ਲਿਚਿੰਗ- ਅਸਗਰ ਵਜਾਹਤ
Posted on:- 27-06-2019
ਬੁੱਢੀ ਔਰਤ ਨੂੰ ਜਦੋਂ ਦੱਸਿਆ ਗਿਆ ਕਿ ਉਸਦੇ ਪੋਤੇ ਸਲੀਮ ਦੀ ‘ਲਿੰਚਿੰਗ’ ਹੋ ਗਈ ਹੈ ਤਾਂ ਉਸਦੀ ਸਮਝ ਵਿੱਚ ਕੁਝ ਨਹੀਂ ਆਇਆ। ਉਸਦੇ ਕਾਲੇ ਝੁਰੜੀਆਂ ਭਰੇ ਚਿਹਰੇ ਅਤੇ ਧੁੰਦਲੀਆਂ ਮੱਟਮੈਲੀਆਂ ਅੱਖਾਂ ‘ਚ ਕੋਈ ਭਾਵ ਨਾ ਆਇਆ। ਉਸਨੇ ਫਟੀ ਹੋਈ ਚਾਦਰ ਨਾਲ ਆਪਣਾ ਮੂੰਹ ਢੱਕ ਲਿਆ। ਉਸ ਲਈ ਲਿੰਚਿੰਗ ਸ਼ਬਦ ਨਵਾਂ ਸੀ। ਪਰ ਉਸਨੂੰ ਇਹ ਅੰਦਾਜ਼ਾ ਹੋ ਗਿਆ ਸੀ ਕਿ ਇਹ ਸ਼ਬਦ ਅੰਗਰੇਜ਼ੀ ਦਾ ਹੈ। ਉਸਨੇ ਪਹਿਲਾਂ ਵੀ ਅੰਗਰੇਜ਼ੀ ਦੇ ਕੁਝ ਸ਼ਬਦ ਸੁਣੇ ਸੀ ਜਿੰਨ੍ਹਾਂ ਨੂੰ ਉਹ ਜਾਣਦੀ ਸੀ। ਉਸਨੇ ਅੰਗਰੇਜ਼ੀ ਦਾ ਪਹਿਲਾ ਸ਼ਬਦ ‘ਪਾਸ’ ਸੁਣਿਆ ਸੀ ਜਦੋਂ ਸਲੀਮ ਪਹਿਲੀ ਜਮਾਤ ਵਿੱਚੋਂ ਪਾਸ ਹੋਇਆ ਸੀ। ਉਹ ਜਾਣਦੀ ਸੀ ਕਿ ਪਾਸ ਦਾ ਕੀ ਮਤਲਬ ਹੁੰਦਾ ਹੈ। ਦੂਜਾ ਸ਼ਬਦ ‘ਜੌਬ’ ਸੁਣਿਆ ਸੀ। ਉਹ ਸਮਝ ਗਈ ਸੀ ਕਿ ‘ਜੌਬ’ ਦਾ ਮਤਲਬ ਨੌਕਰੀ ਲੱਗ ਜਾਣਾ ਹੈ। ਤੀਜਾ ਸ਼ਬਦ ਉਸਨੇ ‘ਸੈਲਰੀ’ ਸੁਣਿਆ ਸੀ। ਉਹ ਜਾਣਦੀ ਸੀ ਕਿ ਸੈਲਰੀ ਦਾ ਕੀ ਮਤਲਬ ਹੈ। ਇਹ ਸ਼ਬਦ ਸੁਣਦੇ ਹੀ ਉਹ ਤਵੇ ਤੇ ਸਿੱਕਦੀ ਰੋਟੀ ਦੀ ਸੁਗੰਧ ਮਹਿਸੂਸ ਕਰਦੀ। ਉਸਨੂੰ ਅੰਦਾਜ਼ਾ ਸੀ ਕਿ ਅੰਗਰੇਜ਼ੀ ਸ਼ਬਦ ਚੰਗੇ ਹੁੰਦੇ ਹਨ ਅਤੇ ਉਸਦੇ ਪੋਤੇ ਬਾਰੇ ਇਹ ਕੋਈ ਚੰਗੀ ਖ਼ਬਰ ਹੈ।
ਬੁੱਢੀ ਔਰਤ ਪ੍ਰਸੰਨਤਾ ਭਰੇ ਲਹਿਜੇ ‘ਚ ਬੋਲੀ -ਅੱਲ੍ਹਾ ਉਸਦਾ ਭਲਾ ਕਰੇ...
ਮੁੰਡੇ ਹੈਰਾਨੀ ਨਾਲ ਦੇਖਣ ਲੱਗੇ। ਸੋਚਣ ਲੱਗੇ ਬੁੱਢੀ ਔਰਤ ਨੂੰ ‘ਲਿੰਚਿੰਗ’ ਦਾ ਅਰਥ ਦੱਸਿਆ ਜਾਵੇ ਜਾਂ ਨਾ। ਉਹਨਾਂ ਅੰਦਰ ਇਹ ਹਿੰਮਤ ਨਹੀਂ ਪੈ ਰਹੀ ਸੀ ਕਿ ਬੁੱਢੀ ਔਰਤ ਨੂੰ ਇਹ ਦੱਸ ਸਕਣ ਕਿ ‘ਲਿੰਚਿੰਗ’ ਦਾ ਅਰਥ ਕੀ ਹੁੰਦਾ ਹੈ।
ਬੁੱਢੀ ਔਰਤ ਨੇ ਸੋਚਿਆ ਕਿ ਐਨੀ ਚੰਗੀ ਖ਼ਬਰ ਦੇਣ ਵਾਲੇ ਗੱਭਰੂਆਂ ਨੂੰ ਅਸੀਸ ਤਾਂ ਜ਼ਰੂਰ ਦੇਣੀ ਬਣਦੀ ਹੈ।
ਉਹ ਬੋਲੀ - ਪੁੱਤਰੋ, ਅੱਲ੍ਹਾ ਕਰੇ ਥੋਡੀ ਸਭ ਦੀ ‘ਲਿੰਚਿੰਗ’ ਹੋ ਜਾਵੇ....ਰੁੱਕ ਜਾਓ ਮੈਂ ਮੂੰਹ ਮਿੱਠਾ ਕਰਵਾਉਂਦੀ ਹਾਂ।