ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਨੋਟਿਸ
Posted on:- 21-8-2014
ਨਵੀਂ ਦਿੱਲੀ :
ਯੂਪੀਏ ਸਰਕਾਰ
ਵੱਲੋਂ ਲਾਏ ਗਏ ਸੂਬਿਆਂ ਦੇ ਰਾਜਪਾਲਾਂ ਨੂੰ ਐਨਡੀਏ ਸਰਕਾਰ ਵੱਲੋਂ ਹਟਾਉਣ ਦਾ ਮਾਮਲਾ
ਸੁਪਰੀਮ ਕੋਰਟ ਪਹੁੰਚ ਗਿਆ ਹੈ। ਰਾਜਪਾਲ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦੇ ਦਬਾਅ ਦੇ
ਖਿਲਾਫ਼ ਉਤਰਾਖੰਡ ਦੇ ਰਾਜਪਾਲ ਅਜੀਜ਼ ਕੁਰੈਸ਼ੀ ਦੀ ਅਰਜ਼ੀ 'ਤੇ ਸੁਪਰੀਮ ਕੋਰਟ ਨੇ ਕੇਂਦਰ
ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਉਤਰਾਖੰਡ ਦੇ ਰਾਜਪਾਲ ਅਜੀਜ਼ ਕੁਰੈਸ਼ੀ ਵੱਲੋਂ ਦਾਇਰ
ਅਰਜ਼ੀ 'ਤੇ ਸੁਣਵਾਈ ਕਰਦਿਆਂ ਅੱਜ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਤੋਂ ਜਬਾਬ ਤਲਬ ਕੀਤਾ
ਹੈ। ਚੀਫ਼ ਜਸਟਿਸ ਆਰ ਐਮ ਲੋਧਾ ਨੇ ਕੇਂਦਰ ਨੂੰ 6 ਹਫਤਿਆਂ ਵਿੱਚ ਜਵਾਬ ਦਾਖ਼ਲ ਕਰਨ ਲਈ
ਕਿਹਾ ਹੈ। ਜ਼ਿਕਰਯੋਗ ਹੈ ਕਿ ਮੋਦੀ ਸਰਕਾਰ ਵੱਲੋਂ ਲਗਾਤਾਰ ਦਬਾਅ ਬਣਾਏ ਜਾਣ ਦੇ ਬਾਵਜੂਦ
ਅਜੀਜ਼ ਕੁਰੈਸ਼ੀ ਨੇ ਰਾਜਪਾਲ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ
ਕੇਂਦਰ ਸਰਕਾਰ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਹੈ।
ਦੱਸਣਾ ਬਣਦਾ ਹੈ ਕਿ
ਪਿਛਲੇ ਦਿਨਾਂ ਵਿੱਚ ਸ੍ਰੀ ਕੁਰੈਸ਼ੀ ਨੂੰ ਦਿੱਲੀ ਬੁਲਾਇਆ ਗਿਆ ਸੀ ਅਤੇ ਕੇਂਦਰੀ ਗ੍ਰਹਿ
ਸਕੱਤਰ ਨੇ ਉਨ੍ਹਾਂ ਨੂੰ ਰਾਜਪਾਲ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਲਈ ਕਿਹਾ ਗਿਆ ਸੀ। ਪਰ
ਸ੍ਰੀ ਕੁਰੈਸ਼ੀ ਨੇ ਅਸਤੀਫ਼ਾ ਦੇਣ ਤੋਂ ਇਨਕਾਰ ਕਰ ਦਿੱਤਾ।
ਉਨ੍ਹਾਂ ਨੇ ਕੇਂਦਰੀ ਗ੍ਰਹਿ
ਸਕੱਤਰ ਦੀਆਂ ਫੋਨ ਕਾਲਾਂ 'ਤੇ ਸਵਾਲ ਉਠਾਏ ਸਨ। ਅਰਜ਼ੀ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ
ਸੰਵਿਧਾਨ ਦੇ ਤਹਿਤ ਸੂਬੇ ਦਾ ਰਾਜਪਾਲ ਕੇਂਦਰ ਦਾ ਮੁਲਾਜ਼ਮ ਨਹੀਂ ਹੁੰਦਾ ਕਿ ਜਦੋਂ ਮਰਜ਼ੀ
ਉਸ ਨੂੰ ਹਟਾ ਦਿੱਤਾ ਜਾਵੇ। ਸ੍ਰੀ ਕੁਰੈਸ਼ੀ ਨੇ ਕਿਹਾ ਸੀ ਕਿ ਰਾਜਪਾਲ ਦੀ ਨਿਯੁਕਤੀ
ਰਾਸ਼ਟਰਪਤੀ ਕਰਦੇ ਹਨ ਅਤੇ ਉਸ ਨੂੰ ਅਹੁਦੇ ਤੋਂ ਹਟਾਉਣ ਦਾ ਹੱਕ ਵੀ ਉਨ੍ਹਾਂ ਦਾ ਹੀ ਬਣਦਾ
ਹੈ, ਕੋਈ ਹੋਰ ਉਨ੍ਹਾਂ ਨੂੰ ਅਹੁਦਾ ਛੱਡਣ ਲਈ ਨਹੀਂ ਕਹਿ ਸਕਦਾ।
ਦੱਸਣਾ ਬਣਦਾ ਹੈ ਕਿ ਕੇਂਦਰ ਵਿੱਚ ਮੋਦੀ ਸਰਕਾਰ ਬਣਦਿਆਂ ਹੀ ਇੱਕ ਇੱਕ ਕਰਕੇ ਯੂਪੀਏ ਵੱਲੋਂ ਲਾਏ ਗਏ ਰਾਜਪਾਲਾਂ ਨੂੰ ਅਸਤੀਫ਼ਾ ਲੈ ਕੇ ਹਟਾ ਦਿੱਤਾ ਗਿਆ।