ਚਾਰ ਖੱਬੀਆਂ ਪਾਰਟੀਆਂ 28 ਨਵੰਬਰ 2014 ਨੂੰ ਕਾਲੇ ਕਾਨੂੰਨ ਦੀ ਵਾਪਸੀ ਅਤੇ ਹੋਰ ਮੰਗਾਂ ਲਈ ਲੁਧਿਆਣਾ ਸੂਬਾ ਪੱਧਰੀ ਰੈਲੀ ਕਰਨਗੀਆਂ
Posted on:- 17-09-2014
ਚੰਡੀਗੜ੍ਹ : ਪੰਜਾਬ
ਦੀਆਂ ਚਾਰ ਖੱਬੀਆਂ ਪਾਰਟੀਆਂ ਸੀਪੀਆਈ, ਸੀਪੀਆਈ (ਐਮ), ਸੀਪੀਐਮ ਪੰਜਾਬ ਅਤੇ ਸੀਪੀਆਈ
(ਐਮਐਲ) ਲਿਬਰੇਸ਼ਨ ਨੇ 28 ਨਵੰਬਰ 2014 ਨੂੰ ਕਾਲੇ ਕਾਨੂੰਨ (ਪੰਜਾਬ ਸਰਕਾਰੀ ਅਤੇ ਨਿੱਜੀ
ਜਾਇਦਾਦ ਰੋਕੂ ਕਾਨੂੰਨ 2014) ਦੀ ਵਾਪਸੀ ਅਤੇ 14 ਨੁਕਾਤੀ ਮੰਗ ਪੱਤਰ 'ਚ ਦਿੱਤੀਆਂ
ਲੋਕਾਂ ਦੀਆਂ ਹੋਰ ਭੱਖਦੀਆਂ ਮੰਗਾਂ ਜਿਵੇਂ ਜਾਇਦਾਦ ਟੈਕਸ ਦੀ ਵਾਪਸੀ, ਸਨਅਤੀ ਮਜ਼ਦੂਰਾਂ
ਦੀ ਘੱਟੋ-ਘੱਟ ਉਜਰਤ 15,000 ਰੁਪਏ, ਕਿਸਾਨੀ ਜਿਨਸਾਂ ਦੇ ਲਾਹੇਵੰਦ ਭਾਅ, ਖੇਤ ਮਜ਼ਦੂਰਾਂ
ਲਈ 10 ਮਰਲੇ ਦੇ ਪਲਾਟ ਆਦਿ ਵਾਸਤੇ ਲੁਧਿਆਣਾ ਵਿਖੇ ਸੂਬਾ ਪੱਧਰੀ ਰੈਲੀ ਕਰਨ ਦਾ ਫੈਸਲਾ
ਕੀਤਾ ਗਿਆ ਹੈ।
ਇਹ ਫੈਸਲਾ ਚਾਰ ਖੱਬੀਆਂ ਪਾਰਟੀਆਂ ਦੀ ਸੂਬਾ ਪੱਧਰੀ ਤਾਲ ਮੇਲ ਕਮੇਟੀ
ਦੀ ਜਲੰਧਰ ਵਿਖੇ ਹੋਈ ਮੀਟਿੰਗ ਵਿੱਚ ਕੀਤਾ ਗਿਆ, ਜਿਸ ਵਿੱਚ ਸੀਪੀਆਈ ਦੇ ਡਾ. ਜੋਗਿੰਦਰ
ਦਿਆਲ, ਬੰਤ ਬਰਾੜ, ਭੁਪਿੰਦਰ ਸਾਂਬਰ ਅਤੇ ਜਗਰੂਪ ਸਿੰਘ, ਸੀਪੀਆਈ (ਐਮ) ਦੇ ਚਰਨ ਸਿੰਘ
ਵਿਰਦੀ, ਵਿਜੇ ਮਿਸਰਾ ਅਤੇ ਰਣਬੀਰ ਵਿਰਕ, ਸੀਪੀਐਮ ਪੰਜਾਬ ਦੇ ਮੰਗਤ ਰਾਮ ਪਾਸਲਾ, ਹਰਕੰਵਲ
ਸਿੰਘ, ਕੁਲਵੰਤ ਸਿੰਘ ਸੰਧੂ ਅਤੇ ਲਾਲ ਚੰਦ ਕਟਾਰੂ ਚੱਕ ਅਤੇ ਸੀਪੀਆਈ (ਐਮ,ਐਲ) ਲਿਬਰੇਸ਼ਨ
ਦੇ ਗੁਰਮੀਤ ਸਿੰਘ ਬਖਤਪੁਰਾ, ਰਾਜਵਿੰਦਰ ਸਿੰਘ ਰਾਣਾ ਅਤੇ ਰੁਲਦੂ ਸਿੰਘ ਸ਼ਾਮਲ ਹੋਏ।
ਸਾਂਝੀ ਮੀਟਿੰਗ ਵਿੱਚ 25 ਤੋਂ 31 ਅਕਤੂਬਰ 2014 ਤੱਕ ਜਨ ਸੰਪਰਕ ਲਈ ਜੱਥਾ ਮਾਰਚ ਦੇ
ਪ੍ਰੋਗਰਾਮ ਦਾ ਵੀ ਫੈਸਲਾ ਕੀਤਾ ਗਿਆ। ਸੂਬਾ ਆਗੂਆਂ ਦੀ ਅਗਵਾਈ ਵਿੱਚ ਚਾਰ ਜਥੇ
ਜਲ੍ਹਿਆਂਵਾਲਾ ਬਾਗ, ਖਟਕੜ ਕਲਾਂ, ਹੁਸੈਨੀਵਾਲਾ ਅਤੇ ਸੁਨਾਮ ਵਿਖੇ ਸ਼ਹੀਦਾਂ ਨੂੰ ਪ੍ਰਣਾਮ
ਕਰਕੇ ਅਰੰਭ ਕੀਤੇ ਜਾਣਗੇ। ਮੀਟਿੰਗ ਨੇ ਇਹ ਵੀ ਫੈਸਲਾ ਕੀਤਾ ਕਿ 6 ਅਕਤੂਬਰ 2014 ਨੂੰ
ਚਾਰ ਖੱਬੀਆਂ ਪਾਰਟੀਆਂ ਦੀਆਂ ਜ਼ਿਲ੍ਹਾ ਤਾਲ ਮੇਲ ਕਮੇਟੀਆਂ ਜ਼ਿਲ੍ਹਾ ਪੱਧਰੀ ਮੀਟਿੰਗਾਂ
ਕਰਨਗੀਆਂ ਅਤੇ ਦੂਸਰੇ ਦੌਰ ਦੇ ਇਸ ਸੰਘਰਸ਼ ਪ੍ਰੋਗਰਾਮ ਨੂੰ ਇੱਕ ਵੱਡੀ ਸਫ਼ਲਤਾ ਪ੍ਰਦਾਨ
ਕਰਨਗੀਆਂ। ਮੀਟਿੰਗ ਦੇ ਸ਼ੁਰੂ ਵਿੱਚ ਇੱਕ ਮਤੇ ਰਾਹੀਂ ਜੰਮੂ-ਕਸ਼ਮੀਰ ਵਿੱਚ ਹੜ੍ਹ ਕਾਰਨ
ਮਾਰੇ ਗਏ ਲੋਕਾਂ ਨੂੰ ਦਿਲੋਂ ਸ਼ਰਧਾਂਜਲੀ ਭੇਂਟ ਕੀਤੀ।