ਜੰਗਲਾਤ ਵਿਭਾਗ ਦੇ ਦੋ ਦਰਜਨ ਕਰਮਚਾਰੀ ਤਨਖਾਹ ਨਾ ਮਿਲਣ ਕਾਰਨ ਪ੍ਰੇਸ਼ਾਨ
Posted on:- 11-09-2014
-ਸ਼ਿਵ ਕੁਮਾਰ ਬਾਵਾ
ਹੁਸ਼ਿਆਰਪੁਰ: ਕੰਢੀ ਖਿੱਤੇ ਅਧੀਨ ਆਉਂਦੇ ਜੰਗਲਾਤ ਵਿਭਾਗ ਦੇ ਪਿੰਡ ਜੇਜੋਂ ਦੋਆਬਾ , ਮੈਲੀ, ਫਤਿਹਪੁਰ ਕੋਠੀ , ਲਲਵਾਣ ਅਤੇ ਹੋਰ ਪਿੰਡਾਂ ਦੇ ਜੰਗਲ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਪਿਛਲੇ 8 ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਾਰਨ ਅਤਿ ਦੇ ਪ੍ਰੇਸ਼ਾਨ ਹਨ। ਜੰਗਲਾਤ ਵਿਭਾਗ ਦੇ ਅਧਿਕਾਰੀ ਉਹਨਾਂ ਦੀ ਕੋਈ ਸੁਣਵਾਈ ਨਹੀਂ ਕਰ ਰਹੇ। ਦੋ ਦਰਜਨ ਦੇ ਕਰੀਬ ਉਕਤ ਕਰਮਚਾਰੀ ਆਪੋ ਆਪਣੇ ਕੰਮ ਛੱਡਕੇ ਇੱਕ ਮਹੀਨੇ ਤੋਂ ਵਿਭਾਗ ਅਤੇ ਸਰਕਾਰ ਵਿਰੁੱਧ ਧਰਨੇ ਮੁਜ਼ਾਹਰੇ ਕਰ ਰਹੇ ਹਨ ਪ੍ਰੰਤੂ ਉਹਨਾਂ ਨੂੰ ਇਸ ਅਤਿ ਦੀ ਮਹਿੰਗਾਈ ਦੇ ਸਮੇਂ ਦੌਰਾਨ ਤਨਖਾਹ ਹੀ ਨਹੀਂ ਦਿੱਤੀ ਗਈ।
ਅੱਜ ਭੜਕੇ ਹੋਏ ਕਰਮਚਾਰੀਆਂ ਤਾਰਾ ਚੰਦ, ਕੁਲਦੀਪ ਸਿੰਘ, ਸਵਰਨ ਸਿੰਘ, ਸੁਮਨਾ ਰਾਣੀ, ਹਰਬੰਸ ਕੌਰ ਅਤੇ ਪਰਮਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਫਰਵਰੀ ਸਾਲ 2014 ਤੋਂ ਅੱਜ ਤੱਕ ਤਨਖਾਹ ਨਹੀਂ ਮਿਲੀ। ਉਹਨਾਂ ਇਸ ਸਬੰਧ ਵਿੱਚ ਜੰਗਲਾਤ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਕਈ ਵਾਰ ਲਿਖਤੀ ਪੱਤਰ ਭੇਜੇ ਪ੍ਰੰਤੂ ਵਿਭਾਗ ਦੇ ੳਚ ਅਧਿਕਾਰੀਆਂ ਨੇ ਉਹਨਾਂ ਦੀ ਇਸ ਸਮੱਸਿਆ ਦਾ ਕੋਈ ਹੱਲ ਹੀ ਨਹੀਂ ਕੱਢਿਆ। ਉਹਨਾਂ ਦੱਸਿਆ ਕਿ ਉਹ ਮਹਿੰਗਾਈ ਦੇ ਦੌਰ ਵਿੱਚਤਨਖਾਹਾਂ ਨਾ ਮਿਲਣ ਕਾਰਨ ਬੜੀ ਮੁਸ਼ਕਲ ਨਾਲ ਦਿਨ ਕਟੀ ਕਰ ਰਹੇ ਹਨ। ਉਹਨਾਂ ਦੇ ਪਰਿਵਾਰ ਘਾਹ ਅਤੇ ਲੱਕੜਾ ਚੁੱਗਕੇ ਆਪਣੇ ਪਰਿਵਾਰਾਂ ਦਾ ਪੇਟ ਪਾਲ ਰਹੇ ਹਨ। ਵਿਭਾਗ ਦੇ ਅਧਿਕਾਰੀ ਉਹਨਾਂ ਨੂੰ ਲਾਰੇ ਲਾ ਰਹੇ ਹਨ ।
ਉਹਨਾਂ ਦੱਸਿਆ ਕਿ ਉਹ ਪਿੱਛਲੇਮਹੀਨੇ 27 ਅਤੇ 28 ਅਗਸਤ ਨੂੰ ਤਨਖਾਹ ਨਾ ਮਿਲਣ ਕਾਰਨ ਧਰਨਾ ਦੇ ਚੁੱਕੇ ਹਨ। ਉਸ ਸਮੇਂ ਵਣ ਰੇਂਜ ਅਧਿਕਾਰੀ ਨੇਤਰ ਮੋਹਣ ਨੇ ਸਾਰੇ ਮੁਲਾਜ਼ਮਾਂ ਦੀਆਂ ਤਨਖਾਹਾਂ ਦੇਣ ਦਾ ਬਾਅਦਾ ਕਰਕੇ ਰੋਸ ਧਰਨਾ ਚੁੱਕਵਾ ਦਿੱਤਾ ਸੀ ਪ੍ਰੰਤੂ ਉਕਤ ਅਧਿਕਾਰੀ ਨੇ ਮਹੀਨਾ ਬੀਤ ਜਾਣ ਦੇ ਬਾਵਜੂਦ ਵੀ ਉਹਨਾਂ ਦੀਆਂ ਤਨਖਾਹਾਂ ਨਹੀਂ ਦਿੱਤੀਆਂ। ਉਹਨਾਂ ਦੱਸਿਆ ਕਿ ਤਨਖਾਹਾਂ ਨਾ ਮਿਲਣ ਕਾਰਨ ਉਹਨਾਂ ਦੇ ਬੱਚਿਆਂ ਦੀਆਂ ਸਕੂਲਾਂ ਵਿਚ ਫੀਸਾਂ ਰੁਕੀਆਂ ਪਈਆਂ ਹਨ ਅਤੇ ਘਰਾਂ ਵਿਚ ਖਰਚੇ ਲਈ ਕੋਈ ਪੈਸਾ ਨਾ ਹੋਣ ਕਾਰਨ ਉਹਨਾ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਪਹਾੜੀ ਪਿੰਡ ਜੇਜੋਂ ਦੋਆਬਾ ’ਚ ਰੋਸ ਦਾ ਪ੍ਰਗਟਾਵਾ ਕਰਦਿਆਂ ਉਕਤ ਮੁਲਾਜ਼ਮਾਂ ਨੇ ਸਰਕਾਰ ਅਤੇ ਵਿਭਾਗ ਕੋਲੋਂ ਮੰਗ ਕੀਤੀ ਕਿ ਉਹਨਾਂ ਦੀ ਅੱਠ ਮਹੀਨੇ ਤੋਂ ਰੋਕੀ ਹੋਈ ਤਨਖਾਹ ਤੁਰੰਤ ਦਿੱਤੀ ਜਾਵੇ। ਉਹਨਾਂ ਨਾਅਰੇਬਾਜ਼ੀ ਕਰਦਿਆਂ ਚੇਤਾਵਨੀ ਦਿੱਤੀ ਕਿ ਉਹਨਾਂ ਦਾ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਉਹਨਾਂ ਨੂੰ ਰੋਕੀ ਹੋਈ ਤਨਖਾਹ ਨਹੀਂ ਮਿਲ ਜਾਂਦੀ। ਇਸ ਮੌਕੇ ਹੋਰਨਾ ਤੋਂ ਇਲਾਵਾ ਅਮਰਜੀਤ ਸਿੰਘ, ਬਲਜੀਤ ਕੁਮਾਰ, ਸੁੱਚਾ ਸਿੰਘ, ਸਵਿੰਦਰ ਕੁਮਾਰ, ਹਰਮੇਸ਼ ਦੱਤ ਖੁਸ਼ਵੰਤ ਰਾਏ ਕਿਸ਼ਨ ਦੇਵ, ਜਗਦੀਸ਼ ਕੁਮਾਰ, ਜਸਵੀਰ ਸਿੰਘ, ਸੁਰਿੰਦਰ ਕੁਮਾਰ, ਮਹਿੰਦਰ ਸਿੰਘ, ਅਜੇ ਕੁਮਾਰ , ਮਲਕੀਤ ਸਿੰਘ ਆਦਿ ਕਰਮਚਾਰੀ ਵੀ ਹਾਜ਼ਰ ਸਨ।
ਇਸ ਸਬੰਧ ਵਿਚ ਵਣ ਰੇਂਜ ਅਧਿਕਾਰੀ ਨੇਤਰ ਮੋਹਣ ਨੇ ਦੱਸਿਆ ਕਿ ਉਕਤ ਕਰਮਚਾਰੀਆਂ ਦੀ ਰੁਕੀ ਹੋਈ ਤਨਖਾਹ ਸਬੰਧੀ ਵਿਭਾਗ ਦੇ ਉਚ ਅਧਿਕਾਰੀਆਂ ਦੇ ਨੋਟਿਸ ਵਿਚ ਹੈ। ਵਿਭਾਗ ਜਲਦ ਹੀ ਸਾਰੇ ਕਰਮਚਾਰੀਆਂ ਦੀ ਤਨਖਾਹ ਜਾਰੀ ਕਰ ਰਿਹਾ ਹੈ।