ਜਾਅਲੀ ਡਿਗਰੀ ਦੇ ਆਧਾਰ 'ਤੇ ਲਈ ਤਰੱਕੀ, ਬਣਿਆ ਏਐਫਐਸਓ
Posted on:- 11-09-2014
ਬਰਨਾਲਾ : ਜਿਲਾ
ਪੁਲਿਸ ਮੁਖੀ ਉਪਿੰਦਰਜੀਤ ਸਿੰਘ ਘੁੰਮਣ ਨੇ ਅੱਜ ਦੱਸਿਆ ਕਿ ਫੂਡ ਸਪਲਾਈ ਵਿਭਾਗ ਵਿੱਚ
ਬਤੌਰ ਸਹਾਇਕ ਫੂਡ ਸਪਲਾਈ ਅਫਸਰ ਦੇ ਤੌਰ 'ਤੇ ਕੰਮ ਕਰਦੇ ਰਣਜੀਤ ਸਿੰਘ 'ਤੇ ਦੋਸ਼ ਹੈ ਕਿ
ਉਸ ਨੇ ਬੀਏ ਦੀ ਜਾਅਲੀ ਤੇ ਫਰਜ਼ੀ ਡਿਗਰੀ ਬਣਵਾ ਕੇ ਤਰੱਕੀ ਲੈ ਲਈ ਹੈ। ਉਨ੍ਹਾਂ ਕਿਹਾ ਕਿ
ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜੇਕਰ ਏਐਫਐਸਓ ਰਣਜੀਤ ਸਿੰਘ
ਦੋਸ਼ੀ ਪਾਇਆ ਗਿਆ ਤਾਂ ਉਸਦੇ ਖਿਲਾਫ ਐਫਆਈਆਰ ਦਰਜ ਕੀਤੀ ਜਾਵੇਗੀ।
ਐਸਐਸਪੀ ਘੁੰਮਣ ਨੇ
ਦੱਸਿਆ ਕਿ ਬੇਸ਼ੱਕ ਲੀਗਲ ਐਡਵਾਈਜਰ ਨੇ ਆਪਣੀ ਰਾਏ 'ਚ ਲਿਖ ਦਿੱਤਾ ਹੈ ਕਿ ਏਐਫਐਸਓ ਰਣਜੀਤ
ਸਿੰਘ ਖਿਲਾਫ ਮਾਮਲਾ ਦਰਜ ਹੋਣਾ ਚਾਹੀਦਾ ਹੈ ਪਰ ਲੀਗਲ ਐਡਵਾਈਜ਼ਰ ਦੀ ਇਹ ਰਾਏ ਇੱਕਤਰਫਾ
ਹੈ ਕਿਉਂਕਿ ਲੀਗਲ ਐਡਵਾਈਜ਼ਰ ਕੋਲ ਅਜੇ ਰਣਜੀਤ ਸਿੰਘ ਏਐਫਐਸਓ ਦਾ ਪੱਖ ਨਹੀਂ ਰੱਖਿਆ ਗਿਆ,
ਇਸ ਲਈ ਏਐਫਐਸਓ ਤੋਂ ਉਸ ਦੀ ਤਰੱਕੀ ਸਬੰਧੀ ਤੇ ਡਿਗਰੀ ਸਬੰਧੀ ਤਮਾਮ ਸਬੂਤ ਅਤੇ ਦਸਤਾਵੇਜ਼
ਮੰਗਵਾਏ ਗਏ ਹਨ, ਜਿਨ੍ਹਾਂ ਨੂੰ ਦਿਖਾ ਕੇ ਲੀਗਲ ਐਡਵਾਈਜਰ ਤੋਂ ਦੁਬਾਰਾ ਕਾਨੂੰਨੀ ਰਾਏ ਲਈ
ਜਾਵੇਗੀ। ਜੇਕਰ ਲੀਗਲ ਐਡਵਾਈਜ਼ਰ ਨੇ ਦੋਨੋਂ ਪੱਖ ਵਾਚਣ ਤੋਂ ਬਾਦ ਵੀ ਆਪਣੀ ਰਾਏ 'ਚ
ਪਰਚਾ ਕਰਨ ਦੀ ਰਾਏ ਦਿੱਤੀ ਤਾਂ ਏਐਫਐਸਓ ਰਣਜੀਤ ਸਿੰਘ ਦੇ ਖਿਲਾਫ ਪਰਚਾ ਦਰਜ ਕਰ ਦਿੱਤਾ
ਜਾਵੇਗਾ।
ਪਿੰਡ ਸੇਖਾ ਦੇ ਇੱਕ ਹੋਰ ਮਾਮਲੇ 'ਚ ਸ੍ਰੀ ਘੁੰਮਣ ਨੇ ਦੱਸਿਆ ਕਿ ਮਨੁੱਖੀ
ਅਧਿਕਾਰ ਕਮਿਸ਼ਨ ਨੇ ਪਿੰਡ ਸੇਖਾ ਵਿਖੇ ਲਾਲ ਸਿੰਘ ਦੀ ਹੋਈ ਮੌਤ ਸਬੰਧੀ ਉਨ੍ਹਾਂ ਦੀ ਕੋਈ
ਝਾੜਝੰਬ ਨਹੀਂ ਕੀਤੀ। ਉਨ੍ਹਾਂ ਦੱਸਿਆ ਕਿ ਪਿੰਡ ਸੇਖਾ ਦੇ ਲਾਲ ਸਿੰਘ ਨਾਮਕ ਵਿਅੱਕਤੀ ਦੀ
ਬਲਾਕ ਸੰਮਤੀ ਚੋਣਾਂ ਤੋਂ ਬਾਦ ਹਾਰਟ ਅਟੈਕ ਨਾਲ ਮੌਤ ਹੋ ਗਈ ਸੀ।
ਲਾਲ ਸਿੰਘ ਦੇ ਭਰਾ
ਦਰਸ਼ਨ ਸਿੰਘ ਨੇ ਪਿੰਡ ਦੇ ਕੁੱਝ ਵਿਅੱਕਤੀਆਂ 'ਤੇ ਦੋਸ਼ ਲਗਾਇਆ ਸੀ ਕਿ ਉਸਦੇ ਭਰਾ ਲਾਲ
ਸਿੰਘ ਨੂੰ ਇਨ੍ਹਾਂ ਵਿਅੱਕਤੀਆਂ ਨੇ ਡਰਾਇਆ ਧਮਕਾਇਆ ਅਤੇ ਮਾਰਕੁੱਟ ਕੀਤੀ ਜਿਸ ਕਾਰਨ ਉਸਦੀ
ਮੌਤ ਹੋ ਗਈ ਲੇਕਿਨ ਮੈਡੀਕਲ ਰਿਪੋਰਟ 'ਚ ਲਾਲ ਸਿੰਘ ਦੀ ਮੌਤ ਦਾ ਕਾਰਨ ਹਾਰਟ ਅਟੈਕ ਆਇਆ
ਹੈ।
ਸ਼ਿਕਾਇਤਕਰਤਾ ਦਰਸ਼ਨ ਸਿੰਘ ਸੇਖਾ ਨੇ ਮਨੁੱਖੀ ਅਧਿਕਾਰ ਕਮਿਸ਼ਨ ਪਾਸ ਸ਼ਿਕਾਇਤ ਕੀਤੀ
ਕਿ ਉਸਦੇ ਭਰਾ ਲਾਲ ਸਿੰਘ ਦੇ ਕਾਤਲਾਂ ਨੂੰ ਪੁਲਿਸ ਜਾਣਬੁੱਝ ਕੇ ਗ੍ਰਿਫਤਾਰ ਨਹੀਂ ਕਰ
ਰਹੀ। ਐਸਐਸਪੀ ਨੇ ਦੱਸਿਆ ਕਿ ਦਰਸ਼ਨ ਸਿੰਘ ਸੇਖਾ ਦੀ ਸ਼ਿਕਾਇਤ 'ਤੇ ਉਸਦੇ ਭਰਾ ਦੀ ਲਾਲ
ਸਿੰਘ ਦੀ ਮੌਤ ਦੇ ਕਾਰਨਾਂ ਸਬੰਧੀ ਐਸਆਈਟੀ ਦਾ ਗਠਨ ਕੀਤਾ ਗਿਆ ਹੈ ਅਤੇ ਐਸਆਈਟੀ ਦੀ
ਰਿਪੋਰਟ ਆਓਣ ਤੋਂ ਬਾਦ ਹੀ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਐਸਐਸਪੀ ਨੇ
ਕਿਹਾ ਕਿ ਇਸ ਮਾਮਲੇ ਵਿੱਚ ਮਨੁੱਖੀ ਅਧਿਕਾਰ ਕਮਿਸ਼ਨ ਨੇ ਉਨਾਂ ਦੀ ਕੋਈ ਝਾੜਝੰਬ ਨਹੀਂ
ਕੀਤੀ ਅਤੇ ਨਾ ਹੀ ਤਲਬ ਕੀਤਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਆਈਓ, ਪੁਲਿਸ ਅਧਿਕਾਰੀ
ਨੂੰ ਬੁਲਾਇਆ ਗਿਆ ਹੈ ਜੋ ਕਿ ਰਿਕਾਰਡ ਲੈ ਕੇ 13 ਅਕਤੂਬਰ ਨੂੰ ਮਨੁੱਖੀ ਅਧਿਕਾਰ ਕਮਿਸ਼ਨ
ਪਾਸ ਜਾਵੇਗਾ। ਐਸਐਸਪੀ ਨੇ ਕਿਹਾ ਕਿ ਕਿਸੇ ਵੀ ਬੇਕਸੂਰ ਵਿਅੱਕਤੀ ਨੂੰ ਜੇਲ 'ਚ ਨਹੀਂ
ਸੁੱਟਿਆ ਜਾ ਸਕਦਾ। ਜੇਕਰ ਜਾਂਚ ਦੋਰਾਨ ਦੋਵੇਂ ਮਾਮਲਿਆਂ 'ਚ ਕੋਈ ਦੋਸ਼ੀ ਪਾਇਆ ਗਿਆ ਤਾਂ
ਦੋਸ਼ੀ ਪਾਏ ਜਾਣ ਵਾਲਿਆਂ ਨੂੰ ਜੇਲ ਦੀ ਹਵਾ ਜ਼ਰੂਰ ਖਾਣੀ ਪਵੇਗੀ।