ਪਟਿਆਲਾ ਤੇ ਤਲਵੰਡੀ ਸਾਬੋ ਹਲਕਿਆਂ ’ਚ ਵੋਟਾਂ ਅੱਜ, ਸੁਰੱਖਿਆ ਦੇ ਸਖ਼ਤ ਪ੍ਰਬੰਧ
Posted on:- 21-08-2014
ਪਟਿਆਲਾ :
ਸੂਬੇ ਦੇ ਦੋ ਵਿਧਾਨ ਸਭਾ ਹਲਕਿਆਂ ਪਟਿਆਲਾ ਤੇ ਤਲਵੰਡੀ ਸਾਬੋ ’ਚ 21 ਅਗਸਤ ਨੂੰ ਹੋ ਰਹੀਆਂ ਜ਼ਿਮਨੀ ਚੋਣਾਂ ਲਈ ਸੂਬੇ ਦੇ ਚੋਣ ਮਹਿਕਮੇ ਵੱਲੋਂ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਸੂਬੇ ਦੇ ਮੁੱਖ ਚੋਣ ਅਧਿਕਾਰੀ ਵੀ ਕੇ ਸਿੰਘ ਅਨੁਸਾਰ ਇਹਨਾਂ ਚੋਣਾਂ ਸਬੰਧੀ ਦੋਵਾਂ ਵਿਧਾਨ ਸਭਾ ਹਲਕਿਆਂ ’ਚ ਪੁਖਤਾ ਪ੍ਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧ ’ਚ ਜ਼ਿਲ੍ਹਾ ਚੋਣ ਅਫਸਰਾਂ ਤੇ ਪੁਲਿਸ ਪ੍ਰਸ਼ਾਸਨ ਨੂੰ ਜ਼ਰੂਰੀ ਹਦਾਇਤਾਂ ਪਹਿਲਾਂ ਹੀ ਜਾਰੀ ਕੀਤੀਆਂ ਜਾ ਚੁੱਕੀਆਂ ਹਨ ਤਾਂ ਜੋ ਇਨ੍ਹਾਂ ਦੋਵੇਂ ਥਾਵਾਂ ’ਤੇ ਅਜ਼ਾਦ ਤੇ ਨਿਰਪੱਖ ਚੋਣਾਂ ਹੋ ਸਕਣ।
ਉਨ੍ਹਾਂ ਕਿਹਾ ਕਿ ਵੋਟਾਂ ਪੈਣ ਦਾ ਕੰਮ ਸਵੇਰੇ 7 ਵਜੇ ਤੋਂ ਸ਼ਰੂ ਹੋ ਕੇ ਸ਼ਾਮ 6 ਵਜੇ ਤੱਕ ਚਲੇਗਾ। ਉਨ੍ਹਾਂ ਕਿਹਾ ਕਿ ਇਸ ਦੌਰਾਨ ਮਾਈਕਰੋ ਅਬਜ਼ਰਵਰ ਵੀ ਪੂਰੀ ਨਿਗ੍ਹਾ ਰੱਖਣਗੇ ਤੇ ਸਮੁੱਚੀ ਚੋਣ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਵੀ ਹੋਵੇਗੀ। ਉਨ੍ਹਾਂ ਦੱਸਿਆ ਕਿ ਪਟਿਆਲਾ ’ਚ 170 ਪੋਲਿੰਗ ਬੂਥ ਬਣਾਏ ਗਏ ਹਨ ਤੇ ਇੱਥੇ 1ਲੱਖ 51ਹਜ਼ਾਰ 461 ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਪਟਿਆਲਾ ’ਚ 79 ਹਜ਼ਾਰ 476 ਮਰਦ ਤੇ 71 ਹਜ਼ਾਰ 985 ਮਹਿਲਾ ਵੋਟਰ ਹਨ। ਇਸੇ ਤਰਾਂ ਤਲਵੰਡੀ ਸਾਬੋ ਹਲਕੇ ’ਚ 159 ਪੋਲਿੰਗ ਬੂਥ ਬਣਾਏ ਗਏ ਤੇ ਇਥੇ 1 ਲੱਖ 45 ਹਜ਼ਾਰ 54 ਵੋਟਰ ਹਨ। ਸੁਰੱਖਿਆ ਪੱਖੋ ਪੰਜਾਬ ਪੁਲਿਸ ਤੋਂ ਇਲਾਵਾ ਨੀਮ ਫੌਜੀ ਬਲਾਂ ਦੀਆਂ 11 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ।
ਇਹਨਾਂ ਦੋਵੇਂ ਵਿਧਾਨ ਸਭਾ ਹਲਕਿਆਂ ਦੀਆਂ ਵੋਟਾਂ ਦੀ ਗਿਣਤੀ 25 ਅਗਸਤ ਨੂੰ ਹੋਵੇਗੀ ਤੇ ਨਤੀਜੇ ਵੀ ਉਸੇ ਦਿਨ ਐਲਾਨ ਦਿੱਤੇ ਜਾਣਗੇ। ਜੇ ਪਟਿਆਲਾ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਇਥੇ ਹਾਕਮ ਧਿਰ ਦਾ ਸਿੱਧਾ ਮੁਕਾਬਲਾ ਸ਼ਾਹੀ ਪਰਿਵਾਰ ਨਾਲ ਹੈ। ਦੂਜੇ ਪਾਸੇ ਤਲਵੰਡੀ ਸਾਬੋ ਦੀ ਸੀਟ ਵੀ ਹਾਕਮ ਧਿਰ ਲਈ ਵੱਡੇ ਵਕਾਰ ਦਾ ਸਵਾਲ ਰੱਖਦੀ ਹੈ ਕਿਉਂਕਿ ਇਹ ਸੂਬੇ ਦੇ ਮੁੱਖ ਮੰਤਰੀ ਪ੍ਕਾਸ਼ ਸਿੰਘ ਬਾਦਲ ਦੀ ਨੂੰਹ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਜੋ ਕਿ ਕੇਂਦਰ ’ਚ ਮੰਤਰੀ ਹਨ ਬਠਿੰਡਾ ਤੋਂ ਐਮਪੀ ਚੁਣੇ ਗਏ ਸਨ ਤੇ ਤਲਵੰਡੀ ਸਾਬੋ ਹਲਕਾ ਵੀ ਬਠਿੰਡਾ ’ਚ ਹੀ ਪੈਂਦਾ ਹੈ। ਇਥੋਂ ਹਾਕਮ ਧਿਰ ਦੀ ਟਿਕਟ ’ਤੇ ਚੋਣ ਲੜ ਰਹੇ ਜੀਤਮਹਿੰਦਰ ਸਿੰਘ ਸਿੱਧੁ ਲਗਾਤਾਰ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਹਨ ਤੇ ਕਾਂਗਰਸ ਦੀ ਟਿਕਟ ’ਤੇ ਚੋਣ ਲੜ ਰਹੇ ਹਰਮਿੰਦਰ ਸਿੰਘ ਜੱਸੀ ਦੋ ਵਾਰ ਵਿਧਾਧਿਕ ਰਹਿ ਚੁੱਕੇ ਹਨ।