੀ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਹਨ। ਉਹਨਾਂ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਨਗਰ ਪੰਚਾਇਤ ਮਾਹਿਲਪੁਰ ਦੇ ਅਧਿਕਾਰੀਆਂ ਵਲੋਂ ਸ਼ਹਿਰ ਵਿਚ ਕਰਵਾਏ ਗਏ ਲੱਖਾਂ ਰੁਪਏ ਦੇ ਵਿਕਾਸ ਕੰਮਾਂ ਦੀ ਵਿਜੀਲੈਂਸ ਜਾਂਚ ਕਰਵਾਈ ਜਾਵੇ।
ਪੱਖ- ਇਸ ਸਬੰਧ ਵਿਚ ਨਗਰ ਪੰਚਾਇਤ ਮਾਹਿਲਪੁਰ ਦੇ ਕਾਰਜ ਸਾਧਕ ਅਫਸਰ ਸ੍ਰੀ ਰਾਮ ਪ੍ਰਕਾਸ਼ ਅਤੇ ਐਸ ਓ ਰਵਿੰਦਰ ਕੁਮਾਰ ਨੇ ਸੰਪਰਕ ਕਰਨ ਤੇ ਦੱਸਿਆ ਕਿ ਸੂਚਨਾ ਅਧਿਕਾਰ ਐਕਟ ਤਹਿਤ ਦਿੱਤੀ ਗਈ ਸਾਰੀ ਜਾਣਕਾਰੀ ਦਰੁਸਤ ਹੈ। ਕਿਸੇ ਵੀ ਖਰੀਦੇ ਗਏ ਸਮਾਨ ਵਿਚ ਕੋਈ ਘਪਲੇਬਾਜ਼ੀ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਸਾਰਾ ਕੰਮ ਟੈਂਡਰਾਂ ਅਨੁਸਾਰ ਕੀਤਾ ਗਿਆ ਹੈ । ਚੱਲ ਰਿਹੇ ਵਿਕਾਸ ਕੰਮਾਂ ਵਿਚ ਕੋਈ ਹੇਰ ਫੇਰ ਨਹੀਂ ਕੀਤਾ ਗਿਆ ਹੈ।