ਅਧਿਆਪਕ ਯੂਨੀਅਨ ਵੱਲੋਂ ਸਿੱਖਿਆ ਵਿਰੋਧੀ ਨੀਤੀਆਂ ਖਿਲਾਫ਼ ਰੋਸ
Posted on:- 09-08-2014
ਐੱਸ.ਐੱਸ.ਏ./ਰਮਸਾ/ਸੀ.ਐੱਸ.ਐੱਸ. ਅਧਿਆਪਕ ਯੂਨੀਅਨ ਵਲੋਂ ਆਪਣੀਆਂ ਮੰਗਾਂ ਦੇ ਹੱਕ ਵਿੱਚ ਅਤੇ ਸਰਕਾਰ ਦੀਆਂ ਸਿੱਖਿਆ ਵਿਰੋਧੀ ਨੀਤੀਆਂ ਦੇ ਰੋਸ ਵਜੋਂ ਅੱਜ ਸਥਾਨਕ ਨਹਿਰੂ ਪਾਰਕ ਵਿਖੇ ਰੋਸ ਰੈਲੀ ਕੀਤੀ ਗਈ ਅਤੇ ਸ਼ਹਿਰ ਦੇ ਬਜ਼ਾਰਾਂ ਵਿੱਚ ਰੋਸ ਮਾਰਚ ਕਰਦਿਆਂ ਅਕਾਲੀ-ਭਾਜਪਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਸਬੰਧੀ ਪਰਚੇ ਵੰਡੇ ਗਏ।
ਜ਼ਿਲ੍ਹੇ ਦੇ ਵੱਖ-ਵੱਖ ਭਾਗਾਂ ਵਿੱਚੋਂ ਪੁੱਜੇ ਅਧਿਆਪਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਜੱਥੇਬੰਦੀ ਦੇ ਸੂਬਾਈ ਆਗੂ ਹਰਦੀਪ ਟੋਡਰਪੁਰ ਅਤੇ ਜਿਲ੍ਹਾ ਪ੍ਰਧਾਨ ਅਤਿੰਦਰਪਾਲ ਸਿੰਘ ਨੇ ਆਖਿਆ ਕਿ ਪੰਜਾਬ ਸਰਕਾਰ ਨਿੱਜੀਕਰਨ ਦੀਆਂ ਨੀਤੀਆਂ ਤੇ ਚਲਦਿਆਂ ਸਰਵ ਸਿੱਖਿਆ ਅਭਿਆਨ, ਰਾਸ਼ਟਰੀ ਮਾਧਮਿਕ ਸਿੱਖਿਆ ਅਭਿਆਨ ਅਤੇ ਸੈਂਟਰ ਸਪਾਂਸਰਡ ਸਕੀਮ ਤਹਿਤ ਪਿਛਲੇ ਪੰਜ ਸਾਲਾਂ ਤੋਂ ਕੰਮ ਕਰਦੇ ਆ ਰਹੇ ਅਧਿਆਪਕਾਂ ਨੂੰ ਰੈਗੂਲਰ ਕਰਨ ਤੋਂ ਲਗਾਤਾਰ ਟਾਲਾ ਵੱਟਦੀ ਰਹੀ ਹੈ ਜਦਕਿ ਪੰਜਾਬ ਦੇ ਸਿੱਖਿਆ ਵਿਭਾਗ ਵਿੱਚ ਤਿੰਨ ਸਾਲ ਦੀ ਨੌਕਰੀ ਉਪਰੰਤ ਅਧਿਆਪਕਾਂ ਨੂੰ ਰੈਗੂਲਰ ਕਰਨ ਦੀ ਨੀਤੀ ਮੌਜੂਦ ਹੈ।
ਸੂਬਾ ਕਮੇਟੀ ਮੈਂਬਰ ਭੁਪਿੰਦਰ ਮਰਦਾਹੇੜੀ ਅਤੇ ਜ਼ਿਲ੍ਹਾ ਜਨਰਲ ਸਕੱਤਰ ਰੂਪ ਕਿਸ਼ੋਰ ਖੱਤਰੀ ਨੇ ਆਖਿਆ ਕਿ ਪੰਜਾਬ ਸਰਕਾਰ ਨੇ ਬਠਿੰਡਾ ਦੇ ਵੱਖ-ਵੱਖ ਥਾਣਿਆਂ ਵਿੱਚ 8 ਜੂਨ 2012, 1 ਮਈ 2013 ਅਤੇ 5 ਮਈ 2013 ਨੂੰ ਝੂਠੇ ਪੁਲਿਸ ਕੇਸ ਦਰਜ ਕਰਕੇ ਹੱਕ ਮੰਗਦੇ ਅਧਿਆਪਕਾਂ ਨਾਲ ਅੱਤਵਾਦੀਆਂ ਵਰਗਾ ਸਲੂਕ ਕੀਤਾ ਹੈ ਪਰ ਇਸਦੇ ਬਾਵਜੂਦ ਅਧਿਆਪਕਾਂ ਦੀ ਅਵਾਜ ਨੂੰ ਦਬਾਇਆ ਨਹੀਂ ਜਾ ਸਕਿਆ।
ਜ਼ਿਲ੍ਹਾ ਮੀਤ ਪ੍ਰਧਾਨ ਭਰਤ ਕੁਮਾਰ ਅਤੇ ਗੁਰਜੀਤ ਸਿੰਘ ਨੇ ਆਖਿਆ ਕਿ ਜੇਕਰ ਸਰਕਾਰ ਨੇ ਸਮੂਹ ਅਧਿਆਪਕਾਂ ਨੂੰ ਰੈਗੂਲਰ ਨਾ ਕੀਤਾ, 1273 ਪੋਸਟਾਂ ਅਧੀਨ ਕੰਮ ਕਰ ਰਹੇ ਬੀ.ਐਂਡ.ਪਾਸ ਪ੍ਰਾਇਮਰੀ ਅਧਿਆਪਕਾਂ ਦੀ ਛੇ ਮਹੀਨੇ ਦੀ ਟ੍ਰੇਨਿੰਗ ਸ਼ੁਰੂ ਨਾ ਕੀਤੀ ਅਤੇ ਅਧਿਆਪਕਾਂ ਉੱਤੇ ਦਰਜ ਝੂਠੇ ਪੁਲਿਸ ਕੇਸ ਰੱਦ ਨਾ ਕੀਤੇ ਤਾਂ ਅਧਿਆਪਕਾਂ ਵੱਲੋਂ ਜਿਮਨੀ ਚੋਣ ਹੋਣ ਤੱਕ ਪਟਿਆਲਾ ਸ਼ਹਿਰ ਵਿੱਚ ਲਗਾਤਾਰ ਪਰਚਾ ਵੰਡ ਮੁਹਿੰਮ ਚਲਾਈ ਜਾਵੇਗੀ।
ਇਸ ਮੌਕੇ ਤੇ 7654 ਅਧਿਆਪਕ ਯੂਨੀਅਨ ਦੇ ਨਵਦੀਪ ਸਮਾਣਾ, ਰੁਪਿੰਦਰ ਕੌਰ, 3442 ਅਧਿਆਪਕ ਯੂਨੀਅਨ ਦੇ ਵਿਕਰਮ ਦੇਵ ਸਿੰਘ, ਮਿਡ-ਡੇ-ਮੀਲ ਦਫਤਰੀ ਕਰਮਚਾਰੀ ਯੂਨੀਅਨ ਦੇ ਪ੍ਰਵੀਨ ਕੁਮਾਰ, ਸਿੱਖਿਆ ਪ੍ਰੋਵਾਇਡਰ ਯੂਨੀਅਨ ਵਲੋਂ ਗੁਰਪ੍ਰੀਤ ਸਿੰਘ ਅਤੇ ਗੁਰਦੀਪ ਸਿੰਘ, ਈ.ਜੀ.ਐਸ., ਏ.ਆਈ.ਈ. ਐਸ.ਟੀ.ਆਰ. ਸਾਝਾਂ ਫਰੰਟ ਵੱਲੋਂ ਮਿੱਠੂ ਖਾਨ ਤੇ ਰੋਹਿਤ ਕੋਸ਼ਲ ਆਦਿ ਅਧਿਆਪਕਾਂ ਨੇ ਸੰਘਰਸ਼ ਦੀ ਹਮਾਇਤ ਕੀਤੀ। ਇਸ ਮੌਕੇ ਤੇ ਹਰਮਿੰਦਰ ਸਿੰਘ, ਜੈ ਸਿੰਘ, ਮਨੋਜ ਕੁਮਾਰ, ਜੋਨੀ ਗਰਗ, ਬਖਸ਼ੀਸ਼ ਸਿੰਘ, ਰਜਿੰਦਰ ਸਿੰਘ, ਦਵਿੰਦਰਪਾਲ ਸਿੰਘ, ਗਗਨ ਰਾਣੂ, ਗਗਨ ਕਾਠਮੱਠੀ, ਹਰਦੀਪ ਸੋਗਲਪੁਰ, ਦਿਨੇਸ਼ ਕੁਮਾਰ, ਜਗਦੀਪ ਸਿੰਘ, ਲਖਵਿੰਦਰ ਸਿੰਘ, ਹਰਿੰਦਰ ਸਿੰਘ, ਮੁਕੇਸ਼ ਕੁਮਾਰ, ਜਗਸੀਰ ਸਿੰਘ, ਚਮਕੌਰ ਸਿੰਘ ਅਤੇ ਵਿਸ਼ਾਲ ਕੁਮਾਰ ਆਦਿ ਅਧਿਆਪਕ ਆਗੂ ਵੀ ਹਾਜ਼ਰ ਸਨ।