ਸਵੇਰੇ-ਸਵੇਰੇ ਚੜ੍ਹਦੇ ਸੂਰਜ ਦੀਆਂ ਨਿੱਘੀਆਂ-ਨਿੱਘੀਆਂ ਕਿਰਨਾਂ ਦੇ ਆਉਂਦਿਆਂ ਹੀ ਪਸ਼ੂ-ਪੰਛੀ ਆਲ੍ਹਣਿਆਂ ਵਿੱਚੋਂ ਬਾਹਰ ਨਿਕਲਦੇ ਹਨ। ਆਪਣੇ ਅਤੇ ਆਪਣੇ ਮਾਸੂਮ ਬੱਚਿਆਂ ਦਾ ਪੇਟ ਭਰਨ ਦਾ ਜੁਗਾੜ ਕਰਨ ’ਚ ਜੁਟ ਜਾਂਦੇ ਹਨ। ਸਾਰਾ ਦਿਨ ਦਾਣਾ-ਚੋਗਾ ਇਕੱਠਾ ਕਰਨ ਲਈ ਭਾਵੇਂ ਉਹ ਕਿੰਨੇ ਵੀ ਦੂਰ ਕਿਉਂ ਨਾ ਚਲੇ ਜਾਣ ਦਿਨ ਛਿਪਦਿਆਂ ਹੀ ਉਹ ਆਪਣੇ ਆਲ੍ਹਣਿਆਂ ਵੱਲ ਡਾਰਾਂ ਬੰਨ੍ਹ ਕੇ ਜ਼ਰੂਰ ਪਰਤ ਆਉਦੇ ਹਨ। ਕਿਉਂਕਿ ਆਪਣੇ ਰੈਣ-ਬਸੇਰੇ ਨਾਲ ਮਨੁੱਖ ਹੀ ਨਹੀਂ ਪਸ਼ੂ-ਪੰਛੀਆਂ ਦਾ ਵੀ ਪਿਆਰ ਹੀ ਐਨਾ ਹੁੰਦਾ ਹੈ ਕਿ ਉਸ ਤੋਂ ਬਿਨਾਂ ਜਿਉਂਦਾ ਰਹਿਣਾ ਬੜੀ ਔਖੀ ਗੱਲ ਹੈ।
ਅੱਜ ਇਨਸਾਨ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਹਰ ਰੋਜ਼ ਤੜਕੇ-ਤੜਕੇ ਕੰਮ-ਧੰਦੇ ਲਈ ਨਿੱਲਦਾ ਹੈ ਅਤੇ ਆਥਣ ਹੁੰਦਿਆਂ ਹੀ ਆਪਣੇ ਘਰ ਨੂੰ ਵਾਪਸ ਮੁੜ ਪੈਂਦਾ ਹੈ। ਦਿਨ ਭਰ ਦੇ ਕੰਮਾਂ-ਧੰਦਿਆਂ ਕਾਰਨ ਥੱਕਿਆ-ਹਾਰਿਆ ਹਰ ਇਨਸਾਨ ਆਪਣੇ ਰੁਝੇਵੇਂ ਮੁਕਾ ਕੇ ਆਪਣੇ ਘਰ ਪਹੁੰਚ ਕੇ ਸਕੂਨ ਮਹਿਸੂਸ ਕਰਦਾ ਹੈ। ਆਪਣੇ ਘਰ ਦਾ ਪਿਆਰ ਹਰ ਕਿਸੇ ਨੂੰ ਇੰਨਾ ਚੰਗਾ ਲੱਗਦਾ ਹੈ ਕਿ ਉਸ ਨੂੰ ਹੋਰ ਕੋਈ ਰੰਗ ਚੰਗੇ ਨਹੀਂ ਲੱਗਦੇ।