ਪੈਰਾਂ ਹੇਠ ਲਿਖੇ ਸਿਰਨਾਵੇਂ -ਰਣਦੀਪ ਸੰਗਤਪੁਰਾ
Posted on:- 27-03-2016
ਮਨੁੱਖੀ ਜੀਵਨ ਕਦੇ ਵੀ ਸਾਵਾਂ-ਪੱਧਰਾਂ ਨਹੀਂ ਹੁੰਦਾ । ਜ਼ਿੰਦਗੀ ‘ਚ ਉਤਰਾਅ-ਚੜਾਅ ਆਉਂਦੇ ਹੀ ਰਹਿੰਦੇ ਹਨ। ਪਰ ਸਾਨੂੰ ਕਿਸੇ ਵੀ ਸਥਿਤੀ ‘ਚ ਘਬਰਾਉਣਾ ਨਹੀਂ ਚਾਹੀਦਾ, ਸਗੋਂ ਸਿਆਣਪ ਕਰਨਾ ਚਾਹੀਦਾ ਹੈ । ਜ਼ਿੰਦਗੀ ਪ੍ਰਤੀ ਸਾਨੂੰ ਆਸ਼ਾਵਾਦੀ ਰਹਿਣਾ ਚਾਹੀਦਾ ਹੈ । ਕੋਈ ਵੀ ਮੰਜ਼ਿਲ ਪਹਿਲੇ ਕਦਮ ‘ਤੇ ਹੀ ਸਰ ਨਹੀਂ ਹੁੰਦੀ, ਸੁਪਨਿਆਂ ਨੂੰ ਸਾਕਾਰ ਕਰਨ ਲਈ ਮੁਸੀਬਤਾਂ ਦਾ ਸਾਹਮਣਾ ਕਰਨਾ ਹੀ ਪੈਂਦਾ ਹੈ । ਹਿੰਮਤੀ ਲੋਕ ਔਕੜਾਂ ਤੋਂ ਬੇਖੋਫ ਹੋ ਕੇ ਮਸਤਕੀਂ ਦੀਵੇ ਬਾਲ ਕੇ ਆਪਣੀ ਜ਼ਿੰਦਗੀ ਦੇ ਟੀਚੇ ਹਾਸਿਲ ਕਰ ਲੈਂਦੇ ਹਨ ।
ਸਾਡੇ ‘ਚੋਂ ਬਹੁ਼ਤਿਆਂ ਨੇ ਰਾਜਾ ਬਰੂਸ ਤੇ ਮੱਕੜੀ ਦੀ ਕਹਾਣੀ ਸੁਣੀ ਹੀ ਹੋਵੇਗੀ । ਇਹ ਕਹਾਣੀ ਹਿੰਮਤ ਤੇ ਜ਼ਿੰਦਾਦਿਲੀ ਦੀ ਚਰਚਿੱਤ ਉਦਾਹਰਣ ਹੈ । ਸਾਨੂੰ ਪਤਾ ਲੱਗਦਾ ਹੈ ਕਿ ਕਿਵੇ ਹਾਰਾਂ ਤੋਂ ਅੱਕਿਆ ਰਾਜਾ ਬਰੂਸ ਉਸ ਮੱਕੜੀ ਤੋਂ ਪ੍ਰੇਰਨਾ ਲੈਂਦਾ ਹੈ, ਜੋ ਆਪਣਾ ਜਾਲ ਬੁਣਨ ਲਈ ਅਣਗਿਣਤ ਕੋਸ਼ਿਸ਼ਾਂ ਕਰਦੀ ਹੋਈ , ਅੰਤ ‘ਚ ਸਫਲਤਾ ਪਾ ਲੈਂਦੀ ਹੈ । ਮਨੁੱਖ ਡਿੱਗ-ਡਿੱਗ ਕੇ ਸਵਾਰ ਹੋਣਾ ਸਿੱਖਦਾ ਹੈ ।
ਅਸਫਲਤਾਵਾਂ ਤੋਂ ਸਾਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ, ਸਗੋ ਅਸਫਲਤਾਵਾਂ ਤੋਂ ਪ੍ਰਾਪਤ ਤਜ਼ਰਬੇ ਤਾਂ ਸਾਨੂੰ ਮੰਜ਼ਿਲ ਦੀ ਪ੍ਰਾਪਤੀ ਲਈ ਨਿਸ਼ਚਾ ਪ੍ਰਦਾਨ ਕਰਦੇ ਹਨ । ਹਿੰਮਤ ਸਦਕਾ ਹੀ ਅਸੀ ਉਨ੍ਹਾਂ ਦਿਸਹੱਦਿਆਂ ਤੱਕ ਪਹੁੰਚ ਸਕਦੇ ਹਾਂ , ਜਿਨ੍ਹਾਂ ਬਾਰੇ ਅਸੀਂ ਕਿਸੇ ਪਲ ਸੋਚਦਿਆਂ ਹੀ ਢੇਰੀਆਂ ਢਾਹ ਲੈਂਦੇ ਹਾਂ । ਪਹੁ-ਫੁਟਾਲੇ ਤੱਕ ਪਹੁੰਚਣ ਲਈ ਹਨੇਰ ਭਰੀ ਰਾਤ ਦਾ ਸਫਰ ਕਰਨਾ ਹੀ ਪੈਂਦਾ ਹੈ । ਕੋਲੰਬਸ ਨੂੰ ਵੀ ਅਮਰੀਕਾ ਦੀ ਧਰਤੀ ਵੇਖਣੀ ਐਵੇਂ ਹੀ ਨਸੀਬ ਨਹੀਂ ਸੀ ਹੋਈ, ਸਾਥ ਛੱਡ ਰਹੇ ਸਾਥੀਆ ‘ਚ ਉਸਦੀ ਇੱਕਲੇ ਦੀ ਹੀ ਹਿੰਮਤ ਸੀ ਕਿ ਮੰਜ਼ਿਲ ਪ੍ਰਾਪਤ ਕਰ ਗਿਆ । ਵਿਸ਼ਵ ਇਤਿਹਾਸ ‘ਚ ਅਨੇਕਾਂ ਹੀ ਹੋਰ ਅਜਿਹੀਆਂ ਉਦਾਹਰਣਾਂ ਹਨ, ਜਿਨ੍ਹਾਂ ਦੁਆਰਾ ਸਾਨੂੰ ਉਨ੍ਹਾਂ ਇਨਸਾਨਾਂ ਦੀ ਹਿੰਮਤੀ ਜ਼ਿੰਦਗੀ ਬਾਰੇ ਪਤਾ ਲੱਗਦਾ ਹੈ, ਜੋ ਸੰਘਰਸ਼ਾਂ ਦੇ ਰਾਹ ਪਏ, ਅਨੇਕਾਕਸ਼ਟ ਝੱਲੇ, ਪਰ ਆਪਣਾ ਰਾਹ ਨਹੀਂ ਛੱਡਿਆ । ਇਨ੍ਹਾਂ ‘ਚ ਬਹੁਤੇ ਇਨਸਾਨ ਅਜਿਹੇ ਵੀ ਹਨ, ਜਿਨ੍ਹਾਂ ਨੂੰ ਜਿਉਂਦੇ ਜੀਅ ਦੁਨੀਆਂ ਵੱਲੋਂ ਠੁਕਰਾਇਆ ਗਿਆ, ਪਰ ਆਪਣੇ ਜਾਇਜ਼ ਸੰਘਰਸ਼ ‘ਚ ਇਨ੍ਹਾਂ ਵਿਅਕਤੀਆਂ ਨੇ ਕਦੇ ਵੀ ਹਾਰ ਨਾ ਮੰਨੀ । ਅੱਜ ਇਨ੍ਹਾਂ ਵਿਅਕਤੀਆਂ ਦੀ ਮਾਨਵਤਾ ਦੇਣ ਲਈ ਹਰ ਕੋਈ ਸਲਾਮ ਕਰਦਾ ਹੈ । ਸੁਕਰਾਤ, ਕਾਪਰਨਿਕਸ, ਗਲੈਲਿਊ, ਬਰੂਨੋ ਅਤੇ ਡਾਰਵਿਨ ਵਰਗੇ ਮਹਾਨ ਵਿਅਕਤੀ ਇਸ ਕਤਾਰ ‘ਚ ਸਭ ਤੋਂ ਮੂਹਰੇ ਆਉਂਦੇ ਹਨ ।ਸੋ, ਆਓ ਜ਼ਿੰਦਗੀ ਜਿਊਣ ਦੀ ਜਾਂਚ ਸਿੱਖੀਏ, ਐਵੇਂ ਦਿਨ-ਕਟੀ ਨਾ ਕਰੀਏ । ਜ਼ਿੰਦਗੀ ਦੇ ਮਕਸਦਾਂ ਵੱਲ ਵਧੀਏ, ਜੋ ਵੀ ਸਾਨੂੰ ਰਸਤੇ ਤੋਂ ਥਿੜਕਾਉਂਦਾ ਹੈ, ਠੋਕਰ ਮਾਰ ਕੇ ਉਸ ਅੜਚਨ ਨੂੰ ਪੁਲ ਵਜੋਂ ਵਰਤ ਲਈਏ । ਪ੍ਰਸਿੱਧ ਗੀਤਕਾਰ ਇੰਦਰਜੀਤ ਹਸਨਪੁਰੀ ਦੀ ਕਲਮ ਤੋਂ ਉੱਕਰੀਆਂ ਇਹ ਸਤਰਾਂ ਵੀ ਸਾਨੂੰ ਹਿੰਮਤੀ ਬਣਨ ਲਈ ਪ੍ਰੇਰਦੀਆਂ ਹਨ :-
“ਹਿੰਮਤ ਕਰ ਜੇ ਰਸਤੇ ਵਿੱਚ ਕਠਿਨਾਈਆਂ ਨੇ,
ਹੰਝੂਆਂ ਨੇ ਤਕਦੀਰਾਂ ਕਦ ਪਲਟਾਈਆਂ ਨੇ,
ਜਿਹਨਾਂ ਨੇ ਠੋਕਰ ਨੂੰ ਠੋਕਰ ਮਾਰੀ ਹੈ,
ਉਹਨਾਂ ਨੂੰ ਹੀ ਰਾਸ ਠੋਕਰਾਂ ਆਈਆਂ ਨੇ ।”
ਸੰਪਰਕ: +91 98556 95905