ਪੂਰਬੀ ਯੂਕਰੇਨ 'ਚ ਜੰਗਬੰਦੀ 'ਤੇ ਬਣੀ ਸਹਿਮਤੀ
Posted on:- 03-09-2014
ਕੀਵ : ਯੂਕਰੇਨ
ਦੇ ਰਾਸ਼ਟਰਪਤੀ ਪੇਰੋਸ਼ੈਂਕੋ ਅਤੇ ਰੂਸੀ ਵਲਾਦੀਮੀਰ ਪੁਤਿਨ ਦੇ ਦਰਮਿਆਨ ਪੂਰਬੀ ਯੂਕਰੇਨ 'ਚ
ਸਥਾਈ ਜੰਗਬੰਦੀ 'ਤੇ ਸਹਿਮਤੀ ਬਣ ਗਈ ਹੈ। ਬੁੱਧਵਾਰ ਨੂੰ ਇਹ ਜਾਣਕਾਰੀ ਰਾਸ਼ਟਰਪਤੀ
ਪੇਰੋਸ਼ੈਂਕੋ ਦੇ ਪ੍ਰੈਸ ਦਫ਼ਤਰ ਨੇ ਇੱਕ ਬਿਆਨ ਵਿੱਚ ਦਿੱਤੀ। ਹਾਲਾਂਕਿ ਕ੍ਰੇਮਲਿਨ ਨੇ ਜ਼ੋਰ
ਦੇ ਕੇ ਕਿਹਾ ਕਿ ਪੁਤਿਨ ਨੇ ਅਜਿਹੇ ਕਿਸੇ ਵੀ ਜੰਗਬੰਦੀ 'ਤੇ ਸਹਿਮਤੀ ਨਹੀਂ ਦਿੱਤੀ ਹੈ।
ਯੂਕਰੇਨ ਦੇ ਰਾਸ਼ਟਰਪਤੀ ਦਫ਼ਤਰ ਤੋਂ ਜਾਰੀ ਬਆਨ ਵਿੱਚ ਕਿਹਾ ਗਿਆ ਹੈ ਕਿ ਦੋਵੇਂ
ਰਾਸ਼ਟਰਪਤੀਆਂ ਦੇ ਦਰਮਿਆਨ ਟੈਲੀਫੋਨ 'ਤੇ ਹੋਈ ਗੱਲਬਾਤ ਵਿੱਚ ਪੂਰਬੀ ਯੂਕਰੇਨ ਵਿੱਚ ਸ਼ਾਂਤੀ
ਲਈ ਚੁੱਕੇ ਜਾਣ ਵਾਲੇ ਕਦਮਾਂ 'ਤੇ ਸਹਿਮਤੀ ਬਣ ਗਈ ਹੈ।
ਦੂਜੇ ਪਾਸੇ ਰੂਸ ਦੇ
ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਬੁਲਾਰੇ ਦਿਮਿੱਤਰੀ ਪੇਸਕੋਵ ਨੇ ਕਿਹਾ ਹੈ ਕਿ ਰਾਸ਼ਟਰਪਤੀ
ਪੁਤਿਨ ਯੂਕਰੇਨ ਵਿੱਚ ਜੰਗਬੰਦੀ ਲਈ ਸਹਿਮਤ ਨਹੀਂ ਸਨ, ਕਿਉਂਕਿ ਇਸ ਵਿਵਾਦ ਵਿੱਚ ਰੂਸ
ਕੋਈ ਧਿਰ ਨਹੀਂ ਹੈ। ਬੁਲਾਰੇ ਮੁਤਾਬਕ ਯੂਕਰੇਨ ਦੇ ਰਾਸ਼ਟਰਪਤੀ ਪੇਟਰੋ ਪੇਰੋਸ਼ੈਂਕੋ ਨਾਲ
ਫੋਨ 'ਤੇ ਹੋਈ ਗੱਲਬਾਤ ਵਿੱਚ ਪੁਤਿਨ ਨੇ ਸਿਰਫ਼ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਲੜਾਈ ਨੂੰ
ਕਿਵੇਂ ਖ਼ਤਮ ਕੀਤਾ ਜਾਵੇ।
ਇਸ ਤੋਂ ਪਹਿਲਾਂ ਯੂਕਰੇਨ ਦੇ ਰਾਸ਼ਟਰਪਤੀ ਪੇਰੋਸ਼ੈਂਕ ਨੇ
ਕਿਹਾ ਸੀ ਕਿ ਪੁਤਿਨ ਨਾਲ ਗੱਲਬਾਤ ਵਿੱਚ ਪੁਤਿਨ ਰੂਸ ਸਮਰਥਕ ਵਿਦਰੋਹੀਆਂ ਨਾਲ ਸਥਾਈ
ਜੰਗਬੰਦੀ ਲਈ ਸਹਿਮਤ ਹੋ ਗਏ ਹਨ। ਯੂਕਰੇਨ ਦੇ ਪੂਰਬੀ ਹਿੱਸੇ ਵਿੱਚ ਪਿਛਲੇ ਕੁਝ ਮਹੀਨਿਆਂ
ਤੋਂ ਸਰਕਾਰ ਅਤੇ ਵਿਦਰੋਹੀਆਂ ਦੇ ਦਰਮਿਆਨ ਲੜਾਈ ਚੱਲ ਰਹੀ ਹੈ, ਜਿਸ ਵਿੱਚ 2000 ਤੋਂ ਵਧ
ਮੌਤਾਂ ਹੋ ਚੁੱਕੀਆਂ ਹਨ। ਰਾਸ਼ਟਰਪਤੀ ਪੇਰੋਸ਼ੈਂਕ ਦੇ ਦਫ਼ਤਰਨੇ ਕਿਹਾ ਕਿ ਦੋਵੇਂ ਧਿਰਾਂ ਦੇ
ਦਰਮਿਆਨ ਹੋਈ ਗੱਲਬਾਤ ਵਿੱਚ ਡਾਨਬਾਸ ਖੇਤਰ ਵਿੱਚ ਸਥਾਈ ਜੰਗਬੰਦੀ 'ਤੇ ਸਹਿਮਤੀ ਬਣੀ ਹੈ।
ਦੋਵੇਂ ਸ਼ਾਂਤੀ ਲਈ ਸਾਂਝਾ ਕਦਮ ਚੁੱਕਣ ਨੂੰ ਤਿਆਰ ਹੋ ਗਏ ਹਨ। ਇਹ ਐਲਾਨ ਉਸ ਸਮੇਂ ਹੋਇਆ,
ਜਦੋਂ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨਾਟੋ ਸੰਮੇਲਨ ਵਿੱਚ ਹਿੱਸਾ ਲੈਣ ਤੋਂ ਪਹਿਲਾਂ
ਅਸਟੋਨੀਆ ਵਿੱਚ ਹਨ।