ਚਾਰ ਰਾਜਾਂ ਦੇ ਨਵੇਂ ਰਾਜਪਾਲ ਨਿਯੁਕਤ
Posted on:- 26-08-2014
ਨਵੀਂ ਦਿੱਲੀ : ਕੇਂਦਰ ਸਰਕਾਰ
ਨੇ ਅੱਜ ਚਾਰ ਸੂਬਿਆਂ ਵਿੱਚ ਨਵੇਂ ਰਾਜਪਾਲ ਨਿਯੁਕਤ ਕਰ ਦਿੱਤੇ ਹਨ। ਰਾਸ਼ਟਰਪਤੀ ਪ੍ਰਣਬ
ਮੁਖਰਜੀ ਦੇ ਦਫ਼ਤਰ ਤੋਂ ਜਾਰੀ ਬਿਆਨ ਮੁਤਾਬਕ ਉਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਲਿਆਣ
ਸਿੰਘ ਨੂੰ ਰਾਜਸਥਾਨ, ਵਾਜੂਭਾਈ ਰੁਦਾਭਾਈ ਵਾਲਾ ਨੂੰ ਕਰਨਾਟਕ, ਸੀ ਵਿਦਿਆਸਾਗਰ ਰਾਵ ਨੂੰ
ਮਹਾਰਾਸ਼ਟਰ ਅਤੇ ਮ੍ਰਿਦੁਲਾ ਸਿਨਹਾ ਨੂੰ ਗੋਆ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਜਾਰੀ
ਬਿਆਨ ਅਨੁਸਾਰ ਇਨ੍ਹਾਂ ਸਾਰਿਆਂ ਦਾ ਕਾਰਜਕਾਲ ਅਹੁਦਾ ਸੰਭਾਲਣ ਦੇ ਨਾਲ ਹੀ ਸ਼ੁਰੂ ਹੋਵੇਗਾ।
ਭਾਰਤੀ
ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਉਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ
ਮਾਰਗਰੇਟ ਅਲਵਾ ਦੀ ਥਾਂ ਲੈਣਗੇ, ਜਿਨ੍ਹਾਂ ਦਾ ਕਾਰਜਕਾਲ ਇਸੇ ਮਹੀਨੇ ਖ਼ਤਮ ਹੋਇਆ ਹੈ।
ਗੁਜਰਾਤ ਵਿਧਾਨ ਸਭਾ ਦੇ ਸਪੀਕਰ ਵਜੂਭਾਈ ਵਾਲਾ ਨੂੰ ਕਰਨਾਟਕ ਦਾ ਰਾਜਪਾਲ ਨਿਯੁਕਤ ਕੀਤਾ
ਗਿਆ ਹੈ, ਜਿੱਥੇ ਹੰਸ ਰਾਜ ਭਾਦਰਵਾਜ ਨੇ ਹਾਲ ਹੀ ਵਿੱਚ ਆਪਣਾ ਕਾਰਜਕਾਲ ਪੂਰਾ ਕੀਤਾ ਹੈ।
ਸਾਬਕਾ ਕੇਂਦਰੀ ਮੰਤਰੀ ਸੀ ਵਿਦਿਆਸਾਗਰ ਰਾਵ ਮਹਾਰਾਸ਼ਟਰ ਦੇ ਰਾਜਪਾਲ ਵਜੋਂ ਕੇ
ਸ਼ੰਕਰਾਨਰਾਇਣਨ ਦੀ ਥਾਂ ਲੈਣਗੇ, ਜਿਨ੍ਹਾਂ ਨੇ ਐਤਵਾਰ ਨੂੰ ਇਸ ਅਹੁਦੇ ਤੋਂ ਅਸਤੀਫ਼ਾ ਦੇ
ਦਿੱਤਾ ਸੀ।
ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਤੋਂ ਮਿਜ਼ੋਰਮ ਬਦਲੇ ਜਾਣ ਤੋਂ ਬਾਅਦ
ਸ਼ੰਕਰਾਨਰਾਇਣਨ ਨੇ ਅਸਤੀਫ਼ਾ ਦੇ ਦਿੱਤਾ ਸੀ। ਭਾਜਪਾ ਦੀ ਮਹਿਲਾ ਮੋਰਚਾ ਦੀ ਸਾਬਕਾ ਪ੍ਰਧਾਨ
71 ਸਾਲਾ ਮ੍ਰਿਦੁਲਾ ਸਿਨਹਾ ਨੂੰ ਬੀਵੀ ਬਾਂਚੂ ਦੀ ਥਾਂ 'ਤੇ ਗੋਆ ਦਾ ਰਾਜਪਾਲ ਨਿਯੁਕਤ
ਕੀਤਾ ਗਿਆ ਹੈ।
76 ਸਾਲਾ ਵਜੂਭਾਈ ਵਾਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਰਾਣੇ
ਸਹਿਯੋਗੀ ਰਹੇ ਹਨ। ਪਿਛਲੇ ਸਾਲ ਜਨਵਰੀ ਵਿੱਚ ਗੁਜਰਾਤ ਵਿਧਾਨ ਸਭਾ ਦਾ ਸਪੀਕਰ ਚੁਣੇ ਜਾਣ
ਤੋਂ ਪਹਿਲਾਂ ਉਨ੍ਹਾਂ ਨੇ ਮੋਦੀ ਸਰਕਾਰ 'ਚ ਵਿੱਤ ਮੰਤਰੀ ਵਜੋਂ ਕੰਮ ਕੀਤਾ। ਸੀ
ਵਿਦਿਆਸਾਗਰ ਰਾਵ ਨਵੇਂ ਬਣੇ ਸੂਬੇ ਤੇਲੰਗਾਨਾ ਦੇ ਰਹਿਣ ਵਾਲੇ ਹਨ ਅਤੇ ਉਹ ਵਾਜਪਾਈ ਸਰਕਾਰ
ਵਿੱਚ ਗ੍ਰਹਿ ਰਾਜ ਮੰਤਰੀ ਸਨ।