ਉਪ ਮੁੱਖ ਮੰਤਰੀ ਵੱਲੋਂ ਲੋੜਵੰਦ ਲੋਕਾਂ ਲਈ ਇੱਕ ਲੱਖ ਘਰ ਬਣਾਉਣ ਦਾ ਐਲਾਨ
Posted on:- 16-09-2014
ਚੰਡੀਗੜ੍ਹ
: ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਸੂਬੇ ਭਰ 'ਚ ਕਮਜ਼ੋਰ
ਤਬਕੇ ਦੇ ਲੋਕਾਂ ਲਈ ਅਕਤੂਬਰ 2016 ਤੱਕ ਇਕ ਲੱਖ ਘਰ ਬਣਾ ਕੇ ਦਿੱਤੇ ਜਾਣਗੇ। ਇਸ ਸਬੰਧੀ
ਅੱਜ ਉਨ੍ਹਾਂ ਮਕਾਨ ਉਸਾਰੀ ਵਿਭਾਗ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ ਤੇ ਇਸ
ਪ੍ਰੋਜੈਕਟ ਦੀ ਕੁੱਲ ਲਾਗਤ 3750 ਕਰੋੜ ਰੁਪਏ ਹੋਵੇਗੀ।
ਅੱਜ ਇੱਥੇ ਇਸ ਸਬੰਧੀ ਉਚ
ਪੱਧਰੀ ਮੀਟਿੰਗ ਦੌਰਾਨ ਬਾਦਲ ਨੇ ਕਿਹਾ ਕਿ ਇਹ ਪ੍ਰੋਜੈਕਟ ਛੋਟੇ ਕਸਬਿਆਂ ਤੇ ਮੰਡੀਆਂ ਤੋਂ
ਸ਼ੁਰੂ ਕੀਤਾ ਜਾਵੇਗਾ, ਜਿਸ ਨਾਲ ਨਾ ਸਿਰਫ ਵਿੱਤੀ ਤੌਰ 'ਤੇ ਕਮਜ਼ੋਰ ਲੋਕਾਂ ਨੂੰ ਆਸਾਨੀ
ਨਾਲ ਘਰ ਮਿਲ ਸਕੇਗਾ, ਉੱਥੇ ਤੇਜ਼ੀ ਨਾਲ ਸ਼ਹਿਰਾਂ ਵੱਲ ਹੋ ਰਹੇ ਪਲਾਇਨ ਨੂੰ ਠੱਲ੍ਹ ਪਾ ਕੇ
ਸ਼ਹਿਰੀ ਖੇਤਰਾਂ 'ਤੇ ਦਬਾਅ ਘਟਾਉਣ 'ਚ ਮਦਦ ਮਿਲੇਗੀ। ਪ੍ਰੋਜੈਕਟ ਦੇ ਕੱਚੇ ਖਾਕੇ ਅਨੁਸਾਰ
ਇਸ ਲਈ ਕੁੱਲ 500 ਏਕੜ ਜ਼ਮੀਨ ਦੀ ਲੋੜ ਪਵੇਗੀ।
ਸ. ਬਾਦਲ ਨੇ ਅਧਿਕਾਰੀਆਂ ਨੂੰ ਹੁਕਮ
ਦਿੱਤਾ ਕਿ ਜਿਨ੍ਹਾਂ ਕਸਬਿਆਂ ਜਾਂ ਮੰਡੀਆਂ ਦੀ ਆਬਾਦੀ 8000 ਤੋਂ 15000 ਤੱਕ ਹੈ, ਵਿਖੇ
ਇਸ ਪ੍ਰੋਜੈਕਟ ਦੀ ਸ਼ੁਰੂਆਤ ਲਈ ਜ਼ਮੀਨ ਦੀ ਤਲਾਸ਼ ਦਾ ਕੰਮ ਸ਼ੁਰੂ ਕੀਤਾ ਜਾਵੇ। ਇਹ
ਪ੍ਰੋਜੈਕਟ ਮਕਾਨ ਉਸਾਰੀ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਤੇ ਕਿਰਤ ਵਿਭਾਗ ਵੱਲੋਂ
ਸਾਂਝੇ ਤੌਰ 'ਤੇ ਮੁਕੰਮਲ ਕੀਤਾ ਜਾਵੇਗਾ ਤੇ ਕੁੱਲ ਇਕ ਲੱਖ ਘਰਾਂ 'ਚੋਂ 25-25 ਹਜ਼ਾਰ ਘਰ
ਹਾਊਸਿੰਗ ਤੇ ਕਿਰਤ ਵਿਭਾਗ ਵੱਲੋਂ ਜਦਕਿ ਬਾਕੀ 50 ਹਜ਼ਾਰ ਘਰ ਪੇਂਡੂ ਵਿਕਾਸ ਤੇ ਪੰਚਾਇਤ
ਵਿਭਾਗ ਵੱਲੋਂ ਉਸਾਰੇ ਜਾਣਗੇ।
ਇਹ ਘਰ ਲੈਣ ਲਈ ਕਮਜ਼ੋਰ ਤਬਕੇ ਦੇ ਲੋਕਾਂ ਨੂੰ ਘਰ ਦੀ
ਕੁੱਲ ਲਾਗਤ ਦਾ ਸਿਰਫ 10 ਫੀਸਦੀ ਹੀ ਦੇਣਾ ਹੋਵੇਗਾ, ਜਦਕਿ ਜ਼ਮੀਨ ਦਾ ਪੂਰਾ ਪ੍ਰਬੰਧ
ਪੰਜਾਬ ਸਰਕਾਰ ਵੱਲੋਂ ਕੀਤਾ ਜਾਵੇਗਾ।
ਇਸ ਮੀਟਿੰਗ ਦੌਰਾਨ ਉਪ ਮੁੱਖ ਮੰਤਰੀ ਦੇ
ਪ੍ਰਮੁੱਖ ਸਕੱਤਰ ਪੀਐਸ ਔਜਲਾ, ਵਿਸ਼ਵਜੀਤ ਖੰਨਾ, ਪ੍ਰਮੁੱਖ ਸਕੱਤਰ, ਮਕਾਨ ਉਸਾਰੀ ਵਿਭਾਗ
ਦੇ ਸਕੱਤਰ ਏ.ਵੇਣੂ ਪ੍ਰਸ਼ਾਦ, ਸਥਾਨਕ ਸਰਕਾਰਾਂ ਵਿਭਾਗ ਦੇ ਸਕੱਤਰ ਅਸ਼ੋਕ ਗੁਪਤਾ, ਪੁੱਡਾ
ਦੇ ਪ੍ਰਸ਼ਾਸਕ ਤੇ ਉਪ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਮਨਵੇਸ਼ ਸਿੰਘ ਸਿੱਧੂ ਤੇ
ਰਾਹੁਲ ਤਿਵਾੜੀ ਹਾਜ਼ਰ ਸਨ।