ਫੁੱਟਬਾਲ ਹੀ ਖੇਡ ਹੈ ਮਾਹਿਲਪੁਰ ਇਲਾਕੇ ਦੀ ਪਹਿਚਾਣ -ਸ਼ਿਵ ਕੁਮਾਰ ਬਾਵਾ
Posted on:- 06-02-2013
ਜ਼ਿਲ੍ਹਾ ਹੁਸ਼ਿਆਰਪੁਰ ਦੇ ਬਲਾਕ ਮਾਹਿਲਪੁਰ ਦੀ ਫੁੱਟਬਾਲ ਖੇਡ ਕਰਕੇ ਪੂਰੀ ਦੁਨੀਆਂ ਵਿੱਚ ਅਲਗ ਪਹਿਚਾਣ ਹੈ । ਇਥੇ ਇਸ ਵਕਤ ਪ੍ਰਿੰਸੀਪਲ ਹਰਭਜਨ ਸਿੰਘ ਯਾਦਗਾਰੀ ਸਟੇਡੀਅਮ , ਅਰਜਨਾ ਐਵਾਰਡੀ ਅਥਲੀਟ ਮਾਧੁਰੀ ਏ ਸਿੰਘ ਯਾਦਗਾਰੀ ਸਟੇਡੀਅਮ , ਗੁਰੂ ਨਾਨਕ ਦੇਵ ਯਾਦਗਾਰੀ ਫੁੱਟਬਾਲ ਸਟੇਡੀਅਮਾਂ ਤੋਂ ਇਲਾਵਾ ਦਰਜਨ ਤੋਂ ਵੱਧ ਖੇਡ ਦੇ ਮੈਦਾਨ ਹਨ ਤੇ ਇਥੇ ਦੇ 50 ਸਾਲ ਪਹਿਲਾਂ ਆਲ ਇੰਡੀਆ ਪ੍ਰਿੰਸੀਪਲ ਹਰਭਜਨ ਸਿੰਘ ਮੈਮੋਰੀਅਲ ਫੁੱਟਬਾਲ ਕਲੱਬ ਵੱਲੋਂ ਕਰਵਾਇਆ ਜਾਂਦਾ ਪ੍ਰਿੰਸੀਪਲ ਹਰਭਜਨ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਟ ਸਾਲ 2013 ਦੇ ਜਨਵਰੀ ਮਹੀਨੇ ਵਿੱਚ 51 ਸਾਲ ਦਾ ਹੋ ਜਾਵੇਗਾ ।
ਇਸ ਸ਼ਹਿਰ ਦੇ ਨਾਲ ਲਗਦੇ ਪਿੰਡ ਲੰਗੇਰੀ ਵਿਖੇ ਸ਼ਹੀਦ ਕਾਮਰੇਡ ਦਰਸ਼ਨ ਸਿੰਘ ਕੈਨੇਡੀਅਨ ਸਪੋਰਟਸ ਕਲੱਬ ਸਰਪੰਚ ਕਾਮਰੇਡ ਮਨਜੀਤ ਸਿੰਘ ਲਾਲੀ ਅਤੇ ਕੌਮਾਂਤਰੀ ਫੁੱਟਬਾਲਰ ਕੁਲਵੰਤ ਸਿੰਘ ਸੰਘਾ ਦੀ ਅਗਵਾਈ ਵਿੱਚ 2013 ਜਨਵਰੀ ਵਿੱਚ ਹੀ ਆਪਣੇ 34 ਸਾਲ ਪੂਰੇ ਕਰਨ ਜਾ ਰਿਹਾ ਹੈ । ਕਾਮਰੇਡ ਦਰਸ਼ਨ ਸਿੰਘ ਯਾਦਗਾਰੀ ਫੁੱਟਬਾਲ ਸਟੇਡੀਅਮ ਪੂਰੇ ਪੰਜਾਬ ਵਿੱਚੋਂ ਨਮੂਨੇ ਦਾ ਫੁੱਟਬਾਲ ਸਟੇਡੀਅਮ ਹੈ। ਇਸ ਤੋਂ ਇਲਾਵਾ ਅਰਜਨ ਐਵਾਰਡੀ ਫੁੱਟਬਾਲਰ ਗੁਰਦੇਵ ਸਿੰਘ ਦੇ ਜੀਉਦੇ ਜੀਅ ਬਣਾਇਆ ਗਿਆ ਪਿੰਡ ਖੈਰੜ ਅੱਛਰਵਾਲ ਸਕੂਲ ਵਿੱਚ ਅਰਜਨ ਐਵਾਰਡੀ ਗੁਰਦੇਵ ਸਿੰਘ ਗਿੱਲ ਯਾਦਗਾਰੀ ਫੁੱਟਬਾਲ ਸਟੇਡੀਅਮ ਵੀ ਨਮੂਨੇ ਦਾ ਫੁੱਟਬਾਲ ਖੇਡ ਦਾ ਮੈਦਾਨ ਹੈ। ਇਥੇ ਹਰ ਪਿੰਡ ਵਿੱਚ 6 ਤੋਂ ਵੱਧ ਫੁੱਟਬਾਲ ਦੇ ਉੱਘੇ ਖਿਡਾਰੀ ਹਨ ਤੇ ਸਾਰੇ ਹੀ ਕਿਸੇ ਨਾ ਕਿਸੇ ਕਲੱਬ ਵਿੱਚ ਚੰਗੇ ਪੈਸੇ ਲੈ ਕੇ ਆਪੋ ਆਪਣੇ ਕਲੱਬਾਂ ਦੀ ਸ਼ਾਨ ਬਣਾਉਣ ਵਾਲੇ ਹਨ।
ਇੱਥੇ ਹਰ ਸਾਲ ਪੱਕੀਆਂ ਤਰੀਖਾਂ 'ਤੇ ਫੁੱਟਬਾਲ ਦੇ ਵੱਡੇ ਵੱਡੇ ਟੂਰਨਾਮੈਟ ਹੁੰਦੇ ਹਨ, ਜਿਨ੍ਹਾਂ ਦੀ ਪਛਾਣ ਅੰਤਰਰਾਸ਼ਟਰੀ ਪੱਧਰ ਤੱਕ ਸਥਾਪਿਤ ਹੋ ਚੁੱਕੀ ਹੈ। ਇੱਥੇ ਪੇਡੂ ਫੁੱਟਬਾਲ ਟੂਰਨਾਮੈਟਾਂ ਵਿੱਚ ਵੀ ਸੰਸਾਰ ਪੱਧਰ ਤੱਕ ਨਾਮਣਾ ਖੱਟਣ ਵਾਲੀਆਂ ਕਲੱਬਾਂ ,ਕਾਲਜਾਂ ਅਤੇ ਸਕੂਲਾਂ ਦੀਆਂ ਟੀਮਾਂ ਖੇਡਕੇ ਵੱਡੇ ਵੱਡੇ ਨਕਦ ਇਨਾਮ ਜਿੱਤਦੀਆਂ ਹਨ । ਇਸ ਤੋਂ ਇਲਾਵਾ ਉਘੇ ਸਮਾਜ ਸੇਵਕ ਤੇ ਫੁੱਟਬਾਲ ਪ੍ਰਮੋਟਰ ਪੀ ਟੀ ਮਹਿੰਗਾ ਸਿੰਘ ਦੀ ਯਾਦ ਵਿੱਚ ਸ਼ਹੀਦ ਏ ਆਜ਼ਮ ਸ. ਭਗਤ ਸਿੰਘ ਮੈਮੋਰੀਅਲ ਫੁੱਟਬਾਲ ਕਲੱਬ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਕਾਮਰੇਡ ਪਰਮਜੀਤ ਸਿੰਘ ਕਾਹਮਾਂ ਦੀ ਅਗਵਾਈ ਵਿੱਚ ਕਰਵਾਇਆ ਜਾਂਦਾ ਫੁੱਟਬਾਲ ਟੂਰਨਾਮੈਂਟ ਪੰਜਾਬ ਦਾ ਨਾਮੀ ਟੂਰਨਾਮੈਂਟ ਬਣ ਚੁੱਕਾ ਹੈ ।
ਉਕਤ ਟੂਰਨਾਮੈਟ ਇਸ ਸਾਲ ਦਸੰਬਰ ਵਿੱਚ ਆਪਣੇ 15 ਸਾਲ ਪੂਰੇ ਕਰਨ ਜਾ ਰਿਹਾ ਹੈ। ਇਥੇ ਜੇਤੂ ਤੇ ਵਧੀਆ ਖੇਡ ਦਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀ ਅਤੇ ਟੀਮ ਨੂੰ ਨਗਦ 50 ਹਜ਼ਾਰ ਰੁਪਿਆ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ। ਗੜਸ਼ੰਕਰ ਵਿੱਚ ਅਰਜਨ ਐਵਾਰਡੀ ਫੁੱਟਬਾਲਰ ਸ ਜ਼ਰਨੈਲ ਸਿੰਘ ਵੀ ਆਪਣੀ ਅਲੱਗ ਪਹਿਚਾਣ ਬਣਾ ਚੁੱਕਾ ਹੈ। ਕਾਲੇਵਾਲ ਭਗਤਾਂ , ਖੈਰੜ ਅੱਛਰਵਾਲ ਅਤੇ ਦੁਆਬਾ ਸਪੋਰਟਸ ਕਲੱਬ ਖੇੜਾ ਮਾਹਿਲਪੁਰ ਅਜਿਹੇ ਪੇਂਡੂ ਫੁੱਟਬਾਲ ਕਲੱਬ ਹਨ ਜਿਹੜੇ ਟੂਰਨਾਮੈਟ ਵਿੱਚ ਜੇਤੂ ਟੀਮਾਂ ਨੂੰ 50 ਹਜ਼ਾਰ ਤੋਂ ਲੈ ਕੇ ਲੱਖ ਰੁਪਿਆਂ ਤੱਕ ਵੀ ਨਗਦ ਇਨਾਮ ਦਿੰਦੇ ਹਨ। ਪਾਲਦੀ , ਚੱਬੇਵਾਲ ਅਜਿਹੇ ਪਿੰਡ ਹਨ ਜਿਥੇ 10 ਤੋ 14 ਸਾਲ ਦੇ ਮੁੰਡੇ ਕੁੜੀਆਂ ਦੀਆਂ ਫੁੱਟਬਾਲ ਟੀਮਾਂ ਤਿਆਰ ਕੀਤੀਆਂ ਜਾ ਰਹੀਆਂ ਹਨ।
ਮਾਹਿਲਪੁਰ ਵਿੱਚ ਫੁੱਟਬਾਲ ਅਕਾਦਮੀ ਦੀ ਸਥਾਪਨਾ 1978 ਵਿੱਚ ਹੋਈ। ਇਥੇ ਫੁੱਟਬਾਲ ਖੇਡ ਨੂੰ ਚਮਕਾਉਣ ਵਿੱਚ ਮਰਹੂਮ ਪ੍ਰਿੰਸੀਪਲ ਹਰਭਜਨ ਸਿੰਘ ਦੀ ਲਾਸਾਨੀ ਦੇਣ ਹੈ। ਉਹਨਾਂ ਆਪਣੇ ਯਤਨਾ ਨਾਲ ਜਿਥੇ ਇਸ ਖੇਤਰ ਨੂੰ ਵਿਦਿਅਕ ਪੱਧਰ ‘ਤੇ ਚਮਕਾਇਆ ਉਥੇ ਉਹਨਾਂ ਨੌਜਵਾਨਾਂ ਨੂੰ ਫੁੱਟਬਾਲ ਖੇਡ ਨਾਲ ਜੋੜਕੇ ਇਸ ਖੇਤਰ ਨੂੰ ਦੁਨੀਆਂ ਵਿੱਚ ਮਸ਼ਹੂਰ ਕੀਤਾ । ਪ੍ਰਿੰਸੀਪਲ ਹਰਭਜਨ ਸਿੰਘ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ ਨਾਲ ਫੁੱਟਬਾਲ ਖੇਡ ਲਈ ਵੀ ਉਤਸ਼ਾਹਿਤ ਕਰਦੇ ਸਨ।
ਮਾਹਿਲਪੁਰ ਵਿੱਚ ਸਥਾਪਿਤ ਕੀਤੀ ਫੁੱਟਬਾਲ ਅਕਾਦਮੀ ਨੇ 14, 17 ਅਤੇ 19 ਸਾਲ ਦੇ ਘੱਟ ਉਮਰ ਦੇ ਵਰਗ ਵਿੱਚ ਉੱਤਮ ਦਰਜੇ ਦੇ ਫੁੱਟਬਾਲ ਖਿਡਾਰੀ ਪੈਦਾ ਕੀਤੇ ਹਨ । ਇਥੇ ਕੁੱਲ ਖਿਡਾਰੀਆਂ ਲਈ 60 ਸੀਟਾਂ ਹਨ, ਜਿਹਨਾਂ ਦੀ ਚੋਣ ਪੂਰੇ ਪੰਜਾਬ ਵਿੱਚੋ ਕੀਤੀ ਜਾਂਦੀ ਹੈ । ਸਾਲ 1978 ਵਿੱਚ ਸਥਾਨਿਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ( ਲੜਕੇ) ਵਿੱਚ ਫੁੱਟਬਾਲ ਵਿੰਗ ਦੀ ਸਥਾਪਨਾ ਕੀਤੀ ਗਈ ਸੀ , ਅੱਜ ਕੱਲ ਫੁੱਟਬਾਲ ਦੇ ਉਘੇ ਕੋਚ ਬਲਵਿੰਦਰ ਸਿੰਘ ਬਿੱਟੂ ਅਤੇ ਕਈ ਹੋਰ ਨਾਮੀ ਫੁੱਟਬਾਲ ਖਿਡਾਰੀ ਅਤੇ ਕੋਚ ਕਰ ਰਹੇ ਹਨ ਅਤੇ ਪੰਜਾਬ ਸਰਕਾਰ ਵੱਲੋਂ ਹੁਣ ਇਸਦਾ ਸਾਰਾ ਖਰਚ ਚੁੱਕਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਮਾਹਿਲਪੁਰ ਵਿੱਚ ਉੱਘੇ ਫੁੱਟਬਾਲ ਕੋਚ ਜਨਾਬ ਅਲੀ ਹਸਨ 1975 ਤੋ ਉਕਤ ਵਿੰਗ ਅਤੇ ਅਕਾਦਮੀ ਦੇ ਖਿਡਾਰੀਆਂ ਨੂੰ ਸੰਭਾਲਣ ਅਤੇ ਸ਼ਿੰਗਾਰਨ ਵਿੱਚ ਜੁਟੇ ਹੋਏ ਸਨ ।
ਉਹ ਹੁਣ ਸੇਵਾ ਮੁਕਤ ਹੋ ਕੇ ਦੁਆਬਾ ਸਪੋਰਟਸ ਕਲੱਬ ਖੇੜਾ , ਯੂਨਾਇਟਿਡ ਸਪੋਰਟਸ ਕਲੱਬ ਮਾਹਿਲਪੁਰ ਅਤੇ ਪ੍ਰਿੰਸੀਪਲ ਹਰਭਜਨ ਸਿੰਘ ਸਪੋਰਟਿੰਗ ਕਲੱਬ ਮਾਹਿਲਪੁਰ ਦੀਆਂ ਟੀਮਾਂ ਦੇ ਖਿਡਾਰੀਆਂ ਨੂੰ ਕੋਚਿੰਗ ਦੇ ਰਹੇ ਹਨ। ਇਹਨਾਂ ਪ੍ਰਾਪਤੀਆਂ ਸਦਕਾ ਹੀ ਉਹ ਵਿਦੇਸ਼ਾਂ ਤੱਕ ਕੋਚਿੰਗ ਦਾ ਸਿੱਕਾ ਜਮਾ ਚੁੱਕੇ ਹਨ । ਇਥੋ ਦੇ ਖਿਡਾਰੀ ਕੌਮੀ ਅਤੇ ਕੌਮਾਂਤਰੀ ਪੱਧਰ ਤੱਕ ਆਪਣੀ ਸ਼ਾਨਦਾਰ ਖੇਡ ਨਾਲ ਮਾਹਿਲਪੁਰ ਦਾ ਨਾਮ ਰੋਸ਼ਨ ਕਰ ਰਹੇ ਹਨ। ਇਸ ਅਕਾਦਮੀ ਤੋਂ ਤਿਆਰ ਹੋਏ ਖਿਡਾਰੀ ਨੈਸ਼ਨਲ ਪੱਧਰ ਤੱਕ ਹੀ ਨਹੀਂ ਸਗੋਂ ਇੰਟਰਨੈਸ਼ਨਲ ਮੁਕਾਬਲਿਆਂ ਵਿੱਚ ਵੀ ਸ਼ਾਨਦਾਰ ਖੇਡ ਖੇਡਦੇ ਹਨ । ਇਸ ਅਕਾਦਮੀ ਨੇ ਅੱਜ ਤੱਕ 500 ਤੋਂ ਜ਼ਿਆਦਾ ਨੈਸ਼ਨਲ ਅਤੇ 60 ਤੋਂ ਵੱਧ ਖਿਡਾਰੀ ਇੰਟਰਨੈੵਸ਼ਨਲ ਫੁੱਟਬਾਲਰ ਪੈਦਾ ਕੀਤੇ ਹਨ। ਇਹ ਖਿਡਾਰੀ ਭਾਰਤ ਦੀਆਂ ਮਸ਼ਹੂਰ ਕਲੱਬਾਂ ਵਿੱਚ ਯੋਗਦਾਨ ਪਾ ਰਹੇ ਹਨ । ਜੇ ਸੀ ਟੀ ਫੁੱਟਬਾਲ ਕਲੱਬ ਜਿਹੜਾ ਕਿ ਮਿੱਲ ਪ੍ਰਬੰਧਕਾਂ ਵੱਲੋਂ ਹੁਣ ਬੰਦ ਕਰ ਦਿੱਤਾ ਗਿਆ ਹੈ ਵਿੱਚ ਮਾਹਿਲਪੁਰ ਇਲਾਕੇ ਦੇ ਖਿਡਾਰੀ ਹੀ ਮੋਟੀਆਂ ਤਨਖਾਹਾਂ ਲੈ ਕੇ ਆਪਣੇ ਉਕਤ ਕਲੱਬ ਦੀ ਦੇਸ਼ਾਂ ਵਿਦੇਸ਼ਾਂ ਵਿੱਚ ਧਾਂਕ ਜਮਾਉਂਦੇ ਸਨ।
ਉੱਘੇ ਖਿਡਾਰੀ ਬਲਜੀਤ ਸਾਹਨੀ , ਬਲਦੀਪ ਸਿੰਘ, ,ਜਸਪਾਲ ਸਿੰਘ, ਦਲਜੀਤ ਸਿੰਘ, ਕਸ਼ਮੀਰਾ ਸਿੰਘ, ਬਲਵੰਤ ਸਿੰਘ ,ਸੁਨੀਲ ਠਾਕੁਰ, ,ਕਰਨਦੀਪ ਸਿੰਘ, ਈਸਟ ਬੰਗਾਲ ਵਿੱਚ ਵਿੱਚ ਹਰਮਨਜੋਤ ਸਿੰਘ ਖਾਬੜਾ ਧੂੰਮਾਂ ਪਾ ਰਹੇ ਹਨ । ਇਸ ਤੋਂ ਇਲਾਵਾ ਐਫ ਸੀ ਪੂਨੇ ਵਿੱਚ ਆਸਿਮ ਹਸਨ, ਸਲਗਾੳੂਕਰ ਗੋਆ ਵਿੱਚ ਬਲਦੀਪ ਸਿੰਘ , ਇੰਦਰਪ੍ਰੀਤ ਸਿੰਘ ਸ਼ਾਂਨਦਾਰ ਖੇਡ ਖੇਡ ਰਹੇ ਹਨ। ਐਮ ਬੀ ਸਪੋਰਟਿੰਗ ਵਿੱਚ ਹਰਪਾਲ ਸਿੰਘ ਸਭ ਤੋ ਅੱਗੇ ਚੱਲ ਰਿਹਾ ਹੈ । ਇਸੇ ਤਰਾਂ ਫੁੱਟਬਾਲ ਅਕਾਦਮੀ ਮਾਹਿਲਪੁਰ ਦੇ ਹਰਦੀਪ ਸਿੰਘ ਸੰਘਾ, ਮਨਪ੍ਰੀਤ ਸਿੰਘ ਸੰਘਾ ,ਕੁਲਵੰਤ ਸਿੰਘ ਸੰਘਾ ਸਮੇਤ 200 ਦੇ ਕਰੀਬ ਅਜਿਹੇ ਤੇਜ਼ਤਰਾਰ ਫੁੱਟਬਾਲਰ ਹਨ ਜਿਹੜੇ ਦੇਸ਼ ਦੇ ਨਾਮੀ ਫੁੱਟਬਾਲ ਕਲੱਬਾਂ ਵਿੱਚ ਖੇਡਕੇ ਮਾਹਿਲਪੁਰ ਦਾ ਨਾਮ ਚਮਕਾ ਰਹੇ ਹਨ । ਕੁਲਵੰਤ ਸਿੰਘ ਸੰਘਾ ਜੋ ਇਸ ਵਕਤ ਆਲ ਇੰਡੀਆ ਪ੍ਰਿੰਸੀਪਲ ਹਰਭਜਨ ਸਿੰਘ ਸਪੋਰਟਿੰਗ ਕਲੱਬ ਮਾਹਿਲਪੁਰ ਦੇ ਪ੍ਰਧਾਨ ਹਨ ਹੁਰਾਂ ਆਪਣੇ ਸਮੇ ਫੁੱਟਬਾਲ ਖੇਡ ਨਾਲ ਦੁਨੀਆਂ ਵਿੱਚ ਆਪਣੀ ਅਲੱਗ ਪਹਿਚਾਣ ਬਣਾਈ ਸੀ। ਉਹ ਇੰਗਲੈਂਡ ਰਹਿਕੇ ਵੀ ਪੰਜਾਬ ਦੇ ਨਾਮੀ ਫੁੱਟਬਾਲ ਟੂਰਨਾਮੈਟਾਂ ਨਾਲ ਜੁੜੇ ਹੋਏ ਹਨ । ਉਹ ਜਿਥੇ ਆਪਣੇ ਪਿੰਡ ਲੰਗੇਰੀ ਵਿਖੇ ਰਾਜ ਪੱਧਰੀ ਸ਼ਹੀਦ ਕਾਮਰੇਡ ਦਰਸ਼ਨ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਟ ਕਰਵਾਉਦੇ ਹਨ ਉਥੇ ਹੁਣ ਉਹ ਇਸ ਵਾਰ 51 ਵੇ ਪ੍ਰਿੰਸੀਪਲ ਹਰਭਜਨ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਟ ਨੂੰ ਨਵੀ ਦਿੱਖ ਦੇਣ ਲਈ ਹੁਣ ਤੋ ਹੀ ਸਰਗਰਮ ਹਨ। ਫੁੱਟਬਾਲ ਦੀ ਤਰੱਕੀ ਲਈ ਉਹਨਾ ਦਾ ਇੱਕ ਪੈਰ ਇੰਗਲੈਂਡ ਅਤੇ ਦੂਸਰਾ ਮਾਹਿਲਪੁਰ ਵਿੱਚ ਹੂੰਦਾ ਹੈ।
ਫੁੱਟਬਾਲ ਅਕਾਦਮੀ ਅਤੇ ਮਾਹਿਲਪੁਰ ਦੇ ਫੁੱਟਬਾਲ ਨੂੰ ਹੋਰ ਪ੍ਰਫੁੱਲਤ ਕਰਨ ਵਿੱਚ ਮਾਹਿਲਪੁਰ ਇਲਾਕੇ ਦੇ ਪਿੰਡਾਂ ਦੇ ਸਕੂਲਾਂ ਅਤੇ ਪੇਡੂ ਖੇਡ ਟੂਰਨਾਮੈਟਾ ਦਾ ਵਿਸ਼ੇਸ਼ ਯੋਗਦਾਨ ਹੈ। ਇਹਨਾਂ ਪਿੰਡਾਂ ਵਿੱਚ ਖਿਡਾਰੀਆਂ ਨੂੰ ਨਕਦ ਇਨਾਮ ਅਤੇ ਸ਼ਾਂਨਦਾਰ ਸਨਮਾਨ ਦੇ ਕੇ ਹਰ ਸਾਲ ਉਤਸ਼ਾਹਿਤ ਕੀਤਾ ਜਾਂਦਾ ਹੈ । ਇਸ ਸਾਲ ਪਰਵਾਸੀ ਭਾਰਤੀ ਅਤੇ ਉੱਘੇ ਫੁੱਟਬਾਲਰ ਰਾਜ ਕੁਮਾਰ ਭੋਲਾ ,ਮਨਜਿੰਦਰ ਸਿੰਘ , ਪ੍ਰਿੰਸੀਪਲ ਬੀ ਕੇ ਬਾਲੀ ਅਤੇ ਹੋਰ ਸ਼ਖਸ਼ੀਅਤਾਂ ਵਲੋ ਰਲਕੇ ਯੂਨਾਇਟਿਡ ਫੁੱਟਬਾਲ ਕਲੱਬ ਦਾ ਗਠਨ ਕਰਕੇ ਇਸ ਟੂਰਨਾਮੈਂਟ ਰਾਹੀ ਖਿਡਾਰੀਆਂ ਨੂੰ ਉਚ ਪੱਧਰ ਦੀਆਂ ਸਹੂਲਤਾਂ ਦੇਣ ਦਾ ਪ੍ਰਬੰਧ ਕੀਤਾ ਹੈ। ਕਲੱਬ ਵੱਲੋਂ ਹਰ ਸਾਲ ਕੌਮੀ ਪੱਧਰ ਦਾ ਫੁੱਟਬਾਲ ਟੂਰਨਾਮੈਂਟ ਕਰਵਾਉਣ ਦਾ ਐਲਾਨ ਵੀ ਕੀਤਾ ਗਿਆ ਹੈ ਜਿਸਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਬੇਸ਼ੱਕ ਉਕਤ ਕਲੱਬ ਪੁਰਾਣੇ ਪ੍ਰਿੰਸੀਪਲ ਹਰਭਜਨ ਯਾਦਗਾਰੀ ਫੁੱਟਬਾਲ ਦੀ ਚੜਤ ਨੂੰ ਢਾਅ ਲਾਵੇਗਾ ਪ੍ਰੰਤੂ ਫਿਰ ਵੀ ਇਸਦੇ ਪ੍ਰਬੰਧਕ ਅਜਿਹਾ ਨਾ ਹੋਣ ਦੇਣ ਦੇ ਦਾਅਵੇ ਕਰਦੇ ਹਨ । ਮਾਹਿਲਪੁਰ ਦੇ ਫੁੱਟਬਾਲ ਦੀ ਚੜਤ ਨੂੰ ਕਿਸੇ ਚੰਦਰੇ ਦੀ ਨਜ਼ਰ ਨਾ ਲੱਗੇ । ਇਸ ਲਈ ਨਵੇ ਨਵੇ ਕਲੱਬ ਬਣਾਕੇ ਵੱਡੇ ਵੱਡੇ ਦਾਅਵੇ ਕਰਨ ਵਾਲੇ ਆਪਣੇ ਬਾਅਦਿਆਂ ਅਤੇ ਦਾਅਵਿਆਂ ਤੇ ਠੀਕ ਉਤਰਨ । ਪਿੰਡ ਚੱਬੇਵਾਲ, ਜਿਆਣ , ਕਾਲੇਵਾਲ ਭਗਤਾਂ, ਨੰਗਲ ਖਿਲਾੜੀਆਂ , ਖੇੜਾ, ਬਾਹੋਵਾਲ , ਲੰਗੇਰੀ, ਚੱਕ ਮੱਲਾਂ , ਕੋਟਫਤੂਹੀ, ਭਗਤੂਪੁਰ, ਹੱਲੂਵਾਲ ,ਖੈਰੜ ਅੱਛਰਵਾਲ ,ਬਾੜੀਆਂ ਕਲਾਂ , ਬਾੜੀਆਂ ਖੁਰਦ, ਨਿਮੋਲੀਆਂ ਸਮੇਤ ਡਾਟਸੀਵਾਲ ਆਦਿ ਅਨੇਕਾਂ ਪਿੰਡਾਂ ਵਿੱਚ ਕਰਵਾਏ ਜਾਂਦੇ ਫੁੱਟਬਾਲ ਟੂਰਨਾਂਮੈਟ ਪਰਵਾਸੀ ਭਾਰਤੀਆਂ ਸਮੇਤ ਪੰਜਾਬ ਦੇ ਲੋਕਾਂ ਦੀ ਖਿੱਚ ਦੇ ਕੇਦਰ ਹਨ। ਇਹਨਾਂ ਟੂਰਨਾਮੈਟਾ ਵਿੱਚ ਖਿਡਾਰੀਆਂ ਨੂੰ ਜਿਥੇ ਨਗਦ ਇਨਾਮ ਦਿੱਤੇ ਜਾਂਦੇ ਹਨ ਉੱਥੇ ਜੇਤੂ ਟੀਮਾਂ ਨੂੰ ਹਜ਼ਾਰਾਂ ਰੁਪਿਆਂ ਨਗਦੀ ਅਤੇ ਸੋਨੇ ਦੇ ਗਹਿਣੇ ਦਿੱਤੇ ਜਾਂਦੇ ਹਨ।
ਮਾਹਿਲਪੁਰ ਦੇ ਫੁੱਟਬਾਲ ਖਿਡਾਰੀ ਦੇਸ਼ਾਂ ਵਿਦੇਸ਼ਾਂ ਵਿੱਚ ਆਪਣੀ ਖੇਡ ਕਲਾ ਨਾਲ ਲੋਕਾਂ ਦੇ ਦਿਲਾਂ ਤੇ ਰਾਜ ਕਰ ਰਹੇ ਹਨ ਪ੍ਰੰਤੂ ਪਿੱਛਲੇ ਮਹੀਨੇ ਈਸਟ ਬੰਗਾਲ ਕਲੱਬ ਵਿੱਚ ਖੇਡਦੇ ਫੁੱਟਬਾਲ ਖਿਡਾਰੀਆਂ ਵੱਲੋਂ ਨੇਤਾ ਸੁਭਾਸ਼ ਚੰਦਰ ਬੋਸ ਅੰਤਰਰਾਸ਼ਟਰੀ ਹਵਾਈ ਅੱਡੇ ਲਾਗੇ ਸਬਤ ਡਾਇਮੰਡ ਨੌਰਥ ਹਾਊਸਿੰਗ ਕੰਪਲੈਕਸ ਦੇ ਇੱਕ ਫਲੈਟ ਵਿੱਚ ਇੱਕ 14 ਸਾਲਾ ਲੜਕੀ ਨਾਲ ਕਥਿੱਤ ਸਮੂਹਿਕ ਬਲਾਤਕਾਰ ਕਰਨ ਦੇ ਮਾਮਲੇ ਨੇ ਫੁੱਟਬਾਲ ਜਗਤ ਮਾਹਿਲਪੁਰ ਦੇ ਮੱਥੇ 'ਤੇ ਕਲੰਕ ਦੇ ਧੱਬੇ ਲਾਏ ਹਨ । ਬੇਸ਼ੱਕ ਉੱਕਤ ਕਾਂਢ ਵਿੱਚ ਕਥਿੱਤ ਤੌਰ 'ਤੇ ਸ਼ਾਮਿਲ ਦੋ ਫੁੱਟਬਾਲਰ ਬਲਦੀਪ ਸਿੰਘ ਅਤੇ ਜੋਸਫ ਸਿੰਘ ਹਾਲੇ ਤੱਕ ਭਗੌੜੇ ਹਨ ਪ੍ਰੰਤੂ ਪੁਲੀਸ ਵੱਲੋਂ ਇੱਕ ਫੁੱਟਬਾਲਰ ਜਗਪ੍ਰੀਤ ਸਿੰਘ ਅਤੇ ਰਸੋਈਏ ਰਵੀ ਨੂੰ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਹੈ। ਉਕਤ ਕਥਿੱਤ ਦੋਸ਼ੀ ਫੁੱਟਬਾਲਰਾਂ ਦਾ ਨਾਮ ਮਾਹਿਲਪੁਰ ਇਲਾਕੇ ਦੇ ਪਿੰਡਾਂ ਨਾਲ ਜੁੜਦਾ ਹੋਣ ਕਰਕੇ ਸੁਣਨ ਵਾਲਾ ਹਰ ਬੰਦਾ ਜਾਣਨਾ ਚਾਹੂੰਦਾ ਹੈ ਕਿ ਉਹ ਖਿਡਾਰੀ ਕਿਹੜੇ ਹਨ ਜਿਹਨਾ ਵਲੋ ਉਕਤ ਘਿਨੌਣੀ ਹਰਕਤ ਕੀਤੀ ਗਈ ਹੈ। ਫਿਰ ਵੀ ਮਾਹਿਲਪੁਰ ਹਲਕੇ ਦੀ ਫੁੱਟਬਾਲ ਜਗਤ ਨੂੰ ਵੱਡੀ ਦੇਣ ਹੈ ਤੇ ਸਮੇ ਦੀਆਂ ਸਰਕਾਰਾਂ ਦੇ ਹਾਕਮਾਂ ਨੂੰ ਇਸ ਖਿਤੇ ਦੀ ਤਰੱਕੀ ਲਈ ਪਹਿਲ ਦੇ ਤੋਰ 'ਤੇ ਕੰਮ ਕਰਨਾ ਚਾਹੀਦਾ ਹੈ। ਇਥੇ ਏਸ਼ੀਆ ਪੱਧਰ ਦਾ ਫੁੱਟਬਾਲ ਸਟੇਡੀਮ ਬਣਾਇਆ ਜਾਵੇ ਤਾਂ ਕਿ ਕ੍ਰਿਕਟ ਖੇਡ ਵਾਂਗੂ ਇਸ ਖੇਡ ਨੂੰ ਵੀ ਹੋਰ ਪ੍ਰਫੁੱਲਤ ਕੀਤਾ ਜਾ ਸਕੇ।
ਸੰਪਰਕ: 9592954007