ਅਦਾਲਤ ਨੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਖਿਲਾਫ਼ ਚਾਰਜਸ਼ੀਟ ਸੋਧ ਕੇ ਲਿਆਉਣ ਲਈ ਕਿਹਾ
Posted on:- 11-09-2014
ਮੁਜ਼ੱਫ਼ਰਨਗਰ
: ਲੋਕ ਸਭਾ ਚੋਣਾਂ ਦੌਰਾਨ ਮੁਜ਼ੱਫ਼ਰਨਗਰ 'ਚ ਭੜਕਾਊ ਭਾਸ਼ਣ ਦੇਣ ਦੇ ਮਾਮਲੇ ਵਿੱਚ ਭਾਰਤੀ
ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਖਿਲਾਫ਼ ਪੁਲਿਸ ਵੱਲੋਂ ਦਾਇਰ ਕੀਤੀ ਫ਼ਰਦ ਜ਼ੁਰਮ
ਅਦਾਲਤ ਨੇ ਵਾਪਸ ਭੇਜ ਦਿੱਤੀ ਹੈ। ਅਦਾਲਤ ਨੇ ਫ਼ਰਦ ਜ਼ੁਰਮ ਪੇਸ਼ ਕਰਨ 'ਚ ਖ਼ਾਮੀਆਂ ਦੱਸਦਿਆਂ
ਇਸ ਨੂੰ ਸੋਧਣ ਤੋਂ ਬਾਅਦ ਪੇਸ਼ ਕਰਨ ਲਈ ਕਿਹਾ ਹੈ।
ਇਸ ਬਾਰੇ ਸੀਨੀਅਰ ਅਧਿਕਾਰੀਆਂ ਨੇ
ਦੱਸਿਆ ਕਿ ਉਹ ਜੱਜ ਦੀ ਟਿੱਪਣੀ ਦਾ ਅਧਿਐਨ ਕਰ ਰਹੇ ਹਨ। ਚਾਰਜਸ਼ੀਟ ਬਾਰੇ ਅਦਾਲਤ ਨੇ
ਟਿੱਪਣੀ ਕਰਦਿਆਂ ਕਿਹਾ ਕਿ ਪੁਲਿਸ ਨੇ ਧਾਰਾ 173/2 ਦੇ ਤਹਿਤ ਕਾਰਵਾਈ ਨਹੀਂ ਕੀਤੀ, ਭਾਵ
ਦੋਸ਼ੀ ਨੂੰ ਹਿਰਾਸਤ ਵਿੱਚ ਨਹੀਂ ਲਿਆ ਗਿਆ ਜਾਂ ਹਿਰਾਸਤ ਵਿੱਚ ਲੈਣ ਦਾ ਯਤਨ ਨਹੀਂ ਕੀਤਾ
ਗਿਆ। ਧਾਰਾ 188 ਦੀ ਸ਼ਿਕਾਇਤ ਸਿਰਫ਼ ਮੈਜਿਸਟਰੇਟ ਦੁਆਰਾ ਹੋਣੀ ਚਾਹੀਦੀ ਹੈ।
ਮੁਜ਼ੱਫ਼ਰਨਗਰ
ਪੁਲਿਸ ਨੇ ਬੀਤੇ ਕੱਲ੍ਹ ਅਦਾਲਤ ਵਿੱਚ ਅਮਿਤ ਸ਼ਾਹ ਖਿਲਾਫ਼ ਭੜਕਾਊ ਭਾਸ਼ਣ ਦੇਣ ਦੇ ਮਾਮਲੇ
ਵਿੱਚ ਫਰਦ ਜ਼ੁਰਮ ਦਾਇਰ ਕੀਤੀ ਸੀ। ਫ਼ਰਦ ਜ਼ੁਰਮ ਵਿੱਚ ਪੁਲਿਸ ਨੇ ਦੋਸ਼ ਲਾਇਆ ਕਿ ਸ਼ਾਹ ਦੇ
ਭਾਸ਼ਣ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ, ਭਾਈਚਾਰਿਆਂ ਵਿਚਾਲੇ ਹਿੰਸਾ ਫੈਲਾਉਣ
ਅਤੇ ਧਰਮ ਦੇ ਆਧਾਰ 'ਤੇ ਵੋਟਾਂ ਮੰਗਣ ਦਾ ਦੋਸ਼ ਲਾਇਆ ਸੀ।
ਸਥਾਨਕ ਪੁਲਿਸ ਨੇ ਅਮਿਤ
ਸ਼ਾਹ ਦੁਆਰਾ 4 ਅਪ੍ਰੈਲ ਨੂੰ ਦਿੱਤੇ ਗਏ ਭਾਸ਼ਣ ਦੀ ਇੱਕ ਵੀਡੀਓ ਕਲਿਪ ਨੂੰ ਆਧਾਰ ਬਣਾ ਕੇ
ਚਾਰਜਸ਼ੀਟ ਤਿਆਰ ਕੀਤੀ ਸੀ। ਦੱਸਣਾ ਬਣਦਾ ਹੈ ਕਿ ਅਮਿਤ ਸ਼ਾਹ 'ਤੇ ਦੋਸ਼ ਹੈ ਕਿ ਉਨ੍ਹਾਂ ਨੇ
ਦੰਗਾ ਪ੍ਰਭਾਵਤ ਮੁਜ਼ੱਫ਼ਰਨਗਰ ਵਿੱਚ 4 ਅਪ੍ਰੈਲ ਨੂੰ ਭੜਕਾਊ ਭਾਸ਼ਣ ਦਿੱਤਾ ਸੀ, ਜਿਸ ਤੋਂ
ਬਾਅਦ ਕਾਫ਼ੀ ਵਿਵਾਦ ਖੜ੍ਹਾ ਹੋਇਆ ਅਤੇ ਚੋਣ ਕਮਿਸ਼ਨ ਨੇ ਸ੍ਰੀ ਸ਼ਾਹ ਨੂੰ ਚੋਣ ਪ੍ਰਚਾਰ ਕਰਨ
ਅਤੇ ਰੈਲੀ ਕਰਨ ਤੋਂ ਰੋਕ ਦਿੱਤਾ ਸੀ। ਹਾਲਾਂਕਿ ਬਾਅਦ ਵਿੱਚ ਮੁਆਫ਼ੀ ਮੰਗਣ 'ਤੇ ਸ਼ਾਹ ਨੂੰ
ਚੋਣ ਪ੍ਰਚਾਰ ਦੀ ਛੂਟ ਦੇ ਦਿੱਤੀ ਗਈ ਸੀ।
ਅਮਿਤ ਸ਼ਾਹ ਨੇ ਇਸੇ ਸਾਲ 4 ਅਪ੍ਰੈਲ ਨੂੰ
ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਮੁਜ਼ੱਫ਼ਰਨਗਰ ਵਿੱਚ ਇੱਕ ਰੈਲੀ ਵਿੱਚ ਕਿਹਾ ਸੀ ਕਿ ਆਮ
ਚੋਣਾਂ ਪਿਛਲੇ ਸਾਲ ਮੁਜ਼ੱਫ਼ਰਨਗਰ ਵਿੱਚ ਫਿਰਕੂ ਦੰਗਿਆਂ 'ਚ ਹੋਏ ਅਪਮਾਨ ਦਾ ਬਦਲਾ ਲੈਣ ਦਾ
ਮੌਕਾ ਹੈ। ਸ੍ਰੀ ਸ਼ਾਹ ਨੇ ਕਿਹਾ ਸੀ ''ਉਤਰ ਪ੍ਰਦੇਸ਼ ਅਤੇ ਖਾਸ ਕਰ ਪੱਛਮੀ ਉਤਰ ਪ੍ਰਦੇਸ਼
ਲਈ ਇਹ ਚੋਣਾਂ ਸਨਮਾਨ ਦੀ ਲੜਾਈ ਹੈ। ਇਹ ਚੋਣਾਂ ਉਨ੍ਹਾਂ ਲੋਕਾਂ ਨੂੰ ਸਬਕ ਸਿਖਾਉਣ ਦਾ
ਮੌਕਾ ਹੈ, ਜਿਨ੍ਹਾਂ ਨੇ ਜੁਲਮ ਢਾਹੇ ਹਨ।'' ਸ੍ਰੀ ਸ਼ਾਹ 'ਤੇ ਦੋਸ਼ ਹਨ ਕਿ ਉਸੇ ਦਿਨ ਸ਼ਾਮਲੀ
ਅਤੇ ਬਿਜਨੌਰ 'ਚ ਵੀ ਮੀਟਿੰਗਾਂ ਦੌਰਾਨ ਉਨ੍ਹਾਂ ਨੇ ਅਜਿਹੀਆਂ ਹੀ ਭੜਕਾਊ ਤਕਰੀਰਾਂ
ਕੀਤੀਆਂ। ਅਮਿਤ ਸ਼ਾਹ ਨੂੰ ਜੁਲਾਈ ਵਿੱਚ ਭਾਜਪਾ ਦਾ ਕੌਮੀ ਪ੍ਰਧਾਨ ਬਣਾਇਆ ਗਿਆ ਸੀ।