ਲੰਬੀ ਵਾਟ ਤੈਅ ਕਰਕੇ ਸਿਰਾਂ ’ਤੇ ਪੀਣ ਦਾ ਪਾਣੀ ਢੋਹਣ ਨੂੰ ਮਜਬੂਰ ਹਨ ਢਾਣੀਆਂ ਦੀਆਂ ਔਰਤਾਂ
Posted on:- 03-08-2014
ਡੱਬਵਾਲੀ: ਇੱਕ ਪਾਸੇ ਦੁਨੀਆਂ ਮੰਗਲ ਗ੍ਰਹਿ ’ਤੇ ਵਸਣ ਦੀ ਤਿਆਰੀ ’ਚ ਹੈ, ਪਰ ਉਥੇ ਪਿੰਡ ਮਾਂਗੇਆਣਾ-ਦੇਸੂਜੋਧਾ ਵਿਚਕਾਰ ਸਥਿਤ ਢਾਣੀਆਂ ਦੀ ਵਸੋਂ ਲੰਬੀ ਵਾਟ ਤੈਅ ਕਰਕੇ ਪੀਣ ਦਾ ਪਾਣੀ ਸਿਰਾਂ ’ਤੇ ਢੋਹਣ ਨੂੰ ਮਜ਼ਬੂਰ ਹੈ। ਵਾਟਰ ਵਰਕਸ ਦਾ ਪਾਣੀ ਨਾ ਪੁੱਜਣ ਕਰਕੇ ਇਨ੍ਹਾਂ ਢਾਣੀਆਂ ਦੀਆਂ ਔਰਤਾਂ ਨੂੰ ਰੋਜ਼ਾਨਾ ਵਰਤੋਂ ਲਈ ਦੂਰ-ਦੁਰਾਡੇ ਸਥਿਤ ਖਾਲਿਆਂ ਵਗੈਰਾ ’ਚੋਂ ਨਾ ਪੀਣ ਯੋਗ ਪਾਣੀ ਬੈਲ ਗੱਡੀਆਂ ’ਤੇ ਟੈਂਕੀਆਂ ਜਾਂ ਸਿਰਾਂ ’ਤੇ ਮਟਕਿਆਂ ਵਿਚ ਢੋਹ ਕੇ ਲਿਆਉਣਾ ਪੈਂਦਾ ਹੈ।
ਢਾਣੀਆਂ ਵਿਚ ਕਰੀਬ 100 ਪਰਿਵਾਰ ਵਸਦੇ ਰਹਿੰਦੇ ਹਨ ਪਰ ਵੋਟਾਂ ਵਾਲੀ ਕਿਸੇ ਧਿਰ ਨੇ ਇਸ ਮੁੱਢਲੀ ਸਮੱਸਿਆ ਦੇ ਹੱਲ ਦਾ ਜੇਰਾ ਨਹੀਂ ਕੀਤਾ। ਢਾਣੀ ਨਿਵਾਸੀ ਗੁਰਬਚਨ ਸਿੰਘ, ਗੁਰਦੇਵ ਸਿੰਘ, ਬਲਦੇਵ ਸਿੰਘ, ਸੰਤ ਰਾਮ, ਤੇਜਾ ਸਿੰਘ, ਕਰਮ ਸਿੰਘ ਅਤੇ ਹੋਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਢਾਣੀ ਪਿੰਡ ਦੇਸੂਜੋਧਾ ਤੋਂ ਕਰੀਬ ਦੋ ਕਿਲੋਮੀਟਰ ਦੀ ਦੂਰੀ ’ਤੇ ਹੈ। ਅਜੇ ਤੱਕ ਵਾਟਰ ਵਰਕਸ ਦੀ ਪਾਣੀ ਪਹੁੰਚਾਉਣ ਲਈ ਪਾਈਪ ਲਾਈਨ ਤੱਕ ਨਹੀਂ ਪਾਈ ਗਈ ਹੈ।
ਟਿਊਬਵੈਲਾਂ ਦਾ ਜ਼ਮੀਨੀ ਪਾਣੀ ਸ਼ੋਰੇ ਵਾਲਾ ਹੈ ਅਤੇ ਪੀਣ ਲਾਇਕ ਨਹੀਂ ਹੈ। ਉਨ੍ਹਾਂ ਕਿਹਾ ਕਿ ਜ਼ਮੀਨੀ ਪਾਣੀ ਮਾੜਾ ਹੋਣ ਕਰਕੇ ਉਸਨੂੰ ਕਿਸੇ ਵੀ ਘਰੇਲੂ ਵਰਤੋਂ ’ਚ ਨਹੀਂ ਲਿਆਂਦਾ ਜਾ ਸਕਦਾ। ਉੁਨ੍ਹਾਂ ਕਿਹਾ ਕਿ ਲੋਕਾਂ ਨੂੰ ਘਰੇਲੂ ਵਰਤੋਂ ਲਈ ਦੂਰ ਦੁਰਾਡੇ ਸਥਿਤ ਖਾਲਿਆਂ ਵਗੈਰਾ ਤੋਂ ਪਾਣੀ ਮਟਕਿਆਂ ਵਿਚ ਭਰ ਕੇ ਅਤੇ ਬੈਲ ਗੱਡੀਆਂ ਤੇ ਰੱਖ ਕੇ ਟੈਂਕੀਆਂ ਵਿਚ ਲਿਆਉਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਵੋਟਾਂ ਵੇਲੇ ਲੀਡਰ ਵੱਡੇ ਵੱਡੇ ਵਾਅਦੇ ਕਰ ਜਾਂਦੇ ਹਨ ਪਰ ਬਾਦਅ ’ਚ ਕੋਈ ਗੱਲ ਸੁਣਨ ਤਿਆਰ ਨਹੀਂ ਹੁੰਦਾ। ਰਣਧੀਰ ਸਿੰਘ ਪੰਨੀਵਾਲਾ ਨੇ ਕਿਹਾ ਕਿ ਢਾਣੀਆਂ ਵਿਚ ਰਹਿੰਦੇ ਲੋਕਾਂ ਨੇ ਪੀਣ ਦੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸਿਆਸੀ ਆਗੂਆਂ ਮੂਹਰੇ ਗੁਹਾਰ ਲਗਾਈ ਹੈ ਪਰ ਅੱਜ ਤੱਕ ਕਿਸੇ ਨੇ ਸੁਣਵਾਈ ਨਹੀਂ ਕੀਤੀ।
ਉਨ੍ਹਾਂ ਦੋਸ਼ ਲਗਾਇਆ ਕਿ ਹੁੱਡਾ ਸਰਕਾਰ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕਰਦੀ ਹੈ ਤਾਂ ਦੂਸਰੇ ਪਾਸੇ ਲੋਕਾਂ ਦੀ ਪਾਣੀ ਜਿਹੀ ਮੁੱਢਲੀਆਂ ਜ਼ਰੂਰਤਾਂ ਵੀ ਪੂਰੀ ਨਹੀਂ ਕੀਤੀਆਂ ਜਾ ਰਹੀਆਂ ਹੈ। ਉਨ੍ਹਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਜਲਦੀ ਹੀ ਇਸ ਵੱਲ ਧਿਆਨ ਨਹੀਂ ਦਿੱਤਾ ਗਿਆ ਤਾਂ ਢਾਣੀਆਂ ਦੇ ਲੋਕ ਸੜਕਾਂ ਤੇ ਉਤਰ ਕੇ ਸੰਘਰਸ਼ ਕਰਨ ਨੂੰ ਮਜ਼ਬੂਰ ਹੋ ਜਾਣਗੇ।