ਅਕਾਲੀ-ਭਾਜਪਾ ਦੀ 'ਪੱਕੀ ਯਾਰੀ' ਹਰਿਆਣੇ 'ਚ ਕੁੜੱਤਣ ਬਣ ਕੇ ਸਿਆਸੀ ਤੇ ਜਨਤਕ ਸਟੇਜਾਂ ਤੱਕ ਪੁੱਜੀ
Posted on:- 11-09-2014
ਡੱਬਵਾਲੀ : ਪੰਜਾਬ
'ਚ ਅਕਾਲੀ-ਭਾਜਪਾ ਵਿਚਕਾਰਲੀ 'ਪੱਕੀ ਯਾਰੀ' ਹਰਿਆਣੇ 'ਚ ਕੁੜੱਤਣ ਦੀ ਖਲਿਆਰ ਬਣ ਕੇ
ਸਿਆਸੀ ਅਤੇ ਜਨਤਕ ਸਟੇਜਾਂ ਤੱਕ ਪੁੱਜ ਗਈ ਹੈ। ਹਰਿਆਣਵੀ ਭਾਜਪਾ ਆਗੂਆਂ ਦੇ ਬੋਲ ਕਿਸੇ
ਪੱਖੋਂ ਪਾਕਿ ਵੱਲੋਂ ਜੰਗਬੰਦੀ ਦੀ ਉਲੰਘਣਾ ਤੋਂ ਘੱਟ ਤਿੱਖੇ ਨਹੀਂ ਜਾਪਦੇ।
ਇੱਥੇ
ਲੰਬੀ ਹਲਕੇ ਦੀ ਹਦੂਦ 'ਤੇ ਸਥਿਤ ਸ੍ਰੀ ਵੈਸ਼ਣੂ ਮਾਤਾ ਮੰਦਿਰ ਵਿਖੇ ਭਾਜਪਾ ਦੇ ਬੂਥ ਪੱਧਰੀ
ਸੰਮੇਲਨ ਦੌਰਾਨ ਜਿਲ੍ਹਾ ਚੋਣ ਇੰਚਾਰਜ਼ ਓਮ ਪ੍ਰਕਾਸ਼ ਨੇ ਅਕਾਲੀ ਦਲ ਦੇ ਮੁਖੀ ਪ੍ਰਕਾਸ਼
ਸਿੰਘ ਬਾਦਲ ਅਤੇ ਇਨੈਲੋ ਹਾਈਕਮਾਂਡ ਖਿਲਾਫ਼ ਰੱਜ ਕੇ ਗਰਜੇ। ਇਸ ਮੌਕੇ ਲੰਬੀ ਹਲਕੇ ਦੇ ਕਈ
ਅਕਾਲੀ ਦਲ ਵਰਕਰ ਵੀ ਮੌਜੂਦ ਸਨ। ਓਮ ਪ੍ਰਕਾਸ਼ ਨੇ ਪੰਜਾਬ 'ਚ ਭਾਜਪਾ ਦੀ ਮਿੱਤਰ ਪਾਰਟੀ
ਅਕਾਲੀ ਦਲ ਦੇ ਪ੍ਰਮੁੱਖ ਆਗੂ ਪ੍ਰਕਾਸ਼ ਸਿੰਘ ਬਾਦਲ 'ਤੇ ਤਿੱਖੇ ਹਮਲੇ ਕਰਦਿਆਂ ਨਿੱਜੀ
ਸੁਆਰਥਾਂ 'ਤੇ ਆਧਾਰਤ 'ਮਿੱਤਰ ਧਰਮ' ਦੀ ਬਜਾਏ ਰਾਸ਼ਟਰ ਧਰਮ ਨਿਭਾਉਣ ਦੀ ਨਸੀਹਤ ਦਿੱਤੀ,
ਉਥੇ ਆਖਿਆ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸਿਰਫ਼ ਚਾਰ ਜਣਿਆਂ ਦੇ ਸਿਵਾਏ ਕੁਝ
ਵਿਖਾਈ ਨਹੀਂ ਦਿੰਦਾ, ਜਦੋਂ ਕਿ ਪੰਜਾਬ ਨੂੰ ਵਿਕਾਸ ਦੀ ਬੇਹੱਦ ਜ਼ਰੂਰਤ ਹੈ।
ਉਨ੍ਹਾਂ
ਹਰਿਆਣਾ 'ਚ ਇਨੈਲੋ ਅਤੇ ਅਕਾਲੀ ਦਲ ਦੇ ਗੱਠਜੋੜ ਨੂੰ ਨਿੱਜੀ ਹਿੱਤਾਂ ਨਾਲ ਪ੍ਰੇਰਿਤ ਕਰਾਰ
ਦਿੰਦਿਆਂ ਕਿ ਇਸ ਗੱਠਜੋੜ ਦਾ ਆਮ ਜਨਤਾ ਦੀ ਬਿਹਤਰੀ ਤੇ ਭਲਾਈ ਨਾਲ ਕੋਈ ਲੈਣਾ-ਦੇਣਾ
ਨਹੀਂ। ਇਸ ਦੌਰਾਨ ਉਨ੍ਹਾਂ ਇਨੈਲੋ ਹਾਈ ਕਮਾਂਡ 'ਤੇ ਵੀ ਖਾਸੇ ਤਿੱਖੇ ਹਮਲੇ ਕੀਤੇ।
ਉਨ੍ਹਾਂ ਕਿਹਾ ਕਿ ਦੋਵਾਂ ਪਾਰਟੀਆਂ ਦੀ ਮੌਕਾਪ੍ਰਸਤੀ ਦਾ ਆਮ ਲੋਕਾਂ ਨਾਲ ਕੋਈ ਲੈਣਾ-ਦੇਣਾ
ਨਹੀਂ ਹੈ।
ਉਨ੍ਹਾਂ ਵਰਕਰਾਂ ਦੇ ਮੁਖਾਤਬ ਹੁੰਦਿਆਂ ਕਿਹਾ ਕਿ ਚੋਣਾਂ ਦਾ ਐਲਾਨ ਕਿਸੇ
ਵੀ ਪਲ ਸੰਭਵ ਹੈ। ਅਜਿਹੇ ਵਿੱਚ ਵਰਕਰ ਆਪਣੇ ਆਪਣੇ ਬੂਥ ਨੂੰ ਮਜਬੂਤ ਕਰਨ ਵਿਚ ਜੁੱਟ ਜਾਣ।
ਉਨ੍ਹਾਂ ਵਰਕਰਾਂ ਨੂੰ ਘਰ-ਘਰ ਜਾ ਕੇ ਭਾਜਪਾ ਦੀਆਂ ਨੀਤੀਆਂ ਦਾ ਪ੍ਰਚਾਰ ਕਰਨ ਦਾ ਸੱਦਾ
ਦਿੱਤਾ। ਉਨ੍ਹਾਂ ਕਿਹਾ ਕਿ ਸਿਰਸਾ ਜਿਲ੍ਹੇ ਦੀ ਵੀ ਪੰਜ ਸੀਟਾਂ 'ਤੇ ਭਾਜਪਾ ਉਮੀਦਵਾਰਾਂ
ਦੀ ਜਿੱਤ ਯਕੀਨੀ ਹੈ। ਇਸ ਦੌਰਾਨ ਲੰਬੀ ਹਲਕੇ ਦੇ ਸਰਹੱਦੀ ਕਸਬੇ ਦੀ ਜੂਹ 'ਤੇ ਓਮ ਪ੍ਰਕਾਸ਼
ਦੀ ਅਕਾਲੀ ਦਲ ਪ੍ਰਤੀ ਤਿੱਖੀ ਤਕਰੀਰ ਨਾਲ ਬੂਥ ਸੰਮੇਲਨ ਦੌਰਾਨ ਖੂਬ ਗਰਮਾਹਟ ਨਾਲ ਸੁਣੀ
ਗਈ ਅਤੇ ਇਸ ਨੂੰ ਲੈ ਕੇ ਸ਼ਹਿਰ 'ਚ ਖੂਬ ਚਰਚਾ ਰਹੀ।
ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ
ਪ੍ਰੋ. ਗਣੇਸ਼ੀ ਲਾਲ ਨੇ ਆਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਟਲ ਬਿਹਾਰੀ ਵਾਜਪਈ
ਦੀਆਂ ਨੀਤੀਆਂ ਨੂੰ ਲੈ ਕੇ ਅੱਗੇ ਵਧ ਰਹੇ ਹਨ। ਦੇਸ਼ ਤਰੱਕੀ ਅਤੇ ਵਿਕਾਸ ਦੀ ਰਾਹ 'ਤੇ
ਅਗਾਂਹ ਵਧ ਰਿਹਾ ਹੈ। ਜਿਹੜਾ ਦੇਸ਼ ਮੋਦੀ ਨੂੰ ਵੀਜਾ ਦੇਣ ਤੋਂ ਮਨ੍ਹਾ ਕਰ ਦਿੰਦੇ ਸਨ ਉਹੀ
ਹੁਣ ਉਨ੍ਹਾਂ ਨੂੰ ਆਪਣੇ ਦੇਸ਼ ਵਿਚ ਬੁਲਾਉਣ ਲਈ ਉਤਾਵਲੇ ਹਨ। ਭਾਜਪਾ ਦੇ ਸੀਨੀਅਰ ਆਗੂ ਦੇਵ
ਕੁਮਾਰ ਸ਼ਰਮਾ ਨੇ ਵਰਕਰਾਂ ਨੂੰ ਸੱਦਾ ਦਿੱਤਾ ਕਿ ਉਹ ਬਿਨਾਂ ਕਿਸੇ ਡਰ ਦੇ ਆਪਣੇ ਕੰਮ
ਕਰਨ।
ਇਸ ਮੌਕੇ ਮਲਕੀਤ ਸਿੰਘ ਗੰਗਾ, ਆਦਿੱਤਯ ਦੇਵੀ ਲਾਲ, ਰਾਮ ਲਾਲ ਬਾਗੜੀ, ਸਤੀਸ਼
ਕਾਲਾ, ਮਨੋਜ ਸ਼ਰਮਾ, ਰਾਕੇਸ਼ ਬੱਬਰ, ਡਾ. ਰਮੇਸ਼ ਕੁਮਾਰ, ਰਵੀ ਵਰਮਾ, ਬਲਵਿੰਦਰ ਸਿੰਘ
ਭਾਟੀ, ਭੁਪਿੰਦਰ ਗੋਸ਼ੀ, ਡਾ. ਰਾਜਾ, ਵਿੱਕੀ ਸ਼ਰਮਾ, ਕੌਰ ਚੰਦ ਮੋਂਗਾ ਸਮੇਤ ਡੱਬਵਾਲੀ
ਹਲਕੇ ਸਾਰੇ ਪਾਰਟੀ ਅਹੁਦੇਦਾਰ ਅਤੇ ਵੱਡੀ ਗਿਣਤੀ ਦੀ ਗਿਣਤੀ ਵਿਚ ਵਰਕਰ ਮੌਜੂਦ ਸਨ।