ਦੇਸ਼ 'ਚ ਜਨਵਰੀ 'ਚ ਲਾਗੂ ਹੋਵੇਗੀ ਨਵੀਂ ਸਿੱਖਿਆ ਨੀਤੀ : ਈਰਾਨੀ
      
      Posted on:- 16-09-2014
      
      
      								
				   
                                    
      
ਅੰਮ੍ਰਿਤਸਰ : 
ਅਭਿਨੇਤਾ ਤੋਂ ਨੇਤਾ ਅਤੇ ਮੋਦੀ ਸਰਕਾਰ 'ਚ ਕੇਂਦਰੀ ਮੰਤਰੀ ਬਣੀ ਸਿਮਰਤੀ ਇਰਾਨੀ ਨੇ ਅੱਜ 
ਆਪਣੀ ਅੰਮ੍ਰਿਤਸਰ ਫੇਰੀ ਦੌਰਾਨ ਸਥਾਨਕ ਡੀਏਵੀ ਕਾਲਜ ਵਿਖੇ ਔਰਤਾਂ ਦੇ ਹੱਕਾਂ ਅਤੇ 
ਸਿੱਖਿਆ ਨੀਤੀ ਬਾਰੇ ਰੱਖੇ ਇਕ ਵਿਸ਼ੇਸ਼ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ 'ਚ 
ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸਭ ਨੂੰ ਇਕਜੁੱਟ ਹੋਣ ਦੀ ਲੋੜ ਹੈ। ਉਨ੍ਹਾਂ 
ਕਿਹਾ ਜਨਵਰੀ ਮਹੀਨੇ 'ਚ ਦੇਸ਼ 'ਚ ਇੱਕ ਨਵੀਂ ਸਿੱਖਆ ਨੀਤੀ ਲਾਗੂ ਕੀਤੀ ਜਾਵੇਗੀ, ਜਿਸ ਤੋਂ
 ਪਹਿਲਾਂ ਦੇਸ਼ ਦੇ ਸਾਰੇ ਰਾਜਾਂ ਤੋਂ ਸਿੱਖਿਆ ਦੇ ਮਾਹਿਰਾਂ ਨੂੰ ਸੱਦਾ ਦਿੱਤਾ ਜਾਵੇਗਾ 
ਅਤੇ ਉਨ੍ਹਾਂ ਨਾਲ ਸਿੱਖਿਆ ਲਈ ਚਿੰਤਨ ਮੰਥਨ 'ਤੇ ਚਰਚਾ ਕਰਕੇ ਇਸ ਨਵੀਂ ਨੀਤੀ ਬਾਰੇ 
ਸੁਝਾਅ ਲਏ ਜਾਣਗੇ। 
                             
ਉਨ੍ਹਾਂ ਕਿਹਾ ਕਿ ਇਸ ਨਵੀਂ ਸਿੱਖਿਆ ਨੀਤੀ ਨੂੰ ਲਾਗੂ ਕਰਨ ਤੋਂ 
ਪਹਿਲਾਂ ਦੇਸ਼ ਦੀ ਆਮ ਜਨਤਾ ਕੋਲੋਂ ਵੀ ਸਹਿਯੋਗ ਤੇ ਸੁਝਾਅ ਮੰਗੇ ਜਾਣਗੇ ਤਾਂ ਜੋ ਇਸ ਨਵੀਂ
 ਨੀਤੀ ਵਿੱਚ ਕੋਈ ਵੀ ਕਮੀ ਨਾ ਰਹੇ। ਇਸ ਮੌਕੇ ਆਪਣੇ ਸੰਬੋਧਨ 'ਚ ਉਨ੍ਹਾਂ ਕਿਹਾ ਕਿ ਅੱਜ 
ਸਮਾਜ ਵਿੱਚ ਔਰਤਾਂ ਪ੍ਰਤੀ ਦੌਹਰੀ ਸੋਚ ਵੇਖਣ ਨੂੰ ਮਿਲ ਰਹੀ ਹੈ ਕਿ ਜਦ ਸਾਡੇ ਆਪਣੇ ਘਰ 
ਦੀ ਪਤਨੀ ਭੈਣ ਜਾਂ ਮਾਂ ਨੂੰ ਕਿਸੇ ਵਧੀਕੀ ਜਾਂ ਜਬਰ ਜਨਾਹ ਵਰਗੀ ਘਟਨਾ ਦਾ ਸ਼ਿਕਾਰ ਹੋਣਾ 
ਪੈਂਦਾ ਹੈ ਤਾਂ ਅਸੀਂ ਔਰਤ ਦੀ ਸੁਰੱਖਿਆ ਬਾਰੇ ਅਵਾਜ਼ ਉਠਾਉਂਦੇ ਹਾਂ ਅਤੇ ਜਦ ਕਿਸੇ ਦੂਸਰੇ
 ਦੇ ਘਰ ਵਿੱਚ ਇਹ ਸਭ ਵਾਪਰਦਾ ਹੈ  ਤਾਂ ਅਸੀਂ ਉਸ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ, ਜਿਸ
 ਕਰਕੇ ਹੀ ਸਮਾਜ ਵਿੱਚ ਔਰਤਾਂ ਅਸੁਰੱਖਿਅਤ ਹਨ। 
ਇਸ ਮੌਕੇ ਕਾਲਜ ਪ੍ਰੰਬਧਕਾਂ ਵੱਲੋਂ 
ਉਨ੍ਹਾਂ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਇਸ ਤੋਂ ਪਹਿਲਾਂ ਸ੍ਰੀਮਤੀ ਈਰਾਨੀ ਵੱਲੋਂ 
ਸੱਚਖੰਡ ਹਰਮਿੰਦਰ ਸਾਹਿਬ ਵਿਖੇ ਪਹੁੰਚ ਕੇ ਬੜੀ ਸ਼ਰਧਾ ਭਾਵਨਾਂ ਨਾਲ ਮੱਥਾ ਟੇਕਿਆ ਗਿਆ 
ਅਤੇ ਦਰਬਾਰ ਸਾਹਿਬ ਦੀਆ ਪਰਿਕਰਮਾਂ ਚ ਪਾਣੀ ਵਾਲੀ ਛਬੀਲ ਦੇ ਜੂਠੇ ਬਰਤਨ ਸਾਫ ਕਰਨ ਦੀ 
ਸੇਵਾ ਵੀ ਕੀਤੀ ਗਈ । ਸੱਚਖੰਡ ਹਰਮਿੰਦਰ ਸਾਹਿਬ ਪੁੱਜਣ ਤੇ ਸਰੋਮਣੀ ਕਮੇਟੀ ਵਲੋਂ ਉਨ੍ਹਾਂ
 ਨੂੰ ਸਿਰਪਾਓ ਅਤੇ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਭੇਂਟ ਕੀਤਾ ਗਿਆ । ਇਸ ਤੋਂ ਬਾਅਦ 
ਸ੍ਰੀਮਤੀ ਈਰਾਨੀ ਜਲਿਆਂ ਵਾਲੇ ਬਾਗ ਵੀ ਗਏ ਅਤੇ ਉਨ੍ਹਾਂ ਸ਼ਹੀਦਾਂ ਨੂੰ ਸ਼ਰਧਾਜਲੀ ਭੇਂਟ 
ਕੀਤੀ । ਇਸ ਤੋਂ ਬਾਅਦ ਸ੍ਰੀ ਮਤੀ ਇਰਾਨੀ ਵਲੋਂ ਭਾਜਪਾ ਦੇ ਦਫਤਰ ਦਾ ਵੀ ਦੌਰਾ ਕੀਤਾ ਗਿਆ
 ਅਤੇ ਭਾਜਪਾ ਆਗੂਆਂ ਦੀਆ ਮੁਸ਼ਕਿਲਾਂ ਵੀ ਸੁਣੀਆ । ਇੱਥੇ ਇਹ ਜਿਕਰਯੋਗ ਹੈ ਕਿ ਸ੍ਰੀ ਮਤੀ 
ਸਮਿਰਿਤੀ ਇਰਾਨੀ ਆਪਣੀ ਇਸ ਅੰਮ੍ਰਿਤਸਰ ਫੇਰੀ ਦੋਰਾਨ ਹਰ ਜਗ੍ਹਾ ਤੇ ਪੱਤਰਕਾਰਾਂ ਕੋਲੋ 
ਕੰਨੀ ਕਤਰਾਉਂਦੀ ਰਹੀ ਅਤੇ ਪੱਤਰਕਾਰਾਂ ਨੂੰ ਕਿਸੇ ਇੱਕ ਜਗ੍ਹਾ ਤੇ ਵੀ ਸੰਬੋਧਨ ਨਹੀਂ 
ਕੀਤਾ ਜਿਜਸ ਕਰਕੇ ਪੱਤਰਕਾਰਾਂ ਚ ਭਾਰੀ ਨਿਰਾਸ਼ਾ ਦਾ ਮਾਹੋਲ ਵੇਖਣ ਨੂੰ ਮਿਲਿਆ ।