'ਆਪ' ਨੇ ਭਾਜਪਾ ਵੱਲੋਂ ਵਿਧਾਇਕ ਖਰੀਦਣ ਸਬੰਧੀ ਵੀਡੀਓ ਜਾਰੀ ਕੀਤੀ
Posted on:- 08-09-2014
ਨਵੀਂ ਦਿੱਲੀ : ਦਿੱਲੀ
ਵਿਚ ਸਰਕਾਰ ਬਣਾਉਣ ਲਈ ਭਾਜਪਾ ਵੱਲੋਂ ਤੇਜ਼ ਕੀਤੀਆਂ ਗਈਆਂ ਸਰਗਰਮੀਆਂ ਦੇ ਦਰਮਿਆਨ ਅੱਜ
ਆਮ ਆਦਮੀ ਪਾਰਟੀ ਦੇ ਆਗੂ ਅਰਵਿੰਦ ਕੇਜਰੀਵਾਲ ਨੇ ਸਟਿੰਗ ਅਪਰੇਸ਼ਨ ਰਾਹੀਂ ਦਾਅਵਾ ਕੀਤਾ ਹੈ
ਕਿ ਭਾਜਪਾ ਉਨ੍ਹਾਂ ਦੇ ਵਿਧਾਇਕਾਂ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ। ਸ੍ਰੀ ਕੇਜਰੀਵਾਲ
ਨੇ 'ਅਪਰੇਸ਼ਨ ਪਰਦਾਫ਼ਾਸ਼' ਦੇ ਨਾਮ ਵਾਲਾ ਸਟਿੰਗ ਵੀਡੀਓ ਜਾਰੀ ਕੀਤਾ ਹੈ, ਜਿਸ ਵਿਚ ਕਥਿਤ
ਤੌਰ 'ਤੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਉਪ ਪ੍ਰਧਾਨ ਸ਼ੇਰ ਸਿੰਘ ਡਾਗਰ ਨੂੰ ਆਪ ਦੇ
ਵਿਧਾਇਕ ਦਿਨੇਸ਼ ਮੋਹਨੀਆ ਦੇ ਨਾਲ ਦਿਖਾਇਆ ਗਿਆ ਹੈ। ਆਪ ਮੁਖੀ ਅਰਵਿੰਦ ਕੇਜਰੀਵਾਲ ਨੇ
ਇੱਥੇ ਪ੍ਰੈਸ ਕਾਨਫਰੰਸ ਵਿਚ ਦਾਆਵਾ ਕੀਤਾ ਕਿ ਆਪ ਦੇ ਵਿਧਾਇਕ ਦਿਨੇਸ਼ ਮੋਹਨੀਆ ਨੂੰ ਦਿੱਲੀ
ਭਾਜਪਾ ਦੇ ਉਪ ਪ੍ਰਧਾਨ ਸ਼ੇਰ ਡਾਗਰ ਨੇ ਪਾਰਟੀ ਛੱਡਣ ਲਈ 4 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ
ਸੀ।
ਸ੍ਰੀ ਕੇਜਰੀਵਾਲ ਮੁਤਾਬਕ ਇਹ ਵੀਡੀਓ ਐਤਵਾਰ ਰਾਤ ਨੂੰ ਸ਼ੂਟ ਕੀਤਾ ਗਿਆ। ਸ੍ਰੀ
ਕੇਜਰੀਵਾਲ ਨੇ ਇਹ ਵੀ ਦਾਆਵਾ ਕੀਤਾ ਕਿ ਉਹ ਇਸ ਵੀਡੀਓ ਨੂੰ ਸੁਪਰੀਮ ਕੋਰਟ ਵਿਚ ਰੱਖਣਗੇ
ਅਤੇ ਐਫ਼ਆਈਆਰ ਵੀ ਦਰਜ ਕਰਵਾਉਣਗੇ।
ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਨੇ ਆਪ ਵੱਲੋਂ
ਲਾਏ ਜਾ ਰਹੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ। ਸ੍ਰੀ ਡਾਗਰ ਨੇ ਪ੍ਰੈਸ ਕਾਨਫਰੰਸ ਵਿਚ
ਦੋਸ਼ਾਂ ਤੋਂ ਪੂਰੀ ਤਰ੍ਹਾਂ ਇਨਕਾਰ ਕਰਦਿਆਂ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਫ਼ਸਾਇਆ ਜਾ
ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਮੇਰੇ ਖਿਲਾਫ਼ ਕੋਈ ਦੋਸ਼ ਸਾਬਤ ਹੁੰਦਾ ਹੈ ਤਾਂ ਮੈਂ
ਸਿਆਸਤ ਛੱਡ ਦੇਵਾਂਗਾ। ਦਿੱਲੀ ਭਾਜਪਾ ਦੇ ਉਪ ਪ੍ਰਧਾਨ ਨੇ ਇਸ ਸਬੰਧ ਵਿਚ ਪਾਰਟੀ ਵੱਲੋਂ
ਕਰਵਾਈ ਜਾਣ ਵਾਲੀ ਕਿਸੇ ਵੀ ਜਾਂਚ ਦਾ ਸਾਹਮਣਾ ਕਰਨ ਦੀ ਪੇਸ਼ਕਸ਼ ਕੀਤੀ।
ਸ੍ਰੀ
ਕੇਜਰੀਵਾਲ ਨੇ ਕਿਹਾ ਕਿ ਪਾਰਟੀ ਸਟਿੰਗ ਅਪਰੇਸ਼ਨ ਦਾ ਵੀਡੀਓ ਮੰਗਲਵਾਰ ਨੂੰ ਸੁਪਰੀਮ ਕੋਰਟ
ਨੂੰ ਸੌਂਪੇਗੀ ਅਤੇ ਭਾਜਪਾ ਦੇ ਇਨ੍ਹਾਂ ਕਾਰ ਨਾਮਿਆਂ ਸਬੰਧੀ ਚੋਣ ਕਮਿਸ਼ਨ ਨਾਲ ਵੀ ਸੰਪਰਕ
ਕਰੇਗੀ। ਸ੍ਰੀ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਸਾਡੇ ਵਿਧਾਇਕਾਂ ਨਾਲ ਸੰਪਰਕ ਕਰ ਰਹੀ ਸੀ
ਅਤੇ ਉਨ੍ਹਾਂ ਨੂੰ ਪੈਸਾ ਤੇ ਹੋਰ ਤਰ੍ਹਾਂ ਦੇ ਲਾਲਚ ਦੇ ਕੇ ਪਾਲਾ ਬਦਲਣ ਲਈ ਕਹਿ ਰਹੀ ਸੀ।
ਉਧਰ ਸ੍ਰੀ ਡਾਗਰ ਨੇ ਕਿਹਾ ਕਿ ਕਰੀਬ ਡੇਢ ਮਹੀਨਾ ਪਹਿਲਾਂ ਆਪ ਵਿਧਾਇਕ ਨੇ ਉਨ੍ਹਾਂ
ਨਾਲ ਸੰਪਰਕ ਕੀਤਾ ਸੀ ਅਤੇ ਭਾਜਪਾ ਵਿਚ ਸ਼ਾਮਲ ਹੋਣ ਦੀ ਰੁਚੀ ਦਿਖਾਈ ਸੀ। ਉਨ੍ਹਾਂ ਕਿਹਾ
ਕਿ ਮੈਂ ਆਪ ਵਿਧਾਇਕ ਨੂੰ 4 ਕਰੋੜ ਰੁਪਏ ਦੀ ਪੇਸ਼ਕਸ਼ ਨਹੀਂ ਕੀਤੀ ਅਤੇ ਮੈਨੂੰ ਇਸ ਮਾਮਲੇ
ਵਿਚ ਝੂਠਾ ਫ਼ਸਾਇਆ ਜਾ ਰਿਹਾ ਹੈ।
ਇਸ ਮਾਮਲੇ ਨੂੰ ਲੈ ਕੇ ਕਾਂਗਰਸ ਨੇ ਭਾਜਪਾ ਦੀ ਸਖ਼ਤ
ਅਲੋਚਨਾ ਕੀਤੀ। ਕਾਂਗਰਸ ਦੇ ਜਨਰਲ ਸਕੱਤਰ ਅਜੇ ਮਾਕਨ ਨੇ ਕਿਹਾ ਕਿ ਇਸ ਸਪੱਸ਼ਟ ਤੌਰ 'ਤੇ
ਜਾਹਿਰ ਹੈ ਕਿ ਭਾਜਪਾ ਵਿਧਾਇਕਾਂ ਦੀ ਖਰੀਦੋ–ਫ਼ਰੋਖ਼ਤ ਕਰਕੇ ਸਰਕਾਰ ਬਣਾ ਰਹੀ ਹੈ। ਅਸੀਂ
ਉਮੀਦ ਕਰਦੇ ਹਾਂ ਕਿ ਸੁਪਰੀਮ ਕੋਰਟ ਇਸ ਮਾਮਲੇ ਦਾ ਨੋਟਿਸ ਲਵੇ।