ਕੈਲਗਰੀ ਸ਼ਹਿਰ ਵਿਚ ਸ਼ੁਰੂ ਹੋਇਆ ਪੰਜ ਰੋਜ਼ਾ ਪੁਸਤਕ ਮੇਲਾ
Posted on:- 28-08-2014
-ਬਲਜਿੰਦਰ ਸੰਘਾ
ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਦੀਆਂ ਵਲੰਟੀਅਰ ਸੇਵਾਵਾਂ ਨਾਲ ਚੇਤਨਾ ਪ੍ਰਕਾਸ਼ਨ ਲੁਧਿਆਣਾ ਵੱਲੋਂ ਲਗਾਤਾਰ ਪੰਜ ਦਿਨ ਚੱਲਣ ਵਾਲਾ ਪੰਜਾਬੀ ਪੁਸਤਕ ਮੇਲਾ ਕੈਲਗਰੀ ਵਿਚ ਕੱਲ 26 ਅਗਸਤ ਤੋਂ ਸ਼ੁਰੂ ਹੋ ਗਿਆ ਹੈ। ਚੇਤਨਾ ਪ੍ਰਕਾਸ਼ਨ ਦੇ ਸ਼ਤੀਸ਼ ਗੁਲਾਟੀ ਨੇ ਦੱਸਿਆ ਕਿ ਬਹੁਤ ਸਾਰੇ ਨਵੇਂ ਟਾਈਟਲਾਂ ਦੇ ਨਾਲ ਦੋ ਹਜ਼ਾਰ ਦੇ ਕਰੀਬ ਕਿਤਾਬਾਂ ਦੇ ਟਾਈਟਲ ਇਸ ਪੁਸਤਕ ਮੇਲੇ ਵਿਚ ਪਰਦਰਸਿ਼ਤ ਹਨ। ਇਹ ਕਿਤਾਬ ਪਰਦਰਸ਼ਨੀ ਮੇਲਾ ਕੈਲਗਰੀ ਦੇ ਗਰੀਨ ਪਲਾਜ਼ੇ ਵਿਚ ਲੱਗ ਗਿਆ ਹੈ, 26 ਤਰੀਕ ਨੂੰ ਠੀਕ 11 ਵਜੇ ਰਸਮੀਂ ਉਦਘਾਟਨ ਜਸਵੰਤ ਸਿੰਘ ਗਿੱਲ ਅਤੇ ਹੋਰ ਹਸਤੀਆਂ ਵੱਲੋਂ ਕੀਤਾ ਗਿਆ।
ਪਿਛਲੇ ਸਾਲ ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਦੇ ਉਪਰਾਲੇ ਨਾਲ 700 ਤੋਂ ਵੱਧ ਕਿਤਾਬਾਂ ਰਾਹੀ ਪੰਜਾਬੀ ਸਾਹਿਤ ਕੈਲਗਰੀ ਦੇ ਪੰਜਾਬੀਆਂ ਦੇ ਘਰਾਂ ਤੱਕ ਪਹੁੰਚਿਆ ਸੀ, ਤੇ ਇਸ ਸਾਲ ਵੀ ਇਸ ਮੇਲੇ ਪ੍ਰਤੀ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ। ਕੈਲਗਰੀ ਨਿਵਾਸੀ ਆਪਣੀਆਂ ਮਨ ਪਸੰਦ ਪੁਸਤਕਾਂ ਤੱਕ ਸਿੱਧੀ ਪਹੁੰਚ ਕਰਦੇ ਹੋਏ ਪੰਜ ਦਿਨ ਸਵੇਰ ਦੇ ਤਕਰੀਬਨ 10 ਵਜੇ ਤੋਂ ਸ਼ਾਮ ਦੇ 7 ਵਜੇ ਤੱਕ ਇਸ ਮੇਲੇ ਦਾ ਫਾਇਦਾ ਉਠਾ ਸਕਦੇ ਹਨ। ਸ਼ਤੀਸ਼ ਗੁਲਾਟੀ ਨੇ ਦੱਸਿਆ ਕਿ ਕੈਲਗਰੀ ਬੇਸ਼ਕ ਹੋਰ ਵੱਡੇ ਸ਼ਹਿਰਾਂ ਦੇ ਮੁਕਾਬਲੇ ਪੰਜਾਬੀਆਂ ਦੀ ਘੱਟ ਵਸੋਂ ਵਾਲਾ ਸ਼ਹਿਰ ਹੈ, ਪਰ ਇੱਥੇ ਦੀਆਂ ਸਾਹਿਤਕ ਸੰਸਥਾਵਾਂ ਦੇ ਪੂਰਾ ਸਰਗਰਮ ਹੋਣ ਕਾਰਨ ਪੰਜਾਬੀਆਂ ਦੀਆਂ ਸਾਹਿਤਕ ਰੁਚੀਆਂ ਤਸੱਲੀਬਖ਼ਸ਼ ਹਨ।
ਇਸਦਾ ਸਿਹਰਾ ਉਹਨਾਂ ਸਾਰੀਆਂ ਸਾਹਿਤਕ ਸੰਸਥਾਂਵਾਂ ਵਲੋਂ ਗਰਾਸ ਲੈਵਲ ਤੇ ਕੀਤੇ ਜਾ ਰਹੇ ਪੰਜਾਬੀਅਤ ਦੇ ਉਸਾਰੂ ਕੰਮਾਂ ਨੂੰ ਦਿੰਦਿਆ ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਸਦੇ ਕਾਰਜਕਾਰੀ ਮੈਂਬਰ ਇਸ ਮੇਲੇ ਵਿਚ ਪੂਰਾ ਅਤੇ ਹਰ ਤਰ੍ਹਾਂ ਦਾ ਸਹਿਯੋਗ ਕਰਦੇ ਹੋਏ ਆਪਣੇ ਰੁਝੇਵਿਆਂ ਵਿਚੋਂ ਸਮਾਂ ਕੱਢਕੇ ਵਲੰਟੀਅਰ ਸੇਵਾਵਾਂ ਦਿੰਦੇ ਹਨ। ਪੁਸਤਕਾਂ ਆਪਣੇ ਵਿਰਸੇ ਨੂੰ ਜਾਨਣ, ਸੱਭਿਆਚਾਰ ਦੇ ਅਮੀਰ ਰੰਗਾਂ ਨੂੰ ਮਾਨਣ ਅਤੇ ਜ਼ਿੰਦਗੀ ਦੇ ਸਾਰੇ ਰਹੱਸਾਂ ਨੂੰ ਹਰ ਗਹਿਰਾਈ ਨਾਲ ਆਪਣੇ ਵਿਚ ਸਮੋਈ ਬੈਠੀਆਂ ਹਨ। ਸਾਹਿਤ ਨਾਲ ਸਬੰਧ ਰੱਖਣ ਵਾਲੇ ਕੈਲਗਰੀ ਦੇ ਪੰਜਾਬੀ ਬੋਬੀ ਡੋਡ ਦੇ ਵਿਸ਼ੇਸ਼ ਸਹਿਯੋਗ ਕਾਰਨ ਗਰੀਨ ਪਲਾਜਾ 4818 ਵੈਸਟਵਾਈਡ ਡਰਾਈਵ ਨਾਰਥ ਈਸਟ ਤੇ ਲੱਗੇ ਇਸ ਮੇਲੇ ਦਾ ਵੱਧ ਤੋਂ ਵੱਧ ਫਾਇਦਾ ਲੈ ਸਕਦੇ ਹਨ।