ਹੁੱਡਾ ਤੋਂ ਬਾਅਦ ਮੋਦੀ ਦੀ ਹਾਜ਼ਰੀ 'ਚ ਝਾਰਖੰਡ ਦੇ ਮੁੱਖ ਮੰਤਰੀ ਦੀ ਹੋਈ ਓਇ-ਓਇ  
      
      Posted on:- 21-8-2014
      
      
            
      
ਰਾਂਚੀ : ਹਾਲ
 ਹੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਜ਼ਰੀ ਵਿੱਚ ਹਰਿਆਣਾ ਦੇ ਮੁੱਖ ਮੰਤਰੀ 
ਭੁਪਿੰਦਰ ਸਿੰਘ ਹੁੱਡਾ ਦੇ ਵਿਰੋਧ ਵਿੱਚ ਹੋਈ ਨਾਅਰੇਬਾਜ਼ੀ ਤੋਂ ਬਾਅਦ ਹੁਣ ਝਾਰਖੰਡ 'ਚ ਵੀ
 ਪ੍ਰਧਾਨ ਮੰਤਰੀ ਦੀ ਮੌਜੂਦਗੀ ਵਿੱਚ ਸੂਬੇ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਦੇ ਭਾਸ਼ਣ 
ਦੌਰਾਨ ਉੱਥੇ ਮੌਜੂਦ ਇਕੱਠ ਵੱਲੋਂ ਉਨ੍ਹਾਂ ਦੀ ਵਿਰੋਧਤਾ ਕੀਤੀ ਗਈ।
ਝਾਰਖੰਡ ਦੇ ਮੁੱਖ
 ਮੰਤਰੀ ਅਤੇ ਕਾਂਗਰਸ ਨੇ ਇਸ ਘਟਨਾ 'ਤੇ ਇਤਰਾਜ਼ ਜਤਾਇਆ ਹੈ। ਸੂਬੇ ਦੀ ਸੱਤਾਧਾਰੀ ਪਾਰਟੀ 
ਝਾਰਖੰਡ ਮੁਕਤੀ ਮੋਰਚਾ ਨੇ ਧਮਕੀ ਦਿੱਤੀ ਹੈ ਕਿ ਜੇਕਰ  ਇਸ ਦੇ ਲਈ ਪ੍ਰਧਾਨ ਮੰਤਰੀ ਦੇਸ਼ 
ਤੋਂ ਮੁਆਫ਼ੀ ਨਹੀਂ ਮੰਗਦੇ ਤਾਂ ਉਨ੍ਹਾਂ ਦੇ ਕਿਸੇ ਵੀ ਮੰਤਰੀ ਨੂੰ ਝਾਰਖੰਡ ਵਿੱਚ ਸ਼ਰ੍ਹੇਆਮ
 ਘੁੰਮਣ ਨਹੀਂ ਦਿੱਤਾ ਜਾਵੇਗਾ। 
                             
ਪ੍ਰਧਾਨ ਮੰਤਰੀ ਦਾ ਸਮਾਗਮ ਖ਼ਤਮ ਹੋਣ ਤੋਂ ਬਾਅਦ  ਕੁਝ ਹੀ
 ਦੇਰ ਬਾਅਦ ਝਾਰਖੰਡ ਮੁਕਤੀ ਮੋਰਚਾ ਦੇ ਆਗੂਆਂ ਨੇ ਪ੍ਰੈਸ ਕਾਨਫਰੰਸ ਕਰਕੇ ਆਪਣੀ ਨਰਾਜ਼ਗੀ 
ਜਤਾਈ ਹੈ। ਪਾਰਟੀ ਆਗੂਆਂ ਨੇ ਕਿਹਾ ਕਿ  ਮੁੱਖ ਮੰਤਰੀ ਦੀ ਹੂਟਿੰਗ  ਪੂਰੇ ਸੂਬੇ ਦਾ 
ਅਪਮਾਨ ਹੈ, ਜਿਸ ਨੂੰ ਝਾਰਖੰਡ ਦੀ ਜਨਤਾ ਬਰਦਾਸ਼ਤ ਨਹੀਂ ਕਰੇਗੀ। ਮੁੱਖ ਮੰਤਰੀ ਹੇਮੰਤ 
ਸੋਰੇਨ ਨੇ ਵੀ ਸਖ਼ਤ ਇਤਰਾਜ਼ ਜਤਾਇਆ ਹੈ। ਉਨ੍ਹਾਂ ਭਾਜਪਾ ਨੂੰ ਸਿੱਧੀ ਚੁਣੌਤੀ ਦਿੰਦਿਆਂ 
ਕਿਹਾ ਕਿ ਚੋਣਾਂ 'ਚ ਇਸ ਦਾ ਜਵਾਬ ਜਨਤਾ ਦੇ ਦੇਵੇਗੀ।
ਇਸ ਤੋਂ ਪਹਿਲਾਂ ਹਰਿਆਣਾ ਵਿੱਚ
 ਵੀ ਪ੍ਰਧਾਨ ਮੰਤਰੀ ਦੀ ਰੈਲੀ ਵਿੱਚ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਖਿਲਾਫ਼ 
ਨਾਅਰੇਬਾਜ਼ੀ ਕੀਤੀ ਗਈ ਸੀ। ਅੱਜ ਰਾਂਚੀ ਵਿੱਚ ਹੋਈ ਰੈਲੀ ਦੌਰਾਨ ਵਿਰੋਧ ਕੀਤੇ ਜਾਣ 'ਤੇ 
ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਲੋਕਾਂ ਨੂੰ ਇਹ ਕਹਿੰਦਿਆਂ ਸਥਿਤੀ ਨੂੰ ਆਮ 
ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਮੰਚ 'ਤੇ ਮੌਜੂਦ ਸਾਰੇ ਲੋਕਾਂ ਕਾਰਨ ਗੰਭੀਰਤਾ ਬਣਾਈ ਰੱਖਣਾ 
ਜ਼ਰੂਰੀ ਹੈ। ਅੱਜ ਜਦੋਂ ਹੇਮੰਤ ਸੋਰੇਨ ਦੇ ਭਾਸ਼ਣ ਦੌਰਾਨ ਲੋਕਾਂ ਵੱਲੋਂ ਵਿਰੋਧ ਕੀਤਾ ਜਾ 
ਰਿਹਾ ਸੀ ਤਾਂ ਪ੍ਰਧਾਨ ਮੰਤਰੀ ਨੇ ਹੱਥ ਨਾਲ ਇਸ਼ਾਰਾ ਕਰਦਿਆਂ ਉਨ੍ਹਾਂ ਨੂੰ ਸ਼ਾਂਤ ਰਹਿਣ ਲਈ
 ਕਿਹਾ, ਪਰ ਲੋਕ ਕੁਝ ਪਲ ਲਈ ਸ਼ਾਂਤੀ ਵੀ ਹੋਏ ਅਤੇ ਫ਼ਿਰ ਮੋਦੀ-ਮੋਦੀ ਦੇ ਨਾਅਰੇ ਲਗਾਉਣ 
ਲੱਗ ਪਏ। 
ਰਾਂਚੀ ਦੇ ਪ੍ਰਭਾਤ ਤਾਰਾ ਮੈਦਾਨ ਵਿੱਚ ਆਯੋਜਿਤ ਇਸ ਸਮਾਗਮ ਦੌਰਾਨ ਲੋਕਾਂ 
ਨੂੰ ਵਿਰੋਧ ਕਰਦਿਆਂ ਦੇਖ ਪ੍ਰਧਾਨ ਮੰਤਰੀ ਵੀ ਕੁਝ ਪਲਾਂ ਲਈ ਗੰਭੀਰ ਦਿਖੇ। ਦਰਅਸਲ 
ਹੂਟਿੰਗ ਕਰਨ ਵਾਲਿਆਂ ਵਿੱਚ ਕਈ ਲੋਕ ਭਾਜਪਾਈ ਸਮਰਥਨ ਅਤੇ ਕਾਰਕੁਨ ਸਨ। ਪ੍ਰੋਗਰਾਮ ਤੋਂ 
ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਕਿਹਾ ਕਿ ਸੰਘੀ 
ਵਿਵਸਥਾ ਵਿੱਚ ਇਹ ਨਵੀਂ ਪਿਰਤ ਸ਼ੁਰੂ ਹੋ ਗਈ ਹੈ, ਜਿਸ 'ਤੇ ਪ੍ਰਧਾਨ ਮੰਤਰੀ ਨੂੰ ਨੋਟਿਸ 
ਲੈਣਾ ਚਾਹੀਦਾ ਹੈ, ਜਿਸ ਸੰਘੀ ਢਾਂਚੇ ਦੀ ਉਹ ਵਕਾਲਤ ਕਰਦੇ ਹਨ, ਮੈਨੂੰ ਤਾਂ ਲੱਗਦਾ ਹੈ 
ਕਿ ਇਹ ਸਿਸਟਮ ਦਾ ਬਲਾਤਕਾਰ ਹੈ।