ਜ਼ਿਮਨੀ ਚੋਣਾਂ ਦੇ ਨਤੀਜਿਆਂ 'ਚ ਭਾਰਤੀ ਜਨਤਾ ਪਾਰਟੀ ਠੁਸ
Posted on:- 16-09-2014
'ਲਵ ਜਿਹਾਦ' ਦਾ ਨਾਅਰਾ ਲਾਉਣ ਵਾਲੀ ਭਾਜਪਾ ਨੂੰ ਲੋਕਾਂ ਨੇ ਨਹੀਂ ਕੀਤਾ 'ਲਵ'
ਨਵੀਂ ਦਿੱਲੀ, ਲਖਨਊ :
ਕਰੀਬ ਤਿੰਨ ਮਹੀਨੇ ਪਹਿਲਾਂ ਹੋਈਆਂ ਲੋਕ ਸਭਾ ਚੋਣਾਂ ਵਿੱਚ ਉੱਤਰ ਪ੍ਰਦੇਸ਼, ਗੁਜਰਾਤ ਅਤੇ
ਰਾਜਸਥਾਨ ਵਿੱਚ ਹੂੰਝਾ ਫੇਰ ਜਿੱਤ ਪ੍ਰਾਪਤ ਕਰਨ ਵਾਲੀ ਭਾਰਤੀ ਜਨਤਾ ਪਾਰਟੀ ਨੂੰ ਹੁਣ 13
ਸਤੰਬਰ ਨੂੰ ਇਨ੍ਹਾਂ ਸੂਬਿਆਂ ਵਿੱਚ ਹੋਈਆਂ ਜ਼ਿਮਨੀ ਚੋਣਾਂ ਦੇ ਅੱਜ ਐਲਾਨੇ ਗਏ ਨਤੀਜਿਆਂ
ਵਿੱਚ ਅਜਿਹਾ ਕਰਾਰਾ ਝਟਕਾ ਲੱਗਾ ਕਿ 24 ਜਿੱਤੀਆਂ ਹੋਈਆਂ ਸੀਟਾਂ ਵਿੱਚੋਂ 13 'ਤੇ ਕਰਾਰੀ
ਹਾਰ ਮਿਲੀ।
13 ਸਤੰਬਰ ਨੂੰ 3 ਲੋਕ ਸਭਾ ਅਤੇ 33 ਵਿਧਾਨ ਸਭਾ ਸੀਟਾਂ 'ਤੇ ਹੋਈਆਂ
ਜ਼ਿਮਨੀ ਚੋਣਾਂ 'ਚੋਂ 9 ਸੂਬਿਆਂ ਵਿੱਚ 32 ਵਿਧਾਨ ਸਭਾ ਸੀਟਾਂ ਦੇ ਅੱਜ ਨਤੀਜੇ ਐਲਾਨੇ ਗਏ
ਹਨ। ਜਦਕਿ ਛੱਤੀਸਗੜ੍ਹ ਦੀ ਅੰਤਾਗੜ੍ਹ ਸੀਟ 'ਤੇ ਵੋਟਾਂ ਦੀ ਗਿਣਤੀ 20 ਸਤੰਬਰ ਨੂੰ
ਹੋਵੇਗੀ। 32 ਸੀਟਾਂ 'ਚੋਂ ਭਾਜਪਾ ਨੂੰ 12, ਕਾਂਗਰਸ ਨੂੰ 7, ਸਮਾਜਵਾਦੀ ਪਾਰਟੀ 8,
ਟੀਡੀਪੀ 1, ਤ੍ਰਿਣਾਮੂਲ ਕਾਂਗਰਸ 1, ਸੀਪੀਐਮ 1, 1 ਆਜ਼ਾਦ ਉਮੀਦਵਾਰ ਅਤੇ ਯੂਆਈਯੂਡੀਐਫ਼
ਨੂੰ 1 ਸੀਟ ਮਿਲੀ। ਇਨ੍ਹਾਂ ਨਤੀਜਿਆਂ ਦਾ ਅਸਰ ਅਗਲੇ ਮਹੀਨੇ ਹਰਿਆਣਾ ਤੇ ਮਹਾਰਾਸ਼ਟਰ 'ਚ
ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਤੇ ਪੈਣ ਦੀ ਸੰਭਾਵਨਾ ਹੈ।
ਲੋਕ ਸਭਾ ਦੇ 3 ਹਲਕਿਆਂ
'ਚ ਹੋਈਆਂ ਜ਼ਿਮਨੀ ਚੋਣਾਂ ਵਿੱਚੋਂ ਵਡੋਦਰਾ ਤੋਂ ਭਾਜਪਾ ਉਮੀਦਵਾਰ ਰੰਜਨ ਬੇਨ ਭੱਟ,
ਮੈਨਪੁਰੀ (ਯੂਪੀ) ਤੋਂ ਸਪਾ ਉਮੀਦਵਾਰ ਤੇਜ ਪ੍ਰਤਾਪ ਯਾਦਵ ਅਤੇ ਤੇਲੰਗਾਨਾ ਦੀ ਮੇਡਕ ਲੋਕ
ਸਭਾ ਸੀਟ ਤੋਂ ਟੀਆਰਐਸ ਦਾ ਉਮੀਦਵਾਰ ਪ੍ਰਭਾਕਰ ਰੇਡੀ ਜੇਤੂ ਰਿਹਾ।
ਉਤਰ ਪ੍ਰਦੇਸ਼
ਦੀਆਂ ਜ਼ਿਮਨੀ ਚੋਣਾਂ 'ਚ ਭਾਰਤੀ ਜਨਤਾ ਪਾਰਟੀ ਨੂੰ ਕਰਾਰਾ ਝਟਕਾ ਦਿੰਦਿਆਂ ਸਮਾਜਵਾਦੀ
ਪਾਰਟੀ ਨੇ 11 ਵਿਧਾਨ ਸਭਾ ਸੀਟਾਂ ਦੇ ਐਲਾਨੇ ਗਏ ਨਤੀਜਿਆਂ 'ਚੋਂ 8 ਸੀਟਾਂ 'ਤੇ ਜਿੱਤ
ਦਰਜ ਕੀਤੀ, ਜਦਕਿ ਭਾਜਪਾ ਨੂੰ 3 ਸੀਟਾਂ 'ਤੇ ਹੀ ਸਬਰ ਕਰਨਾ ਪਿਆ। ਸਰਕਾਰੀ ਬੁਲਾਰੇ
ਅਨੁਸਾਰ ਸਪਾ ਨੇ ਬਿਜਨੌਰ, ਠਾਕੁਰਦੁਆਰਾ, ਨਿਘਾਸਨ, ਹਮੀਰਪੁਰ, ਚਰਖਾਰੀ, ਸਿਰਾਥੂ, ਬਲਹਾ
ਅਤੇ ਰੋਹਨੀਆ ਸੀਟ 'ਤੇ ਜਿੱਤ ਦਰਜ ਕੀਤੀ। ਭਾਜਪਾ ਉਮੀਦਵਾਰ ਸਹਾਰਨਪੁਰ ਨਗਰ, ਲਖਨਊ ਪੂਰਬ
ਅਤੇ ਨੋਇਡਾ ਸੀਟ 'ਤੇ ਜਿੱਤੇ ਹਨ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਜਾਂ ਉਸ ਦੇ
ਸਹਿਯੋਗੀ ਆਪਣਾ ਦਲ ਨੇ ਉਕਤ ਸਾਰੀਆਂ ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ।
ਉਤਰ
ਪ੍ਰਦੇਸ਼ ਵਿੱਚ ਮੈਨਪੁਰੀ ਲੋਕ ਸਭਾ ਸੀਟ 'ਤੇ ਹੋਈ ਉਪ ਚੋਣ ਵਿੱਚ ਵੀ ਸਪਾ ਦਾ ਕਬਜ਼ਾ
ਬਰਕਰਾਰ ਰਿਹਾ। ਮੈਨਪੁਰੀ ਲੋਕ ਸਭਾ ਹਲਕੇ ਤੋਂ ਸਪਾ ਉਮੀਦਵਾਰ ਤੇਜ ਪ੍ਰਤਾਪ ਸਿੰਘ ਨੇ
ਭਾਜਪਾ ਦੇ ਪ੍ਰੇਮ ਸਿੰਘ ਸ਼ਾਕਿਆ ਨੂੰ 3.21 ਲੱਖ ਤੋਂ ਵਧ ਵੋਟਾਂ ਨਾਲ ਹਰਾਇਆ।
ਗੁਜਰਾਤ
'ਚ 13 ਸਤੰਬਰ ਨੂੰ 9 ਸੀਟਾਂ 'ਤੇ ਹੋਈਆਂ ਉਪ ਚੋਣਾਂ ਵਿੱਚ ਕਾਂਗਰਸ ਨੇ ਸੱਤਾਧਾਰੀ
ਭਾਜਪਾ ਤੋਂ ਵਿਧਾਨ ਸਭਾ ਦੀਆਂ 3 ਸੀਟਾਂ ਖੋਹ ਲਈਆਂ ਹਨ ਅਤੇ ਭਾਜਪਾ ਨੇ 6 ਸੀਟਾਂ 'ਤੇ
ਜਿੱਤ ਹਾਸਲ ਕੀਤੀ ਹੈ। ਮਈ 'ਚ ਹੋਈਆਂ ਲੋਕ ਸਭਾ ਦੀਆਂ ਆਮ ਚੋਣਾਂ ਵਿੱਚ ਭਾਜਪਾ ਨੇ
ਗੁਜਰਾਤ 'ਚ ਸਾਰੀਆਂ 26 ਸੀਟਾਂ 'ਤੇ ਜਿੱਤ ਦਰਜ ਕੀਤੀ ਸੀ, ਪਰ ਉਪ ਚੋਣਾਂ ਵਿੱਚ ਇਸ ਨੂੰ
ਦੇਸਾ, ਮੰਗਰੋਲ ਅਤੇ ਖੰਬਾਲਿਆ ਵਿਧਾਨ ਸਭਾ ਸੀਟਾਂ 'ਤੇ ਕਾਂਗਰਸ ਹੱਥੋਂ ਹਾਰ ਮਿਲੀ।
ਭਾਜਪਾ ਨੇ ਮਨੀਨਗਰ, ਟੰਕਾਰਾ, ਤਲਾਜਾ, ਆਨੰਦ, ਖੇੜਾ ਅਤੇ ਲਿਮਖੇੜਾ ਵਿਧਾਨ ਸਭਾ ਸੀਟਾਂ
'ਤੇ ਜਿੱਤ ਦਰਜ ਕੀਤੀ ਅਤੇ ਵਡੋਦਰਾ ਲੋਕ ਸਭਾ ਸੀਟ 'ਤੇ ਵੀ ਇਸ ਨੇ ਆਪਣਾ ਕਬਜ਼ਾ ਬਰਕਰਾਰ
ਰੱਖਿਆ।
ਰਾਜਸਥਾਨ 'ਚ 4 ਸੀਟਾਂ ਦੇ ਨਤੀਜੇ ਐਲਾਨੇ ਗਏ, ਜਿਨ੍ਹਾਂ ਵਿੱਚੋਂ ਨਸੀਰਾਬਾਦ,
ਸੂਰਜਗੜ੍ਹ ਅਤੇ ਬੇਰ ਸੀਟ ਤੋਂ ਬੰਦੋਪਾਧਿਆਏ ਨੇ ਜਿੱਤ ਹਾਸਲ ਕੀਤੀ। ਜਦਕਿ ਬਸੀਰਹਟ
ਦੱਖਣੀ ਸੀਟ 'ਤੇ ਭਾਜਪਾ ਨੇ ਜਿੱਤ ਹਾਸਲ ਕਰਕੇ ਵਿਧਾਨ ਸਭਾ ਵਿੱਚ ਆਪਣਾ ਖ਼ਾਤਾ ਖੋਲ੍ਹ
ਲਿਆ।
ਤ੍ਰਿਪੁਰਾ 'ਚ ਮਾਨੂੰ ਸੀਟ ਤੋਂ ਸੀਪੀਐਮ ਦੇ ਉਮੀਦਵਾਰ ਪ੍ਰਭਾਤ ਚੌਧਰੀ ਨੇ ਕਾਂਗਰਸ ਦੇ ਉਮੀਦਵਾਰ ਨੂੰ 15,971 ਰਿਕਾਰਡ ਵੋਟਾਂ ਨਾਲ ਹਰਾਇਆ।
ਆਂਧਰਾ ਪ੍ਰਦੇਸ਼ ਵਿੱਚ ਟੀਡੀਪੀ ਉਮੀਦਵਾਰ ਟੀ ਸੋਮਇਆ ਨੇ ਕਾਂਗਰਸੀ ਉਮੀਦਵਾਰ ਬੋਡਾਪਤੀ ਬਾਬੂ ਰਾਵ ਨੂੰ 75 ਹਜ਼ਾਰ ਵੋਟਾਂ ਨਾਲ ਹਰਾਇਆ।
ਸਿੱਕਮ 'ਚ ਰੰਗਾਂਗ ਵਿਧਾਨ ਸਭਾ ਸੀਟ ਤੋਂ ਆਜ਼ਾਦ ਉਮੀਦਵਾਰ ਆਰਐਨ ਚਾਮਲਿੰਗ ਨੇ ਐਸਡੀਐਫ਼ ਦੀ ਕੁਮਾਰੀ ਮੰਗਾਰ ਨੂੰ 708 ਵੋਟਾਂ ਦੇ ਫ਼ਰਕ ਨਾਲ ਹਰਾਇਆ।
ਅਸਾਮ
'ਚ ਐਲਾਨੇ ਗਏ 3 ਸੀਟਾਂ ਦੇ ਨਤੀਜਿਆਂ ਅਨੁਸਾਰ ਲਖੀਮਪੁਰ ਸੀਟ ਤੋਂ ਕਾਂਗਰਸੀ ਉਮੀਦਵਾਰ
ਰਾਜਦੀਪ ਸਿੰਘ ਗੋਆਲਾ ਨੇ ਭਾਜਪਾ ਦੇ ਸੰਜੇ ਠਾਕੁਰ ਨੂੰ 9,172 ਵੋਟਾਂ ਨਾਲ ਹਰਾਇਆ।
ਸਿਲਚਰ ਸੀਟ ਤੋਂ ਭਾਜਪਾ ਦੇ ਦਲੀਪ ਕੁਮਾਰ ਪਾਲ ਨੇ ਕਾਂਗਰਸ ਦੇ ਅਰੁਣ ਦੱਤ ਮਜੂਮਦਾਰ ਨੂੰ
ਹਰਾ ਦਿੱਤਾ।
ਜਦਕਿ ਜਮੁਨਾਮੁਖ ਤੋਂ ਏਆਈਯੂਡੀਐਫ਼ ਦੇ ਉਮੀਦਵਾਰ ਰਹੀਮ ਅਜਮਲ ਜੇਤੂ ਰਹੇ।
-
ਨਤੀਜੇ ਉਮੀਦਾਂ ਦੇ ਉਲਟ : ਭਾਜਪਾ
ਨਵੀਂ
ਦਿੱਲੀ : ਜ਼ਿਮਨੀ ਚੋਣਾਂ ਵਿੱਚ ਹਾਰ ਦਾ ਸਾਹਮਣਾ ਕਰ ਰਹੀ ਭਾਜਪਾ ਨੇ ਅੱਜ ਕਿਹਾ ਕਿ ਕੁਝ
ਥਾਵਾਂ 'ਤੇ ਨਤੀਜੇ ਉਸ ਦੀਆਂ ਉਮੀਦਾਂ ਤੋਂ ਉਲਟ ਹਨ ਅਤੇ ਲੋਕਾਂ ਨੇ ਸਥਾਨਕ ਮੁੱਦਿਆਂ 'ਤੇ
ਵੋਟਾਂ ਪਾਈਆਂ ਹਨ। ਪਾਰਟੀ ਬੁਲਾਰੇ ਸ਼ਾਹਨਵਾਜ਼ ਹੁਸੈਨ ਨੇ ਕਿਹਾ ਕਿ ਇਹ ਚੋਣ ਨਤੀਜੇ
ਸਾਡੀਆਂ ਉਮੀਦਾਂ ਮੁਤਾਬਕ ਨਹੀਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨਤੀਜਿਆਂ ਨੂੰ ਕੌਮੀ ਜਾਂ
ਰਾਜ ਪੱਧਰੀ ਚੋਣਾਂ ਦੇ ਰੂਪ ਵਿੱਚ ਨਹੀਂ ਦੇਖਣਾ ਚਾਹੀਦਾ।
-
ਫਿਰਕੂ ਤਾਕਤਾਂ ਦੀ ਹਾਰ ਹੋਈ : ਅਖਿਲੇਸ਼
ਲਖਨਊ
: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਸੂਬੇ ਦੀਆਂ 11 ਵਿਧਾਨ ਸਭਾ ਅਤੇ 1
ਲੋਕ ਸਭਾ ਸੀਟ 'ਤੇ ਸਮਾਜਵਾਦੀ ਪਾਰਟੀ ਦੇ ਉਮੀਦਵਾਰਾਂ ਦੀ ਜਿੱਤ ਨੂੰ ਜਨਤਾ ਵੱਲੋਂ
ਫਿਰਕੂ ਤਾਕਤਾਂ ਨੂੰ ਮੂੰਹ ਤੋੜ ਜਵਾਬ ਦੱਸਿਆ। ਸ੍ਰੀ ਯਾਦਵ ਨੇ ਕਿਹਾ ਕਿ ਫਿਰਕਾਪ੍ਰਸਤ
ਤਾਕਤਾਂ ਦੇ ਮਨਸੂਬੇ ਜਨਤਾ ਨੇ ਨਾਕਾਮ ਕਰ ਦਿੱਤੇ ਹਨ।