ਗਲੀ 'ਤੇ ਨਜਾਇਜ਼ ਕਬਜ਼ਾ : ਅਕਾਲੀ ਵਰਕਰ ਦੀ ਪ੍ਰਸ਼ਾਸਨ ਸੁਣਨ ਨੂੰ ਤਿਆਰ ਨਹੀਂ
Posted on:- 27-08-2014
ਡੱਬਵਾਲੀ :
ਨੇੜਲੇ
ਪਿੰਡ ਮਿੱਡੂਖੇੜਾ ਵਿਖੇ ਇੱਕ ਗਲੀ 'ਤੇ ਨਜਾਇਜ਼ ਕਬਜ਼ੇ ਖਿਲਾਫ਼ ਕਾਰਵਾਈ ਪ੍ਰਸ਼ਾਸਨ ਲਈ ਖਾਲਾ
ਜੀ ਦਾ ਵਾੜਾ ਬਣਿਆ ਹੈ। ਇਸ ਮਾਮਲੇ 'ਚ ਲਗਪਗ ਦੋ ਤਿੰਨ ਮਹੀਨੇ ਤੋਂ ਸਰਕਾਰੇ-ਦਰਬਾਰੇ
ਚਾਰਾਜ਼ੋਈ ਕਰਦੇ ਅਕਾਲੀ ਵਰਕਰ ਨੌਜਵਾਨ ਦੀ ਪ੍ਰਸ਼ਾਸਨ 'ਚ ਕੋਈ ਸੁਣਨ ਨੂੰ ਤਿਆਰ ਨਹੀਂ। ਉਕਤ
ਅਕਾਲੀ ਨੌਜਵਾਨ ਦਾ ਕਹਿਣਾ ਹੈ ਕਿ ਉਹ ਤਿੰਨ ਵਾਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ
ਨਿੱਜੀ ਤੌਰ 'ਤੇ ਮਿਲ ਕੇ ਇਨਸਾਫ਼ ਦੀ ਗੁਹਾਰ ਲਾ ਚੁੱਕਿਆ ਹੈ ਇਸਦੇ ਬਾਵਜੂਦ ਅੱਜ ਤੱਕ ਕੋਈ
ਮੌਕਾ ਤੱਕ ਵੇਖਣ ਨਹੀਂ ਬਹੁੜਿਆ।
ਜ਼ਿਕਰਯੋਗ ਹੈ ਕਿ ਪੰਚਾਇਤ ਸੰਮਤੀ ਲੰਬੀ ਦੇ
ਚੇਅਰਮੈਨ ਗੁਰਬਖਸ਼ੀਸ਼ ਸਿੰਘ 'ਵਿੱਕੀ ਮਿੱਡੂਖੇੜਾ ਵੀ ਇਸੇ ਪਿੰਡ ਦੇ ਵਸਨੀਕ ਹਨ। ਅੱਜ ਪਿੰਡ
ਮਿੱਡੂਖੇੜਾ ਦੇ ਅਕਾਲੀ ਵਰਕਰ ਸੁਰਿੰਦਰਪਾਲ ਸਿੰਘ ਪੁੱਤਰ ਗੁਰਰਾਜ ਸਿੰੰਘ ਨੇ ਦੱਸਿਆ ਕਿ
ਪਿੰਡ ਮਿੱਡੂਖੇੜਾ ਵਿਖੇ ਉਸਦੇ ਘਰ ਦੇ ਸਾਹਮਣੇ ਵਾਲੀ ਗਲੀ 'ਤੇ ਰਾਜਵੰਤ ਸਿੰਘ ਵਗੈਰਾ ਨੇ
ਕਥਿਤ ਤੌਰ 'ਤੇ ਕੰਡਿਆਲੀ ਤਾਰ ਲਗਾ ਆਪਣੇ ਵਾਹੀਯੋਗ ਰਕਬੇ ਵਿਚ ਮਿਲਾ ਲਿਆ ਹੈ। ਜਦੋਂਕਿ
ਇਸ ਗਲੀ ਦੇ ਅੱਧੇ ਹਿੱਸੇ 'ਚ ਸੀਵਰੇਜ਼ ਪਿਆ ਹੈ ਅਤੇ ਸਰਕਾਰ ਵੱਲੋਂ ਇੱਟਾਂ ਦਾ ਖੜਵੰਜਾ
ਲੱਗਿਆ ਹੋਇਆ ਹੈ।
ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਮਾਲ ਵਿਭਾਗ ਦੀ ਜਮ੍ਹਾਂ ਬੰਦੀ ਨਕਲ
ਵਿਚ ਵੀ ਉਕਤ ਗਲੀ ਗਰਾਮ ਪੰਚਾਇਤ ਦੀ ਮਾਲਕੀ ਹੇਠ ਹੈ ਅਤੇ ਕਾਸ਼ਤਕਾਰ ਵੇਰਵਿਆਂ ਵਿਚ ਸ਼ਰੇਆਮ
ਦਰਜ ਹੈ। ਉਨ੍ਹਾਂ ਦੇ ਮੁਤਾਬਕ ਮੁਰੱਬਾ ਅਤੇ ਖਸਰਾ ਨੰਬਰ 207 ਵਿਚ ਬਕਾਇਦਾ ਤੌਰ 'ਤੇ 2
ਕਨਾਲ 12 ਮਰਲੇ ਗੈਰਮੁਮਕਿਨ ਰਾਸਤਾ ਹੈ। ਸੁਰਿੰਦਰਪਾਲ ਸਿੰਘ ਨੇ ਆਖਿਆ ਕਿ ਉਕਤ ਗਲੀ 'ਤੇ
ਕਬਜ਼ੇ ਉਨ੍ਹਾਂ ਦੇ ਘਰ ਨੂੰ ਆਉਣ ਵਾਲੀ 24 ਘੰਟੇ ਬਿਜਲੀ ਦੀ ਲਾਈਨ ਨਹੀਂ ਪੈ ਸਕੀ ਅਤੇ
ਲੋਕਾਂ ਨੂੰ ਗਲੀ ਬੰਦ ਹੋਣ ਕਰਕੇ ਆਵਾਜਾਈ 'ਚ ਵੀ ਬਹੁਤ ਦਿੱਕਤ ਹੁੰਦੀ ਹੈ। ਸੁਰਿੰਦਰ
ਸਿੰਘ ਨੇ ਆਖਿਆ ਕਿ ਉਹ ਪਿਛਲੇ 2-3 ਮਹੀਨੇ ਦੌਰਾਨ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਤਿੰਨ
ਵਾਰ ਮਿਲ ਕੇ ਉਕਤ ਗਲੀ ਨੂੰ ਖੁੱਲ੍ਹਵਾਉਣ ਬਾਰੇ ਗੁਜਾਰਿਸ਼ ਕਰ ਚੁੱਕਿਆ ਹੈ ਪਰ ਹਰ ਵਾਰ
ਹੇਠਲੇ ਪ੍ਰਸ਼ਾਸਨ ਕੋਲ ਤਿੱਖੇ ਸਿਆਸੀ ਦਬਾਅ ਹੇਠਾਂ ਫਾਈਲ ਦੱਬ ਕੇ ਰਹਿ ਜਾਂਦੀ ਹੈ। ਉਸਨੇ
ਆਖਿਆ ਕਿ ਬੀ.ਡੀ.ਪੀ.ਓ. ਲੰਬੀ ਨੂੰ ਵੀ ਕਈ ਵਾਰ ਮਿਲਿਆ ਹੈ ਪਰ ਉਨ੍ਹਾਂ ਤੋਂ ਕਦੇ ਕੋਈ
ਸੰਤੁਸ਼ਟੀਜਨਕ ਉੱਤਰ ਨਹੀਂ ਮਿਲਿਆ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਜਸਕਿਰਨ ਸਿੰਘ ਨੇ ਸੰਪਰਕ
ਕਰਨ 'ਤੇ ਆਖਿਆ ਕਿ ਉਹ ਹੁਣੇ ਹੀ ਡੀ.ਡੀ.ਪੀ.ਓ ਪੁੱਛਦੇ ਹਨ। ਜਦੋਂਕਿ ਲੰਬੀ ਦੇ
ਬੀ.ਡੀ.ਪੀ.ਓ. ਸੁਰਿੰਦਰ ਸਿੰਘ ਢਿੱਲੋਂ ਨੇ ਆਖਿਆ ਕਿ ਮਾਮਲਾ ਪੰਚਾਇਤ ਅਫਸਰ ਦੇ ਕੋਲ ਹੈ
ਪਰ ਅਜੇ ਤੱਕ ਮੈਂ ਖੁਦ ਮੌਕਾ ਨਹੀਂ ਵੇਖਿਆ। ਦੂਜੀ ਧਿਰ ਦੇ ਰਾਜਵੰਤ ਸਿੰਘ ਨੇ ਪੱਖ ਜਾਣਨ
ਲਈ ਸੰਪਰਕ ਕਰਨ 'ਤੇ ਆਖਿਆ ਕਿ ਤੁਸੀਂ ਖ਼ਬਰ ਨਾ ਲਾਇਓ, ਮੈਂ ਗੱਲ ਕਰਕੇ ਤੁਹਾਨੂੰ ਦੱਸਦਾ
ਹਾਂ।
Gurpreet Singh
ਕੀ ਗਲੀ ਤੋਂ ਕਬਜ਼ਾ ਹਟ ਗਿਆ ਕਿ ਨਹੀਂ। ਜੇਕਰ ਹਟ ਗਿਆ ਤਾਂ ਕਿਵੇਂ ਹਟਾਇਆ ਗਿਆ ਹੈ ਜੇਕਰ ਨਹੀਂ ਹਟਿਆ ਤਾਂ ਕੀ ਕਾਰਨ ਹਨ ਦੱਸਿਉ ਸਾਡੇ ਪਿੰਡ ਵੀ ਇਹੀ ਰੌਲਾ ਹੈ। 7589075906