ਹਜਕਾਂ ਤੇ ਭਾਜਪਾ ਗੱਠਜੋੜ ਦਾ ਅੰਤ
Posted on:- 28-08-2014
ਚੰਡੀਗੜ੍ਹ :
ਕਈ
ਤਰ੍ਹਾਂ ਦੀਆਂ ਕਿਆਸਰਾਈਆਂ ਤੋਂ ਬਾਅਦ ਅੱਜ ਅਖੀਰ ਨੂੰ ਹਰਿਆਣਾ 'ਚ ਤਿੰਨ ਸਾਲ ਪੁਰਾਣਾ
ਹਜਕਾਂ ਤੇ ਭਾਜਪਾ ਦਾ ਗੱਠਜੋੜ ਟੁੱਟ ਗਿਆ। ਸਥਾਨਕ ਪ੍ਰੈਸ ਕਲੱਬ ਵਿਖੇ ਇਕ ਪੱਤਰਕਾਰ
ਸੰਮੇਲਨ 'ਚ ਹਜਕਾ ਦੇ ਆਗੂ ਕੁਲਦੀਪ ਬਿਸ਼ਨੋਈ ਨੇ ਇਹ ਗੱਠਜੋੜ ਤੋੜਣ ਦਾ ਐਲਾਨ ਕੀਤਾ।
ਉਨ੍ਹਾਂ ਕਿਹਾ ਕਿ ਇਸ ਗੱਠਜੋੜ ਨੂੰ ਤੋੜਣ ਲਈ ਭਾਜਪਾ ਜਿੰਮੇਵਾਰ ਹੈ ਕਿਉਂਕਿ ਭਾਜਪਾ ਨੇ
ਉਨ੍ਹਾਂ ਦੀ ਪਾਰਟੀ ਨਾਲ ਵਿਸ਼ਵਾਸਘਾਤ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦਾ ਵਿਸ਼ਵਾਸਘਾਤ
ਕਰਨ 'ਚ ਪੁਰਾਣਾ ਇਤਹਾਸ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਪਹਿਲਾਂ ਭਗਵਤ ਦਿਆਲ
ਸ਼ਰਮਾ, ਚੌਧਰੀ ਦੇਵੀ ਲਾਲ, ਚੌਧਰੀ ਬੰਸੀ ਲਾਲ ਤੇ ਓਮ ਪ੍ਰਕਾਸ਼ ਜਿਹੇ ਆਗੂਆਂ ਨਾਲ
ਵਿਸ਼ਵਾਸਘਾਤ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਾਲ 2011'ਚ ਜਦੋਂ ਉਨ੍ਹਾਂ ਦੀ ਪਾਰਟੀ ਨੇ
ਭਾਜਪਾ ਨਾਲ ਗੱਠਜੋੜ ਕੀਤਾ ਸੀ ਤਾਂ ਉਦੋਂ ਕਈ ਲੋਕਾਂ ਨੇ ਉਨ੍ਹਾਂ ਨੂੰ ਇਸ ਸਬੰਧੀ ਸੁਚੇਤ
ਕੀਤਾ ਸੀ ਪਰ ਉਨ੍ਹਾਂ ਨੇ ਉਸ ਸਮੇਂ ਕਾਂਗਰਸ ਨੂੰ ਸਤਾ ਤੋਂ ਦੂਰ ਰੱਖਣ ਲਈ ਇਹ ਗੱਠਜੋੜ
ਕੀਤਾ। ਉਨ੍ਹਾਂ ਕਿਹਾ ਕਿ ਇਹ ਗੱਠਜੋੜ ਲਿਖਤੀ ਰੂਪ 'ਚ ਹੋਇਆ ਸੀ ਤੇ ਇਸ 'ਤੇ ਭਾਜਪਾ ਦੇ
ਚਾਰ ਸੀਨੀਅਰ ਆਗੂਆਂ ਦੇ ਹਸਤਾਖਰ ਹਨ।
ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ 'ਚ ਭਾਜਪਾ
ਅਕਾਲੀ ਦਲ ਦੇ ਰਾਹੀਂ ਇਨੈਲੋ ਦੇ ਉਮੀਦਵਾਰਾਂ ਦਾ ਸਮਰਥਨ ਕਰਦੀ ਰਹੀ। ਉਨ੍ਹਾਂ ਕਿਹਾ ਕਿ
ਉਨ੍ਹਾਂ ਨੂੰ ਭਾਜਪਾ ਨੇ ਕਿਸੇ ਵੀ ਰੈਲੀ 'ਚ ਨਹੀਂ ਸੱਦਿਆ ਭਾਵੇ ਉਹ ਅਮਿਤ ਸ਼ਾਹ ਦੀ
ਮਹਿੰਦਰਗੜ੍ਹ, ਜੀਂਦ ਤੇ ਮੋਦੀ ਦੀ ਕੈਥਲ ਰੈਲੀ ਸੀ। ਉਨ੍ਹਾਂ ਕਿਹਾ ਕਿ ਉਹ ਹੁਣ ਵਿਨੋਦ
ਸ਼ਰਮਾ ਦੀ ਪਾਰਟੀ ਜਨ ਚੇਤਨਾ ਪਾਰਟੀ(ਜੇਸੀਪੀ) ਨਾਲ ਗੱਠਜੋੜ ਕਰਕੇ ਸੂਬੇ ਦੀਆਂ ਵਿਧਾਨ ਸਭਾ
ਚੋਣਾਂ ਲੜਣਗੇ। ਇਸ ਮੌਕੇ ਵਿਨੋਦ ਸ਼ਰਮਾ ਵੀ ਮੌਜੂਦ ਸਨ ਤੇ ਉਨ੍ਹਾਂ ਨੇ ਇਸ ਗੱਠਜੋੜ ਦੀ
ਹਾਮੀ ਭਰਦੇ ਹੋਏ ਕਿਹਾ ਕਿ ਇਸ ਗੱਠਜੋੜ ਦੀ ਜਿੱਤ ਤੋਂ ਬਾਅਦ ਕੁਲਦੀਪ ਬਿਸ਼ਨੋਈ ਹੀ ਮੁੱਖ
ਮੰਤਰੀ ਹੋਣਗੇ। ਜਦੋਂ ਉਨ੍ਹਾਂ ਨੂੰ ਸੀਟਾਂ ਦੀ ਵੰਡ ਬਾਰੇ ਪੁਛਿਆ ਗਿਆ ਤਾਂ ਉਨ੍ਹਾਂ ਕਿਹਾ
ਕਿ ਇਸ ਦਾ ਫੈਸਲਾ ਜਲਦ ਕਰ ਲਿਆ ਜਾਵੇਗਾ। ਇਸੇ ਤਰ੍ਹਾਂ ਹਜਕਾ ਆਪਣਾ ਚੋਣ ਮਨੋਰਥ ਪੱਤਰ
29 ਅਗਸਤ ਨੂੰ ਚੰਡੀਗੜ੍ਹ ਵਿਖੇ ਜਾਰੀ ਕਰੇਗੀ। ਦੂਜੇ ਪਾਸੇ ਭਾਜਪਾ ਨੇ ਇਸ ਗੱਠਜੋੜ ਨੂੰ
ਤੋੜਣ ਲਈ ਕੁਲਦੀਪ ਬਿਸ਼ਨੋਈ ਨੂੰ ਜਿੰਮੇਵਾਰ ਦੱਸਿਆ ਹੈ। ਪਾਰਟੀ ਦੇ ਆਗੂ ਸ਼ਾਹਨਵਾਜ ਹੁਸੈਨ
ਨੇ ਕਿਹਾ ਕਿ ਹਜਕਾ ਕਾਂਗਰਸ ਦੀ ਬੀ ਟੀਮ ਬਣ ਕੇ ਨਿਤਰੀ ਹੈ।