ਬਾਦਲ ਵੱਲੋਂ ਘੱਗਰ ਨਦੀ ਦੀ ਸਫ਼ਾਈ ਸਬੰਧੀ ਹਿਮਾਚਲ ਦੇ ਮੁੱਖ ਮੰਤਰੀ ਨੂੰ ਪੱਤਰ
Posted on:- 15-09-2014
ਚੰਡੀਗੜ੍ਹ
: ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਘੱਗਰ ਨਦੀ ਦੀ ਇਕ ਮਿਸ਼ਨ ਵਜੋ ਸਫਾਈ 'ਤੇ
ਪ੍ਰਭਾਵੀ ਤਰੀਕੇ ਨਾਲ ਨਿਗਰਾਨੀ ਰੱਖਣ ਵਾਸਤੇ ਇਕ ਸਾਂਝੀ ਰੂਪ ਰੇਖਾ ਬਨਾਉਣ ਲਈ ਹਿਮਾਚਲ
ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭਦਰ ਸਿੰਘ ਨੂੰ ਸਿੱਧਾ ਤੇ ਨਿੱਜੀ ਦਖਲ ਦੇਣ ਦੀ ਅਪੀਲ ਕੀਤੀ
ਹੈ।
ਵੀਰਭਦਰ ਸਿੰਘ ਨੂੰ ਲਿਖੇ ਇਕ ਪੱਤਰ 'ਚ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ 'ਚ
ਘੱਗਰ ਨਦੀ ਦੇ ਪਾਣੀ ਦਾ ਮਿਆਰ ਬਹੁਤ ਨੀਵੇਂ ਪੱਧਰ ਦਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ
ਹਿਮਾਚਲ ਪ੍ਰਦੇਸ਼ ਦੇ ਇਲਾਕੇ 'ਚੋਂ ਘਰੇਲੂ ਸੀਵਰੇਜ ਦਾ ਪਾਣੀ ਘੱਗਰ ਨਦੀ 'ਚ ਪੈ ਰਿਹਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਘੱਗਰ ਨਦੀ 'ਚ
ਪ੍ਰਦੂਸ਼ਣ ਪੈਦਾ ਕਰਨ ਵਾਲੇ ਵੱਖ ਵੱਖ ਸਰੋਤਾਂ ਦਾ ਸਰਵੇਖਣ ਕੀਤਾ ਗਿਆ ਹੈ ਜਿਸ ਦੌਰਾਨ ਇਹ
ਗੱਲ ਸਾਹਮਣੇ ਆਈ ਹੈ ਕਿ ਨਾਹਨ, ਪਰਵਾਨੂ ਤੇ ਕਾਲਾ ਅੰਬ ਇਲਾਕਿਆਂ 'ਚੋਂ ਉਦਯੋਗਾਂ ਤੇ
ਸੀਵਰੇਜ ਦਾ ਗੰਦਾ/ਅਣਸੋਧਿਆ ਪਾਣੀ ਘੱਗਰ ਨਦੀ 'ਚ ਵੱਖ ਵੱਖ ਚੋਆਂ, ਡਰੇਨਾਂ, ਖਾਲਿਆਂ ਆਦਿ
ਰਾਹੀਂ ਪੈ ਰਿਹਾ ਹੈ। ਸ. ਬਾਦਲ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਕਿਹਾ ਕਿ
ਉਹ ਤੁਰੰਤ ਹਿਮਾਚਲ ਪ੍ਰਦੇਸ਼ ਦੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਇਹ ਗੰਦਾ ਪਾਣੀ
ਘੱਗਰ 'ਚ ਪੈਣ ਤੋਂ ਰੋਕਣ ਵਾਸਤੇ ਹਦਾਇਤਾਂ ਜਾਰੀ ਕਰਨ ਤਾਂ ਜੋ ਘੱਗਰ ਨਦੀ 'ਚ ਡਰੇਨਾਂ ਤੇ
ਨਾਲਿਆਂ ਰਾਹੀਂ ਘਰੇਲੂ ਅਤੇ ਉਦਯੋਗਾਂ ਦਾ ਗੰਦਾ ਪਾਣੀ ਨਾ ਪੈ ਸਕੇ ਅਤੇ ਪ੍ਰਦੂਸ਼ਣ 'ਤੇ
ਰੋਕ ਲੱਗ ਸਕੇ।
ਇਸ ਦੀ ਗੰਭੀਰਤਾ ਦੇ ਮੱਦੇਨਜ਼ਰ ਮੁੱਖ ਮੰਤਰੀ ਨੇ ਦੋਹਾਂ ਸੂਬਿਆਂ ਦੇ
ਸਬੰਧਤ ਵਿਭਾਗਾਂ ਦੇ ਅਧਿਕਾਰੀਆਂ 'ਤੇ ਆਧਾਰਤ ਸਮੂਹਿਕ ਨਿਗਰਾਨੀ ਦੀ ਇੱਕ ਵਿਵਸਥਾ ਪੈਦਾ
ਕਰਨ ਦੀ ਜਰੂਰਤ 'ਤੇ ਜ਼ੋਰ ਦਿੱਤਾ ਹੈ ਤਾਂ ਜੋ ਘੱਗਰ ਨਦੀ ਵਿਚਲੇ ਪ੍ਰਦੂਸ਼ਣ ਨੂੰ ਰੋਕਣ
ਵਾਸਤੇ ਸਮਾਂਬੱਧ ਕਾਰਜ ਯੋਜਨਾ ਅਮਲ 'ਚ ਲਿਆਂਦੀ ਜਾ ਸਕੇ। ਮੁੱਖ ਮੰਤਰੀ ਨੇ ਸ੍ਰੀ
ਵੀਰਭਦਰ ਸਿੰਘ ਨੂੰ ਇਹ ਵੀ ਬੇਨਤੀ ਕੀਤੀ ਕਿ ਉਹ ਆਪਣੇ ਪੱਧਰ 'ਤੇ ਸ਼ਿਮਲਾ 'ਚ ਇੱਕ ਸਮੂਹਿਕ
ਮੀਟਿੰਗ ਸੱਦਣ ਵਾਸਤੇ ਤਾਰੀਖ ਨਿਰਧਾਰਤ ਕਰਨ ਤਾਂ ਜੋ ਇਸ ਸਮੱਸਿਆ ਦਾ ਸਥਾਈ ਹੱਲ ਕਢਿਆ
ਜਾ ਸਕੇ। ਸ. ਬਾਦਲ ਨੇ ਲਿਖਿਆ ਹੈ ਕਿ ਘੱਗਰ ਦੇ ਪ੍ਰਦੂਸ਼ਣ 'ਤੇ ਕਾਬੂ ਪਾਉਣਾ ਇਕ ਜਨਹਿੱਤ
ਮਸਲਾ ਹੈ ਤੇ ਇਸ ਪਾਣੀ 'ਚ ਪ੍ਰਦੂਸਣ ਨੂੰ ਘਟਾਉਣ ਦੀ ਫੌਰੀ ਲੋੜ ਹੈ।