ਠੇਕੇ ਦੇ ਕਰਿੰਦਿਆਂ ਨੇ ਤਿੰਨ ਧੀਆਂ ਦੇ ਬਾਪ ਦਾ ਕੀਤਾ ਕਤਲ
      
      Posted on:- 26-08-2014
      
      
            
      
ਰਾਏਕੋਟ : ਹਵਾਈ
 ਸੈਨਾ ਦੀ ਕੰਟੀਨ ਦੀ ਸ਼ਰਾਬ ਬਾਹਰ ਵੇਚਣ ਦੇ ਸ਼ੱਕ 'ਚ ਸਥਾਨਕ ਇਲਾਕੇ ਨਾਲ ਸਬੰਧਤ ਸ਼ਰਾਬ ਦੇ
 ਠੇਕੇ ਦੇ ਕਰਿੰਦਿਆਂ ਵੱਲੋਂ ਇੱਕ ਵਿਅਕਤੀ ਨੂੰ ਪੁੱਛ ਪੜਤਾਲ ਦੇ ਨਾਂਅ 'ਤੇ ਅਗਵਾ ਕਰਕੇ 
ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਕਤਲ ਹੋਏ ਵਿਅਕਤੀ ਦੀ ਪਹਿਚਾਣ ਪਿੰਡ ਰੱਤੋਵਾਲ
 ਦੇ ਵਸਨੀਕ ਸੁਰਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਜੋਂ ਹੋਈ ਹੈ। ਇਸ ਸਬੰਧੀ ਥਾਣਾ ਸੁਧਾਰ
 ਦੀ ਪੁਲਿਸ ਨੇ ਮ੍ਰਿਤਕ ਸੁਰਜੀਤ ਸਿੰਘ ਦੀ ਪਤਨੀ ਰਜਿੰਦਰ ਕੌਰ ਦੇ ਬਿਆਨਾਂ ਦੇ ਅਧਾਰ 'ਤੇ
 ਠੇਕੇ ਦੇ ਚਾਰ ਕਰਿੰਦਿਆਂ ਬਲਜਿੰਦਰ ਸਿੰਘ ਵਾਸੀ ਸ਼ਾਦਪੁਰ ਜ਼ਿਲ੍ਹਾ ਨਵਾਂ ਸ਼ਹਿਰ, ਅਸ਼ਵਨੀ 
ਕੁਮਾਰ ਵਾਸੀ ਸੂਸੇਵਾਲ (ਨਵਾਂ ਸ਼ਹਿਰ), ਸੁਖਵਿੰਦਰ ਸਿੰਘ ਸੁੱਖਾ ਵਾਸੀ ਨੰਗਲ (ਹਿਮਾਚਲ 
ਪ੍ਰਦੇਸ਼), ਰਜਿੰਦਰ ਕੁਮਾਰ ਵਾਸੀ ਗੜ੍ਹੀ ਮਾੜੀ (ਨਵਾਂ ਸ਼ਹਿਰ) ਦੇ ਖਿਲਾਫ ਮੁਕੱਦਮਾ ਨੰਬਰ 
105 ਧਾਰਾ 364, 302, 201 ਤਹਿਤ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। 
                             
ਜ਼ਿਕਰਯੋਗ 
ਹੈ ਕਿ ਸੁਰਜੀਤ ਸਿੰਘ ਜੋ ਕਿ ਸਾਬਕਾ ਫੌਜੀ ਸੀ ਤੇ ਸਥਾਨਕ ਕਸਬੇ 'ਚ ਖੱਚਰ ਰੇਹੜੇ ਨਾਲ 
ਕਿਰਾਏ ਦਾ ਕੰਮ ਕਰਕੇ ਤਿੰਨ ਧੀਆਂ ਦਾ ਪਾਲਣ ਪੋਸ਼ਣ ਕਰ ਰਿਹਾ ਸੀ। ਉਸ ਨੂੰ ਕੱਲ੍ਹ ਸ਼ਾਮ 
ਠੇਕੇ ਦੇ ਕਰਿੰਦਿਆਂ ਨੇ ਕੰਟੀਨ ਦੀ ਸ਼ਰਾਬ ਵੇਚਣ ਦੇ ਮਾਮਲੇ ਦੇ ਸ਼ੱਕ ਵਿੱਚ ਅਗਵਾ ਕਰ ਲਿਆ 
ਸੀ। ਸੁਰਜੀਤ ਸਿੰਘ (55) ਦੀ ਲਾਸ਼ ਅੱਜ ਸਵੇਰੇ ਬੋਪਾਰਾਏ ਕਲਾਂ ਦੇ ਨਜ਼ਦੀਕ ਰਜਬਾਹੇ 'ਚੋਂ 
ਪੁਲਿਸ ਨੂੰ ਮਿਲ ਗਈ, ਜਦਕਿ ਉਸਦਾ ਖੱਚਰ ਰੇਹੜਾ ਅੱਜ ਵੀ ਲੁਧਿਆਣਾ- ਬਠਿੰਡਾ ਰਾਜਮਾਰਗ 
'ਤੇ ਸਥਿਤ ਸ਼ਰਾਬ ਦੇ ਠੇਕੇ ਗਿੱਲ ਅਤੇ ਸਿੱਧੂ ਬ੍ਰਦਰਜ਼ ਦੇ ਪਿਛਵਾੜੇ ਖੜਾ ਪਾਇਆ ਗਿਆ। 
ਮ੍ਰਿਤਕ
 ਸੁਰਜੀਤ ਸਿੰਘ ਦੀ ਪਤਨੀ ਰਜਿੰਦਰ ਕੌਰ ਨੇ ਆਪਣੇ ਪਤੀ ਦੇ ਲਾਪਤਾ ਹੋਣ ਦੀ ਸੂਚਨਾ ਬੀਤੀ 
ਰਾਤ ਪੁਲਿਸ ਥਾਣਾ ਸੁਧਾਰ ਵਿਖੇ ਦਿੱਤੀ ਸੀ ਤੇ ਉਹ ਭਰ ਰਾਤ ਪੰਚਾਇਤੀ ਮੋਹਤਬਰਾਂ ਨਾਲ 
ਲੱਭਦੇ ਰਹੇ ਕਿ ਸਵੇਰੇ ਇਹ ਮੰਦਭਾਗੀ ਖਬਰ ਮਿਲ ਗਈ। ਡੀਐਸਪੀ ਰਾਏਕੋਟ ਸਤਨਾਮ ਸਿੰਘ ਬੈਂਸ,
 ਡੀਐਸਪੀ ਨਵੀਨ ਕੁਮਾਰ ਤੇ ਥਾਣਾ ਮੁਖੀ ਸੁਧਾਰ ਦੀਵਾਨ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ
 ਦੌਰਾਨ ਹੀ ਇਹ ਸਪੱਸ਼ਟ ਹੋ ਗਿਆ ਕਿ ਕਤਲ ਠੇਕੇ ਦੇ ਕਰਿੰਦਿਆਂ ਨੇ ਹੀ ਕੀਤਾ ਹੈ ਕਿਉਂਕਿ 
ਸੁਰਜੀਤ ਸਿੰਘ ਨੂੰ ਅਗਵਾ ਕਰਕੇ ਕੁੱਟਮਾਰ ਕਰਨ ਦੌਰਾਨ ਵਰਤੀ ਠੇਕੇ ਦੀ ਬਲੈਰੋ ਜੀਪ ਅੱਜ 
ਸਵੇਰੇ ਧੋ ਕੇ ਬਿਲਕੁਲ ਸਾਫ ਕੀਤੀ ਪਈ ਸੀ।