ਇਰਾਕ : ਆਈਐਸਆਈਐਸ ਵੱਲੋਂ 300 ਯਜੀਦੀਆਂ ਦੀ ਹੱਤਿਆ
Posted on:- 18-8-2014
ਬਗਦਾਦ : ਇਰਾਕ ਵਿੱਚ
ਆਈਐਸਆਈਐਸ (ਇਸਲਾਮਿਕ ਸਟੇਟ) ਦਹਿਸ਼ਤਗਰਦਾਂ ਨੇ ਇੱਕ ਵਾਰ ਫ਼ਿਰ ਯਜੀਦੀ ਭਾਈਚਾਰੇ ਨੂੰ
ਨਿਸ਼ਾਨਾ ਬਣਾਉਂਦਿਆਂ 300 ਲੋਕਾਂ ਨੂੰ ਕਤਲ ਕਰ ਦਿੱਤਾ। ਇਸ ਤੋਂ ਇਲਾਵਾ ਦਹਿਸ਼ਤਗਰਦਾਂ ਨੇ
ਇੱਕ ਹਜ਼ਾਰ ਔਰਤਾਂ ਅਤੇ ਬੱਚਿਆਂ ਨੂੰ ਬੰਦੀ ਬਣਾ ਲਿਆ ਹੈ। ਆਈਐਸਆਈਐਸ ਦੇ ਦਹਿਸ਼ਤਗਰਦਾਂ ਨੇ
ਇਸ ਤੋਂ ਇੱਕ ਦਿਨ ਪਹਿਲਾਂ ਹੀ 80 ਅਤੇ ਕਰੀਬ ਇੱਕ ਹਫ਼ਤਾ ਪਹਿਲਾਂ 500 ਯਜੀਦੀਆਂ ਦੀ
ਹੱਤਿਆ ਕਰ ਦਿੱਤੀ ਸੀ। ਉਦੋਂ ਕਈ ਯਜੀਦੀਆਂ ਨੂੰ ਜਿਉਂਦਾ ਹੀ ਦਫ਼ਨਾ ਦਿੱਤਾ ਗਿਆ ਸੀ।
ਕੁਰਦਿਸ਼ ਅਧਿਕਾਰੀਆਂ ਨੇ ਦੱਸਿਆ ਕਿ ਆਈਐਸਆਈਐਸ ਨੇ ਹਾਲੀਆ ਕਤਲੇਆਮ ਨੂੰ ਪੱਛਮੀ ਉਤਰ ਇਰਾਕ
ਦੇ ਪਿੰਡ ਕੋਚੋ ’ਚ ਅੰਜ਼ਾਮ ਦਿੱਤਾ ਹੈ। ਕੁਰਦਿਸ਼ ਸਰਕਾਰ ਵਿੱਚ ਇੱਕ ਸੀਨੀਅਰ ਅਧਿਕਾਰੀ
ਹਾਮਿਦ ਦਰਬੰਦੀ ਨੇ ਦੱਸਿਆ ਕਿ ਜੇਹਾਦੀਆਂ ਨੇ ਬੰਦੀ ਬਣਾਏ ਗਏ ਯਜੀਦੀਆਂ ਨੂੰ 2 ਹਿੱਸਿਆਂ
ਵਿੱਚ ਵੰਡ ਦਿੱਤਾ ਹੈ, ਉਨ੍ਹਾਂ ਵਿੱਚੋਂ ਬਜ਼ੁਰਗਾਂ ਦੀ ਹੱਤਿਆ ਇੱਕ ਸਕੂਲ ਕੰਪਲੈਕਸ ਵਿੱਚ
ਕਰ ਦਿੱਤੀ ਗਈ। ਦੂਜੇ ਪਾਸੇ ਨੌਜਵਾਨ ਪੁਰਸ਼ਾਂ ਨੂੰ ਪਿੰਡ ਦੇ ਬਾਹਰ ਇੱਕ ਖੇਤ ਵਿੱਚ ਲਿਜਾ
ਕੇ ਗੋਲੀਆਂ ਨਾਲ ਭੁੰਨ ਦਿੱਤਾ।
ਦੱਸਣਾ ਬਣਦਾ ਹੈ ਕਿ ਆਈਐਸਆਈਐਸ ਦੇ ਦਹਿਸ਼ਤਗਰਦਾਂ ਨੇ
ਯਜੀਦੀਆਂ ਨੂੰ ਇਸਲਾਮ ਕਬੂਲਣ ਜਾਂ ਫ਼ਿਰ ਮੌਤ ਨੂੰ ਗਲੇ ਲਾਉਣ ਦੀ ਧਮਕੀ ਦਿੱਤੀ ਹੋਈ ਹੈ।
ਕੋਚੋ ਪਿੰਡ ਦੇ ਮੈਂਬਰਾਂ ਨਾਲ ਸੰਪਰਕ ਵਿੱਚ ਰਹੇ ਇੱਕ ਯਜੀਦੀ ਕਾਰਕੁਨ ਮਿਰਜ਼ਾ ਦੇਨਾਈ ਨੇ
ਕਿਹਾ ‘‘ਕਤਲੇਆਮ ਦੇ ਦੌਰਾਨ ਇੱਕ ਆਦਮੀ ਕਿਸੇ ਤਰ੍ਹਾਂ ਬਚਣ ਵਿੱਚ ਕਾਮਯਾਬ ਰਿਹਾ, ਉਸ ਨੇ
ਖ਼ੁਦ ਨੂੰ ਲਾਸ਼ਾਂ ਦੇ ਹੇਠਾਂ ਢੱਕ ਲਿਆ ਸੀ।’’ ਯਜੀਦੀ ਲੜਾਕੇ ਮੋਸੇਨ ਤਵੱਾਲ ਨੇ ਕਿਹਾ
‘‘ਜਦੋਂ ਮੈਂ ਕੋਚੋ ਪਿੰਡ ਪਰਤਿਆ ਤਾਂ ਉਥੇ ਚਾਰੇ ਪਾਸੇ ਲਾਸ਼ਾਂ ਵਿਛੀਆਂ ਹੋਈਆਂ ਸਨ।’’
300 ਯਜੀਦੀਆਂ ਦੀ ਹੱਤਿਆ ਕਰਨ ਤੋਂ ਇਲਾਵਾ ਆਈਐਸਆਈਐਸ ਦੇ ਦਹਿਸ਼ਤਗਰਦਾਂ ਨੇ ਇੱਕ ਹਜ਼ਾਰ
ਤੋਂ ਵਧ ਮਹਿਲਾਵਾਂ ਅਤੇ ਬੱਚਿਆਂ ਨੂੰ ਬੰਦੀ ਵੀ ਬਣਾ ਲਿਆ ਹੈ। ਦਹਿਸ਼ਤਗਰਦ ਇਨ੍ਹਾਂ ਲੋਕਾਂ
ਨੂੰ ਕਿੱਥੇ ਲੈ ਕੇ ਗਏ ਹਨ, ਇਸ ਬਾਰੇ ਜਾਣਕਾਰੀ ਨਹੀਂ ਮਿਲ ਸਕੀ। ਯਜੀਦੀ ਕਾਰਕੁਨ ਦੇਨਾਈ
ਮੁਤਾਬਕ ਬੰਦੀ ਬਣਾਈਆਂ ਗਈਆਂ ਔਰਤਾਂ ਵਿੱਚ 10-10 ਸਾਲ ਦੀਆਂ ਬੱਚੀਆਂ ਵੀ ਸ਼ਾਮਲ ਹਨ।
ਹੋਰਨਾਂ ਰਿਪੋਰਟਾਂ ਮੁਤਾਬਕ ਬੰਦੀਆਂ ਨੂੰ ਤਲ ਅਫ਼ਰ ਲਿਜਾਉਣ ਦੇ ਖਦਸ਼ੇ ਪ੍ਰਗਟਾਏ ਜਾ ਰਹੇ
ਹਨ। ਦੱਸਣਾ ਬਣਦਾ ਹੈ ਕਿ ਇਹ ਸ਼ਹਿਰ ਆਈਐਸਆਈਐਸ ਦੇ ਨਿਯੰਤਰਣ ਵਿੱਚ ਹੈ।