ਰਾਮ ਮੰਦਰ ਬਣਾਉਣ ਲਈ ਰਸਤਾ ਸਾਫ਼ ਕਰੇਗੀ ਮੋਦੀ ਸਰਕਾਰ : ਰਾਓ
Posted on:- 06-09-2014
ਹੈਦਰਾਬਾਦ : ਭਾਜਪਾ
ਦੇ ਰਾਸ਼ਟਰੀ ਮੁੱਖ ਸਕੱਤਰ ਪੀ ਮੁਰਲੀਧਰ ਰਾਓ ਨੇ ਕਿਹਾ ਕਿ ਹਾਲਾਂਕਿ ਭਾਜਪਾ ਦੀ ਐਨਡੀਏ
ਵਾਲੀ ਸਰਕਾਰ ਦੀ ਮੁੱਢਲੀ ਪਹਿਲ ਆਰਥਿਕ ਮੋਰਚੇ 'ਤੇ ਤਰੱਕੀ ਕਰਨਾ ਹੈ, ਫ਼ਿਰ ਵੀ ਉਹ
ਅਯੁੱਧਿਆ ਵਿੱਚ ਰਾਮ ਮੰਦਰ ਦੇ ਨਿਰਮਾਣ ਦਾ ਮੁੱਦਾ ਪਾਰਟੀ ਦੇ ਏਜੰਡੇ ਵਿੱਚ ਹੈ। ਉਨ੍ਹਾਂ
ਕਿਹਾ ਰਾਮ ਜਨਮ ਭੂਮੀ ਅਤੇ ਧਾਰਾ 370 ਭਾਜਪਾ ਦੇ ਏਜੰਡੇ ਵਿੱਚ ਹਨ। ਸਾਰੇ ਮੁੱਦਿਆਂ ਨੂੰ
ਤੁਰੰਤ ਸੁਲਝਾਇਆ ਨਹੀਂ ਜਾ ਸਕਦਾ। ਸ੍ਰੀ ਰਾਓ ਨੇ ਕਿਹਾ ਕਿ ਅਸੀਂ ਰਾਮ ਮੰਦਰ ਬਣਾਉਣ
ਨਹੀਂ ਜਾ ਰਹੇ, ਸਗੋਂ ਸਰਕਾਰ ਉਨ੍ਹਾਂ ਲੋਕਾਂ ਦੇ ਰਸਤੇ ਦੀਆਂ ਅੜਚਣਾਂ ਦੂਰ ਕਰਨ ਜਾ ਰਹੀ
ਹੈ ਜੋ ਰਾਮ ਮੰਦਰ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਵਿਚਾਰਧਾਰਾ ਦੇ ਤੌਰ 'ਤੇ
ਰਾਮ ਜਨਮ ਭੂਮੀ ਦਾ ਮੁੱਦਾ ਸਾਡੇ ਲਈ ਮਹੱਤਵਪੂਰਨ ਹੈ। ਸਰਕਾਰ ਉਨ੍ਹਾਂ ਸਾਰੇ ਵਾਅਦਿਆਂ
ਨੂੰ ਪੂਰਾ ਕਰਨ ਦਾ ਯਤਨ ਕਰੇਗੀ ਜੋ ਲੋਕ ਸਭਾ ਚੋਣਾਂ ਵਿੱਚ ਭਾਜਪਾ ਵੱਲੋਂ ਲੋਕਾਂ ਨਾਲ
ਕੀਤੇ ਗਏ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ੍ਰੀ ਰਾਓ ਨੇ ਕਿਹਾ ਕਿ ਅਸੀਂ ਸਾਰੇ
ਮੁੱਦਿਆਂ ਨੂੰ ਹੱਲ ਕਰਨਾ ਚਾਹੁੰਦੇ ਹਾਂ, ਪਰ ਸਾਡੀ ਸਰਕਾਰ ਦਾ ਮੁੱਖ ਏਜੰਡਾ ਦੇਸ਼ ਦੀਆਂ
ਆਰਥਿਕ ਸਮੱਸਿਆਵਾਂ ਦੂਰ ਕਰਨਾ ਹੈ ਅਤੇ ਦੇਸ਼ ਨੂੰ ਵਿਕਾਸ ਦੀ ਪਟੜੀ 'ਤੇ ਲਿਆਉਣਾ ਹੈ,
ਕਿਉਂਕਿ ਆਰਥਿਕ ਤੌਰ 'ਤੇ ਦੇਸ਼ ਦਾ ਕਾਫ਼ੀ ਨੁਕਸਾਨ ਹੋ ਚੁੱਕਿਆ ਹੈ ਅਤੇ ਨਾਲ ਹੀ ਚੰਗੀ
ਸਰਕਾਰ ਸਥਾਪਤ ਕਰਨਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਪਾਨ ਯਾਤਰਾ ਸਬੰਧੀ ਸ੍ਰੀ
ਰਾਓ ਨੇ ਕਿਹਾ ਕਿ ਇਸ ਦੌਰੇ ਨਾਲ ਦੋਵਾਂ ਦੇਸ਼ਾਂ ਦੇ ਆਰਥਿਕ ਸਬੰਧਾਂ ਨੂੰ ਮਜ਼ਬੂਤੀ
ਮਿਲੇਗੀ। ਸ੍ਰੀ ਰਾਓ ਨੇ ਉਨ੍ਹਾਂ ਗੱਲਾਂ ਦਾ ਵੀ ਖੰਡਨ ਕੀਤਾ ਕਿ ਮੋਦੀ ਕੈਬਨਿਟ ਵਿੱਚ
ਵਿਚਾਰਾਂ ਦੀ ਆਜ਼ਾਦੀ ਦੀ ਘਾਟ ਹੈ।