ਔਰਤ ਦਾ ਆਪਣਾ ਘਰ ਕਿਹੜਾ ਹੈ? - ਸਤਵਿੰਦਰ ਕੌਰ ਸੱਤੀ
Posted on:- 05-10-2016
ਛੋਟੀ ਤਾਰੋ ਦੀ ਭੈਣ ਅਮਰੋ, ਜਿਸ ਨਾਲ ਵਿਆਹੀ ਸੀ। ਉਸ ਦਾ ਪਤੀ ਰਵੀ ਚਮੜੇ ਦਾ ਕੰਮ ਕਰਦਾ ਸੀ। ਇਸ ਨੇ ਪਿੰਡਾਂ ਵਿੱਚੋਂ, ਗ਼ਰੀਬ ਲੋਕ ਆਪਣੇ ਨਾਲ ਜੋੜ ਕੇ ਰੱਖੇ ਹੋਏ ਸਨ। ਜੋ ਲੋਕਾਂ ਦੇ ਮਰੇ ਮੁਫ਼ਤ ਦੇ ਡੰਗਰਾਂ ਦਾ ਚੰਮ ਉਦੇੜ ਕੇ ਦਿੰਦੇ ਸਨ। ਰਵੀ ਉਨ੍ਹਾਂ ਨੂੰ ਬਦਲੇ ਵਿੱਚ ਰੋਟੀ ਦੇ ਦਿੰਦਾ ਸੀ। ਜਿਸ ਦਿਨ ਪਸ਼ੂ ਦਾ ਚਮੜਾ ਦਿੰਦੇ ਸਨ। ਉਸ ਦਿਨ ਉਹ ਢਿੱਡ ਭਰ ਕੇ, ਰੋਟੀ ਖਾਂਦੇ ਸਨ। ਜਦੋਂ ਇਹੀ ਉਹ ਆਪ, ਇਸੇ ਚੰਮ ਦੀਆਂ ਜੁੱਤੀਆਂ ਲੋਕਾਂ ਨੂੰ ਸਿਊ ਕੇ ਦਿੰਦੇ ਸਨ। ਲੋਕ ਪਸੰਦ ਨਹੀਂ ਕਰਦੇ ਸਨ। ਹੱਥਾਂ ਨਾਲ ਸਿਉਂਤੀ ਜੁੱਤੀ ਨੂੰ ਲੋਕ 50 ਰੁਪਏ ਦੀ ਵੀ ਨਹੀਂ ਖ੍ਰੀਦਦੇ। ਜੋ ਚੱਲਦੀ ਵੀ ਵੱਧ ਹੈ। ਲੋਕਾਂ ਨੂੰ ਕੰਨ ਉੱਤੋਂ ਦੀ ਹੱਥ ਘੁੰਮਾ ਕੇ, ਕੰਨ ਫੜਨ ਵਿੱਚ ਵੱਧ ਸੁਆਦ ਆਉਂਦਾ ਹੈ। ਰਵੀ ਦੀ ਫ਼ੈਕਟਰੀ ਵਿੱਚ ਮਸ਼ੀਨਾਂ ਨਾਲ ਜੁੱਤੀਆਂ ਸਿਉਂ ਕੇ ਤਿਆਰ ਕੀਤੀਆਂ ਜਾਂਦੀਆਂ ਹਨ।
ਜੁੱਤੀਆਂ ਉੱਤੇ ਮੋਤੀ, ਸਿੱਪੀਆਂ ਲਾ ਕੇ, ਸ਼ੋਰਤ ਵਧਾ ਦਿੱਤੀ ਜਾਂਦੀ ਹੈ। ਲੋਕ ਚਮਕਦੀਆਂ ਚੀਜ਼ਾਂ ਨੂੰ ਪਸੰਦ ਕਰਦੇ ਹਨ। 300 ਰੁਪਏ ਦੀ ਜੁੱਤੀ ਖ਼ਰੀਦਦੇ ਹਨ। ਜੋ ਮਹੀਨਾ ਵੀ ਨਹੀਂ ਚੱਲਦੀ। ਰਵੀ ਨੇ ਜੁੱਤੀਆਂ ਦੇ ਕੰਮ ਨਾਲ ਲੈਦਰ ਦਾ ਕੰਮ ਸ਼ੁਰੂ ਕਰ ਦਿੱਤਾ ਸੀ। ਇਸ ਦੇ ਪਰਸ ਤੇ ਜੈਕਟਾਂ ਲੋਕ ਬਹੁਤ ਪਸੰਦ ਕਰਦੇ ਹਨ। ਕਈ ਲੋਕ ਗਾਂ, ਮੱਝ, ਬੱਕਰੇ, ਸੂਰ, ਬਿੱਲੀਆਂ, ਕੁੱਤੇ ਦਾ ਮੀਟ ਨਹੀਂ ਖਾਂਦੇ। ਪੈਲੇਸ, 5 ਸਟਾਰ ਹੋਟਲਾਂ ਢਾਬਿਆਂ ਤੇ ਸਬ ਕੁਝ ਮਿਕਸ ਕਰਕੇ ਬਣਾਇਆ ਜਾਂਦਾ ਹੈ। ਜੋ ਪੱਕੇ ਧਰਮੀ ਕਹਾਉਂਦੇ ਹਨ। ਉਹ ਵੀ ਰਵੀ ਨੂੰ ਸਾਈ ਦੇ ਕੇ, ਲੋਕ ਪਸ਼ੂਆਂ ਦੇ ਮਾਸ ਦੀਆਂ ਬਣੀਆਂ ਜੁੱਤੀਆਂ, ਪਰਸ ਤੇ ਜੈਕਟਾਂ ਬਣਵਾਉਂਦੇ ਹਨ।
ਮਿਹਨਤ ਦੇ ਕੰਮ ਵਿੱਚ ਬਰਕਤ ਹੁੰਦੀ ਹੈ। ਜਿੰਨਾ ਲੋਕਾਂ ਦੇ ਮੀਟ ਨਹੀਂ ਪਚਦਾ, ਮਾਸ ਦੇ ਬਣੇ, ਜੁੱਤੀਆਂ, ਪਰਸ ਤੇ ਜੈਕਟਾਂ, ਕਿਵੇਂ ਹੰਢਾਈ ਜਾਂਦੇ ਹਨ? ਉਸ ਨੂੰ ਬਾਰ-ਬਾਰ ਛੂੰਹਦੇ ਹਨ। ਚੰਮ ਦਾ ਕੰਮ ਕਰਨ ਵਾਲਿਆਂ ਨਾਲ ਨਫ਼ਰਤ ਕਰਦੇ ਹਨ। ਕਈ ਤਾਂ ਕੜਾਕੇ ਦੀ ਠੰਢ ਵਿੱਚ, ਤਪਦੇ ਹਾੜ ਵਿੱਚ ਲੈਦਰ ਪਾਈ ਫਿਰਦੇ ਹਨ।ਚੰਮ ਦਾ ਕੰਮ ਕਰਨ ਵਾਲਿਆਂ ਨੂੰ ਬਹੁਤ ਖੱਟੀ ਹੈ। ਮਰੇ ਪਸ਼ੂ ਨੂੰ ਮੁਫ਼ਤ ਵਿੱਚ ਲੈ ਲੈਂਦੇ ਹਨ। ਕਈ ਤਾਂ ਜਿਊਂਦਿਆਂ ਨੂੰ ਹੱਕ ਕੇ ਲੈ ਜਾਂਦੇ ਹਨ। ਪਹਿਲਾਂ ਮੀਟ ਵੇਚਦੇ ਹਨ। ਨਾਲੇ ਚੰਮ ਨੂੰ ਰੰਗ ਕੇ ਵੇਚੀ ਜਾਂਦੇ ਹਨ। ਕਈ ਲੋਕ ਰਵੀ ਕੋਲੋਂ ਇਸ ਲਈ ਪਾਸੇ ਰਹਿੰਦੇ ਹਨ। ਉਨ੍ਹਾਂ ਨੂੰ ਉਸ ਕੋਲੋਂ ਚਮੜੇ ਦਾ ਮੁਸ਼ਕ ਮਾਰਦਾ ਸੀ। ਕਈਆਂ ਨੇ ਇਸ ਨਾਲ ਬੋਲਣਾ ਛੱਡ ਦਿੱਤਾ ਸੀ। ਨਗਿੰਦਰ ਨੂੰ ਵੀ ਸ਼ਾਇਦ ਅਮਰੋ ਦੇ ਵਿਆਹ ਪਿੱਛੋਂ ਹੀ ਪਤਾ ਚੱਲਿਆ ਸੀ। ਵਿਚੋਲੇ ਨੇ ਤਾਂ ਕਿਸਾਨ ਜ਼ਿੰਮੀਦਾਰ ਦੇ ਮੁੰਡੇ ਦੀ ਦੱਸ ਪਾਈ ਸੀ। ਬੰਦਾ ਭਾਵੇਂ ਆਪ ਉਸੇ ਚੰਮ ਦਾ ਬਣਿਆ ਹੈ। ਆਪਦੇ ਚੰਮ ਨੂੰ ਪਿਆਰ ਕਰਦਾ ਹੈ। ਦੂਜੇ ਦੇ ਚੰਮ ਤੇ ਪਸ਼ੂਆਂ ਨੂੰ ਨਫ਼ਰਤ ਕਰਦਾ ਹੈ। ਕਈ ਲੋਕ ਕਹਿੰਦੇ ਹਨ, “ ਬਿੱਲੀ, ਕੁੱਤਾ ਕੋਲੋਂ ਦੀ ਲੰਘ ਜਾਵੇ। ਉਨ੍ਹਾਂ ਦੇ ਖਾਜ ਹੋਣ ਲੱਗ ਜਾਂਦੀ ਹੈ। ਛਿੱਕਾ ਆਉਣ ਲੱਗ ਜਾਂਦੀਆਂ ਹਨ। “ ਇਹ ਲੋਕ ਬਗੈਰ ਪਰਖੇ ਮੀਟ ਖਾ ਜਾਂਦੇ ਹਨ। ਧਰਤੀ ਉੱਤੇ ਅਣਗਿਣਤ ਬਿੱਲੀਆਂ, ਕੁੱਤੇ ਫਿਰਦੇ ਹਨ। ਕਈ ਬਾਰ ਉਨ੍ਹਾਂ ਕੋਲੋਂ, ਐਸੇ ਲੋਕ ਲੰਘਦੇ ਹਨ। ਉਦੋਂ ਕੁਝ ਨਹੀਂ ਹੁੰਦਾ। ਪਬਲਿਕ ਸਰਵਿਸ ਵਰਤਦੇ ਹੋਣੇ ਹਨ। ਉਦੋਂ ਇਹ ਪਖੰਡ ਕਿਥੇ ਹੁੰਦਾ ਹੈ?ਅਮਰੋ ਲਈ ਘਰ ਵਿੱਚ ਹੀ ਗੰਗਾ ਸੀ। ਨਿੱਤ ਬਦਲ-ਬਦਲ ਕੇ, ਜੁੱਤੀਆਂ, ਪਰਸ ਤੇ ਜੈਕਟਾਂ ਪਾਉਂਦੀ ਸੀ। ਉਸ ਦੀ ਜਾਨ ਭਈਆਂ, ਦਿਹਾੜੀਆਂ ਦੀਆਂ ਰੋਟੀਆਂ ਪਕਾਉਣ ਤੋਂ ਬਚ ਗਈ ਸੀ। ਉਹ ਦੁਕਾਨ ਉੱਤੇ ਵੀ ਬੈਠਦੀ ਸੀ। ਗਾਹਕਾਂ ਨਾਲ ਗੱਲਾਂ ਮਾਰ ਛੱਡਦੀ ਸੀ। ਬਹੁਤੇ ਲੋਕ ਤਾਂ ਉਸ ਦੇ ਮਿੱਠੇ ਸੁਭਾਅ ਕਰਕੇ ਹੀ ਪੱਕੇ ਗਾਹਕ ਬਣ ਗਏ ਸਨ। ਉਸ ਦੇ ਹੱਥ ਵਿੱਚ ਤਾਂ ਤਾਰੋ ਤੋਂ ਵੀ ਵੱਧ ਪੈਸੇ ਰਹਿੰਦੇ ਸਨ। ਕੰਮ ਕਰਨ ਨੂੰ ਹੋਰ ਕੁੜੀਆਂ ਵੀ ਰੱਖੀਆਂ ਹੋਈਆਂ ਸਨ। ਅਮਰੋ ਤੇ ਰਵੀ ਰਲ ਕੇ ਕੰਮ ਕਰਦੇ ਸਨ। ਦੁਕਾਨ ਬਹੁਤ ਚੱਲਦੀ ਸੀ।ਐਸਾ ਹੀ ਸੁਣਨ ਵਿੱਚ ਆ ਰਿਹਾ ਹੈ। ਖੇਤੀ ਕਰਨ ਵਿੱਚ ਫ਼ਾਇਦਾ ਨਹੀਂ ਹੈ। ਜੇ ਕੁਝ ਬਚਦਾ ਨਹੀਂ ਹੈ। ਕਿਸਾਨ ਹੋਰ ਜ਼ਮੀਨਾਂ ਕਿਉਂ ਖ਼ਰੀਦ ਰਹੇ ਹਨ? ਪੂਰੀ ਦੁਨੀਆ ਅੰਨ, ਫਲ, ਸਬਜ਼ੀਆਂ, ਖਾਂਦੀ ਹੈ। ਬੰਦਿਆਂ, ਜਾਨਵਰਾਂ, ਪਸ਼ੂਆਂ ਦੇ ਖਾਣ ਲਈ ਹਰ ਚੀਜ਼ ਧਰਤੀ ਉੱਤੇ ਪੈਦਾ ਹੁੰਦੀ ਹੈ। ਉਹ ਚਾਹੇ ਮੀਟ ਹੀ ਹੋਵੇ। ਉਸ ਨੂੰ ਵੀ ਪਾਲਨ, ਵੱਡਾ ਕਰਨ ਲਈ ਲਈ ਧਰਤੀ ਦੀ ਲੋੜ ਹੈ। ਜੇ 30 ਫੁੱਟ ਲੰਬੀ ਚੌੜੀ ਘਰ ਵਿੱਚ ਬਗੀਚੀ ਬੀਜ ਲਈਏ। ਪੂਰਾ ਸਾਲ ਮੂਲ਼ੀਆਂ, ਸ਼ਲਗਮ, ਸਬਜ਼ੀਆਂ, ਪੁਦੀਨਾ, ਪਾਲਕ, ਧਨੀਆਂ, ਮੇਥੇ, ਮੇਥੀ, ਸਰ੍ਹੋਂ ਦਾ ਸਾਗ ਨਹੀਂ ਮੁੱਕਦਾ। ਭਾਵੇਂ ਸੁੱਕਾ ਕੇ ਜਾਂ ਬਣਾਂ ਕੇ ਫਰੀਜ਼ਰ ਵਿੱਚ ਰੱਖ ਲਵੋ। ਜਦੋਂ ਲੋਕ ਬਲਦਾ ਨਾਲ ਖੇਤੀ ਕਰਦੇ ਸਨ। ਉਦੋਂ ਵੀ ਗੁਜ਼ਾਰਾ ਚੱਲੀ ਜਾਂਦਾ ਸੀ। ਅੱਜ ਮਸ਼ੀਨਾਂ ਨਾਲ ਚਾਰ ਦਿਨਾਂ ਵਿੱਚ, ਬਿਜਾਈ ਕਟਾਈ ਕਰ ਲੈਂਦੇ ਹਨ। ਸਾਲ ਵਿਹਲੇ ਰਹਿੰਦੇ ਹਨ। ਕੋਈ ਹੋਰ ਕੰਮ ਵੀ ਨਾਲ ਕੀਤਾ ਜਾ ਸਕਦਾ ਹੈ। ਜ਼ਰੂਰੀ ਨਹੀਂ, ਕਣਕ, ਮੱਕੀ ਚੌਲ ਹੀ ਬੀਜਣੇ ਹਨ। ਸਬਜ਼ੀਆਂ, ਫਲਾਂ, ਮੀਟ, ਦੁੱਧ ਦੇ ਫਾਰਮਾਂ ਤੋਂ ਵੀ ਬਹੁਤ ਆਮਦਨ ਹੁੰਦੀ ਹੈ। ਇਹ ਕੰਮਾਂ ਲਈ ਮਜ਼ਦੂਰੀ ਬਹੁਤੀ ਕਰਨੀ ਪੈਂਦੀ ਹੈ। ਬਹੁਤੇ ਲੋਕ ਕੰਮ ਕਰਕੇ ਰਾਜ਼ੀ ਨਹੀਂ ਹਨ। ਹਰ ਕੋਈ ਬਗੈਰ ਮਿਹਨਤ ਕੀਤੇ ਫਲ ਹਾਸਲ ਕਰਨਾ ਚਾਹੁੰਦਾ ਹੈ। ਕਰੇਲੇ. ਕੱਦੂ. ਤੋਰੀਆਂ ਦੀ ਵੇਲ ਨੂੰ ਫੁੱਲ ਤੇ ਫਲ ਲੱਗਣ ਲਈ ਦੋ ਮਹੀਨੇ ਲੱਗਦੇ ਹਨ। ਜੈਸੀ ਸੇਵਾ ਖਾਦ ਹੋਵੇਗੀ। ਵੈਸਾ ਫਲ ਮਿਲੇਗਾ। ਲੋਕਾਂ ਦੀਆ ਗੱਲਾਂ ਮੁਤਾਬਿਕ ਕਿਸਾਨਾਂ ਨੂੰ ਖੇਤੀ ਵਿੱਚੋਂ ਬਹੁਤੀ ਆਮਦਨ ਨਹੀਂ ਹੈ। ਫ਼ਸਲ ਪੱਕਣ ‘ਤੇ ਕਿਸਾਨ ਛੇ ਮਹੀਨੇ ਪਿੱਛੋਂ ਪੈਸੇ ਦੇਖਦੇ ਹਨ। ਉਦੋਂ ਹੀ ਖ਼ਰਚੇ ਜਾਂਦੇ ਹਨ। ਬਹੁਤੇ ਲੋਕ ਖੇਤੀ ਦਾ ਕੰਮ ਛੱਡ ਕੇ, ਬਾਹਰ ਨੂੰ ਭੱਜਦੇ ਹਨ। ਇਸ ਲਈ ਕਈਆਂ ਨੇ ਖੇਤੀ ਛੱਡ ਕੇ ਹੋਰ ਬਿਜ਼ਨਸ ਸ਼ੁਰੂ ਕਰ ਦਿੱਤੇ ਹਨ। ਕਿਸਾਨ ਲੱਕੜੀ, ਕਾਰਪੈਂਟਰ, ਘਰ ਬਣਾਉਣ, ਲੋਹੇ ਦਾ ਕੰਮ ਤੇ ਹੋਰ ਬਹੁਤ ਤਰਾਂ ਦਾ ਕੰਮ ਕਰਦੇ ਹਨ।ਰਵੀ ਦੀ ਜੁੱਤੀਆਂ ਦੀ ਦੁਕਾਨ ਦੇ ਨਾਲ ਵਾਲੀ ਦੁਕਾਨ ਕੱਪੜਿਆਂ ਦੀ ਸੀ। ਉਸ ਦੁਕਾਨ ਦੇ ਮਾਲਕ, ਆਪ ਦੇ ਪਾਉਣ ਲਈ, ਅਮਰੋ ਦੀ ਦੁਕਾਨ ਤੋਂ ਜੁੱਤੀਆਂ, ਜੈਕਟਾਂ ਖ਼ਰੀਦਦੇ ਸਨ। ਵੇਚਣ ਲਈ ਆਪ ਦੀ ਦੁਕਾਨ ਉੱਤੇ ਵੀ ਰੱਖ ਲੈਂਦੇ ਹਨ। ਦੋਨਾਂ ਦੁਕਾਨਾਂ ਦੇ ਮਾਲਕਾਂ ਵਿੱਚ ਬਹੁਤ ਨੇੜਤਾ ਹੋ ਗਈ ਸੀ। ਉਨ੍ਹਾਂ ਦਾ ਨੌਜਵਾਨ ਮੁੰਡਾ ਮਨੀ ਸੀ। ਜੋ ਬਹੁਤ ਮਿਹਨਤ ਲਗਨ ਨਾਲ ਕੱਪੜਿਆਂ ਦੀ ਦੁਕਾਨਾਂ ਉੱਤੇ ਕੰਮ ਕਰਦਾ ਸੀ। ਇਸ ਬਾਰ ਜਦੋਂ ਉਹ ਜੁੱਤੀ ਲੈਣ ਆਇਆ। ਦੁਕਾਨ ਉੱਤੇ ਅਮਰੋਂ ਦੀ ਛੋਟੀ ਭੈਣ ਮੀਨਾ ਵੀ ਸੀ। ਮੀਨਾ ਨੇ, ਉਸ ਨੂੰ ਮੇਚ ਦੀ ਜੁੱਤੀ ਲੱਭ ਕੇ ਦਿੱਤੀ। ਮਨੀ ਨੇ ਉਸ ਨੂੰ ਪੁੱਛਿਆ, “ ਕੀ ਤੂੰ ਨਵੀਂ ਨੌਕਰੀ ਸ਼ੁਰੂ ਕੀਤੀ ਹੈ? “ “ ਇਹ ਮੇਰੀ ਭੈਣ ਦੀ ਦੁਕਾਨ ਹੈ। ਮੈਂ ਭੈਣ ਕੋਲ ਆਈ ਹਾਂ। ਘਰ ਇਕੱਲੀ ਨੇ ਕੀ ਕਰਨਾ ਸੀ? ਇਸ ਲਈ ਨਾਲ ਹੀ ਆ ਗਈ। “ “ ਤੇਰਾ ਵੀ ਬਿਜ਼ਨਸ ਵਿੱਚ ਧਿਆਨ ਲੱਗਦਾ ਹੈ। ਇਸੇ ਲਈ ਪਹਿਲੀ ਬਾਰ ਮੇਚ ਦੀ ਜੁੱਤੀ ਲੱਭ ਦਿੱਤੀ ਹੈ। “ ਅਮਰੋਂ ਨੇ ਦੋਨਾਂ ਨੂੰ ਗੱਲਾਂ ਕਰਦੇ ਦੇਖ ਕੇ, ਸੋਚਿਆ ਦੋਨਾਂ ਦੀ ਜੋੜੀ ਚੰਗੀ ਲੱਗਦੀ ਹੈ। ਉਹ ਇੱਕ ਦਿਨ ਉਨ੍ਹਾਂ ਦੇ ਵਿਆਹ ਦੀ ਗੱਲ ਚਲਾਉਣ ਲਈ ਮਨੀ ਦੀ ਦੁਕਾਨ ਉੱਤੇ ਚਲੀ ਗਈ।ਮਨੀ ਦੇ ਡੈਡੀ ਕੋਲ ਅਮਰੋਂ, ਸੂਟ ਖ਼ਰੀਦਣ ਦੇ ਬਹਾਨੇ ਗਈ। ਉਸ ਨੇ ਮਨੀ ਦੇ ਡੈਡੀ ਨੂੰ ਪੁੱਛਿਆ, “ ਕੀ ਤੁਸੀਂ ਮਨੀ ਦਾ ਵਿਆਹ ਕਰਨਾ ਹੈ? “ ਉਸ ਨੇ ਕਿਹਾ, “ ਮੈਂ ਇਸ ਦੇ ਵਿਆਹ ਕਰਨ ਬਾਰੇ ਸੋਚ ਰਿਹਾ ਹਾਂ। ਜੇ ਕੋਈ ਕੁੜੀ ਤੇਰੇ ਵਰਗੀ ਮਿਲ ਜਾਵੇ। “ ਰਵੀ ਵੀ ਗੱਲਾਂ ਸੁਣ ਕੇ ਕੋਲ ਆ ਗਿਆ ਸੀ। ਉਸ ਨੇ ਕਿਹਾ, “ ਇਸ ਦੀ ਛੋਟੀ ਭੈਣ ਹੈ। ਇੰਨਾ ਦੇ ਪਿੰਡ ਦਸਵੀਂ ਤੋਂ ਅੱਗੇ ਸਕੂਲ ਨਹੀਂ ਹੈ। ਇਸ ਲਈ ਦਸਵੀਂ ਤੱਕ ਹੀ ਪੜ੍ਹੀ ਹੈ। “ “ ਮੇਰੇ ਮੁੰਡੇ ਨੂੰ ਦਿਖਾ ਦਿੰਦੇ ਹਾਂ। ਹੋ ਸਕਦਾ ਹੈ, ਗੱਲ ਬਣ ਜਾਵੇਗੀ। ਅੱਜ ਕਲ ਬੱਚਿਆਂ ਦੀ ਮਰਜ਼ੀ ਹੈ। “ ਅਮਰੋਂ ਨੇ ਕਿਹਾ, “ ਕੁੜੀ ਮਨੀ ਨੇ ਦੇਖੀ ਹੋਈ ਹੈ। ਜੋ ਪਿਛਲੇ ਹਫ਼ਤੇ ਮੇਰੇ ਕੋਲ ਇੱਥੇ ਬੈਠੀ ਹੁੰਦੀ ਸੀ। ਮਨੀ ਉਸੇ ਤੋਂ ਜੁੱਤੀ ਲੈ ਕੇ ਗਿਆ ਸੀ। “ “ ਮੈਂ ਉਸ ਨਾਲ ਗੱਲ ਕਰਦਾਂ ਹਾਂ। ਜਿਵੇਂ ਉਸ ਦੀ ਮਰਜ਼ੀ ਹੋਵੇਗੀ। ਮੈਂ ਦੱਸ ਦੇਵਾਂਗਾ। “ਦੂਸਰੇ ਦਿਨ ਮਨੀ ਤੇ ਉਸ ਦੇ ਮੰਮੀ-ਡੈਡੀ ਰਵੀ ਕੇ ਘਰ ਆ ਗਏ। ਅਮਰੋ ਨੂੰ ਸਮਝ ਲੱਗ ਗਈ ਸੀ। ਗੱਲ ਪੱਕੀ ਕਰਨ ਆਏ ਹਨ। ਚਾਹ ਪਾਣੀ ਪੀਣ ਪਿੱਛੋਂ ਮਨੀ ਦੀ ਮੰਮੀ ਨੇ, ਅਮਰੋ ਨੂੰ ਕਿਹਾ, “ ਮਨੀ ਨੂੰ ਤੇਰੀ ਭੈਣ ਪਸੰਦ ਹੈ। ਸਾਨੂੰ ਕੁੜੀ ਚਾਹੀਦੀ ਹੈ। ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਹੈ। “ ਰਵੀ ਨੇ ਕਿਹਾ, “ ਸਾਡੇ ਕੋਲ ਤਾਂ ਜੁੱਤੀਆਂ ਹੀ ਹਨ। ਇਹ ਜਦੋਂ ਮਰਜ਼ੀ ਮੁਫ਼ਤ ਵਿੱਚ ਲਿਜਾ ਸਕਦੇ ਹੋ। ਮੇਰੇ ਸਹੁਰੇ ਖੇਤੀ ਕਰਦੇ ਹਨ। ਉਹ ਕਣਕ, ਮੱਕੀ, ਚੌਲਾਂ ਦੀਆਂ ਬੋਰੀਆਂ ਸਿੱਟ ਜਾਇਆ ਕਰਨਗੇ। ਦਾਜ ਦੇਣ ਦੇ ਅਸੀਂ ਵੀ ਹੱਕ ਵਿੱਚ ਨਹੀਂ ਹਾਂ। “ ਮਨੀ ਦੇ ਡੈਡੀ ਨੇ ਕਿਹਾ, “ ਅਗਲੇ ਹਫ਼ਤੇ ਠੰਢ ਕਰ ਕੇ, ਬਿਜ਼ਨਸ ਮੰਦਾ ਹੈ। ਉਦੋਂ ਦਾ ਵਿਆਹ ਰੱਖ ਲੈਂਦੇ ਹਾਂ। “ ਰਵੀ ਨੇ ਕਿਹਾ, “ ਆਪਾਂ ਕੁੜੀ ਵਾਲਿਆਂ ਨੂੰ ਵੀ ਪਤਾ ਕਰੀਏ। ਉਨ੍ਹਾਂ ਦੀ ਸਲਾਹ ਵੀ ਪੁੱਛ ਲਈਏ। ਮੈਂ ਤੇ ਅਮਰੋਂ ਕਲ ਸ਼ਾਮ ਨੂੰ ਇਸ ਦੇ ਪੇਕੀਂ ਜਾਂਦੇ ਹਾਂ। ਰਾਤ ਰਹਿ ਕੇ, ਸਾਰੀ ਗੱਲ ਤਹਿ ਕਰ ਲੈਂਦੇ ਹਾਂ। ਤੁਸੀਂ ਆਪ ਦੀ ਤਿਆਰੀ ਰੱਖੋ। ਸਾਡੇ ਵੱਲੋਂ ਗੱਲ ਪੱਕੀ ਹੈ। “ ਨਗਿੰਦਰ ਤੇ ਉਸ ਦੀ ਪਤਨੀ ਨਾਮੋ ਪਹਿਲਾਂ ਹੀ ਵਿਆਹ ਦੀਆ ਤਿਆਰੀ ਕਰੀ ਬੈਠੇ ਸਨ। ਧੀ ਦੇ ਜੰਮਦੇ ਹੀ ਮਾਪਿਆ ਨੂੰ ਉਸ ਲਈ ਚੰਗਾ ਘਰ ਲੱਭਣ ਦਾ ਫ਼ਿਕਰ ਲੱਗ ਜਾਂਦਾ ਹੈ। ਧੀ ਜੰਮਦੀ ਹੀ ਪਰਾਈ ਹੁੰਦੀ ਹੈ। ਔਰਤ ਆਪਣੀ ਜਗਾ ਕਿਤੇ ਨਹੀਂ ਬਣਾਂ ਸਕੀ। ਜਿੱਥੇ ਜੰਮਦੀ ਹੈ। ਉਹ ਘਰ ਪਿਉ, ਭਰਾ ਦਾ ਹੁੰਦੀ ਹੈ। ਜਿੱਥੇ ਵਿਆਹੀ ਜਾਂਦੀ ਹੈ। ਉਹ ਘਰ ਸਹੁਰੇ, ਪਤੀ ਪੁੱਤਰ ਦਾ ਹੁੰਦੀ ਹੈ। ਔਰਤ ਦਾ ਆਪਣਾ ਘਰ ਕਿਹੜਾ ਹੈ? ਔਰਤ ਘਰ ਨੂੰ ਬਣਾਉਂਦੀ ਸੁਵਾਰਦੀ ਹੈ, ਕਿਤੇ ਪੱਕੇ ਪੈਰ ਨਹੀਂ ਜਮਾਂ ਸਕਦੀ। ਪਿਉ, ਭਰਾ, ਪਤੀ, ਪੁੱਤਰ ਜਿਧਰ ਚਾਹੇ ਧੱਕ ਦੇਣ। ਕਿਸੇ ਘਰ ਉਤੇ ਹੱਕ ਨਹੀਂ ਜੰਮਦਾ।ਨਾਮੋ ਨੇ ਕਵੇਲੇ ਧੀ-ਜਮਾਈ ਆਏ ਨੂੰ ਦੇਖ ਕੇ ਪੁੱਛਿਆ, “ ਸੁਖ ਤਾਂ ਹੈ, ਅੱਜ ਦੋਨੇਂ ਇਕੱਠੇ ਕਿਵੇਂ ਆ ਗਏ? ਅੱਗੇ ਕਹਿੰਦੇ ਹੁੰਦੇ ਹੋ, ਸਮਾਂ ਨਹੀਂ ਹੈ। ਅੱਜ ਕਿਵੇਂ ਮੌਕਾ ਲੱਗ ਗਿਆ? “ ਅਮਰੋ ਨੇ ਕਿਹਾ, “ ਬਗੈਰ ਕੰਮ ਤੋਂ ਘਰੋਂ ਨਹੀਂ ਨਿਕਲਿਆ ਜਾਂਦਾ। ਅਸੀਂ ਮੀਨਾ ਲਈ ਮੁੰਡਾ ਲੱਭਾ ਹੈ। ਸਾਡੀ ਦੁਕਾਨ ਦੇ ਨਾਲ ਵਾਲੀ ਦੁਕਾਨ ਮੁੰਡੇ ਦੀ ਹੈ। ਮੁੰਡਾ ਕੰਮ ਕਰਨ ਵਾਲਾ ਹੈ। “ ਨਗਿੰਦਰ ਨੇ ਪੁੱਛਿਆ, “ ਕਾਹਦੀ ਦੁਕਾਨ ਹੈ? ਕੀ ਉਹ ਵੀ ਜੁੱਤੀਆਂ ਗੱਠਣ ਦਾ ਕੰਮ ਕਰਦਾ ਹੈ? “ ਰਵੀ ਹੱਸ ਪਿਆ। ਉਸ ਨੇ ਕਿਹਾ, “ ਡੈਡੀ ਉਹ ਤਾਂ ਕੱਪੜੇ ਦਾ ਕੰਮ ਕਰਦਾ ਹੈ। ਇੰਚ-ਇੰਚ ਵੇਚਣ ਦੇ ਪੈਸੇ ਵਟਦਾ ਹੈ। ਕੱਪੜੇ ਵਿੱਚ ਬਹੁਤ ਉਹਲਾ ਹੈ। 100 ਦੇ ਕੱਪੜੇ ਉੱਤੇ ਚਾਰ ਸਿਉਣਾ ਮਾਰ ਕੇ, ਹਜ਼ਾਰਾਂ ਦਾ ਵੇਚਦਾ ਹੈ। ਰੋਜ਼ ਪੈਸਿਆਂ ਦਾ ਸੂਟਕੇਸ ਭਰ ਕੇ, ਬੈਂਕ ਲੈ ਕੇ ਜਾਂਦੇ ਹਨ। “ “ ਕੁੜੀਆਂ ਦਾ ਆਪਣੇ ਕਰਮ ਆਪ ਲਿਖਾ ਕੇ ਆਉਂਦੀਆਂ ਹਨ। ਇਹ ਆਪਣੀ ਤਕਦੀਰ ਹੱਥੀ ਕੰਮ ਕਰਕੇ ਬਦਲ ਲੈਂਦੀਆਂ ਹਨ। ਮਾਪੇ ਜਨਮ ਦੇ ਸਕਦੇ ਹਨ। ਭਾਗ ਨਹੀਂ ਬਣਾ ਸਕਦੇ। “ ਅਮਰੋ ਨੇ ਕਿਹਾ, “ ਡੈਡੀ ਅੱਗੇ ਦੋ ਕੁੜੀਆਂ ਵਿਆਹੀਆਂ ਹਨ। ਕੀ ਕੋਈ ਤੁਹਾਨੂੰ, ਸਾਨੂੰ ਤਕਲੀਫ਼ ਹੈ? ਸਾਡੇ ਕੋਲ ਤਾਂ ਤੁਹਾਨੂੰ ਮਿਲਣ ਆਉਣ ਦਾ ਸਮਾਂ ਨਹੀਂ ਹੈ। ਨਾਂ ਹੀ ਅਸੀਂ ਕੁਝ ਕਦੇ ਮੰਗਣ ਆਈਆਂ ਹਾਂ। ਮੀਨਾ ਵੀ ਉਸ ਘਰ ਰਾਜ ਕਰੇਗੀ। ਬਹੁਤ ਸਿਆਣੇ ਬੰਦੇ ਹਨ। 5 ਸਾਲਾਂ ਤੋਂ ਸਾਡੇ ਨਾਲ ਵਾਲੀ ਦੁਕਾਨ ਕਰਦੇ ਹਨ। ਕਦੇ ਕਿਸੇ ਗਾਹਕ ਨੂੰ ਉੱਚੀ ਨਹੀਂ ਬੋਲਦੇ ਸੁਣੇ। “ਨਾਮੋ ਨੇ ਕਿਹਾ, “ ਮੀਨਾ ਨੂੰ ਇੱਕ ਬਾਰ ਮੁੰਡਾ ਦਿਖਾ ਦੇਵੋ। ਕਲ ਨੂੰ ਆਪਣੇ ਵਿੱਚ ਨੁਕਸ ਨਹੀਂ ਕੱਢੇਗੀ। “ “ ਮੰਮੀ ਮੀਨਾ ਨੇ ਮੁੰਡਾ ਦੇਖਿਆ ਹੈ। ਉਹ ਦੁਕਾਨ ਉੱਤੇ ਆਉਂਦਾ ਰਹਿੰਦਾ ਹੈ। “ “ ਤੂੰ ਸਿਧਾ ਕਿਉਂ ਨਹੀਂ ਕਹਿੰਦੀ, “ ਤੂੰ ਮੀਨਾ ਦੀ ਵਕਾਲਤ ਕਰਨ ਆਈ ਹੈ। ਇਹ ਮੁੰਡੇ ਨੂੰ ਪਹਿਲਾਂ ਤੋਂ ਜਾਣਦੀ ਹੈ। “ “ ਇਹ ਜਦੋਂ ਮੇਰੇ ਕੋਲ ਗਈ ਹੋਈ ਸੀ। ਮਨੀ ਜੁੱਤੀ ਖ਼ਰੀਦਣ ਆਇਆ ਸੀ। ਉਦੋਂ ਇਸ ਨੇ ਦੇਖਿਆ ਹੈ। ਮੰਮੀ ਮੈਂ ਅਜੇ ਮੀਨਾ ਨੂੰ ਪੁੱਛਿਆ ਵੀ ਨਹੀਂ ਹੈ। ਪਹਿਲਾਂ ਤੁਹਾਡੇ ਨਾਲ ਗੱਲ ਕੀਤੀ ਹੈ। ਪਰ ਜੇ ਮੀਨਾ ਉਸ ਨੂੰ ਜਾਣਦੀ ਵੀ ਹੋਵੇ। ਕੀ ਫ਼ਰਕ ਪੈਂਦਾ ਹੈ? ਜਿਸ ਨੂੰ ਮੀਨਾ ਪਿਆਰ ਕਰਦੀ ਹੈ। ਕੀ ਉਸ ਨਾਲ ਨਫ਼ਰਤ ਕਰਨੀ ਜ਼ਰੂਰੀ ਹੈ? ਉਸ ਨਾਲ ਵੀ ਰਜ਼ਾਮੰਦੀ ਕਰ ਸਕਦੇ ਹਾਂ। ਕੀ ਮੇਰੀ ਦੱਸ ਪਾਈ ਵਾਲੇ ਮੁੰਡੇ ਨਾਲ, ਉਹ ਖ਼ੁਸ਼ ਰਹਿ ਸਕਦੀ ਹੈ? ਜਾਂ ਕੀ ਆਪ ਦੀ ਮਨ ਪਸੰਦ ਦੇ ਮੁੰਡੇ ਨਾਲ ਖ਼ੁਸ਼ ਰਹਿ ਸਕਦੀ ਹੈ? ਵਿਆਹ ਤੂੰ ਜਾਂ ਮੈਂ ਥੋੜ੍ਹੀ ਕਰਾਉਣਾ ਹੈ। ਜੋ ਆਪਣੇ ਪਸੰਦ ਦਾ ਮੁੰਡਾ ਹੋਣਾ ਜ਼ਰੂਰੀ ਹੈ। ਮੀਨਾ ਨੇ ਉਸ ਨਾਲ ਜ਼ਿੰਦਗੀ ਕੱਟਣੀ ਹੈ। ਮਾਂ ਤੇਰੀ ਪਸੰਦ ਦਾ ਮੇਰਾ ਪਿਉ ਨਹੀਂ ਹੈ। ਇਸੇ ਲਈ ਤੁਸੀਂ ਸਾਰੀ ਉਮਰ ਜੁੱਤੀਉ-ਜੁਤੀ ਹੁੰਦਿਆਂ ਨੇ ਕੱਢੀ ਹੈ। ਅਸੀਂ ਸਾਰੀ ਉਮਰ ਇਸ ਘਰ ਵਿੱਚ ਲੜਾਈ ਦੇਖੀ ਹੈ। “ “ ਮੇਰੀ ਮਾਂ ਬਣਨ ਦੀ ਕੋਸ਼ਿਸ਼ ਨਾਂ ਕਰ। ਅਸੀਂ ਪਹਿਲਾਂ ਮੁੰਡਾ ਦੇਖਾਂਗੇ। ਜੇ ਮੁੰਡਾ ਪਸੰਦ ਆ ਗਿਆ। ਝੱਟ ਮੰਗਣਾ, ਵਿਆਹ ਕਰ ਦੇਵਾਂਗੇ। “ ਨਗਿੰਦਰ ਨੂੰ ਕੁੜੀ ਵਿਆਹੁਣ ਦੇ ਫ਼ਿਕਰ ਵਿੱਚ ਸਾਰੀ ਰਾਤ ਨੀਂਦ ਨਹੀਂ ਆਈ। ਕੁੜੀ ਦਾ ਆਖ਼ਰੀ ਵਿਆਹ ਸੀ। ਬੁੱਢਾ ਹੋ ਕੇ, ਬੰਦਾ ਸੋਚਦਾ ਹੈ। ਕੋਈ ਗ਼ਲਤੀ ਨਾਂ ਹੋ ਜਾਵੇ। ਧੀ-ਜਮਾਈ ਆਏ ਬੈਠੇ ਸਨ। ਜੁਆਬ ਦੇ ਕੇ, ਮੋੜ ਵੀ ਨਹੀਂ ਸਕਦਾ ਸੀ। ਮੁੰਡਾ ਦੇਖਣ ਦੂਜੇ ਦਿਨ ਉਹ ਦੋਨੇਂ ਨਾਲ ਤੁਰ ਪਏ। ਦੁਕਾਨ ਖੁੱਲਣ ਤੋਂ ਪਹਿਲਾਂ ਹੀ, ਉਹ ਰਵੀ ਦੀ ਦੁਕਾਨ ਵਿੱਚ ਬੈਠ ਗਏ ਸਨ। ਆਪ ਦੀ ਦੁਕਾਨ ਮਨੀ ਨੇ ਖੋਲੀ ਸੀ। ਇਹ ਕੱਪੜਾ ਦੇਖਣ ਲਈ ਉੱਥੇ ਚਲੇ ਗਏ ਸਨ। ਉਸ ਨਾਲ ਗੱਲਾਂ ਕਰਕੇ ਤਸੱਲੀ ਕਰ ਲਈ ਸੀ। ਵਾਪਸ ਆ ਕੇ ਰਵੀ ਨੂੰ ਅੱਗੇ ਗੱਲ ਕਰਨ ਲਈ ਕਹਿ ਦਿੱਤਾ ਸੀ।ਰਵੀ ਕੋਲ ਵੀ ਬਹੁਤੀਆਂ ਗੱਲਾਂ ਕਰਨ ਦਾ ਸਮਾਂ ਨਹੀਂ ਸੀ। ਉਸ ਨੇ ਦੋਨਾਂ ਪਰਿਵਾਰਾਂ ਨੂੰ ਦੁਕਾਨ ਉੱਤੇ ਆਮੋ-ਸਹਮਣੇ ਬੈਠਾ ਦਿੱਤਾ। ਉਨ੍ਹਾਂ ਨੂੰ ਇੱਕ ਦੂਜੇ ਦੀਆਂ ਗੱਲਾਂ ਮਨਜ਼ੂਰ ਸਨ। ਵਿਆਹ ਪੱਕਾ ਕਰ ਦਿੱਤਾ। ਐਤਵਾਰ ਨੂੰ ਛੁੱਟੀ ਹੁੰਦੀ ਹੈ। ਬਾਜ਼ਾਰ ਬੰਦ ਸੀ। ਉਸ ਦਿਨ ਵਿਆਹ ਕਰ ਦਿੱਤਾ। ਧੀ ਨੂੰ ਵਿਆਹ ਕੇ ਨਾਮੋ ਨੂੰ ਲੱਗਾ, ਬਹੁਤ ਬੋਝ ਲੈ ਗਿਆ ਹੈ। ਆਪ ਦੀ ਮੁਸੀਬਤ ਦੂਜੇ ਦੇ ਗਲ਼ ਮੜ੍ਹ ਦਿੱਤੀ ਸੀ। ਬਹੁਤ ਖ਼ੁਸ਼ ਵੀ ਸੀ। ਉਹ ਸੁਰਖ਼ਰੂ ਹੋ ਗਈ ਸੀ। ਕਦੇ-ਕਦੇ ਧੀਆਂ ਨੂੰ ਯਾਦ ਕਰ ਕੇ, ਇਕੱਲੀ ਬੈਠੀ ਰੋਣ ਲੱਗ ਜਾਂਦੀ ਸੀ। ਬਹੁਤ ਉਦਾਸ ਵੀ ਹੋ ਜਾਂਦੀ ਸੀ। ਫਿਰ ਸੋਚਦੀ ਸੀ। ਮੈਂ ਧੀਆਂ ਘਰ ਰੱਖ ਕੇ ਕੀ ਕਰਨੀਆਂ ਹਨ? ਆਪ ਦੇ ਘਰ ਸੁਖੀ ਰਹਿਣ। ਨਗਿੰਦਰ ਹੁਣ ਬਿਲਕੁਲ ਨਵੇਕਲਾ ਹੋ ਗਿਆ ਸੀ। ਘਰ ਦਾ ਕੋਈ ਫ਼ਿਕਰ ਨਹੀਂ ਸੀ।