ਆਟੇ ਦੀਆਂ ਚਿੜੀਆਂ - ਬਲਵਿੰਦਰ ਸਿੰਘ ਬੁਲਟ
Posted on:- 06-08-2013
‘‘ਮਾਂ ਇਹ ਉੱਡਦੀਆਂ ਕਿਉਂ ਨੀ?’’
‘‘ਧੀਏ ਇਹ ਆਟੇ ਦੀਆਂ ਚਿੜੀਆਂ ਨੇ… ਤਾਂ ਕਰਕੇ।’’
‘‘ਮਾਂ ਚਿੜੀਆਂ ਤਾਂ ਚਿੜੀਆਂ ਹੁੰਦੀਆਂ ਨੇ।’’
‘‘ਨਈਂ ਧੀਏ … ਆਟੇ ਦੀਆਂ ਚਿੜੀਆਂ, ਚਿੜੀਆਂ ਨਈਂ ਹੁੰਦੀਆਂ।’’
ਮਾਂ ਠਰ੍ਹਮੇ ਨਾਲ ਮੇਰੀਆਂ ਉਰਲੀਆਂ-ਪਰਲੀਆਂ ਦੇ ਜੁਆਬ ਦਿੰਦੀ। ਰੋਟੀ ਪਕਾਉਂਦੀ ਮਾਂ ਕੋਲ ਬੈਠੀ ਮੈਂ ਪਰਾਤ ’ਚੋਂ ਆਟੇ ਦੇ ਦੋ ਪੇੜੇ ਕੱਢਦੀ ਤੇ ਦੋ ਨਿੱਕੀਆਂ ਚਿੜੀਆਂ ਬਣਾਉਂਦੀ। ਇੱਕ ਮੇਰੀ ਮਾਂ ਵਰਗੀ ਪਤਲੀ ਮਰੂ ਜਿਹੀ ਤੇ ਦੂਜੀ ਬਾਪੂ ਵਰਗੀ ਮੋਟੀ। ਪਤਾ ਨਹੀਂ ਮੇਰੇ ਹੱਥਾਂ ’ਚ ਕੀ ਜਾਦੂ ਸੀ ਕਿ ਜਦੋਂ ਮੈਂ ਛੋਟੀ ਜਿਹੀ ਚਿੜੀ ਬਣਾਉਂਦੀ ਤਾਂ ਉਹ ਬੜੀ ਸੋਹਣੀ ਬਣਦੀ… ਸੋਹਲ ਤੇ ਕੋਮਲ ਪਰ ਜਦੋਂ ਵੱਡੀ ਚਿੜੀ ਦੀ ਵਾਰੀ ਆਉਂਦੀ ਤਾਂ ਮੇਰੇ ਅੰਦਰ ਇੱਕ ਭੈਅ ਜਿਹਾ ਉÎੱਠਦਾ ਤੇ ਮੈਂ ਕੰਬਦੇ ਹੱਥਾਂ ਨਾਲ ਛੇਤੀ-ਛੇਤੀ ਵੱਡੀ ਚਿੜੀ ਦਾ ਮੂੰਹ ਸਿਰ ਸਮੇਟਦੀ ਤੇ ਫਿਰ ਛੋਟੀ ਚਿੜੀ ਨੂੰ ਨਿਹਾਰਨ ਲੱਗਦੀ। ਕਦੀ-ਕਦੀ ਸੋਚਦੀ ਕਿ ਵੱਡੀ ਚਿੜੀ ਨਾ ਹੀ ਬਣਾਵਾਂ ਪਰ ਉਹਦੇ ਤੋਂ ਬਿਨਾਂ ਛੋਟੀ ਚਿੜੀ ਅਧੂਰੀ ਜਿਹੀ ਲੱਗਦੀ। ਫਿਰ ਦੋਵਾਂ ਦਾ ਵਿਆਹ ਕਰਦੀ। ਪਹਿਲਾਂ ਵੱਡੀ ਚਿੜੀ ਅੱਗੇ-ਅੱਗੇ ਤੇ ਛੋਟੀ ਚਿੜੀ ਪਿੱਛੇ-ਪਿਛੇ। ਦੋ ਗੇੜਿਆਂ ਪਿੱਛੋਂ ਛੋਟੀ ਚਿੜੀ ਨੂੰ ਅੱਗੇ ਤੋਰਦੀ ਤੇ ਵੱਡੀ ਚਿੜੀ ਨੂੰ ਉਸ ਦੇ ਪਿੱਛੇ। ਮਾਂ ਇਸ ਗੱਲ ’ਤੇ ਹੱਸ ਪੈਂਦੀ, ‘‘ਵੱਡੀ ਚਿੜੀ ਨੂੰ ਅੱਗੇ ਹੀ ਤੋਰਿਆ ਕਰ… ਤਾਂ ਵਿਆਹ ਹੋਣੈ… ਨਹੀਂ ਤਾਂ ਵੱਡੀ ਨੇ ਰੁੱਸ ਜਾਣੈ।’’
‘‘ਜੇ ਛੋਟੀ ਦਾ ਅੱਗੇ ਤੁਰਨ ਨੂੰ ਜੀ ਕਰੇ… ਫੇਰ?’’
‘‘ਚਾਹੇ ਸੌ ਵਾਰ ਕਰੇ… ਜੋਰ ਤਾਂ ਵੱਡੀ ਦਾ ਹੀ ਚੱਲਣੈ।’’
‘‘ਮਾਂ ਵੱਡੀ ਚਿੜੀ ਦਾ ਹੀ ਜੋਰ ਕਿਉਂ ਚੱਲਦੈ?’’
‘‘ਇਹ ਤਾਂ ਓਹੀਓ ਜਾਣੇ, ਜੀਹਨੇ ਚਿੜੀਆਂ ਬਣਾਈਆਂ ਨੇ।’’
ਮਾਂ ਹਾਉਕਾ ਲੈਂਦੀ। ਮੇਰੇ ਸੁਆਲ ਨਹੀਂ ਸਨ ਮੁੱਕਦੇ ਪਰ ਮਾਂ ਦੇ ਜੁਆਬ ਚਹੁੰ ਪਲਾਂ ’ਚ ਖੁਰਦ-ਬੁਰਦ ਹੋ ਜਾਂਦੇ ਸਨ। ਅਖ਼ੀਰ ਖਿੱਝ ਕੇ ਮਾਂ ਮੈਥੋਂ ਚਿੜੀਆਂ ਖੋਹ ਲੈਂਦੀ ਤੇ ਪੇੜਿਆਂ ’ਚ ਢਾਲ ਕੇ ਉਨ੍ਹਾਂ ਦੀਆਂ ਦੋ ਰੋਟੀਆਂ ਪਕਾ ਦਿੰਦੀ। ਛੋਟੀ ਚਿੜੀ ਦਾ ਮੈਨੂੰ ਬੜਾ ਦਰਦ ਹੁੰਦਾ। ਮੈਂ ਉਹਨੂੰ ਤਵੇ ’ਤੇ ਪੱਕਦਿਆਂ, ਫੁੱਲਦਿਆਂ, ਸੜਦਿਆਂ ਤੇ ਉਸ ’ਚ ਭਾਫ਼ ਨਿਕਲਦੀ ਵੇਖਦੀ। ਇਹ ਭਾਫ਼ ਜਿਵੇਂ ਮੇਰੇ ਅੰਦਰੋਂ ਹੀ ਨਿਕਲ ਰਹੀ ਹੁੰਦੀ। ਮਾਂ ਥਾਲੀ ’ਚ ਰੋਟੀ ਪਰਸੋਦੀ। ਛੋਟੀ ਚਿੜੀ ਵਾਲੀ ਰੋਟੀ ਮੈਂ ਆਪਣੀ ਥਾਲੀ ’ਚ ਰੱਖ ਲੈਂਦੀ ਪਰ ਜਦੋਂ ਖਾਣ ਦਾ ਵੇਲਾ ਆਉਂਦਾ ਤਾਂ ਮੈਂ ਉਸ ਨੂੰ ਸਿਰਫ਼ ਵੇਖਦੀ, ਨਿਹਾਰਦੀ ਤੇ ਉਹਦੇ ’ਚੋਂ ਚਿੜੀ ਦੇ ਨਕਸ਼ ਤਲਾਸ਼ਣ ਦੇ ਯਤਨ ਕਰਦੀ। ਕਦੇ-ਕਦੇ ਉਸ ਰੋਟੀ ਦੀ ਭਾਫ਼ ’ਚੋਂ ਮੈਨੂੰ ਹਜ਼ਾਰਾਂ ਚਿੜੀਆਂ ਉੱਡਦੀਆਂ ਪ੍ਰਤੀਤ ਹੁੰਦੀਆਂ ਤੇ ਕਦੇ ਸਭ ਚਿੜੀਆਂ ਦੇ ਸਾਹ ਰੋਟੀ ਦੀ ਖ਼ੁਸ਼ਬੂ ’ਚੋਂ ਮੇਰੇ ਅੰਦਰ ਉਤਰ ਜਾਂਦੇ ਤੇ ਇੱਕ ਝਰਨਾਹਟ ਜਿਹੀ ਉੱਠਦੀ।
‘‘ਹੁਣ ਖਾ ਵੀ ਲੈ ਕਿ ਬਿਟਰ-ਬਿਟਰ ਝਾਕੀ ਜਾਏਂਗੀ,’’ ਮਾਂ ਖਿੱਝ ਜਾਂਦੀ।
‘‘ਮੈਂ ਨ੍ਹੀਂ ਖਾਂਦੀ… ਇਹਦੇ ’ਚ ਮੇਰੀ ਚਿੜੀ ਏ।’’
‘‘ਕਿੱਥੇ ਆ ਚਿੜੀ… ਉਹ ਤਾਂ ਉੱਡ ਵੀ ਗਈ।’’
‘‘ਕਦੋਂ ਉੱਡ ਗਈ… ਮੈਨੂੰ ਤਾਂ ਦਿਸੀ ਨ੍ਹੀਂ।’’
‘‘ਰੋਟੀ ’ਚੋਂ ਜਿਹੜੀ ਭਾਫ਼ ਨਿਕਲੀ ਸੀ ਨਾ… ਉਹਦੇ ਚੋਂ।’’
ਆਖਰ ਮਾਂ ਮੈਨੂੰ ਕਿਵੇਂ ਨਾ ਕਿਵੇਂ ਸਮਝਾ ਹੀ ਲੈਂਦੀ ਪਰ ਮੈਂ ਹੈਰਾਨ ਹੁੰਦੀ ਕਿ ਭਾਫ਼ ’ਚੋਂ ਚਿੜੀ ਕਿਵੇਂ ਉੱਡ ਗਈ! ਰੋਟੀ ਖਾ ਕੇ ਮੈਂ ਘਬਰਾ ਜਾਂਦੀ, ‘‘ਜੇ ਚਿੜੀ ਰੋਟੀ ’ਚੋਂ ਨਾ ਉੱਡੀ ਹੋਈ ਤਾਂ ਕਿਤੇ ਇਹ ਰੋਟੀ ਮੇਰੇ ਅੰਦਰ ਜਾ ਕੇ ਚਿੜੀ ਨਾ ਬਣ ਜਾਏ।’’ ਕਦੇ ਮੈਨੂੰ ਲੱਗਦਾ ਚਿੜੀ ਦੇ ਉਹ ਖੰਭ ਮੇਰੇ ’ਚੋਂ ਉÎੱਗ ਆਉਣਗੇ ਤੇ ਮੈਂ ਸੈਂਕੜੇ ਚਿੜੀਆਂ ਦੀ ਡਾਰ ’ਚ ਜਾ ਰਲਾਂਗੀ। ਫਿਰ ਸੋਚਦੀ ਮਾਂ ਮੇਰੇ ਬਾਝੋਂ ਕੀ ਕਰੇਗੀ… ਉਹਦੇ ਵੀ ਖੰਭ ਲੱਗ ਜਾਣ ਤੇ ਅਸੀਂ ਦੋਵੇਂ ਉਡਾਰੀ ਮਾਰ ਜਾਈਏ ਪਰ ਬਾਪੂ ਦੇ ਹੁੰਦਿਆਂ ਇਹ ਕਦੇ ਵੀ ਸੰਭਵ ਨਹੀਂ ਸੀ ਹੋ ਸਕਦਾ। ਇੱਕ ਵਾਰ ਮੈਂ ਇੱਕ ਨਿੱਕੀ ਜਿਹੀ ਚਿੜੀ ਬਣਾਈ। ਚੁੰਝ ਲਾਈ… ਨਿੱਕੀ ਜਿਹੀ ਤੇ ਤਿੱਖੀ। ਖੰਭ ਲਾਏ ਕੋਮਲ-ਕੋਮਲ… ਬੜੇ ਸੋਹਣੇ। ਚੌਂਕੇ ਦੇ ਬਨੇਰੇ ’ਤੇ ਰੱਖ ਕੇ ਚਿੜੀ ਨੂੰ ਕਿਹਾ, ‘‘ਚਿੜੀਏ… ਚਿੜੀਏ… ਉੱਡ ਜਾ। ਚਿੜੀਏ… ਚਿੜੀਏ… ਉੱਡ ਜਾ।’’
ਚਿੜੀ ਨੂੰ ਚੌਂਕੇ ’ਤੇ ਬਿਠਾ ਕੇ ਆਪ ਦੂਰ ਮੰਜੇ ’ਤੇ ਬੈਠ ਗਈ ਤੇ ਵੇਖਦੀ ਰਹੀ ਕਿ ਚਿੜੀ ਉੱਡੇਗੀ ਪਰ ਉਹ ਮਾਸੂਮ ਚੁੱਪ-ਚਾਪ ਬੈਠੀ ਰਹੀ। ਮੈਂ ਜ਼ੋਰ ਨਾਲ ਫਿਰ ਪੁਕਾਰਿਆ।
‘‘ਉੱਡ ਚਿੜੀਏ… ਉੱਡ।’’
ਅਚਾਨਕ ਇੱਕ ਕਾਂ ਆਇਆ ਤੇ ਝਪਟ ਮਾਰ ਕੇ ਮੇਰੀ ਚਿੜੀ ਨੂੰ ਉਡਾ ਕੇ ਲੈ ਗਿਆ। ਮੈਂ ਪਿੱਛੇ-ਪਿੱਛੇ ਦੌੜੀ… ਚੀਕੀ… ਕੁਰਲਾਈ ਪਰ ਕਾਂ ਦੇ ਖੰਭ ਵੱਡੇ-ਵੱਡੇ ਸਨ ਤੇ ਉਹ ਚਹੁੰ ਉਡਾਰੀਆਂ ’ਚ ਦੂਰ ਆਸਮਾਨ ’ਚ ਲੋਪ ਹੋ ਗਿਆ। ਮਾਂ ਫਿਰ ਗੁੱਸੇ ਨਾਲ ਮੇਰੇ ’ਤੇ ਵਰ੍ਹ ਪਈ, ‘‘ਫਿਰ ਕੀ ਹੋਇਆ… ਜੇ ਚਿੜੀ ਲੈ ਗਿਆ… ਇੱਕ ਹੋਰ ਚਿੜੀ ਬਣਾ ਲੈ।’’
ਪਰ ਮੇਰੇ ਅੰਦਰ ਇੱਕ ਹੋਰ ਚਿੜੀ ਬਣਾਉਣ ਦਾ ਮਸਲਾ ਨਹੀਂ ਸੀ ਸਗੋਂ ਮੈਂ ਤਾਂ ਉਸੇ ਚਿੜੀ ਨੂੰ ਉÎੱਡਦਿਆਂ ਵੇਖਣਾ ਚਾਹੁੰਦੀ ਸੀ। ਦਿਲ ਕਰਦਾ ਸੀ ਕਿ ਉਹ ਗਾਵੇ, ਦੂਰ ਉਡਾਰੀ ਮਾਰ ਕੇ ਫਿਰ ਚੌਂਕੇ ਦੇ ਬਨੇਰੇ ’ਤੇ ਆ ਬੈਠੇ… ਮੇਰੇ ਨਾਲ ਰੱਜ-ਰੱਜ ਗੱਲਾਂ ਕਰੇ… ਫਿਰ ਮੈਂ ਉਸ ਤੋਂ ਪੁੱਛਾਂ ਕਿ ਦੂਰ ਆਸਮਾਨ ਕਿਹੋ ਜਿਹਾ ਏ…? ਰਾਤ ਨੂੰ ਜਿਹੜੇ ਤਾਰੇ ਦਿੱਸਦੇ ਨੇ, ਉਨ੍ਹਾਂ ਦਾ ਘਰ ਕਿੱਥੇ ਹੈ?
‘‘ਮਾਂ… ਇਹ ਕਾਂ ਮੇਰੀ ਚਿੜੀ ਨੂੰ ਕਿੱਥੇ ਲੈ ਕੇ ਜਾਏਗਾ?’’
‘‘ਦੂਰ ਆਸਮਾਨ ਵਿੱਚ…।’’
‘‘ਫੇਰ?’’
‘‘ਫੇਰ ’ਕੱਲਾ ਬਹਿ ਕੇ ਉਸ ਚਿੜੀ ਨੂੰ ਖਾਵੇਗਾ।’’
‘‘ਚਿੜੀ ਉਹਨੂੰ ਕੁੱਟਦੀ ਨ੍ਹੀਂ ਅੱਗੋਂ?’’
‘‘ਤੈਨੂੰ ਕਿਹਾ ਸੀ ਨਾ ਕਿ ਉਹ ਆਟੇ ਦੀ ਚਿੜੀ ਏ ਤਾਂ ਕਰਕੇ।’’
ਮਾਂ ਚੌਂਕੇ ’ਚੋਂ ਉੱਠ ਕੇ ਪਸ਼ੂਆਂ ਦੇ ਵਾੜੇ ਨੂੰ ਚਲੀ ਗਈ। ਪਤਾ ਨਹੀਂ ਮੇਰੇ ਖਿਆਲਾਂ ’ਚ ਚਿੜੀਆਂ ਦਾ ਤਸੱਵਰ ਹੀ ਕਿਉਂ ਰਹਿੰਦਾ ਸੀ। ਸਾਡੇ ਵਿਹੜੇ ਦੀ ਟਾਹਲੀ ’ਤੇ ਕਿੰਨੀਆਂ ਹੀ ਚਿੜੀਆਂ ਆ ਝੁਰਮਟ ਪਾਉਂਦੀਆਂ… ਕਦੇ ਉਡਾਰੀ ਮਾਰ ਕੇ ਬਨੇਰੇ ’ਤੇ ਬਹਿੰਦੀਆਂ ਤੇ ਕਦੇ ਫਿਰ ਟਾਹਲੀ ਦੇ ਪੱਤਿਆਂ ਨਾਲ ਮਸ਼ਕਰੀਆਂ ਕਰਦੀਆਂ। ਮੈਨੂੰ ਚਿੜੀਆਂ ਦੀ ਖੇਡ ਬੜੀ ਚੰਗੀ ਲੱਗਦੀ। ਮੈਨੂੰ ਜਿਵੇਂ ਚਾਅ ਜਿਹਾ ਚੜ੍ਹ ਜਾਂਦਾ। ਇੱਕ ਦਿਨ ਟਾਹਲੀ ’ਤੇ ਕਾਂ ਵੇਖ ਕੇ ਮੇਰੀਆਂ ਰਗ਼ਾਂ ’ਚ ਜਿਵੇਂ ਖ਼ੌਫ਼ ਜਿਹਾ ਪਸਰ ਗਿਆ।
‘‘ਇਨ੍ਹਾਂ ਸੱਚੀ-ਮੁੱਚੀ ਦੀਆਂ ਚਿੜੀਆਂ ਨੂੰ ਵੀ ਕਾਂ ਖਾ ਜਾਂਦੈ?’’ ਮੈਂ ਮਾਂ ਨੂੰ ਇੱਕ ਸੁਲਗ਼ਦਾ ਸਵਾਲ ਪੁੱਛਿਆ। ਮਾਂ ਜਿਵੇਂ ਸੱਚੀਓਂ ਝੁਲਸ ਗਈ। ਉਹਦੇ ਹੱਥ ’ਚੋਂ ਆਟੇ ਦਾ ਪੇੜਾ ਹੇਠਾਂ ਢਲਕ ਗਿਆ ਤੇ ਉਸ ਨੇ ਵਿਹੜੇ ’ਚ ਮੰਜੇ ’ਤੇ ਲੱਤਾਂ ਪਸਾਰੀ ਬੈਠੇ ਬਾਪੂ ਵੱਲ ਗਹੁ ਨਾਲ ਵੇਖਿਆ। ਬਾਪੂ ਦੀਆਂ ਅੱਖਾਂ ਵਿੱਚ ਸਖ਼ਤ ਘੂਰੀ ਸੀ। ਮਾਂ ਚੌਂਕੇ ’ਚੋਂ ਉੱਠੀ ਤੇ ਚੁੰਨੀ ਦੇ ਪੱਲੇ ਨਾਲ ਮੂੰਹ ਲੁਕੋ ਕੇ ਕਾਹਲੇ ਕਦਮੀਂ ਕਮਰੇ ’ਚ ਜਾ ਵੜੀ। ਮੈਂ ਪਿੱਛੇ-ਪਿੱਛੇ ਗਈ ਤੇ ਫਿਰ ਉਹੀ ਸਵਾਲ ਪੁੱਛਿਆ, ‘‘ਮਾਂ ਦੱਸਦੀ ਕਿਉਂ ਨ੍ਹੀਂ… ਇਨ੍ਹਾਂ ਸੱਚੀ-ਮੁੱਚੀ ਦੀਆਂ ਚਿੜੀਆਂ ਨੂੰ ਵੀ ਕਾਂ ਖਾ ਜਾਂਦੈ?’’ ਮਾਂ ਦੀ ਭੁੱਬ ਨਿਕਲ ਗਈ। ਚੁੰਨੀ ਦੇ ਪੱਲੇ ਨਾਲ ਮਾਂ ਨੇ ਮੂੰਹ ਹੋਰ ਘੁੱਟ ਲਿਆ। ਬਾਹਰੋਂ ਬਾਪੂ ਨੇ ਗੜ੍ਹਕਵੀਂ ਸੁਰ ’ਚ ਆਵਾਜ਼ ਮਾਰੀ। ਮਾਂ ਦੇ ਜਿਵੇਂ ਸਾਹ ਸੂਤੇ ਗਏ। ਮੇਰਾ ਜੁਆਬ ਦਿੱਤੇ ਬਿਨਾਂ ਮਾਂ ਫਿਰ ਚੌਂਕੇ ’ਚ ਜਾ ਬੈਠੀ। ਉਸ ਵਕਤ ਮੈਨੂੰ ਮਾਂ ਦੀ ਭੁੱਬ ਦੀ ਸਮਝ ਨਾ ਪਈ ਪਰ ਹੁਣ ਸਮਝ ਆਇਐ ਕਿ ਮਾਂ ਤਾਂ ਆਪ ਆਟੇ ਦੀ ਚਿੜੀ ਸੀ।
ਸੰਪਰਕ: 81465-65098
vikram sangrur
khuda kare zoor e qalam aur zyada bhoot khoob jnab