'ਦਿੱਲੀ ਬਲਾਤਕਾਰ ਕਤਲ ਕਾਂਡ ਨੂੰ ਮਾਮੂਲੀ ਘਟਨਾ' ਦੱਸਣ 'ਤੇ ਜੇਤਲੀ ਦੀ ਚੌਤਰਫ਼ਾ ਨਿੰਦਾ
Posted on:- 22-08-2014
ਨਵੀਂ ਦਿੱਲੀ : ਦਿੱਲੀ
ਦੇ ਭਿਆਨਕ ਗੈਂਪਰੇਪ ਕਾਂਡ ਨਾਲ ਜੁੜੇ ਬਿਆਨ 'ਤੇ ਵਿੱਤ ਮੰਤਰੀ ਅਰੁਣ ਜੇਤਲੀ ਮੁਸ਼ਕਲ
ਵਿੱਚ ਫਸ ਗਏ ਹਨ। ਆਪਣੇ ਬਿਆਨ 'ਤੇ ਜੇਤਲੀ ਬੁਰੀ ਤਰ੍ਹਾਂ ਘਿਰ ਗਏ ਹਨ ਅਤੇ ਉਨ੍ਹਾਂ 'ਤੇ
ਲਗਾਤਾਰ ਸਵਾਲ ਦਾਗੇ ਜਾ ਰਹੇ ਹਨ। ਉੱਧਰ ਲੜਕੀ ਦੇ ਮਾਤਾ-ਪਿਤਾ ਨੇ ਉਨ੍ਹਾਂ ਨੂੰ ਆੜ੍ਹੇ
ਹੱਥੀਂ ਲਿਆ ਹੈ। ਜਬਰ ਜਿਨਾਹ ਕਾਂਡ 'ਤੇ ਅਰੁਣ ਜੇਤਲੀ ਦੇ ਬਿਆਨ 'ਤੇ ਲੜਕੀ ਦੇ
ਮਾਤਾ-ਪਿਤਾ ਨੇ ਸਖਤ ਇਤਰਾਜ਼ ਪ੍ਰਗਟ ਕੀਤਾ ਹੈ। ਲੜਕੀ ਦੀ ਮਾਂ ਨੇ ਕਿਹਾ ਕਿ ਵੋਟ ਮੰਗਦੇ
ਸਮੇਂ ਤਾਂ ਉਨ੍ਹਾਂ ਨੂੰ ਇਹ ਕਾਂਡ ਬੜਾ ਵੱਡਾ ਲੱਗਦਾ ਸੀ। ਲੜਕੀ ਦੇ ਪਿਤਾ ਨੇ ਕਿਹਾ ਕਿ
ਜੇਤਲੀ ਨੇ ਅਜਿਹੇ ਲੜਕਿਆਂ ਦੇ ਮਨੋਬਲ ਨੂੰ ਵਧਾਇਆ ਹੈ, ਉਸ ਨੂੰ ਟੂਰਿਜ਼ਮ ਦਾ ਨੁਕਸਾਨ ਤਾਂ
ਦਿਖ਼ ਰਿਹਾ ਹੈ, ਦੇਸ਼ ਦਾ ਇੱਕ ਪਰਿਵਾਰ ਖ਼ਤਮ ਹੋ ਗਿਆ ਕੀ ਉਹ ਇਹ ਨੁਕਸਾਨ ਪੂਰਾ ਸਕਦੇ ਹਨ।
ਦੂਜੇ
ਪਾਸੇ ਅਰੁਣ ਜੇਤਲੀ ਦੇ ਬਿਆਨ ਤੋਂ ਨਰਾਜ਼ ਕਾਂਗਰਸੀ ਮਹਿਲਾ ਕਾਰਕੁਨਾਂ ਨੇ ਅੱਜ ਉਨ੍ਹਾਂ
ਦੇ ਘਰ ਦੇ ਬਾਹਰ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਜੇਤਲੀ ਦਾ ਪੁਤਲਾ ਫੂਕਿਆ ਅਤੇ
ਨਾਲ ਹੀ ਮੰਗ ਕੀਤੀ ਕਿ ਜੇਤਲੀ ਆਪਣੇ ਬਿਆਨ ਦੇ ਲਈ ਮੁਆਫ਼ੀ ਮੰਗਣ। ਸ਼ੋਭਾ ਓਝਾ ਦੀ ਅਗਵਾਈ
ਵਿੱਚ ਮਹਿਲਾ ਕਾਰਕੁਨਾਂ ਨੇ ਜ਼ਬਰਦਸਤ ਪ੍ਰਦਰਸ਼ਨ ਕੀਤਾ।
ਜ਼ਿਕਰਯੋਗ ਹੈ ਕਿ ਵੀਰਵਾਰ ਨੂੰ
ਟੂਰਿਜ਼ਮ ਸਬੰਧੀ ਹੋ ਰਹੇ ਇੱਕ ਪ੍ਰੋਗਰਾਮ ਦੇ ਦੌਰਾਨ ਅਰੁਣ ਜੇਤਲੀ ਨੇ ਕਿਹਾ ਕਿ 16 ਦਸੰਬਰ
2012 ਨੂੰ ਦਿੱਲੀ ਵਿੱਚ ਹੋਏ ਗੈਂਗਰੇਪ ਕਾਂਡ ਨੂੰ ਮੀਡੀਆ ਨੇ ਬਹੁਤ ਵਧਾ-ਚੜ੍ਹ ਕੇ
ਦਿਖ਼ਾਇਆ, ਇਸ ਨਾਲ ਦੇਸ਼ ਦੇ ਸੈਲਾਨੀ ਉਦਯੋਗ ਨੂੰ ਕਰੋੜਾਂ-ਅਰਬਾਂ ਦਾ ਘਾਟਾ ਪਿਆ। ਬੇਸ਼ੱਕ
ਆਪਣੇ ਬਿਆਨ ਤੋਂ ਬਾਅਦ ਜੇਤਲੀ ਨੇ ਸਫ਼ਾਈ ਦਿੱਤੀ ਅਤੇ ਕਿਹਾ ਕਿ ਮੇਰਾ ਮਕਸਦ ਕਿਸੇ ਦੀਆਂ
ਭਾਵਨਾਵਾਂ ਨੂੰ ਦੁੱਖ ਪਹੁੰਚਾਉਣਾ ਨਹੀਂ ਸੀ, ਇਸ ਲਈ ਮੈਂ ਮੁਆਫ਼ੀ ਮੰਗਦਾ ਹਾਂ।
ਆਮ
ਆਦਮੀ ਪਾਰਟੀ ਦੇ ਸੀਨੀਅਰ ਨੇਤਾ ਮੁਨੀਸ਼ ਸਿਸੋਧੀਆ ਨੇ ਸ੍ਰੀ ਜੇਤਲੀ ਦੇ ਬਿਆਨ ਦੀ ਨਿੰਦਾ
ਕਰਦੇ ਹੋਏ ਪ੍ਰਧਾਨ ਮੰਤਰੀ ਨੂੰ ਸਵਾਲ ਕੀਤਾ ਕਿ ਰੇਪ ਨਾਲ ਪ੍ਰਧਾਨ ਮੰਤਰੀ ਦਾ ਸਿਰ ਸ਼ਰਮ
ਨਾਲ ਝੁਕਦਾ ਹੈ।
ਉਨ੍ਹਾਂ ਇਸ ਮਾਮਲੇ 'ਤੇ ਪੀਐਮ ਤੋਂ ਮੁਆਫ਼ੀ ਮੰਗਣ ਦੀ ਮੰਗ ਕੀਤੀ।
ਮਹਿਲਾ ਕਾਂਗਰਸ ਪ੍ਰਧਾਨ ਸ਼ੋਭਾ ਓਝਾ ਨੇ ਵੀ ਕਿਹਾ ਕਿ ਜੇਤਲੀ ਨੂੰ ਦੇਸ਼ ਦੀਆਂ ਔਰਤਾਂ ਤੋਂ
ਮੁਆਫ਼ੀ ਮੰਗਣੀ ਚਾਹੀਦੀ ਹੈ।