ਘੜੀ ਪਾਉਣ 'ਤੇ ਦਲਿਤ ਵਿਦਿਆਰਥੀ ਦੀ ਕੱਟੀ ਕਲਾਈ
Posted on:- 04-09-2014
ਮਦੁਰਾਈ : ਤਾਮਿਲਨਾਡੂ
'ਚ ਇਕ ਦਲਿਤ ਵਿਦਿਆਰਥੀ ਦੇ ਘੜੀ ਪਾਉਣ 'ਤੇ ਉਸ ਦੇ ਗੈਰ ਦਲਿਤ ਸੀਨੀਅਰਜ਼ ਵੱਲੋਂ ਕਥਿਤ
ਤੌਰ 'ਤੇ ਉਸ ਦੀ ਕਲਾਈ ਕੱਟ ਦਿੱਤੀ ਗਈ। ਇਹ ਘਟਨਾ ਬੁੱਧਵਾਰ ਦੀ ਰਾਤ ਨੂੰ ਵਾਪਰੀ। ਪੁਲਸ
ਅਨੁਸਾਰ ਪੀੜਤ ਵਿਦਿਆਰਥੀ ਦਾ ਨਾਂ ਰਮੇਸ਼ ਹੈ ਅਤੇ ਉਹ ਥਿਰੂਥੰਗਲ 'ਚ ਇਕ ਹਾਇਰ ਸੈਕੰਡਰੀ
ਸਕੂਲ 'ਚ ਪੜ੍ਹਦਾ ਹੈ। ਇਹ 16 ਸਾਲਾ ਵਿਦਿਆਰਥੀ ਰਾਜ ਦੇ ਵਿਰੂਧੁਨਗਰ ਜ਼ਿਲੇ ਦੇ ਤਿਰੂਥੰਗਲ
ਸਥਿਤ ਤਿਰੂਵੱਲੁਵਰ ਕਾਲੋਨੀ 'ਚ ਰਹਿੰਦਾ ਹੈ। ਉਸ ਦੇ ਸੀਨੀਅਰਜ਼ ਨੇ ਉਸ ਨੂੰ ਘੜੀ ਪਾਏ
ਦੇਖ ਕੇ ਕਥਿਤ ਤੌਰ 'ਤੇ ਉਸ ਤੋਂ ਇਸ ਬਾਰੇ ਪੁੱਛਿਆ ਅਤੇ ਉਸ ਦੇ ਹੱਥ 'ਚੋਂ ਘੜੀ ਨਿਕਾਲ
ਕੇ ਉਸ ਨੂੰ ਸੁੱਟ ਦਿੱਤਾ। ਇਸ ਗੱਲ 'ਤੇ ਰਮੇਸ਼ ਅਤੇ ਸੀਨੀਅਰਜ਼ ਦਰਮਿਆਨ ਲੜਾਈ ਹੋਈ ਅਤੇ
ਸਕੂਲ 'ਚ ਤਣਾਅ ਭਰਿਆ ਹੋ ਗਿਆ। 2 ਦਿਨ ਬਾਅਦ ਬੁੱਧਵਾਰ ਦੀ ਰਾਤ ਇਹ ਵਿਦਿਆਰਥੀ ਥਿਰੂਥੰਗਲ
ਰੇਲਵੇ ਸਟੇਸ਼ਨ ਨੇੜਿਓਂ ਲੰਘ ਰਿਹਾ ਸੀ ਕਿ ਉਦੋਂ ਲਗਭਗ 15 ਲੜਕਿਆਂ ਦੇ ਇਕ ਗੈਂਗ ਨੇ ਉਸ
ਨੂੰ ਘੇਰ ਲਿਆ, ਜਿਨ੍ਹਾਂ ਬਾਰੇ ਦੱਸਿਆ ਗਿਆ ਹੈ ਕਿ ਉਹ ਉਸ ਦੇ ਸੀਨੀਅਰਜ਼ ਸਨ। ਉਨ੍ਹਾਂ
ਲੜਕਿਆਂ ਨੇ ਕਥਿਤ ਤੌਰ 'ਤੇ ਚਾਕੂ ਨਾਲ ਉਸ ਦੀ ਕਲਾਈ ਕੱਟ ਦਿੱਤੀ। ਰਮੇਸ਼ ਕਿਸੇ ਤਰ੍ਹਾਂ
ਉਨ੍ਹਾਂ ਲੜਕਿਆਂ ਦੇ ਚੰਗੁਲ ਤੋਂ ਦੌੜ ਨਿਕਲਣ 'ਚ ਕਾਮਯਾਬ ਰਿਹਾ ਅਤੇ ਇਕ ਪ੍ਰਾਈਵੇਟ
ਹਸਪਤਾਲ 'ਚ ਇਲਾਜ ਕਰਵਾਇਆ। ਬਾਅਦ 'ਚ ਉਸ ਨੂੰ ਸਿਵਾਕਾਸੀ ਸਰਕਾਰੀ ਹਸਪਤਾਲ 'ਚ ਭਰਤੀ
ਕਰਵਾਇਆ ਗਿਆ। ਇਹ ਸਕੂਲ ਵਿਦਿਆਰਥੀਆਂ ਦਰਮਿਆਨ ਜਾਤੀ ਨਾਲ ਜੁੜੇ ਮੁੱਦਿਆਂ ਲਈ ਜਾਣਿਆ
ਜਾਂਦਾ ਹੈ। ਅਕਸਰ ਦਲਿਤ ਵਿਦਿਆਰਥੀਆਂ ਨੂੰ ਗੈਰ ਦਲਿਤ ਵਿਦਿਆਰਥੀਆਂ ਵੱਲੋਂ ਚੱਪਲ ਪਾਉਣ
ਵਰਗੀਆਂ ਗੱਲਾਂ ਲਈ ਪਰੇਸ਼ਾਨ ਕੀਤਾ ਜਾਂਦਾ ਹੈ। ਅਜਿਹੇ ਮੁੱਦਿਆਂ ਦਾ ਨਿਪਟਾਰਾ ਸਕੂਲ
ਅਥਾਰਟੀਜ਼ ਅਤੇ ਐਜ਼ੂਕੇਸ਼ਨ ਅਧਿਕਾਰੀਆਂ ਨਾਲ ਮੀਟਿੰਗ ਨਾਲ ਸੁਲਝਾਇਆ ਜਾਂਦਾ ਹੈ।