ਇਨਕਲਾਬੀ ਕੇਂਦਰ ਪੰਜਾਬ ਵੱਲੋਂ ਜ਼ਿਲ੍ਹਾ ਪੱਧਰੀ ਕਨਵੈਨਸ਼ਨ
Posted on:- 08-09-2014
- ਨਰਾਇਣ ਦੱਤ
ਬਰਨਾਲਾ: ਇਨਕਲਾਬੀ ਕੇਂਦਰ ਪੰਜਾਬ ਵੱਲੋਂ ਵਿਸ਼ਾਲ ਜ਼ਿਲ੍ਹਾ ਪੱਧਰੀ ਕਨਵੈਨਸ਼ਨ ਕੀਤੀ ਗਈ। ਇਸ ਕਨਵੈਨਸ਼ਨ ਦੌਰਾਨ ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਜਾ ਰਹੇ ਕਾਲੇ ਕਾਨੂੰਨ, ਜਾਬਰ ਲੇਬਰ ਕਾਨੂੰਨ, ਸਿੱਖਿਆ ਉੱਤੇ ਨਵਉਦਾਰਵਾਦੀ ਹਮਲਿਆਂ ਦਾ ਵਿਰੋਧ ਅਤੇ 27 ਸਤੰਬਰ ਨੂੰ ਬਰਨਾਲਾ ਵਿਖੇ ਗੁਰਸ਼ਰਨ ਭਾਅ ਜੀ ਦੀ ਯਾਦ ‘ਚ ਮਨਾਏ ਜਾ ਰਹੇ ‘ਇਨਕਲਾਬੀ ਰੰਗਮੰਚ ਦਿਵਸ’ ਤੇ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਮਨਾਉਣ ਦੇ ਚਾਰ ਮਹੱਤਵਪੂਰਨ ਵਿਸ਼ਿਆਂ ਤੇ ਵਿਚਾਰ-ਵਟਾਂਦਰਾ ਕੀਤਾ ਗਿਆ।
ਇਸ ਦੌਰਾਨ ਇਨਕਲਾਬੀ ਕੇਂਦਰ ਦੇ ਪ੍ਰਧਾਨ ਨਰਾਇਣ ਦੱਤ ਨੇ ਹਾਜ਼ਰ ਕਾਰਕੁੰਨਾਂ ਤੇ ਆਗੂਆਂ ਨੂੰ ਚਾਰੇ ਵਿਸ਼ਿਆ ਬਾਰੇ ਸੰਖੇਪ ‘ਚ ਜਾਣੂ ਕਰਵਾਇਆ। ਉਨ੍ਹਾਂ ਸਤੰਬਰ ‘ਚ ਚਲਾਈ ਜਾ ਰਹੀ ਮਹੀਨਾਵਾਰ ਮੁਹਿੰਮ ਨੂੰ ਸਫਲ ਬਣਾਉਣ ਸਬੰਧੀ ਸਭ ਨੂੰ ਇਸ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਇਸ ਸਮੇਂ ਇਨਕਲਾਬੀ ਨੌਜਵਾਨ-ਵਿਦਿਆਰਥੀ ਮੰਚ ਦੇ ਕਨਵੀਨਰ ਮਨਦੀਪ ਨੇ ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਜਾ ਰਹੇ ਕਾਲੇ ਕਾਨੂੰਨ ਤੇ ਲੇਬਰ ਕਾਨੂੰਨਾਂ ਬਾਰੇ ਵਿਸਥਾਰਤ ਜਾਣਕਾਰੀ ਦਿੰਦਿਆਂ ਕਿਹਾ ਕਿ ਹਾਕਮ ਜਮਾਤਾਂ ਆਪਣੇ ਨਵਉਦਾਰਵਾਦੀ ਏਜੰਡੇ ਨੂੰ ਤੇਜੀ ਨਾਲ ਲਾਗੂ ਕਰਨ ਲਈ ਇਕ ਤੋਂ ਬਾਅਦ ਇਕ ਲਗਾਤਾਰ ਜਾਬਰ ਕਾਲੇ ਕਾਨੂੰਨ ਲਿਆ ਰਹੀਆਂ ਹਨ। ਉਹ ਇਨ੍ਹਾਂ ਨੀਤੀਆਂ ਰਾਹੀਂ ਦੇਸ਼ ਦੇ ਕੀਮਤੀ ਜਲ, ਜੰਗਲ ਤੇ ਜਮੀਨਾਂ ਵਰਗੇ ਖਣਿਜ ਸ੍ਰੋਤਾਂ ਤੇ ਦੇਸ਼ ਦੇ ਲੋਕਾਂ ਦੀ ਕਿਰਤ ਸ਼ਕਤੀ ਦੀ ਬੇਰੋਕ-ਟੋਕ ਲੁੱਟ ਕਰਨ ਲਈ ਦੇਸੀ-ਵਿਦੇਸ਼ੀ ਹਾਕਮਾਂ ਲਈ ਰਾਹ ਪੱਧਰਾ ਕਰਨ ‘ਚ ਜੁੱਟੇ ਹੋਏ ਹਨ। ਕਾਰਪੋਰੇਟ ਪੱਖੀ ਵਿਕਾਸ ਮਾਡਲ ਦੇਸ਼ ਦੇ ਲੋਕਾਂ ਦੀ ਬਰਬਾਦੀ ਦੀ ਸ਼ਰਤ ਤੇ ਅੱਗੇ ਵਧਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਬਸਤੀਵਾਦੀ ਰਾਜ ਤੋਂ ਲੈ ਕੇ ਹੁਣ ਤੱਕ ਨਿਰੰਤਰ ਜਾਬਰ ਕਾਨੂੰਨ ਦੇਸ਼ ਦੇ ਕਿਰਤੀ ਲੋਕਾਂ ਤੇ ਮੜ੍ਹੇ ਜਾਂਦੇ ਆ ਰਹੇ ਹਨ। ਉਨ੍ਹਾਂ ਗੁਰਸ਼ਰਨ ਭਾਅ ਜੀ ਤੇ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਬਾਰੇ ਗੱਲ ਕਰਦਿਆਂ ਹਾਜਰ ਸਾਥੀਆਂ ਨੂੰ ਉਨ੍ਹਾਂ ਦੀ ਸਮਾਜਵਾਦੀ ਵਿਚਾਰਧਾਰਾ ਦੇ ਸੰਗੀ ਬਣਨ ਦਾ ਸੱਦਾ ਦਿੱਤਾ। ਇਸ ਸਮੇਂ ਡੀ. ਟੀ. ਐਫ. ਦੇ ਜਿਲ੍ਹਾ ਆਗੂ ਗੁਰਮੀਤ ਸੁਖਪੁਰਾ ਨੇ ਸਿੱਖਿਆ ਦੇ ਬਜਾਰੀਕਰਨ/ਵਪਾਰੀਕਰਨ ਤੇ ਭਗਵੇਂਕਰਨ ਬਾਰੇ ਬੋਲਦਿਆਂ ਕਿਹਾ ਕਿ ਨਵੇਂ ਬਣੇ ਹਾਕਮ ਸਿੱਖਿਆ ਦੇ ਨਿੱਜੀਕਰਨ ਤੇ ਭਗਵੇਂਕਰਨ ਨੂੰ ਤਰਜੀਹ ਦਿੰਦਿਆ ਦੇਸ਼ ਦੇ ਵਿਸ਼ਾਲ ਵਿਦਿਆਰਥੀ ਵਰਗ ਨਾਲ ਵੱਡਾ ਧ੍ਰੋਹ ਕਰ ਰਹੇ ਹਨ।
ਲੋੜ ਹੈ ਕਿ ਇਨ੍ਹਾਂ ਨੀਤੀਆਂ ਖਿਲ਼ਾਫ ਨਵੰਬਰ ਮਹੀਨੇ ‘ਚ ਕੱਢੀ ਜਾਣ ਵਾਲੀ ‘ਸਿੱਖਿਆ ਸੰਘਰਸ਼ ਯਾਤਰਾ’ ‘ਚ ਸ਼ਾਮਲ ਹੋਇਆ ਜਾਵੇ। ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਸੂਬਾਈ ਆਗੂ ਮਨਜੀਤ ਧਨੇਰ ਨੇ ਕਿਹਾ ਕਿ ਅੱਜ ਦੇਸ਼ ਦੇ ਕਿਰਤੀ ਕਿਸਾਨਾਂ-ਮਜ਼ਦੂਰਾਂ ਨੂੰ ਆਪਣੇ ਜਮਾਤੀ-ਤਬਕਾਤੀ ਹਿੱਤਾਂ ਦੀ ਲੜਾਈ ਨੂੰ ਤੇਜ ਕਰਦਿਆਂ ਸਿਆਸੀ ਚੇਤਨਤਾ ਗ੍ਰਹਿਣ ਕਰਕੇ ਭਗਤ ਸਿੰਘ ਤੇ ਚਾਚਾ ਅਜੀਤ ਸਿੰਘ ਦੀ ਵਿਚਾਰਧਾਰਾ ਤੇ ਆਦਰਸ਼ਾਂ ਨੂੰ ਅੱਗੇ ਲਿਜਾਣ ਦੀ ਲੋੜ ਹੈ। ਕਨਵੈਨਸ਼ਨ ‘ਚ 27 ਸਤੰਬਰ ਨੂੰ ਬਰਨਾਲਾ ਵਿਖੇ ਰੰਗਮੰਚ ਦਿਵਸ ਅਤੇ 1 ਅਕਤੂਬਰ ਨੂੰ ਬਰਨਾਲਾ ਵਿਖੇ ਕਾਲੇ ਕਾਨੂੰਨਾਂ ਵਿਰੋਧੀ ਰੋਸ ਪ੍ਰਦਰਸ਼ਨ ‘ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ। ਇਸ ਸਮੇਂ ਦਰਸ਼ਨ ਉਗੋਕੇ, ਜਗਰਾਜ ਹਰਦਾਸਪੁਰਾ, ਭੋਲਾ ਸਿੰਘ ਛੰਨਾਂ, ਅਜੈਬ ਫੱਲੇਵਾਲ, ਹਰਚਰਨ ਚੰਨਾ, ਗੁਰਦੇਵ ਮਾਂਗੇਵਾਲ, ਡਾ. ਰਜਿੰਦਰ, ਸੁਖਵਿੰਦਰ, ਖੁਸ਼ਮੰਦਰਪਾਲ, ਡਾ. ਸਾਹਿਬ ਸਿੰਘ ਬਡਬਰ ਆਦਿ ਆਗੂ ਹਾਜਰ ਸਨ। ਇਸ ਸਮੇਂ ਜਗਦੇਵ ਭੂਪਾਲ ਤੇ ਅਜਮੇਰ ਕਾਲਸਾਂ ਨੇ ਇਨਕਲਾਬੀ ਗੀਤ ਸਾਂਝੇ ਕੀਤੇ।