ਕੋਲੀ ਦੀ ਫਾਂਸੀ 'ਤੇ ਸੁਪਰੀਮ ਕੋਰਟ ਨੇ ਲਗਾਈ ਇਕ ਹਫ਼ਤੇ ਲਈ ਰੋਕ
Posted on:- 08-09-2014
ਮੇਰਠ : ਨੋਇਡਾ
ਨਜ਼ਦੀਕ ਨਿਠਾਰੀ ਪਿੰਡ ਵਿਚ ਸਾਲ 2006 ਵਿਚ ਇਕ ਮਕਾਨ ਵਿਚ ਬੱਚਿਆਂ ਦੀ ਹੱਤਿਆ ਕਰਨ ਦੇ
ਦੋਸ਼ੀ ਸੁਰਿੰਦਰ ਕੋਲੀ ਨੂੰ ਸੁਣਾਈ ਗਈ ਮੌਤ ਦੀ ਸਜ਼ਾ ਦੀ ਤਾਮੀਲ 'ਤੇ ਸੁਪਰੀਮ ਕੋਰਟ ਨੇ
ਅੱਜ ਰੋਕ ਲਾ ਦਿੱਤੀ ਹੈ। ਜਸਟਿਸ ਐਚਐਲ ਦੱਤੂ ਅਤੇ ਏ.ਆਰ. ਦਵੇ ਦੇ ਬੈਂਚ ਨੇ ਕੋਲੀ ਦੀ
ਮੌਤ ਦੀ ਸਜ਼ਾ 'ਤੇ ਇਕ ਹਫ਼ਤੇ ਲਈ ਰੋਕ ਲਾ ਦਿੱਤੀ ਹੈ।
ਸੁਪਰੀਮ ਕੋਰਟ ਦੇ ਇਕ ਅਧਿਕਾਰੀ
ਨੇ ਦੱਸਿਆ ਕਿ ਇਸ ਸਬੰਧ ਵਿਚ ਬੈਂਚ ਦੇ ਸਾਹਮਣੇ ਬੀਤੀ ਰਾਤ ਇਕ ਅਪੀਲ ਪੇਸ਼ ਕੀਤੀ ਗਈ ਅਤੇ
ਦੇਰ ਰਾਤ 1.40 ਮਿੰਟ 'ਤੇ ਇਹ ਹੁਕਮ ਜਾਰੀ ਕੀਤਾ ਗਿਆ। ਅਧਿਕਾਰੀ ਨੇ ਦੱਸਿਆ ਕਿ ਫਾਂਸੀ
'ਤੇ ਰੋਕ ਸਬੰਧੀ ਸਬੰਧਤ ਜੇਲ੍ਹ ਅਧਿਕਾਰੀਆਂ ਨੂੰ ਦੱਸ ਦਿੱਤਾ ਗਿਆ ਹੈ। ਸ੍ਰੀ ਕੋਲੀ ਨੂੰ
ਮੇਰਠ ਜੇਲ੍ਹ ਵਿਚ ਸੋਮਵਾਰ ਸਵੇਰੇ ਫਾਂਸੀ ਦਿੱਤੀ ਜਾਣੀ ਸੀ। ਉਸ ਨੂੰ ਮੇਰਠ ਜੇਲ੍ਹ ਵਿਚ
ਉਚ ਸੁਰੱਖਿਆ ਵਾਲੀ ਇਕ ਬੈਰਕ ਵਿਚ ਰੱਖਿਆ ਗਿਆ। ਸੀਨੀਅਰ ਵਕੀਲ ਇੰਦਰਾ ਜੈ ਸਿੰਘ ਦੀ
ਅਗਵਾਈ ਵਿਚ ਵਕੀਲਾਂ ਦੀ ਇਕ ਟੀਮ ਨੇ 42 ਸਾਲਾ ਕੋਲੀ ਵੱਲੋਂ ਅਰਜ਼ੀ ਦਾਖ਼ਲ ਕੀਤੀ। ਵਕੀਲਾਂ
ਨੇ ਸੁਪਰੀਮ ਕੋਰਟ ਦੇ 24 ਜੁਲਾਈ 2014 ਨੂੰ ਦਿੱਤੇ ਗਏ ਹੁਕਮ 'ਤੇ ਪੁਨਰ ਵਿਚਾਰ ਕਰਨ ਦੀ
ਮੰਗ ਕੀਤੀ ਹੈ। ਅਦਾਲਤ ਨੇ 24 ਜੁਲਾਈ ਦੇ ਹੁਕਮ 'ਚ ਨਿਠਾਰੀ ਵਿਚ ਹੋਏ ਬਲਾਤਕਾਰ ਅਤੇ
ਹੱਤਿਆਵਾਂ ਦੇ ਮਾਮਲੇ ਵਿਚ ਦੋਸ਼ੀ ਸੁਰਿੰਦਰ ਕੋਲੀ ਨੂੰ ਸੁਣਾਈ ਗਈ ਮੌਤ ਦੀ ਸਜ਼ਾ ਦੀ ਤਾਮੀਲ
'ਤੇ ਰੋਕ ਲਾਉਣ ਦੀ ਅਪੀਲ ਠੁਕਰਾ ਦਿੱਤੀ ਸੀ।
ਵਕੀਲਾਂ ਨੇ ਕੋਲੀ ਨੂੰ ਸੁਣਾਈ ਗਈ
ਮੌਤ ਦੀ ਸਜ਼ਾ ਦੀ ਤਾਮੀਲ 'ਤੇ ਰੋਕ ਦੀ ਮੰਗ ਕਰਦਿਆਂ ਅਦਾਲਤ ਵੱਲੋਂ 2 ਸਤੰਬਰ ਨੂੰ ਦਿੱਤੇ
ਗਏ ਫੈਸਲੇ ਦਾ ਸੰਦਰਵ ਦਿਤਾ ਹੈ। ਅਦਾਤਲ ਨੇ 2 ਸਤੰਬਰ ਨੂੰ ਆਪਣੇ ਫੈਸਲੇ ਵਿਚ ਕਿਹਾ ਸੀ
ਕਿ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਕੈਦੀਆਂ ਦੀ ਸਮੀਖਿਆ ਅਰਜ਼ੀ ਤੇ ਸੁਣਵਾਈ ਖੁੱਲ੍ਹੀ
ਅਦਾਲਤ ਵਿਚ ਕੀਤੀ ਜਾਣੀ ਚਾਹੀਦੀ ਹੈ। ਬੀਤੀ ਦੇਰ ਰਾਤ ਜਾਰੀ ਹੁਕਮ ਵਿਚ ਬੈਂਚ ਨੇ ਕਿਹਾ
ਕਿ (ਕੋਲੀ ਦੀ) ਪੁਨਰਵਿਚਾਰ ਅਰਜ਼ੀ 'ਤੇ 24 ਅਗਸਤ 2014 ਨੂੰ ਦਿੱਤੇ ਗਏ ਹੁਕਮ 'ਤੇ ਮੁੜ
ਤੋਂ ਵਿਚਾਰ ਕਰਨ ਲਈ ਇਕ ਅਰਜ਼ੀ 8 ਸਤੰਬਰ 2014 ਨੂੰ ਸਾਡੇ ਸਾਹਮਣੇ ਪੇਸ਼ ਕੀਤੀ ਗਈ। ਅਰਜ਼ੀ
ਵਿਚ ਕਿਹਾ ਗਿਆ ਹੈ ਕਿ ਮੌਤ ਦੀ ਸਜ਼ਾ ਦੇ ਵਾਰੰਟ 'ਤੇ 8 ਸਤੰਬਰ 2014 ਸੋਮਵਾਰ ਸਵੇਰੇ
5.30 ਵਜੇ ਤਾਮੀਲ ਕੀਤੀ ਜਾਵੇਗੀ।
ਬੈਂਚ ਨੇ ਕਿਹਾ ਕਿ ਸਾਡੇ ਹੁਕਮ 'ਤੇ ਪੁਨਰ ਵਿਚਾਰ
ਲਈ ਅਰਜ਼ੀ 'ਚ ਕੋਲੀ ਨੇ ਸੁਪਰੀਮ ਕੋਰਟ ਦੇ ਸੰਵਿਧਾਨਿਕ ਬੈਂਚ ਦੀ ਉਸ ਵਿਵਸਥਾ ਦਾ ਵੇਰਵਾ
ਦਿੱਤਾ ਹੈ ਜਿਸ ਵਿਚ 2 ਸਤੰਬਰ 2014 ਨੂੰ ਹੁਕਮ ਜਾਰੀ ਕੀਤਾ ਗਿਆ ਸੀ। ਅਦਾਲਤ ਨੇ ਕਿਹਾ
ਕਿ ਮਾਮਲੇ ਦੀ ਜ਼ਰੂਰਤ ਨੂੰ ਵੇਖਦਿਆਂ ਅਰਜ਼ੀ ਕਰਤਾ ਨੂੰ ਸੁਣਾਈ ਗਈ ਮੌਤ ਦੀ ਸਜ਼ਾ ਦੀ ਤਾਮੀਲ
'ਤੇ ਅੱਜ ਤੋਂ ਇਕ ਹਫ਼ਤੇ ਲਈ ਰੋਕ ਲਗਾਈ ਜਾਂਦੀ ਹੈ।