ਤਲਵੰਡੀ ਸਾਬੋ ’ਚ ਆਪ ਹੋਈ ਦੋਫਾੜ
Posted on:- 03-08-2014
ਤਲਵੰਡੀ ਸਾਬੋ : ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਵਿੱਚ ਅੱਜ ਆਮ ਆਦਮੀ ਪਾਰਟੀ ਉਸ ਸਮੇਂ ਦੋਫਾੜ ਹੋ ਗਈ, ਜਦੋਂ ਪ੍ਰਸਿੱਧ ਪੰਜਾਬੀ ਗਾਇਕ ਬਲਕਾਰ ਸਿੱਧੂ ਨੇ ਆਪਣੀ ਟਿਕਟ ਕੱਟੇ ਜਾਣ ਦੇ ਰੋਸ ਵਜੋਂ ਆਪਣੇ ਸਮਰਥਕਾਂ ਦੀ ਸਲਾਹ ’ਤੇ ਪਾਰਟੀ ਵੱਲੋਂ ਬੀਤੇ ਕੱਲ੍ਹ ਐਲਾਨੀ ਗਈ ਉਮੀਦਵਾਰ ਪ੍ਰੋ. ਬਲਜਿੰਦਰ ਕੌਰ ਖਿਲਾਫ ਕਾਗਜ਼ ਦਾਖਲ ਕਰ ਦਿੱਤੇ। ਉਕਤ ਘਟਨਾਕ੍ਰਮ ਤੋਂ ਬਾਅਦ ਸਮੁੱਚੇ ਹਲਕੇ ਦੇ ‘ਆਪ’ ਵਰਕਰ ਦੋ ਧੜਿਆਂ ਵਿੱਚ ਵੰਡੇ ਨਜ਼ਰ ਆਉਣ ਲੱਗੇ ਹਨ।
ਇੱਥੇ ਦੱਸਣਾਬਣਦਾ ਹੈ 21 ਅਗਸਤ ਨੂੰ ਹੋਣ ਜਾ ਰਹੀ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੀ ਜ਼ਿਮਨੀ ਚੋਣ ਲਈ ਪਹਿਲਾਂ ਆਮ ਆਦਮੀ ਪਾਰਟੀ ਨੇ ਹਲਕੇ ਅੰਦਰੋਂ ਹੋ ਰਹੇ ਵਿਰੋਧ ਨੂੰ ਦਰਕਿਨਾਰ ਕਰਦਿਆਂ ਪ੍ਰਸਿੱਧ ਪੰਜਾਬੀ ਗਾਇਕ ਬਲਕਾਰ ਸਿੱਧੂ ਨੂੰ ਉਮੀਦਵਾਰ ਵਜੋਂ ਐਲਾਨ ਦਿੱਤਾ ਸੀ ਤੇ ਬਲਕਾਰ ਵੱਲੋਂ ਚੋਣ ਮੁਹਿੰਮ ਸ਼ੁਰੂ ਕਰਨ ਤੋਂ ਪਹਿਲਾਂ ਤਲਵੰਡੀ ਸਾਬੋ ਵਿਖੇ ਰੱਖੇ ਸਮਾਗਮਾਂ ਵਿੱਚ ਪਾਰਟੀ ਦਾ ਇੱਕ ਗਰੁੱਪ ਗੈਰਹਾਜ਼ਰ ਰਿਹਾ ਸੀ।
ਉਸ ਤੋਂ ਬਾਅਦ ‘ਆਪ’ ਹਾਈਕਮਾਂਡ ਨੇ ਅਚਾਨਕ ਹੀ ਸਭ ਨੂੰ ਹੈਰਾਨੀ ਵਿੱਚ ਪਾਂਉਦਿਆਂ ਬਲਕਾਰ ਸਿੱਧੂ ਦੀ ਟਿਕਟ ਕੱਟ ਕੇ ਹਲਕੇ ਦੀ ਵਸਨੀਕ ਪ੍ਰੋ.ਬਲਜਿੰਦਰ ਕੌਰ ਨੂੰ ਟਿਕਟ ਦੇ ਦਿੱਤੀ। ਅੱਜ ਨਾਮਜਦਗੀਆਂ ਭਰਨ ਦੇ ਆਖਰੀ ਦਿਨ ਜਦੋਂ ‘ਆਪ’ ਉਮੀਦਵਾਰ ਬਲਜਿੰਦਰ ਕੌਰ ਨੇ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕਰਨੇ ਸਨ ਤੇ ਉਸ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ ਉਨ੍ਹਾਂ ਨੂੰ ਟਿਕਟ ਮਿਲਣ ਤੇ ਸਾਰੀ ਪਾਰਟੀ ਇੱਕਜੁਟ ਹੋ ਕੇ ਉਨ੍ਹਾਂ ਦੇ ਨਾਲ ਚੱਲੇਗੀ ਤਾਂ ਉਸ ਦਾਅਵੇ ਦੀ ਉਦੋਂ ਫੂਕ ਨਿੱਕਲ ਗਈ ਜਦੋਂ ਕਾਗਜ਼ ਭਰਨ ਦੇ ਆਖਿਰੀ ਸਮੇਂ ਵਿੱਚ ਆ ਕੇ ਬਲਕਾਰ ਸਿੱਧੂ ਨੇ ਵੀ ਆਜ਼ਾਦ ਉਮੀਦਵਾਰ ਵਜੋਂ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕਰ ਦਿੱਤੇ।
ਇਸ ਤੋਂ ਪਹਿਲਾਂ ਅੱਜ ਬਲਕਾਰ ਵੱਲੋਂ ਦੋ ਤਿੰਨ ਦਿਨ ਪਹਿਲਾਂ ‘ਆਪ’ ਦੇ ਅਧਿਕਾਰਿਤ ਉਮੀਦਵਾਰ ਵਜੋਂ ਬਠਿੰਡਾ ਰੋਡ ਤੇ ਖੋਲੇ ਦਫਤਰ ਵਿੱਚ ਵਰਕਰਾਂ ਅਤੇ ਆਪਣੇ ਸਮਰਥਕਾਂ ਨਾਲ ਮੀਟਿਗਾਂ ਦਾ ਦੌਰ ਸਵੇਰ ਤੋਂ ਦੁਪਹਿਰ ਤੱਕ ਚਲਦਾ ਰਿਹਾ ਅਤੇ ਉਕਤ ਮੀਟਿੰਗ ਵਿੱਚ ਇਲਾਕੇ ਨਾਲ ਸਬੰਧਤ ‘ਆਪ’ ਦੇ ਕਈ ਜ਼ਿਲ੍ਹਾ ਅਤੇ ਬਲਾਕ ਆਗੂਆਂ ਨੇ ਵੀ ਸ਼ਿਰਕਤ ਕੀਤੀ। ਵਿਚਾਰਵਟਾਂਦਰੇ ਉੇਪਰੰਤ ਕਾਗਜ਼ ਦਾਖਲ ਕਰਨ ਦਾ ਫੈਸਲਾ ਲਿਆ ਗਿਆ ਅਤੇ ਕਾਗਜ਼ ਦਾਖਲ ਕਰਨ ਤੋਂ ਪਹਿਲਾਂ ਬਲਕਾਰ ਨੇ ਆਪਣੇ ਸਮੱਰਥਕਾਂ ਸਮੇਤ ਤਖਤ ਸ੍ਰੀ ਦਮਦਮਾ ਸਾਹਿਬ ਮੱਥਾ ਵੀ ਟੇਕਿਆ ਗਿਆ।ਕਾਗਜ ਦਾਖਿਲ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲ ਕਰਦਿਆਂ ਬਲਕਾਰ ਨੇ ਕਿਹਾ ਕਿ ਉਹ ਅੱਜ ਵੀ ਅਰਵਿੰਦ ਕੇਜਰੀਵਾਲ ਦੀਆਂ ਨੀਤੀਆਂ ਤੇ ਚੱਲ ਰਹੇ ਹਨ ਤੇ ਸਿਰਫ ਪਾਰਟੀ ਹਾਈਕਮਾਂਡ ਦੇ ਕੁਝ ਆਗੂਆਂ ਵੱਲੋਂ ਟਿਕਟ ਬਦਲਣ ਦੇ ਲਏ ਗਏ ਫੈਸਲੇ ਦੇ ਵਿਰੋਧ ਵਜੋਂ ਅਤੇ ਹਲਕੇ ਦੇ ‘ਆਪ’ ਆਗੂਆਂ ਤੇ ਵਰਕਰਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਚੋਣ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਕਿਸੇ ਕੀਮਤ ’ਤੇ ਕਾਗਜ਼ ਵਾਪਸ ਨਹੀਂ ਲੈਣਗੇ ਅਤੇ ਇਹ ਸੀਟ ਜਿੱਤ ਕੇ ਕੇਜਰੀਵਾਲ ਦੀ ਝੋਲੀ ਹੀ ਪਾਉਣਗੇ।
ਹੁਣ ‘ਆਪ’ ਵਰਕਰਾਂ ਦੇ ਦੋ ਧੜਿਆਂ ਵਿੱਚ ਵੰਡੇ ਜਾਣ ਦਾ ਪਾਰਟੀ ਨੂੰ ਕੀ ਨੁਕਸਾਨ ਹੁੰਦਾ ਹੈ ਜਾਂ ਬਲਕਾਰ ਨੂੰ ਕੀ ਫਾਇਦਾ ਹੁੰਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ, ਪ੍ਰੰਤੂ ਫਿਲਹਾਲ ਇਸ ਸਥਿਤੀ ਨਾਲ ‘ਆਪ’ ਵਰਕਰਾਂ ਦਾ ਮਨੋਬਲ ਡਿੱਗਣ ਦੀ ਸਥਿਤੀ ਜ਼ਰੂਰ ਬਣ ਗਈ ਹੈ।