ਅਕਾਲੀ-ਭਾਜਪਾ ਸਾਂਝ ਦੀ ਤੜਾਗੀ ਹੁਣ ਟੁੱਟਣ ਕਿਨਾਰੇ
      
      Posted on:- 10-9-2014
      
      
            
      
ਪ੍ਰਵੀਨ ਸਿੰਘ/ਸੰਗਰੂਰ : ਸ੍ਰੋਮਣੀ
 ਅਕਾਲੀ ਦਲ ਤੇ ਭਾਜਪਾ ਦੀ ਰਾਜਸੀ ਲਾਲਸਾ ਕਾਰਨ ਸਾਂਝ ਕਾਫੀ ਪੁਰਾਣੀ ਚਲੀ ਆ ਰਹੀ ਹੈ। ਇਹ
 ਸਾਂਝ ਪੰਜਾਬ ਵਿੱਚ ਤੇ ਕੇਂਦਰ ਵਿੱਚ ਦੋਵੇਂ ਭਾਈਵਾਲਾ ਨੂੰ ਸੱਤਾ ਸੁੱਖ ਭੋਗਣ ਲਈ ਸਹਾਈ 
ਹੋਈ ਹੈ, ਪਰ ਇਸ ਵਾਰ ਕੁਝ ਹਾਲਾਤ ਬਦਲੇ ਹੋਏ ਨਜ਼ਰ ਆ ਰਹੇ ਹਨ। ਇਸ ਵਾਰ ਸਭ ਤੋਂ ਵੱਡੀ 
ਗੱਲ ਤਾਂ ਭਾਰਤੀ ਜਨਤਾ ਪਾਰਟੀ ਨੂੰ ਕੇਂਦਰ ਵਿੱਚ ਸਰਕਾਰ ਬਣਾਉਣ ਸਮੇਂ ਕਿਸੇ ਵੀ ਹੋਰ 
ਪਾਰਟੀ ਦੇ ਸਹਿਯੋਗ ਦੀ ਜਰੂਰਤ ਹੀ ਨਹੀਂ ਰਹੀ ਸੀ ਕਿਉਕਿ ਉਸ ਪਾਸ ਖੁਦ ਹੀ ਐਨੇ ਮੈਂਬਰ 
ਪਾਰਲੀਮੈਂਟ ਜਿੱਤ ਕੇ ਆ ਗਏ। ਇਸ ਲਈ ਸ੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਕੇਂਦਰੀ ਮੰਤਰੀ
 ਮੰਡਲ ਵਿੱਚ ਥਾਂ ਲੈਣ ਲਈ ਕਈ ਦਿਨ ਦਿੱਲੀ ਡੇਰੇ ਲਗਾਈ ਰੱਖਣ ਲਈ ਮਜ਼ਬੂਰ ਹੋਣਾ ਪਿਆ। 
                             
ਹੁਣ
 ਕੇਂਦਰ ਤੇ ਪੰਜਾਬ ਵਿੱਚ ਤਾਂ ਸ੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਾਂਝ ਚਲ
 ਰਹੀ ਹੈ ਤੇ ਗੁਆਂਢੀ ਸੂਬੇ ਹਰਿਆਣਾ ਵਿੱਚ ਸ੍ਰੋਮਣੀ ਅਕਾਲੀ ਦਲ ਆਪਣੀ ਸਾਂਝ ਇਨੈਲੋ ਨਾਲ 
ਪੁਗਾਉਂਦਾ ਹੈ। ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ 
ਸਿੰਘ ਬਾਦਲ ਹਰਿਆਣਾ ਵਿੱਚ ਸਰਕਾਰ ਸ੍ਰੋਮਣੀ ਅਕਾਲੀ ਦਲ ਤੇ ਇਨੈਲੋ ਦੀ ਬਣਾਉਣ ਦੇ ਦਾਅਵੇ 
ਕਰ ਰਹੇ ਹਨ। ਜਦੋਂ ਕਿ ਹਰਿਆਣਾ ਵਿੱਚ ਇਸ ਵਾਰ ਭਾਰਤੀ ਜਨਤਾ ਪਾਰਟੀ ਸਰਕਾਰ ਬਣਾਉਣ ਲਈ 
ਵੱਡੀ ਦਾਅਵੇਦਾਰ ਹੈ। ਹੁਣ ਰਾਜਨੀਤਿਕ ਹਿੱਤ ਜਦੋਂ ਟਕਰਾਉਣਗੇ ਤਾਂ ਫਿਰ ਪੁਰਾਣੀ ਸਾਂਝ ਦਾ
 ਕੀ ਬਣੇਗਾ। ਇਥੇ ਸ੍ਰੋਮਣੀ ਅਕਾਲੀ ਦਲ ਦੇ ਲੀਡਰ ਆਪਣੀ ਪੁਰਾਣੀ ਆਦਤ ਮੁਤਾਬਿਕ ਹੁਣ ਹੋਵੇ
 ਸਰੀਕਾਂ ਨਾਲ ਜੋਟੀ ਬਣਾਈ ਰੱਖਣਾ ਚਾਹੁੰਦੇ ਹਨ ਜੋ ਸੰਭਵ ਨਹੀਂ ਹੈ। ਜੇਕਰ ਭਾਜਪਾ 
ਹਰਿਆਣਾ ਵਿੱਚ ਸਰਕਾਰ ਬਣਾਉਣ ਤੋਂ ਪਛੜ ਗਈ ਤਾਂ ਇਸ ਦਾ ਦੋਸ਼ ਸ੍ਰੋਮਣੀ ਅਕਾਲੀ ਦਲ ਦੇ ਹੀ 
ਜ਼ੁੰਮੇ ਗਿਣਿਆ ਜਾਵੇਗਾ। 
ਇਸ ਸਬੰਧੀ ਭਾਰਤੀ ਜਨਤਾ ਪਾਰਟੀ ਦੇ ਨੇਤਾ ਆਪਣੀ ਨਰਾਜ਼ਗੀ 
ਹੁਣੇ ਤੋਂ ਹੀ ਜਾਗਰ ਕਰਨ ਲੱਗ ਪਏ ਹਨ। ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਕਮਲ 
ਸ਼ਰਮਾਂ ਦਾ ਕਹਿਣਾ ਹੈ ਕਿ ਪੰਜਾਬ ਭਾਰਤੀ ਜਨਤਾ ਪਾਰਟੀ ਪਾਸ ਹਰਿਆਣਾ ਵਿਧਾਨ ਸਭਾ ਦੀਆਂ 9 
ਸੀਟਾਂ ਤੇ ਪ੍ਰਚਾਰ ਦੀ ਜ਼ੁੰਮੇਵਾਰੀ ਹੈ ਤੇ ਉਸ ਜ਼ੁੰਮੇਵਾਰੀ ਨੂੰ ਨਿਭਾਉਣ ਸਮੇਂ ਭਾਵੇਂ 
ਉਹਨਾਂ ਦੇ ਸਾਹਮਣੇ ਸ੍ਰੋਮਣੀ ਅਕਾਲੀ ਦਲ ਦੇ ਆਗੂ ਜਾਂ ਉਮੀਦਵਾਰ ਹੀ ਕਿਉ ਨਾਂ ਹੋਣ। ਸੋ 
ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੇ ਸਪੱਸ਼ਟ ਸ਼ੰਕੇਤ ਸ੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੂੰ
 ਦੇ ਦਿੱਤਾ ਹੈ ਕਿ ਹੁਣ ਉਹ ਛੋਟੇ ਭਾਈਵਾਲ ਦੇ ਤੌਰ 'ਤੇ ਨਹੀਂ ਵਿਚਾਰਨਗੇ। ਸੋ ਜਿਹੜੇ 
ਹਾਲਾਤ ਹਰਿਆਣਾ ਚੋਣਾਂ ਨੂੰ ਲੈਕੇ ਦੋਵੇ ਪਾਰਟੀਆਂ ਦੇ ਬਣ ਰਹੇ ਹਨ। ਉਹਨਾਂ ਤੋਂ ਸਾਫ 
ਸੰਕੇਤ ਮਿਲ ਰਹੇ ਹਨ ਕਿ ਸ੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਾਂਝ ਦੀ 
ਤੜਾਗੀ ਹੁਣ ਕਮਜ਼ੋਰ ਹੋਣ ਲੱਗ ਪਈ ਹੈ ਤੇ ਕਦੇ ਵੀ ਟੁੱਟ ਸਕਦੀ ਹੈ।