ਭਾਜਪਾ ਸੰਸਦੀ ਬੋਰਡ 'ਚੋ’ਂ ਵਾਜਪਾਈ, ਅਡਵਾਨੀ ਤੇ ਮੁਰਲੀ ਮਨੋਹਰ ਜੋਸ਼ੀ ਦੀ ਛੁੱਟੀ
Posted on:- 26-08-2014
ਨਵੀਂ ਦਿੱਲੀ : ਭਾਰਤੀ
ਜਨਤਾ ਪਾਰਟੀ 'ਚ ਪੀੜ੍ਹੀਗਤ ਬਦਲਾਅ ਅੱਜ ਉਸ ਸਮੇਂ ਪੂਰਨ ਹੋ ਗਿਆ, ਜਦੋਂ ਸੰਸਦੀ ਬੋਰਡ
ਵਿੱਚ ਪਾਰਟੀ ਦੇ ਸੰਸਥਾਪਕ ਰਹੇ ਅਟਲ ਬਿਹਾਰੀ ਵਾਜਪਾਈ, ਲਾਲ ਕ੍ਰਿਸ਼ਨ ਅਡਵਾਨੀ ਅਤੇ ਮੁਰਲੀ
ਮਨੋਹਰ ਜੋਸ਼ੀ ਨੂੰ ਥਾਂ ਨਹੀਂ ਦਿੱਤਾ ਗਿਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ
ਪ੍ਰਭਾਵ ਦਰਸਾਉਣ ਵਾਲੇ ਪਾਰਟੀ 'ਚ ਬਦਲਾਅ ਦੇ ਇਸ ਦੌਰ ਵਿੱਚ ਵਾਜਪਾਈ, ਅਡਵਾਨੀ ਅਤੇ ਜੋਸ਼ੀ
ਨੂੰ ਪੰਜ ਮੈਂਬਰੀ ਨਵਗਠਿਤ ''ਮਾਰਗ ਦਰਸ਼ਕ ਮੰਡਲ'' 'ਚ ਥਾਂ ਦਿੱਤੀ ਗਈ ਹੈ।
ਜ਼ਿਕਰਯੋਗ ਹੈ
ਕਿ ਵਾਜਪਾਈ, ਅਡਵਾਨੀ ਤੇ ਜੋਸ਼ੀ ਕਰੀਬ ਚਾਰ ਦਹਾਕਿਆਂ ਤੱਕ ਪਾਰਟੀ ਨਾਲ ਜੁੜੇ ਰਹੇ ਹਨ।
ਤਿੰਨ ਵਾਰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਬਣਨ ਵਾਲੇ ਸ਼ਿਵਰਾਜ ਸਿੰਘ ਚੌਹਾਨ ਅਤੇ ਪਾਰਟੀ
ਦੇ ਜਨਰਲ ਸਕੱਤਰ ਜੇ ਪੀ ਨੱਡਾ ਨੂੰ ਭਾਜਪਾ ਸੰਸਦੀ ਬੋਰਡ ਵਿੱਚ ਥਾਂ ਦਿੱਤੀ ਗਈ ਹੈ, ਜਿਸ
ਦਾ ਪੁਨਰ ਗਠਨ ਨਵੇਂ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੇ ਕੀਤਾ ਹੈ। ਦੋਵਾਂ ਨੂੰ ਭਾਜਪਾ
ਕੇਂਦਰੀ ਚੋਣ ਕਮੇਟੀ ਵਿੱਚ ਵੀ ਸ਼ਾਮਲ ਕੀਤਾ ਗਿਆ ਹੈ ਜੋ ਚੋਣਾਂ ਵਿੱਚ ਪਾਰਟੀ ਉਮੀਦਵਾਰਾਂ
ਸਬੰਧੀ ਫੈਸਲੇ ਕਰਦੀ ਹੈ। 12 ਮੈਂਬਰੀ ਭਾਜਪਾ ਸੰਸਦੀ ਬੋਰਡ ਦੀ ਪ੍ਰਧਾਨਗੀ ਅਮਿਤ ਸ਼ਾਹ
ਕਰਨਗੇ। ਇਸ ਦੇ ਮੈਂਬਰਾਂ ਵਿੱਚ ਨਰਿੰਦਰ ਮੋਦੀ, ਰਾਜਨਾਥ ਸਿੰਘ, ਅਰੁਣ ਜੇਤਲੀ, ਸੁਸ਼ਮਾ
ਸਵਰਾਜ, ਵੈਂਕੱਈਆ ਨਾਇਡੂ, ਨਿਤਿਨ ਗਡਕਰੀ, ਅਨੰਤ ਕੁਮਾਰ, ਥਾਵਰਚੰਦ ਗਹਿਲੋਤ, ਸ਼ਿਵਰਾਜ
ਸਿੰਘ ਚੌਹਾਨ, ਜੇਪੀ ਨੱਡਾ ਅਤੇ ਰਾਮ ਲਾਲ ਆਦਿ ਸ਼ਾਮਲ ਹਨ।
ਨਵੇਂ ਭਾਜਪਾ ਪ੍ਰਧਾਨ ਅਮਿਤ
ਸ਼ਾਹ ਨੇ ਪਾਰਟੀ ਦੇ ਸੀਨੀਅਰ ਆਗੂਆਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵਿਚਾਰ
ਵਟਾਂਦਰੇ ਤੋਂ ਬਾਅਦ ਪਾਰਟੀ ਵਿੱਚ ਇਸ ਬਦਲਾਅ ਦੀ ਪਹਿਲ ਕੀਤੀ ਹੈ। ਭਾਜਪਾ ਮਾਰਗ ਦਰਸ਼ਕ
ਮੰਡਲ ਵਿੱਚ ਮੋਦੀ ਅਤੇ ਰਾਜਨਾਥ ਦੇ ਨਾਂ ਵੀ ਸ਼ਾਮਲ ਹਨ। ਖ਼ਰਾਬ ਸਿਹਤ ਕਾਰਨ ਸ੍ਰੀ ਵਾਜਪਾਈ
ਕਰੀਬ ਇੱਕ ਦਹਾਕੇ ਤੋਂ ਜਨਤਕ ਜੀਵਨ ਤੋਂ ਦੂਰ ਹਨ। ਹਾਲਾਂਕਿ ਉਨ੍ਹਾਂ ਨੂੰ ਐਨਡੀਏ ਦਾ
ਮੁਖੀ ਬਣਾਇਆ ਰੱਖਿਆ ਗਿਆ ਹੈ। ਸ੍ਰੀ ਮੋਦੀ ਯੁੱਗ ਤੋਂ ਪਹਿਲਾਂ ਅਡਵਾਨੀ ਐਨਡੀਏ ਦੇ
ਕਾਰਜਕਾਰੀ ਪ੍ਰਧਾਨ ਸਨ। ਭਾਜਪਾ ਦੀ ਕੇਂਦਰੀ ਚੋਣ ਕਮੇਟੀ ਦਾ ਵੀ ਪੁਨਰ ਗਠਨ ਕੀਤਾ ਗਿਆ ਹੈ
ਅਤੇ ਉਤਰ ਪ੍ਰਦੇਸ਼ ਦੇ ਤੇਜ਼ਤਰਾਰ ਆਗੂ ਵਿਜੇ ਕਟਿਆਰ ਇਸ ਵਿੱਚ ਸ਼ਾਮਲ ਨਹੀਂ ਕੀਤੇ ਗਏ।
ਭਾਜਪਾ ਦੀ ਮਹਿਲਾ ਮੋਰਚਾ ਦੀ ਸਾਬਕਾ ਪ੍ਰਧਾਨ ਸਰੋਜ ਪਾਂਡੇ ਜੋ ਇਸ ਕਮੇਟੀ ਦੀ ਮੈਂਬਰ ਸੀ,
ਉਨ੍ਹਾਂ ਦੀ ਥਾਂ 'ਤੇ ਮਹਿਲਾ ਮੋਰਚਾ ਦੀ ਨਵੀਂ ਮੁਖੀ ਵਿਜਯਾ ਰਾਹਾਟਕਰ ਨੂੰ ਥਾਂ ਦਿੱਤੀ
ਗਈ ਹੈ। 15 ਮੈਂਬਰੀ ਬੋਰਡ 'ਚ ਆਦਿਵਾਸੀ ਮਾਮਲਿਆਂ ਦੇ ਮੰਤਰੀ ਜੁਆਲ ਓਰਾਮ ਨੂੰ ਥਾਂ
ਦਿੱਤਾ ਗਿਆ ਹੈ।
ਕੇਂਦਰੀ ਚੋਣ ਕਮੇਟੀ ਦੇ ਹੋਰ ਮੈਂਬਰਾਂ ਵਿੱਚ ਨਰਿੰਦਰ ਮੋਦੀ,
ਰਾਜਨਾਥ ਸਿੰਘ, ਅਰੁਣ ਜੇਤਲੀ, ਸੁਸ਼ਮਾ ਸਵਰਾਜ, ਵੈਂਕੱਈਆ ਨਾਇਡੂ, ਨਿਤਿਨ ਗਡਕਰੀ, ਅਨੰਤ
ਕੁਮਾਰ, ਥਾਵਰ ਚੰਦ ਗਹਿਲੋਤ, ਸ਼ਿਵਰਾਜ ਸਿੰਘ ਚੌਹਾਨ, ਜੇਪੀ ਨੱਡਾ, ਰਾਮ ਲਾਲ, ਸ਼ਾਹਨਵਾਜ਼
ਹੁਸੈਨ ਤੋਂ ਇਲਾਵਾ ਰਾਹਾਟਕਰ ਵੀ ਸ਼ਾਮਲ ਹਨ।