ਸਿੱਖਿਆ ਉੱਪਰ ਨਵਉਦਾਰਵਾਦੀ ਹਮਲਿਆਂ ਖਿਲਾਫ ਸਾਂਝਾ ਮੰਚ ਉਸਾਰਨ ਦਾ ਸੱਦਾ
Posted on:- 29-08-2014
‘ਆਲ ਇੰਡੀਆ ਫੋਰਮ ਫਾਰ ਰਾਇਟ ਟੂ ਐਜ਼ੂਕੇਸ਼ਨ’ ਦੇ ਮੈਂਬਰ ਬੋਰਡ ਆਫ ਐਡਵਾਇਜ਼ਰ ਪ੍ਰੋ. ਜਗਮੋਹਨ ਸਿੰਘ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ‘ਸਿੱਖਿਆ ਉਪਰ ਬਜ਼ਾਰੀਕਰਨ/ਵਪਾਰੀਕਰਨ ਦਾ ਹਮਲਾ ਤੇ ਸਮਾਨ (ਬਰਾਬਰ) ਸਕੂਲ ਵਿਵਸਥਾ ਦੇ ਨਿਰਮਾਣ ਦੀ ਲੜਾਈ’ ਨੂੰ ਲੈ ਕੇ ਸਮੁੱਚੇ ਦੇਸ਼ ਅੰਦਰ ਵਿਸ਼ਾਲ ‘ਸਿੱਖਿਆ ਸੰਘਰਸ਼ ਯਾਤਰਾ’ ਦੀ ਤਿਆਰੀ ਵਜੋਂ ਅਤੇ ‘ਆਲ ਇੰਡੀਆ ਫੋਰਮ ਫਾਰ ਰਾਇਟ ਟੂ ਐਜ਼ੂਕੇਸ਼ਨ’ ਦੀ ਅਗਵਾਈ ‘ਚ ਪੰਜਾਬ ‘ਚ ਸਾਂਝਾ ਮੰਚ ਉਸਾਰਨ ਬਾਰੇ ਵਿਚਾਰ-ਵਟਾਂਦਰਾ ਕਰਨ ਲਈ 31 ਅਗਸਤ ਦਿਨ ਐਤਵਾਰ ਨੂੰ ਗੁਰਸ਼ਰਨ ਕਲਾ ਭਵਨ ਮੁਲਾਂਪੁਰ ਵਿਖੇ ਸਵੇਰੇ 11 ਵਜੇ ਸਾਂਝੀ ਮੀਟਿੰਗ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਬੀਤੇ ਦੋ ਵਰ੍ਹਿਆਂ ਤੋਂ ਦੇਸ਼ ਦੇ ਲਗਭਗ 20 ਸੂਬਿਆਂ ਦੀਆਂ ਅਗਾਂਹਵਧੂ ਸ਼ਕਤੀਆਂ ਤੇ ਵਿਦਿਅਕ ਮਾਹਰਾਂ ਦੇ ਸਹਿਯੋਗ ਨਾਲ ਦੇਸ਼ ਪੱਧਰ ‘ਤੇ ‘ਆਲ ਇੰਡੀਆਂ ਫੋਰਮ ਫਾਰ ਰਾਇਟ ਟੂ ਐਜ਼ੂਕੇਸ਼ਨ’, ਬਰਾਬਰ, ਮੁਫ਼ੳਮਪ;ਤ, ਜਮਹੂਰੀ, ਵਿਗਿਆਨਕ ਤੇ ਮਿਆਰੀ ਸਿੱਖਿਆ ਹਾਸਲ ਕਰਨ ਦੀ ਲੜਾਈ ਲੜ੍ਹ ਰਿਹਾ ਹੈ। ਇਸ ਫੋਰਮ ਨੇ ਜੁਲਾਈ 2012 ‘ਚ ਚੇਨੱਈ ਤੋਂ ਸਿੱਖਿਆ ਖੇਤਰ ਨੂੰ ਨਵਉਦਾਰਵਾਰੀ ਤੇ ਹੋਰ ਸੌੜੇ ਹਮਲਿਆਂ ਤੋਂ ਬਚਾਉਣ ਲਈ ‘ਚੇਨੱਈ ਐਲਾਨਨਾਮਾ’ ਜਾਰੀ ਕਰਕੇ ਇਕ ਦੇਸ਼ਵਿਆਪੀ ਸੰਘਰਸ਼ ਦਾ ਬਿਗਲ ਵਜਾਇਆ ਹੋਇਆ ਹੈ। ਇਸ ਸਮੇਂ ਇਨਕਲਾਬੀ ਨੌਜਵਾਨ-ਵਿਦਿਆਰਥੀ ਮੰਚ ਦੇ ਕਨਵੀਨਰ ਮਨਦੀਪ ਨੇ ਦੱਸਿਆ ਕਿ ਫੋਰਮ ਵੱਲੋਂ ਲਗਾਤਾਰ ਸਮੁੱਚੇ ਭਾਰਤ ਦੇ ਸਿੱਖਿਆ ਸ਼ਾਸ਼ਤਰੀਆਂ, ਅਗਾਂਹਵਧੂ ਅਧਿਆਪਕਾਂ, ਸੂਝਵਾਨ ਵਿਦਿਆਰਥੀਆਂ, ਚੇਤੰਨ ਮਾਪਿਆਂ, ਲੋਕਪੱਖੀ ਲੇਖਕਾਂ ਤੇ ਹੋਰ ਅਗਾਂਹਵਧੂ ਲੋਕਾਂ ਦੀ ਵਿਸ਼ਾਲ ਲਾਮਬੰਦੀ ਕੀਤੀ ਜਾ ਰਹੀ ਹੈ।
ਇਸ ਲਾਮਬੰਦੀ ਦੌਰਾਨ ਗੁਣਾਤਮਕ ਤੇ ਬਰਾਬਰ ਵਿਦਿਅਕ ਵਿਵਸਥਾ ਦੀ ਉਸਾਰੀ ਲਈ ਵਿਦਿਅਕ ਵਰਕਸ਼ਾਪਾਂ, ਮੀਟਿੰਗਾਂ, ਰੈਲੀਆਂ, ਵਿਚਾਰ-ਗੋਸ਼ਟੀਆਂ, ਸੈਮੀਨਾਰ ਆਦਿ ਦੇ ਨਾਲ-ਨਾਲ ਸਿੱਖਿਆ ਖੇਤਰ ਸਬੰਧੀ ਮਹੱਤਵਪੂਰਨ ਲਿਖਤਾਂ ਵਾਲੇ ਪੈੱਫਲਿਟ, ਕਿਤਾਬਚੇ, ਲੀਫਲੈੱਟ ਆਦਿ ਵੀ ਪ੍ਰਕਾਸ਼ਿਤ ਕੀਤੇ ਜਾ ਰਹੇ ਹਨ। ਫੋਰਮ ਦਾ ਟੀਚਾ ਹੈ ਕਿ ਸਮਾਨ ਤੇ ਗੁਣਾਤਮਕ ਸਿੱਖਿਆ ਵਿਵਸਥਾ ਲਈ ਸੰਘਰਸ਼ ਨੂੰ ਹੋਰ ਤੇਜ ਕਰਦਿਆਂ ਨਵੰਬਰ 2014 ‘ਚ ਸਮੁੱਚੇ ਭਾਰਤ ਅੰਦਰ ਵਿਸ਼ਾਲ ਸਿੱਖਿਆ ਸੰਘਰਸ਼ ਯਾਤਰਾ ਕੱਢੀ ਜਾਵੇ। ਇਹ ਵਿਸ਼ਾਲ ਕਾਫਲਾ ਜਿਸ ਵੀ ਸੂਬੇ ਵਿੱਚੋਂ ਗੁਜਰੇਗਾ, ਉੱਥੇ ਇਸਦੇ ਕੇਂਦਰੀ ਕਮੇਟੀ ਮੈਂਬਰ ਵਿਦਿਅਕ ਵਰਕਸ਼ਾਪਾਂ ਤੇ ਸੈਮੀਨਾਰ ਅਯੋਜਿਤ ਕਰਨਗੇ। ਫੋਰਮ ਦੇ ਪ੍ਰੀਜ਼ੀਡੀਅਮ ਮੈਂਬਰ ਕੰਵਲਜੀਤ ਖੰਨਾ ਨੇ ਕਿਹਾ ਕਿ ਪੰਜਾਬ ਦੀਆਂ ਸਮੂਹ ਸੰਘਰਸ਼ਸ਼ੀਲ ਤੇ ਇਨਸਾਫਪਸੰਦ ਜੱਥੇਬੰਦੀਆਂ ਨੂੰ ਪੰਜਾਬ ਅੰਦਰ ਸਿੱਖਿਆ ਨੂੰ ਨਵਉਦਾਰਵਾਦੀ ਹਮਲਿਆਂ ਤੋਂ ਬਚਾਉਣ ਤੇ ਸਮਾਨ ਸਕੂਲ ਵਿਵਸਥਾ ਦੀ ਲੜਾਈ ਨੂੰ ਲੈ ਕੇ ਇਕ ਵਿਸ਼ਾਲ ਸਾਂਝਾ ਮੰਚ ਬਣਾਉਣ ਦੀ ਲੋੜ ਨੂੰ ਸੰਬੋਧਿਤ ਹੋਇਆ ਜਾਣਾ ਚਾਹੀਦਾ ਹੈ। ਇਸਤੇ ਖੁੱਲ੍ਹਕੇ ਵਿਚਾਰ-ਵਟਾਂਦਰਾ ਕਰਨ ਲਈ ਆਪਣੇ ਅਣਮੁੱਲੇ ਸੁਝਾਅ, ਟਿੱਪਣੀਆਂ ਤੇ ਸਹਿਯੋਗ ਨੂੰ ਸਾਂਝਾ ਕਰਨ ਲਈ ਮੀਟਿੰਗ ‘ਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਪੰਜਾਬ ਦੀਆਂ ਸਭਨਾਂ ਸੰਘਰਸ਼ਸ਼ੀਲ ਨੌਜਵਾਨ, ਵਿਦਿਆਰਥੀ, ਅਧਿਆਪਕ, ਬੇਰੁਜਗਾਰ ਜੱਥੇਬੰਦੀਆਂ, ਲੇਖਕ ਸਭਾਵਾਂ, ਸਿੱਖਿਆ ਸ਼ਾਸ਼ਤਰੀਆਂ ਤੇ ਹੋਰ ਜਨਤਕ-ਜਮਹੂਰੀ ਜੱਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਮੀਟਿੰਗ ‘ਚ ਪੁੱਜਣ ਦੀ ਅਪੀਲ ਕੀਤੀ।