ਸ਼ਰਤ - ਸਰੂਚੀ ਕੰਬੋਜ ਫਾਜ਼ਿਲਕਾ
Posted on:- 02-07-2016
"ਪਤਾ ਹੈ ਨਿਰਭੈ ਮੈਂ ਹਮੇਸ਼ਾ ਸੋਚਦੀ ਸੀ ਕਿ ਇਹ ਕਈ ਕੁੜੀਆਂ ਜ਼ਹਿਰ ਕਿਉਂ ਪੀ ਲੈਂਦੀਆਂ,ਕਿਉਂ ਆਪਣੀ ਜਿੰਦਗੀ ਬਰਬਾਦ ਕਰਦੀਆਂ ਕਿਸੇ ਪਿੱਛੇ, ਕਿਸੇ ਨਾਲ ਭੱਜ ਜਾਂਦੀਆਂ ਤੇ ਆਪਣੇ ਮਾਂ ਬਾਪ ਦੀ ਜਿੰਦਗੀ ਆਜਾਬ ਬਣਾ ਦਿੰਦੀਆਂ, ਕਿਉਂ ਇਹ ਖੁਦਕੁਸ਼ੀ ਕਰ ਲੈਂਦੀਆਂ" ਤਹਿਜੀਬ ਨੇ ਕੁਝ ਪਰੇਸ਼ਾਨੀ ਵਿੱਚ ਆਪਣੇ ਪਤੀ ਨਿਰਭੈ ਨੂੰ ਕਿਹਾ।
"ਫਿਰ ਮਿਲਿਆ ਜਵਾਬ ਇਸ ਸਵਾਲ ਦਾ? "ਨਿਰਭੈ ਨੇ ਤਹਿਜ਼ੀਬ ਦੇ ਸਵਾਲ ਦੇ ਜਵਾਬ ਬਦਲੇ ਸਵਾਲ ਕੀਤਾ।
" ਹਾਂ, ਮਿਲ ਗਿਆ ਨਾ ਜਵਾਬ, ਜਵਾਬ ਲੈ ਕੇ ਆਈ ਹਾਂ ਅੱਜ "ਤਹਿਜ਼ੀਬ ਨੇ ਕਿਤੇ ਗੁਆਚੀ ਹੋਈ ਨੇ ਜਵਾਬ ਦਿੱਤਾ।
"ਕੀ ਮਿਲਿਆ ਜਵਾਬ ਫਿਰ ਕਿਉਂ ਕਰਦੀਆਂ ਕੁੜੀਆਂ ਖੁਦਕੁਸ਼ੀ? "ਨਿਰਭੈ ਨੇ ਤਹਿਜ਼ੀਬ ਨੂੰ ਥੋੜ੍ਹਾ ਛੇੜਦੇ ਹੋਏ ਕਿਹਾ ।
"ਤੁਹਾਡੇ ਜਿਹੇ ਮਰਦਾਂ ਕਰਕੇ।"ਉਸਨੇ ਨਿਰਭੈ ਵੱਲ ਗੌਰ ਨਾਲ ਵੇਖਦੇ ਹੋਏ ਕਿਹਾ।
" ਮੇਰੇ ਜਿਹੇ ਮਰਦਾਂ ਕਰਕੇ? "ਤਹਿਜ਼ੀਬ ਦੀ ਗੱਲ ਸੁਣ ਕੇ ਨਿਰਭੈ ਦੇ ਚਿਹਰੇ ਦੀ ਮੁਸਕਾਨ ਪਲ ਵਿਚ ਉੱਡ ਗਈ ਸੀ ਤੇ ਹੁਣ ਉਹ ਥੋੜ੍ਹਾ ਫਿਕਰਮੰਦ ਹੋ ਗਿਆ।"ਪਰ ਤਹਿਜ਼ੀਬ ਮੈਂ ਤਾਂ ਤੈਨੂੰ ਪਿਆਰ ਕੀਤਾ ਦੀਵਾਨਿਆ ਦੀ ਤਰ੍ਹਾਂ ਹੋਰ ਤੇ ਹੋਰ ਸਾਰੀ ਦੁਨੀਆ ਨਾਲ ਲੜ ਕੇ ਵਿਆਹ ਵੀ ਕੀਤਾ ਤੇਰੇ ਨਾਲ ।" " ਅੱਛਾ ਫਿਰ ਤੁਸੀਂ ਭੁੱਲ ਗਏ ਲੱਗਦਾ, ਯਾਦ ਨਹੀਂ ਮੇਰੀ ਤੇ ਮੰਗਣੀ ਵੀ ਹੋ ਚੁੱਕੀ ਸੀ, ਪਤਾ ਨਹੀਂ ਫਿਰ ਤੁਸੀਂ ਐਸਾ ਜਾਦੂ ਕੀਤਾ ਮੇਰੇ ਉੱਪਰ ਕਿ ਕਿੰਨੇ ਦਿਨ ਰੋ ਪਿਟ ਕੇ ਘਰ ਵਿੱਚ ਸਭ ਨਾਲ ਬਗਾਵਤ ਕਰਕੇ, ਕਿੰਨੇ ਦਿਨ ਭੁੱਖੇ ਰਹਿ ਕੇ ਮਨਾਇਆ ਸੀ ਮੰਮੀ ਪਾਪਾ ਨੂੰ ਮੈਂ ਤੁਹਾਡੇ ਨਾਲ ਵਿਆਹ ਕਰਵਾਉਣ ਲਈ ।"ਨਿਰਭੈ ਦੀਆਂ ਨਜ਼ਰਾਂ ਨਾਲ ਨਜ਼ਰਾਂ ਮਿਲਾ ਤਹਿਜ਼ੀਬ ਨੇ ਉਸਨੂੰ ਸਭ ਕੁਝ ਯਾਦ ਕਰਾਉਂਦੇ ਹੋਏ ਕਿਹਾ, "ਲੇਕਿਨ ਪਿਆਰ ਤਾਂ ਮੈਂ ਤੈਨੂੰ ਪਾਗਲਾਂ ਦੀ ਤਰ੍ਹਾਂ ਕੀਤਾ ਜੋ ਸ਼ਾਇਦ ਹੀ ਕੋਈ ਹੋਰ ਕਰ ਸਕਦਾ ਇਹ ਵੀ ਸੱਚਾਈ ਹੈ ਤਹਿਜ਼ੀਬ।"ਉਸਨੇ ਤਹਿਜ਼ੀਬ ਦੇ ਹੱਥ ਆਪਣੇ ਹੱਥਾਂ ਵਿੱਚ ਲੈਂਦੇ ਹੋਏ ਕਿਹਾ, "ਹਾਂ ਵਾਕਿਆ ਹੀ ਪਾਗਲਪਨ ਦੀ ਹੱਦ ਪਾਰ ਕਰਕੇ ਕੀਤਾ ਸੀ ਪਿਆਰ ਤੁਸੀਂ ।ਯਾਦ ਹੈ ਆਪਾਂ ਦੋਨੋਂ ਇਕ ਹੀ ਕਾਲੇਜ ਵਿੱਚ ਪੜਦੇ ਸੀ,ਤੁਹਾਡੇ ਤੋਂ ਇਲਾਵਾ ਹੋਰ ਵੀ ਬਹੁਤ ਮੁੰਡੇ ਪਸੰਦ ਕਰਦੇ ਸੀ ਮੈਨੂੰ, ਪਰ ਕਦੇ ਉਹਨਾਂ ਹਿੰਮਤ ਨਹੀਂ ਕੀਤੀ ਸੀ ਮੇਰਾ ਰਾਹ ਰੋਕਣ ਦੀ ਮੇਰੇ ਨਾਲ ਗੱਲ ਕਰਨ ਦੀ, ਬਹੁਤ ਡਰਦੇ ਸਨ ਮੇਰੇ ਤੋਂ, ਪਰ ਤੁਸੀਂ ਪਹਿਲੇ ਮਰਦ ਸੀ ਜਿਸਨੇ ਮੇਰਾ ਰਾਹ ਰੋਕਿਆ, ਮੇਰਾ ਹੱਥ ਪਕੜਿਆ ਸੀ ।"
"ਤੇ ਉਨੀ ਹੀ ਬੇਰਹਿਮੀ ਨਾਲ ਤੂੰ ਹੱਥ ਛੁਡਾ ਕੇ ਭੱਜ ਗਈ ਸੀ, ਇਕ ਵਾਰ ਤਾਂ ਤੂੰ ਬਹੁਤ ਬੁਰਾ ਭਲਾ ਵੀ ਕਿਹਾ ਸੀ ਮੈਨੂੰ ਜਦ ਮੈਂ ਤੇਰੀ ਗਲੀ ਚ ਤੇਰਾ ਰਾਹ ਰੋਕਿਆ ਸੀ ।""ਹਾਂ, ਯਾਦ ਜਦੋਂ ਤੁਸੀਂ ਮੇਰੇ ਲਈ ਨੀਂਦ ਦੀਆਂ ਗੋਲੀਆਂ ਵੀ ਖਾ ਲਈਆਂ ਸਨ ਇਕ ਵਾਰ।ਫਿਰ ਇਕ ਦਿਨ ਪਤਾ ਤੁਸੀਂ ਆਪਣੀ ਨਬਜ਼ ਵੀ ਕੱਟ ਲਈ ਸੀ ਮੇਰੇ ਲਈ।ਫਿਰ ਭਲਾ ਸ਼ੁਦਾਈਆਂ ਵਾਂਗ ਚਾਹੁਣ ਵਾਲੇ ਨੂੰ ਮੈਂ ਕਿਵੇਂ ਨਾ ਪਿਆਰ ਕਰਦੀ ।""ਪਰ ਤੂੰ ਅੱਜ ਇਹ ਸਭ ਗੱਲਾਂ ਕਿਉਂ ਯਾਦ ਕਰ ਰਹੀ ਹੈ ।"ਨਿਰਭੈ ਦੀ ਆਵਾਜ਼ ਵਿੱਚ ਹੁਣ ਥੋੜ੍ਹੀ ਚਿੰਤਾ ਵੱਧ ਗਈ ਸੀ ।
"ਯਾਦ ਹੈ ਕੱਲ ਆਪਾਂ ਤੁਹਾਡੇ ਦੋਸਤ ਦੀ ਮੈਰਿਜ਼ ਐਨਵਰਸਰੀ ਦੀ ਪਾਰਟੀ ਤੇ ਗਏ ਸੀ ਜਿੱਥੇ ਤੁਹਾਡਾ ਕਾਲੇਜ ਫਰੈਂਡ ਰਿਸ਼ਭ ਮਿਲਿਆ ਸੀ, ਤੁਹਾਨੂੰ ਬੜੇ ਪੈੱਗ ਲਗਾ ਰਹੇ ਸੀ ਤੁਸੀਂ, ਬੜੀਆਂ ਪੁਰਾਣੀਆਂ ਗੱਲਾਂ ਵੀ ਯਾਦ ਕਰ ਰਹੇ ਸੀ ਤੁਸੀਂ ਦੋਵੇਂ।ਮਗਰ ਮੈਨੂੰ ਮਾਫ਼ ਕਰ ਦੇਣਾ ਨਿਰਭੈ ""ਕਿਸ ਲਈ? "" ਮੈਂ ਤੁਹਾਨੂੰ ਘਰ ਵਾਪਸ ਚਲਣ ਲਈ ਕਹਿਣ ਆ ਰਹੀ ਸੀ ਕਿ ਅਚਾਨਕ ਰਿਸ਼ਭ ਨੇ ਇਕ ਸ਼ਰਤ ਵਾਲੀ ਗੱਲ ਛੇੜ ਲਈ ਜੋ ਤੁਸੀਂ ਦੋਵਾਂ ਨੇ ਲਗਾਈ ਸੀ ਕਾਲਜ ਵਿਚ ਮੇਰੇ ਤੇ ।ਉਹ ਸ਼ਰਤ ਵਾਲੀ ਗੱਲ ਮੈਂ ਸੁਣ ਲਈ ।"ਨਿਰਭੈ ਖਾਮੋਸ਼ੀ ਨਾਲ ਉਸ ਨੂੰ ਹੈਰਾਨ ਹੋਇਆ ਵੇਖਦਾ ਰਿਹਾ ਜਿਵੇਂ ਕਿ ਉਸਦੀ ਕੋਈ ਚੋਰੀ ਪਕੜੀ ਗਈ।ਤਹਿਜ਼ੀਬ ਬਨਾਵਟੀ ਹਾਸਾ ਹੱਸਦੇ ਹੋਏ ਬੋਲੀ, "ਐਨਾ ਹੈਰਾਨ ਕਿਉਂ ਹੋ ਰਹੇ ਹੋ?ਅੱਜ ਰਿਸ਼ਭ ਭਾਈ ਸਾਹਿਬ ਰਸਤੇ ਵਿੱਚ ਮਿਲ ਗਏ ਸਨ ਤਾਂ ਮੈਂ ਉਹ ਸ਼ਰਤ ਵਾਲੇ ਪੰਜ ਹਜ਼ਾਰ ਰੁਪਏ ਲੈ ਕੇ ਆਈ ਹਾਂ ।""ਕੀ ਲੋੜ ਸੀ ਇਸ ਦੀ ਤਹਿਜ਼ੀਬ ""ਲੋੜ ਕਿਉਂ ਨਹੀਂ ਸੀ ਮੇਰੇ ਪਤੀ ਦਾ ਹੱਕ ਸੀ ਜੋ ਉਹ ਐਨੇ ਸਾਲ ਤੋਂ ਦੱਬ ਕੇ ਬੈਠਾ ਸੀ ਐਵੇਂ ਕਿਵੇਂ ਰਹਿਣ ਦਿੰਦੀ ।" ਤਹਿਜ਼ੀਬ ਨੇ ਨਿਰਭੈ ਦੀ ਹਥੇਲੀ ਤੇ ਪੈਸੇ ਰੱਖਦਿਆਂ ਕਿਹਾ, "ਗਿਣ ਲੈਣਾ ਪੂਰੇ ਨੇ ਪੈਸੇ।ਆਈ ਪਰਾਊਡ ਔਫ ਯੂ ਹਸਬੈਂਡ ।ਮੈਨੂੰ ਜਿੱਤ ਲਿਆ ਤੇ ਸ਼ਰਤ ਵੀ ਜਿੱਤ ਲਈ।ਬਸ ਇਸ ਗੱਲ ਨੇ ਸਾਬਿਤ ਕਰ ਦਿੱਤਾ ਕੁੜੀਆਂ ਕਿੰਨੀਆਂ ਜਾਹਿਲ ਹੁੰਦੀਆਂ ਨਾ ਇਕ ਮਰਦ ਦੇ ਚਾਰ ਦਿਨਾਂ ਦੇ ਪਿਆਰ ਦੇ ਛਲਾਵੇ ਬਦਲੇ ਮਾਪਿਆਂ ਦੀ ਪਾਕ ਮੁਹੱਬਤ ਤੇ ਉਹਨਾਂ ਦੀਆਂ ਕੁਰਬਾਨੀਆਂ ਸਭ ਕੁਝ ਭੁੱਲ ਜਾਂਦੀਆਂ ।ਵੈਸੇ ਮੈਂ ਹੁਣ ਸੋਚ ਰਹੀ ਹਾਂ ਉਹ ਜੋ ਤੁਸੀਂ ਮੈਨੂੰ ਕੀਤਾ ਉਹ ਪਿਆਰ ਸੀ, ਦੀਵਾਨਗੀ ਸੀ ਜਾਂ ਮਹਿਜ ਇਕ ਸ਼ਰਤ ਜੋ ਤੁਸੀਂ ਆਪਣੇ ਦੋਸਤ ਨਾਲ ਲਗਾਈ ਸੀ?"
ਨਿਰਭੈ ਪਛਤਾਵੇ ਭਰਿਆ ਤਹਿਜ਼ੀਬ ਨਾਲ ਨਜ਼ਰ ਵੀ ਨਹੀਂ ਮਿਲਾ ਪਾ ਰਿਹਾ ਸੀ ।ਭਲੇ ਹੀ ਉਹ ਤਹਿਜ਼ੀਬ ਨੂੰ ਦਿਲੀ ਪਿਆਰ ਕਰਦਾ ਸੀ ਪਰ ਉਸਦੀ ਦੀ ਸ਼ਰਤ ਵਾਲੀ ਗਰਦ ਨੇ ਤਹਿਜ਼ੀਬ ਦੇ ਦਿਲ ਦੇ ਆਸਮਾਨ ਤੇ ਥੋੜ੍ਹਾ ਜਿਹਾ ਹਨੇਰਾ ਕਰ ਦਿੱਤਾ ਸੀ ਤੇ ਉਸ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ ਕਿ ਕੁੜੀਆਂ ਜੋ ਕਰਦੀਆਂ ਸਹੀ ਕਰਦੀਆਂ?ਸੰਪਰਕ: +91 98723 48277