ਬੱਸ ਨਦੀ 'ਚ ਡਿੱਗਣ ਨਾਲ ਦੋ ਮੌਤਾਂ, 34 ਜ਼ਖਮੀ
Posted on:- 15-09-2014
ਅੰਬਾਲਾ : ਹਰਿਆਣਾ ਰੋਡਵੇਜ ਅੰਬਾਲਾ
ਡਿੱਪੂ ਦੀ ਬੱਸ ਸਵੇਰੇ ਲਗਭਗ 8.30 ਵਜੇ ਨਰਾਇਣਗੜ੍ਹ ਤੋਂ ਅੰਬਾਲਾ ਕੈਟ ਜਾ ਰਹੀ ਸੀ,
ਜੋ ਪਿੰਡ ਬੜਾਗੜ੍ਹ ਦੇ ਕੋਲ ਬੇਗਨਾ ਨਦੀ ਦੇ ਪੁਲ 'ਤੇ ਹਾਦਸੇ ਦਾ ਸ਼ਿਕਾਰ ਹੋ ਗਈ। ਇਸ
ਦੁਰਘਟਨਾ ਵਿਚ ਦੋ ਲੜਕੀਆਂ ਦੀ ਮੌਤ ਅਤੇ 34 ਯਾਤਰੀ ਜ਼ਖਮੀ ਹੋ ਗਏ। ਇਸ ਘਟਨਾ ਦਾ ਪਤਾ
ਚੱਲਦੇ ਹੀ ਐਸਡੀਐਮ ਨਰਾਇਣਗੜ੍ਹ ਯੋਗੇਸ਼ ਕੁਮਾਰ ਨੇ ਸੀਐਮਓ ਵਿਨੋਦ ਕੁਮਾਰ, ਨਾਇਬ
ਤਹਿਸੀਲਦਾਰ ਨਰਾਇਣਗੜ੍ਹ ਨਸੀਬ ਸਿੰਘ, ਨਾਇਬ ਤਹਿਸੀਲਦਾਰ ਸ਼ਹਜਾਦਪੁਰ ਅਨਿਲ ਕੌਸ਼ਲ ਸਮੇਤ
ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਜਨਰਲ ਹਸਪਤਾਲ ਨਰਾਇਣਗੜ੍ਹ ਵਿਚ ਪਹੁੰਚਕੇ ਜ਼ਖਮੀਆਂ
ਦਾ ਹਾਲ ਚਾਲ ਪੁੱਛਿਆ ਤੇ ਇਲਾਜ ਦੇ ਲਈ ਡਾਕਟਰਾਂ ਨੂੰ ਜ਼ਰੂਰੀ ਦਿਸ਼ਾ–ਨਿਰਦੇਸ਼ ਦਿੱਤੇ।
ਐਸਡੀਐਮ ਯੋਗੇਸ਼ ਕੁਮਾਰ ਨੇ ਇਸ ਹਾਦਸੇ 'ਤੇ ਗਹਿਰਾ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ
ਮੁੱਢਲੀ ਜਾਣਕਾਰੀ 'ਚ ਪਤਾ ਚੱਲਿਆ ਹੈ ਕਿ ਬੱਸ ਵਿਚ ਆਈ ਤਕਨੀਕੀ ਖਰਾਬੀ ਦੇ ਕਾਰਨ ਇਹ
ਹਾਦਸਾ ਵਾਪਰਿਆ, ਜਿਸਦੀ ਜਾਂਚ ਦੇ ਲਈ ਉਨ੍ਹਾਂ ਜੀ ਐਮ ਅੰਬਾਲਾ ਅਮਿਤ ਪੰਚਾਲ ਨੂੰ ਕਿਹਾ
ਹੈ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਜ਼ਖਮੀਆਂ ਦੇ ਇਲਾਜ ਦੇ ਲਈ ਸਾਰੀਆਂ ਦਵਾਈਆਂ
ਹਸਪਤਾਲ ਵਿਚ ਉਪਲੱਬਧ ਹਨ।
ਉਨ੍ਹਾਂ ਇਹ ਵੀ ਦੱਸਿਆ ਕਿ ਉਹ ਡਿਪਟੀ ਕਮਿਸ਼ਨਰ ਦੇ ਨਾਲ
ਗੱਲ ਕਰਕੇ ਜ਼ਖਮੀਆਂ ਨੂੰ ਹਰ ਸੰਭਵ ਮਦਦ ਦਿਵਾਉਣ ਦਾ ਯਤਨ ਕਰਨਗੇ। ਉਨ੍ਹਾਂ ਪੱਤਰਕਾਰਾਂ ਦੇ
ਸਵਾਲਾਂ ਦਾ ਜਵਾਬ ਦਿੰਦੇ ਹੋਏ ਦੱਸਿਆ ਕਿ ਜ਼ਖਮੀਆਂ ਵਿਚੋਂ 23 ਲੋਕਾਂ ਨੂੰ ਪੀਜੀਆਈ
ਚੰਡੀਗੜ੍ਹ ਤੇ ਸੈਕਟਰ 32 ਚੰਡੀਗੜ੍ਹ ਭੇਜਿਆ ਗਿਆ ਹੈ। ਇਸ ਤੋਂ ਇਲਾਵਾ 11 ਜ਼ਖਮੀਆਂ ਦਾ
ਇਲਾਜ ਜਨਰਲ ਹਸਪਤਾਲ ਵਿਚ ਚਲ ਰਿਹਾ ਹੈ। ਕੁਝ ਜ਼ਖਮੀਆਂ ਨੂੰ ਮੁੱਢਲੇ ਇਲਾਜ ਦੇ ਬਾਅਦ
ਛੁੱਟੀ ਦਿੱਤੀ ਗਈ ਹੈ। ਮ੍ਰਿਤਕ ਲੜਕੀਆਂ ਵਿਚੋਂ ਇਕ ਦੀ ਪਹਿਚਾਣ ਰੇਣੂ ਪੁਤਰੀ ਕਮਲਜੀਤ
ਨਿਵਾਸੀ ਬਰੌਲੀ ਦੇ ਵਜੋਂ ਹੋਈ ਹੈ ਜਦੋਂ ਕਿ ਦੂਜੀ ਲੜਕੀ ਦੀ ਪਹਿਚਾਣ ਸੁਮਨ ਵਾਸੀ ਨਹੇੜਾ
ਦੇ ਵਜੋਂ ਹੋਈ ਹੈ। ਜ਼ਿਕਰਯੋਗ ਹੈ ਕਿ ਇਸ ਹਾਦਸੇ ਦਾ ਪਤਾ ਲੱਗਦੇ ਹੀ ਨਾਇਬ ਤਹਿਸੀਲਦਾਰ
ਸ਼ਹਜਾਦਪੁਰ ਅਨਿਲ ਕੌਸ਼ਲ ਅਤੇ ਐਸਐਚਓ ਸਹਜਾਦਪੁਰ ਮੇਹਰ ਸਿੰਘ ਨੇ ਮੌਕੇ 'ਤੇ ਪਹੁੰਚਕੇ
ਜਖਮੀਆਂ ਦੀ ਮਦਦ ਕੀਤੀ ਅਤੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ।