ਕਾਲੇ ਕਾਨੂੰਨਾਂ ਵਿਰੁੱਧ ਅਤੇ ਰੰਗ ਮੰਚ ਦਿਵਸ ਦੀ ਤਿਆਰੀ ਸਬੰਧੀ ਲਾਮਬੰਦੀ
Posted on:- 15-09-2014
ਬਰਨਾਲਾ: ਭਾਰਤੀ ਕਿਸਾਨ ਯੂਨੀਅਨ ਏਕਤਾ(ਡਕੌਂਦਾ) ਜ਼ਿਲ੍ਹਾ ਬਰਨਾਲਾ ਦੀ ਵਧਵੀਂ ਵਿਸ਼ਾਲ ਮੀਟਿੰਗ ਅੱਜ ਇੱਥੇ ਦਾਣਾ ਮੰਡੀ ਬਰਨਾਲਾ ਵਿਖੇ ਦਰਸ਼ਨ ਸਿੰਘ ਉੱਗੋਕੇ ਦੀ ਪ੍ਰਧਾਨਗੀ ਹੇਠ ਹੋਈ। ਅੱਜ ਦੀ ਇਸ ਮੀਟਿੰਗ ਵਿੱਚ ਬੂਟਾ ਸਿੰਘ ਬੁਰਜਗਿੱਲ ਸੂਬਾ ਪ੍ਰਧਾਨ ਅਤੇ ਮਨਜੀਤ ਧਨੇਰ ਸੀਨੀਅਰ ਮੀਤ ਪ੍ਰਧਾਨ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।ਇਸ ਮੀਟਿੰਗ ਦਾ ਵਿਸ਼ਾ ਕਾਲੇ ਕਾਨੂੰਨਾਂ ਵਿਰੋਧੀ ਸਾਂਝਾ ਮੋਰਚਾ, ਪੰਜਾਬ ਵੱਲੋਂ ‘ਪੰਜਾਬ ਸਰਕਾਰੀ ਅਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ ਬਿਲ-2014’ ਵਿਰੁੱਧ ਬਰਨਾਲਾ ਵਿਖੇ ਰੱਖੇ ਗਏ 1 ਅਕਤੂਬਰ ਨੂੰ ਮਾਲਵੇ ਦੇ ਧਰਨੇ/ਮੁਜ਼ਾਹਰੇ ਅਤੇ ਲੋਕ ਨਾਇਕ ਭਾਅ ਜੀ ਗੁਰਸ਼ਰਨ ਸਿੰਘ ਉਰਫ ਭਾਈ ਮੰਨਾ ਸਿੰਘ ਜੀ ਦੀ ਤੀਸਰੀ ਬਰਸੀ 27 ਸਤੰਬਰ ਨੂੰ ਦਾਣਾ ਮੰਡੀ ਬਰਨਾਲਾ ਵਿਖੇ ਸਾਰੀ ਰਾਤ ਭਰ ਦੇ ਇਨਕਲਾਬੀ ਨਾਟਕ ਮੇਲੇ ਦੀ ਤਿਆਰੀ ਰੱਖਿਆ ਸੀ।
ਇਸ ਵਿਸ਼ੇ ਬਾਰੇ ਵਿਸਥਾਰ’ਚ ਵਿਚਾਰ ਰੱਖਦਿਆਂ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਿਆਂਦਾ ਜਾ ਰਿਹਾ ਇਹ ਬਿੱਲ ਕੋਈ ਪਹਿਲੀ ਜਾਂ ਅਲੋਕਾਰੀ ਘਟਨਾ ਨਹੀਂ ਸਗੋਂ ਬਸਤੀਵਾਦੀ ਦੌਰ ਤੋਂ ਲੈਕੇ ਲਗਾਤਾਰ ਇੱਕ ਕੜੀ ਦੇ ਰੂਪ ’ਚ ਵੇਖਿਆ ਜਾਣਾ ਚਾਹੀਦਾ ਹੈ ਕਿਉਂਕਿ ਪੰਜਾਬ ਦੀ ਧਰਤੀ ਉੱਤੇ 13 ਅਪ੍ਰੈਲ 1919 ਨੂੰ ਜੱਲਿਆਂਵਾਲਾ ਦਾ ਸਾਕੇ ਸਮੇਂ ਵੀ ਗੋਰੀ ਹਕੂਮਤ ਨਵੱਲੋਂ ਪਾਸ ਕੀਤੇ ਜਾ ਰਹੇ ‘ਰੋਲਟ ਐਕਟ’ਜੋ ਉਸ ਸਮੇਂ ਇਸੇ ਹੀ ਢੰਗ ਨਾਲ ਮਿਹਨਤੀ ਲੋਕਾਂ ਦੇ ਸੰਘਰਸ਼ਾਂ ਉੱਪਰ ਰੋਕ ਮੜ੍ਹਦੇ ਖਾਸ ਕਰ ਆਜ਼ਾਦੀ ਦੀ ਬਗਾਵਤ ਨੂੰ ਕੁਚਲਣ ਲਈ ਲਿਆਂਦਾ ਜਾ ਰਿਹਾ ਸੀ ਅਤੇ ਲਹੌਰ ਅਸੈਂਬਲੀ’ਚ 1929 ‘ਚ ਪਾਸ ਕੀਤੇ ਜਾ ਰਹੇ ‘ਟ੍ਰੇਡ ਡਿਸਪਿਊਟ ਬਿਲ’ ਮਜ਼ਦੂਰਾਂ ਦੇ ਸੰਘਰਸ਼ਾਂ ਨੂੰ ਕੁਚਲਣ ਲਈ ਲਿਆਂਦਾ ਜਾ ਰਿਹਾ ਸੀ। 1947 ਸੀ ਸਤ੍ਹਾ ਬਦਲਣ ਤੋਂ ਬਾਅਦ ਵੀ ਭਾਰਤੀ ਹਾਕਮਾਂ ਨੇ ਮਿਹਨਤੀ ਲੋਕਾਂ ਸਮੇਤ ਕੌਮੀਅਤਾਂ ਦੇ ਸੰਘਰਸ਼ਾਂ ਨੂੰ ਕੁਚਲਣ ਲਈ ‘ਐਸਮਾ,ਮੀਸਾ,ਟਾਡਾ,ਅਫਸਪਾ,ਧਾਰਾ144’ ਵਰਗੇ ਅਨੇਕਾਂ ਕਾਲੇ ਕਾਨੂੰਨ ਪਾਸ ਕਰਕੇ ਲੋਕਾਂ ਦੇ ਹੱਕੀ ਸੰਘਰਸ਼ਾਂ ਨੂੰ ਕੁਚਲਣ ਦਾ ਭਰਮ ਪਾਲਿਆ ਹੈ।
ਇਸੇ ਹੀ ਕੜ੍ਹੀ ਵਜੋਂ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ 2010 ਵਿੱਚ ‘ਪੰਜਾਬ ਵਿਸ਼ੇਸ਼ ਸੁਰੱਖਿਆ ਬਿੱਲ ਅਤੇ ਸਰਕਾਰੀ ਅਤੇ ਜਾਇਦਾਦ ਭੰਨਤੋੜ ਰੋਕੂ ਐਕਟ-2010’ ਪਾਸ ਕੀਤੇ ਸਨ। ਪਰ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਅੰਗਰੇਜੀ ਰਾਜ ਵੇਲੇ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਅਨੇਕਾਂ ਸਾਥੀ ਬੇਖੌਫ ਆਵਾਜ ਬੁਲੰਦ ਕਰਕੇ ਹਕੀਕੀ ਆਜਾਦੀ ਦੇ ਸੰਗਰਾਮ ਦਾ ਸੂਹਾ ਪਰਚਮ ਲਹਿਰਾਉਂਦੇ ਰਹੇ। ਅੰਗਰੇਜਾਂ ਦੇ ਪਰਦੇ ਪਿੱਛੇ ਚਲੇ ਜਾਣ ਤੋਂ ਬਾਅਦ ਵੀ ਵੱਖ-ਵੱਖ ਰੂਪਾਂ ’ਚ ਲੋਕਾਂ ਸੰਘਰਸ਼ਾਂ ਦੇ ਵੇਗ ਲਗਾਤਾਰ ਅੱਗੇ ਵਧ ਰਹੇ ਹਨ।ਪੰਜਾਬ ਸਰਕਾਰ ਵੱਲੌਂ ਪਾਸ ਕੀਤੇ ਜਾ ਰਹੇ ਕੀਤੇ ਜਾ ਰਹੇ ਦੋਵਾਂ ਕਾਨੂੰਨਾਂ ਵਿਰੱਧ ਸਾਲ ਭਰ ਲੰਮਾਂ ਵਿਸ਼ਾਲ ਏਕੇ ਵਾਲਾ ਸੰਘਰਸ਼ ਲੜ੍ਹ ਕੇ ਪੰਜਾਬ ਸਰਕਾਰ ਨੂੰ ਵਾਪਸ ਲੈਣ ਲਈ ਮਜਬੂਰ ਕੀਤਾ ਸੀ।
ਆਪਣੀ ਗੱਲ ਜਾਰੀ ਰੱਖਦਿਆਂ ਬੂਟਾ ਸਿੰਘ ਬੁਰਜਗਿੱਲ ਨੇ ਕਿਹਾ ਕਿ ਹੁਣ ਵਾਲੇ ਬਿਲ ਦੀਆਂ ਧਾਰਾਵਾਂ ਪਹਿਲਾਂ ਦੇ ਬਿੱਲਾਂ ਨਾਲੋਂ ਵਧੇਰੇ ਸਖਤ ਹਨ ਜਿਸ ਨੂੰ ਵਾਪਸ ਕਰਾਉਣ ਲਈ ਵੱਖ-ਵੱਖ ਜਨਤਕ ਜਥੇਬੰਦੀਆ ਦਾ ਸਾਂਝਾ ਵਿਸ਼ਾਲ ਏਕੇ ਵਾਲਾ ਮੁੱਢ ਬੱਝ ਚੁੱਕਾ ਹੈ ਅਤੇ 29 ਸਤੰਬਰ ਨੂੰ ਮਾਝਾ ਜੋਨ, 30 ਸਤੰਬਰ ਨੂੰ ਦੋਆਬਾ ਜੋਨ ਅਤੱ 1 ਅਕਤੂਬਰ ਨੂੰ ਤਿੰਨ ਵਿਸ਼ਾਂਲ ਧਰਨੇ/ਮੁਜਾਹਰੇ ਕਰਕੇ ਪੰਜਾਬ ਸਰਕਾਰ ਨੂੰ ਇਹ ਕਾਲਾ ਕਾਨੂੰਨ ਵਾਪਸ ਲੈਣ ਲਈ ਮਜਬੂਰ ਕੀਤਾ ਜਾਵੇਗਾ।ਮਨਜੀਤ ਧਨੇਰ ਨੇ ਪੰਜਾਬ ਲੋਕ ਸੱਭਿਆਚਾਰਕ ਮੰਚ ਵੱਲੋਂ ਜਨਤਕ ਜਮਹੂਰੀ ਜਥੇਬੰਦੀਆਂ ਦੇ ਸਹਿਯੋਗ ਨਾਲ 27 ਸਤੰਬਰ ਸਾਰੀ ਰਾਤ ਬਰਨਾਲਾ ਦੀ ਦਾਣਾ ਵਿੱਚ ਨੂੰ ਲੋਕ ਨਾਇਕ ਭਾਅ ਜੀ ਗੁਰਸ਼ਰਨ ਸਿੰਘ ਉਰਫ ਭਾਈ ਮੰਨਾ ਸਿੰਘ ਦੀ ਤੀਸਰੀ ਬਰਸੀ ਜੋ‘ਰੰਗ ਮੰਚ ਦਿਵਸ’ ਵਜੋਂ ਮਨਾਈ ਜਾ ਰਹੀ ਹੈ।
ਜਿਸ ਵਿੱਚ ਪੂਰੀ ਰਾਤ ਭਰ 7 ਵਜੇ ਤੋਂ ਸਰਘੀ ਵੇਲੇ ਚੱਲਣ ਵਾਲੇ ਇਨਕਲਾਬੀ ਨਾਟਕ ਮੇਲੇ ਵਿੱਚ ਔਰਤਾਂ ਸਮੇਤ ਵੱਡੀ ਗਿਣਤੀ ਵਿੱਚ ਪੁੱਜਣ ਦੀ ਅਪੀਲ ਕੀਤੀ। ਇਸ ਮੀਟਿੰਗ ਵਿੱਚ ਜ਼ਿਲ੍ਹਾ ਬਠਿੰਡਾ ਦੇ ਜਨਰਲ ਸਕੱਤਰ ਸੁਖਮੰਦਰ ਸਿੰਘ ਫੂਲੇਵਾਲ ਨੇ ਵੀ ਵਿਸ਼ੇਸ਼ ਸ਼ਿਰਕਤ ਕਰਦਿਆਂ ਦੋਵਾਂ ਮਸਲਿਆਂ ੳੱਪਰ ਵਿਸ਼ਾਲ ਲਾਮਬੰਦੀ ਕਰਨ ਦੀ ਲੋੜ’ਤੇ ਜ਼ੋਰ ਦਿੱਤਾ। ਅੱਜ ਦੀ ਇਸ ਮੀਟਿੰਗ ਵਿੱਚ ਬਹੁਤ ਸਾਰੇ ਕਿਸਾਨ ਆਗੂਆਂ ਮਲਕੀਤ ਸਿੰਘ ਮਹਿਲਕਲਾਂ ਹਰਚਰਨ ਸਿੰਘ ਸੁਖਪੁਰ ਪਰਮਿੰਦਰ ਹੰਢਿਆਇਆ ਜਗਰਾਜ ਹਰਦਾਸਪੁਰਾ ਮੋਹਣ ਸਿੰਘ ਰੂੜੇਕੇ ਕਰਮਜੀਤ ਸਿੰਘ ਛੰਨਾਂ ਸ਼ਮਸ਼ੇਰ ਸਿੰਘ ਈਸਾਪੁਰ ਲੰਢਾ ਭੋਲਾ ਸਿੰਘ ਛੰਨਾ ਦਰਸ਼ਨ ਸਿੰਘ ਮਹਿਤਾ ਬਿੱਕਰ ਸਿੰਘ ਹਮੀਦੀ ਜੰਗ ਸਿੰਘ ਮਾਂਗੇਵਾਲ ਭਾਗ ਸਿੰਘ ਕੁਰੜ ਨੇ ਖੁੱਲ ਕੇ ਵਿਚਾਰ ਰੱਖੇ ਅਤੇ 20 ਸਤੰਬਰ ਤੋਂ ਲਗਾਤਾਰ ਹਰ ਪਿੰਡ’ਚ ਮੀਟਿੰਗਾਂ ਰੈਲੀਆਂ ਨੁੱਕੜ ਨਾਟਕ ਗੀਤ ਸੰਗੀਤ ਰਾਹੀਂ ਤਿਆਰੀਆਂ ਕਰਕੇ ਦੋਵੇਂ ਪ੍ਰੋਗ੍ਰਾਮਾਂ ਵਿੱਚ ਵੱਧ ਚੜ ਕੇ ਪੁੱਜਣ ਦੀ ਅਪੀਲ ਕੀਤੀ।