ਮਾਓ ਨੇੜਿਓਂ ਦੇਖਣ ਵਾਲਿਆਂ ਦੀਆਂ ਨਜ਼ਰਾਂ ’ਚ - ਮੱਖਣ ਕਾਲਸਾਂ
Posted on:- 09-09-2015
ਨੋਟ :- ਅੱਜ ਤੋਂ 39 ਵਰੇ ਪਹਿਲਾਂ 9 ਸਤੰਬਰ 1976 ਨੂੰ ਕਾ. ਮਾਓ ਦੀ ਮੌਤ ਹੋਈ ਸੀ। ਚੀਨ ਉਸ ਸਮੇਂ ਕਾ. ਮਾਓ ਦੀ ਅਗਵਾਈ ਹੇਠ ਇੱਕ ਸਮਾਜਵਾਦੀ ਮੁਲਕ ਸੀ। ਮਾਓ ਦੀ ਮੌਤ ਤੋਂ ਫੌਰੀ ਬਾਅਦ ਚੀਨ ਦੀ ਕਮਿਊਨਿਸਟ ਪਾਰਟੀ ਅੰਦਰ ‘‘ਸਰਮਾਏਦਾਰਾ ਰਾਹ” ਨੂੰ ਪ੍ਰਣਾਈਆਂ ਤਾਕਤਾਂ ਵੱਲੋਂ ਚੀਨ ਦੇ ਸਮਾਜਵਾਦੀ ਇਨਕਲਾਬ ਨੂੰ ਪੁੱਠਾ ਗੇੜਾ ਦੇਕੇ ਸਤ੍ਹਾ ਹਥਿਆ ਲਈ ਗਈ। ਚੀਨ ਸਮਾਜਵਾਦੀ ਦੇਸ਼ ਤੋਂ ਬਦਲ ਕੇ ਇੱਕ ਸਰਮਾਏਦਾਰਾਨਾ ਰਾਜ ਬਣ ਗਿਆ ਸੀ। ਇਹ ਰਾਜ ਪਲਟਾ ਕਰਨ ਸਮੇਂ ਚੀਨ ਦੇ ਲੁਟੇਰੇ ਤੇ ਜਾਬਰ ਹਾਕਮਾਂ ਨੇ ਹਜ਼ਾਰਾਂ ਦੀ ਗਿਣਤੀ ’ਚ ਲੋਕਾਂ ਨੂੰ ਮਾਰਿਆ ਤੇ ਗਿ੍ਰਫ਼ਤਾਰ ਕੀਤਾ। ਪਰ ਚੀਨ ਦੀ ਸਰਕਾਰ ਉਸ ਸਮੇਂ ਤੋਂ ਹੀ ਆਪਦੇ ਆਪ ਨੂੰ ਮਾਓ ਦਾ ਵਾਰਸ ਦਰਸਾ ਕੇ ਸਮਾਜਵਾਦੀ ਤੇ ਕਮਿਊਨਿਸਟ ਹੋਣ ਦਾ ਖੇਖਣ ਕਰਦੀ ਆ ਰਹੀ ਹੈ।
ਹਕੀਕਤ ’ਚ ਚੀਨ ਉਸ ਸਮੇਂ ਤੋਂ ਹੀ ਸਰਮਾਏਦਾਰਾਨਾ ਰਾਜ ਹੈ, ਜਿਸ ਨੇ ਮਾਓ ਵੱਲੋਂ ਮਾਰਕਸਵਾਦ-ਲੈਨਿਨਵਾਦ ’ਚ ਕੀਤੇ ਸਿਫਤੀ ਵਾਧੇ ਦੇ ਅਸੂਲਾਂ ਨੂੰ ਪਰ੍ਹਾਂ ਵਗਾਹ ਮਾਰਿਆ ਹੈ। ਚੀਨ ਦੇ ਹਾਕਮਾਂ ਨੇ ਮਾਓ ਦੀ ਕੌਮਾਂਤਰੀ ਕਮਿਊਨਿਸਟ ਲਹਿਰ ਦੇ ਮਹਾਨ ਉਸਤਾਦ ਹੋਣ ਦੀ ਹੈਸੀਅਤ ਨੂੰ ਪੁੱਠਾ ਗੇੜਾ ਦੇਕੇ ਉਸ ਨੂੰ ਚੀਨੀ ਸਰਮਾਏਦਾਰਾਨਾ ਰਾਜ ਦਾ ਕੌਮੀ ਹੀਰੋ ਬਣਾ ਦਿੱਤਾ ਹੈ। ਪਰ ਭਾਰਤ ਸਮੇਤ ਸੰਸਾਰ ਭਰ ਦੀਆ ਸਾਰੀਆਂ ਇਨਕਲਾਬੀ ਤਾਕਤਾਂ ਉਸ ਸਮੇਂ ਤੋਂ ਹੀ ਕਾ.ਮਾਓ ਦੀ ਸੱਚੀ ਕਹਾਣੀ ਤੋਂ ਜਾਣੀ-ਜਾਣ ਹਨ।
ਪਰ ਫਿਰ ਵੀ ਪਿਛਲੇ ਚਾਰ ਦਹਾਕਿਆ ਤੋਂ ਪਿਛਾਖੜੀ ਤਾਕਤਾਂ ਵੱਲੋਂ ਆਪਣੇ ਪ੍ਰਚਾਰ ਪ੍ਰਸਾਰ ਦੇ ਸਾਰੇ ਸਾਧਨਾਂ ’ਚ ਉੱਭਰ ਰਹੀ ਨਵੀਂ ਪੀੜੀ ’ਚ ਕਾ. ਮਾਓ ਬਾਰੇ ਬਹੁਤ ਜ਼ਹਿਰੀਲਾ ਪ੍ਰਚਾਰ ਕੀਤਾ ਜਾਂਦਾ ਰਿਹਾ ਹੈ ਕਿ ਉਹ “ਤਾਕਤ ਦਾ ਭੁੱਖਾ ਤਾਨਾਸ਼ਾਹ” ਤੇ “ਬੇਤਰਸ” ਹਾਕਮ ਸੀ, ਜਿਸ ਨੇ ਲੋਕਾਂ ’ਤੇ ਬਹੁਤ ਜੁਲਮ ਢਾਹੇ। ਇਸ ਕਰਕੇ ਮੌਜੁਦਾ ਹਾਲਤ ’ਚ ਮਾਓ ਦੀ ਸੱਚੀ ਕਹਾਣੀ ਨੂੰ ਸਾਰੇ ਇਨਕਲਾਬੀ ਤੇ ਅਗਾਂਹਵਧੂ ਲੋਕਾਂ ’ਚ ਲਿਜਾਣ ਦੀ ਬਹੁਤ ਵੱਡੀ ਲੋੜ ਹੈ। ਮਾਓ ਦੀ ਇਸ ਸੱਚੀ ਕਹਾਣੀ ਦੇ ਇੱਕ ਮਹੱਤਵਪੂਰਨ ਪੱਖ ਵਜੋਂ ਉਸ ਦੀ 39 ਵੀਂ ਬਰਸੀ ਮੌਕੇ ਉਸ ਦੀ ਸਖਸ਼ੀਅਤ ਨਾਲ ਜੁੜਦੇ ਅਹਿਮ ਪੱਖਾਂ ਨੂੰ ਦੇ ਰਹੇ ਹਾਂ ਜੋ ਖਰੀਆਂ ਇਨਕਲਾਬੀ ਤਾਕਤਾਂ ਲਈ ਸਿੱਖਿਆ ਦਾ ਇੱਕ ਮਹੱਤਵਪੂਰਨ ਸ੍ਰੋਤ ਹਨ।
ਕਾ. ਮਾਓ ਦਾ ਨਾਂ ਸੰਸਾਰ ’ਚ ਕਿਸੇ ਜਾਣਕਾਰੀ ਦਾ ਮੁਥਾਜ ਨਹੀਂ ਹੈ। ਕਿਉਂਕਿ ਕਾ. ਮਾਓ ਨੇ ਆਵਦੀ ਇਨਕਲਾਬੀ ਜਿੰਦਗੀ ਦੇ ਵਰ੍ਹਿਆਂ ਦੌਰਾਨ ਪਹਿਲਾਂ ਚੀਨ ਦੇ ਨਵ ਜਮਹੂਰੀ ਇਨਕਲਾਬੀ ਦੀ ਤੇ ਫਿਰ ਉਸ ਤੋਂ ਬਾਅਦ 1966 ਤੋਂ 1976 ਦੇ ਅਰਸੇ ਦੌਰਾਨ ਹੁਣ ਤੱਕ ਦੇ ਪ੍ਰੋਲੇਤਾਰੀ ਇਨਕਲਾਬਾਂ ਦੀ ਚੋਟੀ ਮੰਜਿਲ ਚੀਨ ਦੇ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਦੀ ਅਗਵਾਈ ਕਰਦੇ ਹੋਏ ਪ੍ਰੋਲੇਤਾਰੀਏ ਦੀ ਅਗਵਾਈ ਹੇਠ ਲੁੱਟ ਰਹਿਤ ਤੇ ਜਮਾਤ ਰਹਿਤ ਸਮਾਜ ਸਿਰਜਣ ਦੀ ਰਾਹਨੁਮਾ ਵਿਚਾਰਧਾਰਾ ਨੂੰ ਮਹਾਨ ਦੇਣਾਂ ਦਿੰਦੇ ਹੋਏ ਮਾਰਕਸਵਾਦ-ਲੈਨਿਨਵਾਦ ਨੂੰ ਮਾਰਕਸਵਾਦ-ਲੈਨਿਨਵਾਦ-ਮਾਓਵਾਦ ’ਚ ਵਿਕਸਤ ਕੀਤਾ ਤੇ ਅੱਜ ਇਹ ਵਿਚਾਰਧਾਰਾ ਖਰੇ ਇਨਕਲਾਬੀਆ ਦੇ ਹੱਥਾਂ ’ਚ ਇੱਕ ਅਜਿਹਾ ਅਜਿੱਤ ਹਥਿਆਰ ਬਣੀ ਹੋਈ ਹੈ, ਜਿਸ ਰਾਹੀਂ ਇਸ ਧਰਤੀ ਤੋਂ ਲੁਟੇਰੇ ਸਾਮਰਾਜੀਆਂ ਤੇ ਉਨ੍ਹਾਂ ਦੇ ਪਾਲਤੂ ਕੁੱਤਿਆਂ ਦੇ ਵਹਿਸ਼ੀ ਸੰਸਾਰ ਸਰਮਾਏਦਾਰਾਨਾ ਸਾਮਰਾਜੀ ਪ੍ਰਬੰਧ ਦਾ ਫਸਤਾ ਵੱਢ ਕੇ ਧਰਤੀ ਤੇ ਲੁੱਟ ਰਹਿਤ ਤੇ ਜਮਾਤ ਰਹਿਤ ਸਮਾਜ ਸਿਰਜਿਆ ਜਾ ਸਕਦਾ ਹੈ। ਅੱਜ ਸਾਰੇ ਖਰੇ ਇਨਕਲਾਬੀਆ ਨੂੰ ਕਾ. ਮਾਓ ਦੀ 39ਵੀ ਬਰਸੀ ’ਤੇ ਅਜਿਹੇ ਸਮਾਜ ਦੀ ਪ੍ਰਾਪਤੀ ਲਈ ਹਰ ਮੋਰਚੇ ’ਤੇ ਇਨਕਲਾਬੀ ਜੱਦੋ ਜੋਹਿਦ ਨੂੰ ਅੱਗੇ ਹੀ ਅੱਗੇ ਧੁਰ ਕਮਿਊਨਿਜਮ ਦੀ ਮੰਜਿਲ ਤੱਕ ਵਧਾਉਦੇ ਜਾਣ ਦਾ ਤਹੱਈਆ ਕਰਨਾ ਚਾਹੀਦਾ ਹੈ।------------------------------------------------------------------------------------------
1936 ਦੀਆਂ ਗਰਮੀਆ ’ਚ ਪਹਿਲਾ ਪੱਛਮੀ ਬੰਦਾ ਐਡਗਰ ਸਨੋਅ ਘਰੋਗੀ ਜੰਗ ਦੀ ਨਾਕਾਬੰਦੀ ਚੋਂ ਲੰਘਕੇ ਕਮਿਊਨਿਸਟਾਂ ਦੇ ਆਧਾਰ ਖੇਤਰ ’ਚ ਪਾਓ ਅੱਨ ਦੇ ਸਥਾਨ ’ਤੇ ਮਾਓ ਨੂੰ ਮਿਲਿਆ (ਉਸ ਸਮੇਂ ਮਾਓ 43 ਵਰਿਆ ਦਾ ਸੀ)। ਸਨੋਅ ਨੇ ਲਿਖਿਆ “-----ਤੋਂ ਜਲਦੀ ਬਾਅਦ ਮੈਂ ਮਾਓ ਨੂੰ ਮਿਲਿਆ, ਲੰਮ-ਸਲੰਮਾ, ਆਮ ਚੀਨੀਆਂ ਨਾਲੋਂ ਲੰਮਾ, ਕੁੱਝ ਝੁਕਿਆ ਜਿਹਾ, ਸੰਘਣੇ, ਕਾਲੇ ਅਤੇ ਲੰਮੇ ਵਾਲਾਂ ਵਾਲਾ ਸਿਰ, ਉੱਭਰਿਆ ਨੱਕ ਤੇ ਚੌੜਾ ਚਿਹਰਾ ਅਗਲੀ ਵਾਰ ਮੈਂ ਮਾਓ ਨੂੰ ਹੈਟ ਵਗੈਰ ਤਿ੍ਰਕਾਲਾਂ ਦੇ ਸਮੇਂ ਕਿਸਾਨਾਂ ਨਾਲ ਤੁਰੇ ਜਾਂਦੇ ਬੜੇ ਉਤਸ਼ਾਹ ਨਾਲ ਗੱਲਾਂ ਕਰਦੇ ਤੱਕਿਆ। ਹਾਲਾਂਕਿ ਨਾਨਕਿੰਗ ਸਰਕਾਰ ਨੇ ਉਸ ਦੇ ਸਿਰ ਦੀ 2,50,000 ਡਾਲਰ ਕੀਮਤ ਰੱਖੀ ਸੀ, ਪਰ ਉਹ ਬੜੀ ਬੇਪ੍ਰਵਾਹੀ ਨਾਲ ਹੋਰ ਸੈਰ ਕਰਨ ਵਾਲਿਆਂ ਨਾਲ ਘੁੰਮ ਰਿਹਾ ਸੀ ਅਤੇ ਦੱਸੇ ਜਾਣ ਉੱਤੇ ਹੀ ਮੈਂ ਉਸ ਨੂੰ ਪਛਾਣ ਸਕਿਆ ਮਾਓ ਅੰਦਰ ਹੋਣੀਆਂ ਦਾ ਬਲ ਦਿਸਦਾ ਸੀ”।ਮਾਓ ਮੈਨੂੰ ਬਹੁਤ ਜਟਿਲ ਅਤੇ ਦਿਲਚਸਪ ਮਨੁੱਖ ਲੱਗਾ। ਚੀਨੀ ਕਿਸਾਨਾਂ ਵਰਗੀ ਸਾਦਗੀ ਤੇ ਸੁਭਾਵਕਤਾ, ਖੁਸ਼-ਮਿਜਾਜ ਤੇ ਪੇਂਡੂਆਂ ਵਾਂਗ ਠਹਾਕਾ ਮਾਰ ਕੇ ਹੱਸਣ ਦਾ ਸ਼ੌਕੀਨ। ਉਹ ਖ਼ੁਦ ਤੇ ਵੀ ਹੱਸ ਸਕਦਾ ਸੀ ਤੇ ਲਾਲ ਇਲਾਕਿਆਂ ਦੇ ਨੁਕਸਾਂ ਤੇ ਵੀ ਬੱਚਿਆਾਂ ਵਾਲਾ ਹਾਸਾ ਜੋ ਉਸ ਦੇ ਮਕਸਦ ਉੱਤੇ ਧੁਰ ਅੰਦਰਲੇ ਵਿਸ਼ਵਾਸ਼ ਨੂੰ ਨਹੀਂ ਸੀ ਹਿਲਾਉਂਦਾ। ਉਹ ਰਹਿਣੀ ’ਚ ਸਾਦਾ ਅਤੇ ਬੋਲਚਾਲ ’ਚ ਸਪਸ਼ਟ ਸੀ। ਮਾਓ ਆਪਣੀ ਪਤਨੀ ਨਾਲ ਦੇ ਕਮਰਿਆਂ, ਜਿਨ੍ਹਾਂ ਦੀਆਂ ਲੇਪ ਲੱਥੀਆਂ ਕੰਧਾਂ ਸਨ ਜੋ ਨਕਸ਼ਿਆਂ ਨਾਲ ਢੱਕੀਆ ਹੋਈਆਂ ਸਨ। ਮੱਛਰਦਾਨੀ ਹੀ ਮਾਓ ਦੀ(ਚਾਓ ਐਨ-ਲਾਈ ਵਾਂਗ) ਵੱਡੀ ਅੱਯਾਸ਼ੀ ਸੀ।“ਮਾਓ ਹਰੇਕ ਕਿਸਮ ਦੇ ਅਹੰਕਾਰ ਤੋਂ ਮੁਕਤ ਲੱਗਦਾ ਸੀ, ਪਰ ਉਸ ਅੰਦਰ ਸਵੈਮਾਣ ਦਾ ਡੂੰਘਾ ਅਹਿਸਾਸ ਸੀ ਅਤੇ ਉਸ ’ਤੋਂ ਸਾਫ ਝਲਕਦਾ ਸੀ ਕਿ ਲੋੜ ਪੈਣ ’ਤੇ ਉਹ ਬੇਕਿਰਕ ਫੈਸਲੇ ਵੀ ਲੈ ਸਕਦਾ ਸੀ। ਸੱਠਵਿਆਂ ’ਚ ਮਹਾਨ ਬਹਿਸ ਦੌਰਾਨ ਸਮਕਾਲੀ ਸਿਆਸਤ ਦੇ ਵਿਦਿਆਰਥੀਆਂ ਨੇ ਇਹ ਨਿੱਜੀ ਤਜਰਬੇ ’ਚ ਦੇਖਿਆ ਕਿ ਕਿਵੇਂ ਮਾਓ ਨੇ ਖਰੁਸ਼ਚੇਵ ਤੇ ਉਸ ਦੇ ਜੋਟੀਦਾਰਾਂ ਨੂੰ “ਚੂਹੀਆਂ ਵਰਗੇ ਕਾਇਰਾਂ” ਦਾ ਠੱਪਾ ਲਾਇਆ ਅਤੇ ਉਨ੍ਹਾਂ ਨੂੰ ਸਿਆਸੀ ਘੋਲ ਲਈ ਵੰਗਾਰਿਆ।“ਜੇ ਤੁਹਾਡੇ ’ਚ ਭੋਰਾ ਭਰ ਮਰਦਾਊਪੁਣਾ ਹੈ ਤਾਂ ਸਾਡੇ ਲੇਖ ਛਾਪੋ, ਜਿਵੇਂ ਅਸੀਂ ਤੁਹਾਡੇ ਅਨਮੋਲ ਬਚਨ ਪੂਰੇ ਦੇ ਪੂਰੇ ਛਾਪੇ ਹਨ, ਤਾਂ ਕਿ ਤੁਹਾਡੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਅਸੀਂ ਕਿੰਨੇ ਕੁ ਗਲਤ ਹਾਂ।’ ਪਰ ਸੋਧਵਾਦੀਆ ਨੇ ਇਸ ਵੰਗਾਰ ਨੂੰ ਕਦੇ ਕਬੂਲ ਨਾਂ ਕੀਤਾ।”“ਮਾਓ ਇੱਕ ਸਰਲ-ਭੱਖੀ ਪਾਠਕ ਸੀ ਇੱਕ ਵਾਰ ਜਦ ਮੈਂ ਰਾਤ ਸਮੇਂ ਕਮਿਊਨਿਸਟ ਇਤਿਹਾਸ ਬਾਰੇ ਉਸ ਦੀ ਇੰਟਰਵਿਊ ਲੈ ਰਿਹਾ ਸੀ ਤਾਂ ਇੱਕ ਮੁਲਾਕਾਤੀ ਉਸ ਲਈ ਫਲਸਫੇ ਦੀਆਂ ਬਹੁਤ ਸਾਰੀਆਂ ਨਵੀਆਂ ਕਿਤਾਬਾਂ ਲਿਆਇਆ ਤਾਂ ਮਾਓ ਨੇ ਮੈਨੂੰ ਮੁਲਾਕਾਤ ਅੱਗੇ ਪਾਉਣ ਲਈ ਕਿਹਾ। ਤਿੰਨ ਚਾਰ ਰਾਤਾਂ ’ਚ ਬਹੁਤ ਤੀਬਰਤਾ ਨਾਲ ਉਸ ਨੇ ਇਹ ਸਾਰੀਆਂ ਕਿਤਾਬਾਂ ਪੜ੍ਹ ਮਾਰੀਆਂ। ਉਸ ਸਮੇਂ ਉਹ ਹੋਰ ਸਾਰਾ ਕੁੱਝ ਭੁੱਲ ਗਿਆ ਲਗਦਾ ਸੀ।”“ਮਾਓ ਦਿਨ ’ਚ 13-14 ਘੰਟੇ ਕੰਮ ਕਰਦਾ ਸੀ ਅਤੇ ਤਕਰੀਬਨ ਰਾਤ ਨੂੰ ਦੋ ਤਿੰਨ ਵਜੇ ਸੌਂਦਾ। ਉਸ ਦਾ ਜਿਸਮ ਫੌਲਾਦੀ ਲੱਗਦਾ ਸੀ।”“ਮਾਓ ’ਚ ਜਜ਼ਬੇ ਦੀ ਗਹਿਰਾਈ ਨੇ ਮੈਨੂੰ ਬਹੁਤ ਪ੍ਰਭਾਵਤ ਕੀਤਾ। ਮੈਨੂੰ ਯਾਦ ਹੈ ਇੱਕ ਦੋ ਵਾਰ ਜਦ ਉਹ ਕਾਮਰੇਡਾਂ ਬਾਰੇ ਬੋਲ ਰਿਹਾ ਸੀ ਜਾਂ ਆਪਣੇ ਬਚਪਨ ਦੀਆ ਉਹ ਘਟਨਾਵਾਂ ਯਾਦ ਆਉਣ ’ਤੇ ਜਦ ਹੁਨਾਨ ’ਚ ਕਾਲ ਸਮੇਂ ਮੰਗ ਰਹੇ ਭੁੱਖੇ ਕਿਸਾਨਾਂ ਨੂੰ ਉਸ ਦੀ ਮੌਜੂਦਗੀ ’ਚ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ-ਤਾਂ ਉਸ ਦੀਆਂ ਅੱਖਾਂ ਭਰ ਆਈਆ ਸਨ। ਇੱਕ ਫੌਜੀ ਨੇ ਮੈਨੂੰ ਦੱਸਿਆ ਕਿ ਉਸ ਨੇ ਮਾਓ ਨੂੰ ਮੋਰਚੇ ’ਤੇ ਆਪਣਾ ਕੋਟ ਇੱਕ ਜਖਮੀ ਨੂੰ ਦਿੰਦਿਆਂ ਵੇਖਿਆ। ਉਨ੍ਹਾਂ ਨੇ ਦੱਸਿਆ ਕਿ ਇਹ ਪਤਾ ਲੱਗਣ ’ਤੇ ਕਿ ਫੌਜੀਆਂ ਪਾਸ ਜੁੱਤੀਆਂ ਨਹੀਂ ਹਨ ਤਾਂ ਮਾਓ ਨੇ ਵੀ ਜੁੱਤੀ ਪਾਉਣ ਤੋਂ ਇਨਕਾਰ ਕਰ ਦਿੱਤਾ।”* ਚਾਰਲੀ ਚੈਪਲਿਨ ਲਿਖਦਾ ਹੈ: ‘ਚਾਓ ਐਨ ਲਾਈ-ਨੇ ਮਾਓ ਜੇ ਤੁੰਗ ਦੀ ਪੀਕਿੰਗ ’ਚ ਜੇਤੂ ਆਵੰਦ ਦੀ ਬਹੁਤ ਜਜਬਾਤੀ ਕਹਾਣੀ ਸਾਨੂੰ ਸੁਣਾਈ। ਲੱਖੂਖਾਂ ਚੀਨੀ ਉਸ ਦੇ ਸਵਾਗਤ ਲਈ ਮੌਜੂਦ ਸਨ। ਲੰਬੇ ਚੌੜੇ ਮੈਦਾਨ ਦੇ ਸਿਰੇ ਤੇ 15 ਫੁੱਟ ਉੱਚੀ ਸਟੇਜ ਬਣਾਈ ਗਈ ਸੀ ਅਤੇ ਮਗਰ ਦੀ ਚੜ੍ਹਦਿਆ ਜਿਉਂ ਹੀ ਉਸ ਦਾ ਸਿਰ ਨਜਰੀਂ ਪਿਆ ਤਾਂ ਲੱਖੂਖਾਂ ਲੋਕ ਉਸ ਦੇ ਸਵਾਗਤ ’ਚ ਬੋਲ ਉੱਠੇ ਅਤੇ ਜਿਉਂ ਜਿਉਂ ਉਹ ਹੋਰ ਨਜਰ ਆਉਂਦਾ ਗਿਆ, ਇਹ ਗੂੰਜ ਹੋਰ ਵਧਦੀ ਗਈ। ਮਾਓ ਜੇ ਤੁੰਗ, ਚੀਨ ਦੇ ਜੇਤੂ, ਨੇ ਇਹ ਜਨ-ਸਮੂਹ ਦਾ ਠਾਠਾਂ ਮਾਰਦਾ ਵਿਸ਼ਾਲ ਸਾਗਰ ਵੇਖਿਆ, ਪਲ ਦੀ ਪਲ ਖੜਾ ਰਿਹਾ ਅਤੇ ਫਿਰ ਅਚਾਨਕ ਆਪਣੇ ਚਿਹਰੇ ਨੂੰ ਹੱਥਾਂ ਨਾਲ ਢੱਕ ਲਿਆ ਅਤੇ ਰੋ ਪਿਆ।’(ਸਵੈ ਜੀਵਨੀ-ਚਾਰਲੀ ਚੈਪਲਿਨ)
ਜਿਵੇਂ ਮਾਓ ਨੇ ਆਪਣੇ ਆਪ ਨੂੰ ਕਿਹਾ ਹੋਵੇ; ਸਾਨੂੰ ਲੋਕਾਂ ਨਾਲ ਕਦੇ ਵੀ ਵਿਸ਼ਵਾਸ਼-ਘਾਤ ਨਹੀਂ ਕਰਨਾ ਚਾਹੀਦਾ। ਅਸੀਂ ਉਨ੍ਹਾਂ ’ਚ ਆਸਾਂ ਭਰੀਆਂ ਹਨ। ਉਨ੍ਹਾਂ ਸਾਡੇ ’ਚ ਤਕੜਾ ਵਿਸ਼ਵਾਸ਼ ਪਾਲਿਆ ਹੈ। ਉਸ ਵਿਸ਼ਵਾਸ਼ ਨਾਲ ਸਾਨੂੰ ਅਖੀਰੀ ਦਮ ਤੱਕ ਵਫਾ ਨਿਭਾਉਣੀ ਚਾਹੀਦੀ ਹੈ।* 1938 ’ਚ ਕਨੇਡਾ ਦਾ ਮਸ਼ਹੂਰ ਡਾਕਟਰ ਤੇ ਸਰਜਨ ਨਾਰਮਨ ਬੈਥੀਊਨ ਚੀਨ ਗਿਆ ਜਿੱਥੇ ਉਹ ਆਖਰੀ ਸਮੇਂ ਤਕ ਚੀਨੀ ਲੋਕਾਂ ਨਾਲ ਮੁਕਤੀ ਲਈ ਜੂਝਿਆ। ਮਾਓ ਨਾਲ ਉਸ ਦੀ ਮੁਲਾਕਾਤ ਯੇਨਾਨ ਦੀ ਇੱਕ ਹਨੇਰੀ ਗਲੀ ਵਿੱਚ ਸਾਧਾਰਨ ਘਰ ’ਚ ਹੋਈ। ਆਪਣੀ ਡਾਇਰੀ ’ਚ ਉਹ ਲਿਖਦਾ ਹੈ: ਜਿਉਂ ਹੀ ਮੈਂ ਖਾਲੀ ਕਮਰੇ ’ਚ ਮਾਓ ਦੇ ਸਾਹਮਣੇ ਬੈਠਾ ਉਸ ਦੇ ਤਹੱਮਲ ਭਰੇ-ਬੋਲ ਸੁਣ ਰਿਹਾ ਸੀ ਤਾਂ ਮੈਂ ਲੰਮੇ-ਕੂਚ ਦੇ ਜਮਾਨੇ ’ਚ ਪਹੁੰਚ ਗਿਆ ਜਦ ਮਾਓ ਅਤੇ ਛੂਹ-ਤੇਹ ਦੀ ਅਗਵਾਈ ਹੇਠ ਕਮਿਊਨਿਸਟਾਂ ਨੇ ਦੱਖਣ ਵੱਲੋਂ ਛੇ ਹਜਾਰ ਮੀਲ ਲੰਮਾ ਸਫਰ ਤਹਿ ਕੀਤਾ। ਮੈਨੂੰ ਹੁਣ ਸਮਝ ਆਉਂਦੀ ਹੈ ਕਿ ਮਾਓ ਹਰ ਮਿਲਣ ਵਾਲੇ ਨੂੰ ਇਸ ਤਰਾਂ ਕਿਉਂ ਪ੍ਰਭਾਵਤ ਕਰ ਲੈਂਦਾ ਹੈ। ਇਹ ਬੰਦਾ ਤਾਂ ਦਿਓ ਹੈ । ਉਹ ਸਾਡੀ ਦੁਨੀਆਂ ਦੇ ਮਹਾਨ ਮਨੁੱਖਾਂ ਵਿੱਚੋਂ ਇੱਕ ਹੈ।* ਉੱਚ ਪੱਧਰੇ ਚੀਨੀ ਆਗੂਆਂ ਦੀ ਰਿਹਾਇਸ਼ ਦੀ ਰਾਖੀ ਲਈ ਜਿੰਮੇਵਾਰ “ਮਹਿਲਰਾਖਿਆਂ” ਨੇ ਚੇਅਰਮੈਨ ਮਾਓ ਜੇ ਤੁੰਗ ਦੀ ਜਾਤੀ ਜ਼ਿੰਦਗੀ ਬਾਰੇ ਇੱਕ ਤਸਵੀਰ ਪੇਸ਼ ਕੀਤੀ।ਉਨ੍ਹਾਂ ਨੇ ਨੋਟ ਕੀਤਾ ਕਿ ਜਿਹੜੇ ਘਰ ਵਿੱਚ ਉਹ ਰਹਿੰਦਾ ਸੀ, ਉਹ ਪੁਰਾਣਾ ਸੀ, ਪਰ ਚੀਨੀ ਆਗੂ ਨੇ ਇਸ ਦੀ ਮੁਰੰਮਤ ਕਰਨ ਦੀਆਂ ਸਾਰੀਆਂ ਤਜਵੀਜਾਂ ਨੂੰ ਠੁਕਰਾ ਦਿੱਤਾ ਸੀ। ਉਸ ਦੀਆਂ ਕਮੀਜਾਂ, ਕੰਬਲ ਤੇ ਜੁੱਤੀਆਂ ਕਈ ਸਾਲਾਂ ਦੀ ਵਰਤੋਂ ਕਾਰਨ ਪਤਲੀਆਂ ਪੈ ਚੁੱਕੀਆਂ ਸਨ, ਪਰ ਉਸ ਨੇ ਉਨ੍ਹਾਂ ਨੂੰ ਬਦਲਣ ਤੋਂ ਇਨਕਾਰ ਕਰ ਰੱਖਿਆ ਸੀ।1958 ਵਿੱਚ ਮਾਓ ਦੀ ਅਸਫਲ “ਅਗਾਂਹ ਵੱਲ ਨੂੰ ਮਹਾਨ ਛਾਲ ਪਿੱਛੋਂ ਚੀਨ ਵਿੱਚ ਆਰਥਿਕ ਸੰਕਟ ਦੇ ਸਾਲਾਂ ਦੌਰਾਨ, ਉਸ ਨੇ ਖ਼ੁਦ ਮਾਸ ਖਾਣਾ ਤੇ ਚਾਹ ਪੀਣੀ ਬੰਦ ਕਰ ਦਿੱਤੀ।ਮਾਓ ਦਾ ਅਰਦਲੀ, ਚਾਈ ਚ-ਸਨ, ਦੱਸਦਾ ਹੈ ਕਿ ਕਿਵੇਂ ਮਾਓ ਨੇ 1938 ’ਚ ਆਪਣਾ ਮਸ਼ਹੂਰ ਲੇਖ ‘ਲਮਕਵੇਂ ਯੁੱਧ ਬਾਰੇ’ ਲਿਖਿਆ। ਪਹਿਲੇ ਦੋ ਦਿਨ ਮਾਓ ਬਿਲਕੁਲ ਨਾਂ ਸੁੱਤਾ, ਖਾਣਾ ਪੀਣਾ ਤੱਕ ਭੁੱਲ ਗਿਆ, ਘੜੀ-ਮੁੜੀ ਆਪਣੇ ਚਿਹਰੇ ਨੂੰ ਸਿੱਲੇ ਤੌਲੀਏ ਨਾਲ ਪੂੰਝਦਾ ਰਿਹਾ। ਪੰਜਵੇਂ ਦਿਨ ਉਹ ਲਿੱਸਾ ਲੱਗ ਰਿਹਾ ਸੀ ਅਤੇ ਉਸ ਦੀਆਂ ਅੱਖਾਂ ਲਾਲੀ ਨਾਲ ਭਖ ਰਹੀਆ ਸਨ, ਪਰ ਫਿਰ ਵੀ ਉਹ ਲਗਾਤਾਰ ਲਿਖਦਾ ਰਿਹਾ, ਸੱਤਵੇਂ ਦਿਨ ਉਹ ਇਤਨਾ ਮਗਨ ਹੋ ਗਿਆ ਕਿ ਉਸ ਨੂੰ ਪਤਾ ਹੀ ਨਾਂ ਲੱਗਾ ਕਦ ਉਸ ਦੇ ਕੱਪੜੇ ਦੇ ਬੂਟਾਂ ’ਚ ਕੋਲਿਆਂ ਦੀ ਅੱਗ ਸੁਰਾਖ ਕਰਕੇ ਉਸ ਦੀਆਂ ਤਲੀਆਂ ਨੂੰ ਛੂਹਣ ਲੱਗ ਪਈ। ਨੌਵੇਂ ਦਿਨ ਉਸ ਨੇ ਲੇਖ ਪੂਰਾ ਕੀਤਾ।(ਮਾਰਨਿੰਗ ਡੀ ਲੂਯਾ-ਹਾਨ ਸੂਈਨ)
ਇੱਕ ਵਿਦੇਸ਼ੀ ਪੱਤਰਕਾਰ ਲਿਖਦਾ ਹੈ:
ਪਹਿਲਾਂ ਪਹਿਲ ਨਿੱਘੇ ਤੇ ਮਾਨਵੀ ਮਾਓ ਨਾਲ ਮੇਰੀ ਜਾਣ-ਪਛਾਣ, ਇੱਕ ਫੌਜੀ ਦੇ ਮਾਓ ਪ੍ਰਤੀ ਪਿਆਰ ਰਾਹੀਂ ਹੋਈ, ਜਿਸ ਨਾਲ ਮੈਂ 1963 ਵਿੱਚ ਯੇਨਾਨ ਵਿਖੇ ਗੱਲਬਾਤ ਕੀਤੀ ਸੀ। ਉਸ ਨੇ ਦੱਸਿਆ ਕਿ ਜਾਪਾਨ-ਵਿਰੋਧੀ ਜੰਗ ਦੇ ਦਿਨਾਂ ਵਿੱਚ ਉਸ ਦਾ ਬਗੀਚਾ ਸੀ, ਜਿੱਥੇ ਉਹ ਲਾਲ ਫੌਜ ਦੇ ਕਿਸੇ ਹੋਰ ਸਿਪਾਹੀ ਵਾਂਗ ਹੀ ਆਪਣੇ ਲਈ ਖੁਰਾਕ ਪੈਦਾ ਕਰਦਾ ਸੀ। ਇਹ ਸਿਪਾਹੀ ਮਾਓ ਦੇ ਰੱਖਿਅਕ ਦਸਤੇ ਵਿੱਚ ਹੁੰਦਾ ਸੀ।ਉਸ ਨੇ ਕਿਹਾ, ‘ਮੈਂ ----ਉਹਾਨੂੰ--- ਦੱਸਦਾਂ’ ਹਾਂ ਬੜਾ ਕਠਿਨ ਸੀ। ਚੇਅਰਮੈਨ ਮਾਓ ਲੈਂਪ ਦੀ ਰੋਸ਼ਨੀ ਵਿੱਚ ਕੰਮ ਕਰਦਾ ਸੀ। ਜੇ ਚੰਨ-ਚਾਨਣੀ ਹੁੰਦੀ ਤਾਂ ਉਹ ਅਚਾਨਕ ਖੱਡ ਥੱਲੇ ਉੱਤਰਕੇ ਆਪਣੇ ਬਗੀਚੇ ਵਿੱਚ ਕੰਮ ਕਰਨ ਚਲਾ ਜਾਂਦਾ ਅਤੇ ਸਾਨੂੰ ਅੱਧੀ ਰਾਤ ਵੇਲੇ ਘਾਟੀ ਉੱਪਰਲੇ ਰੱਖਿਅਕ ਤੇ ਸੰਤਰੀਆਂ ਨੂੰ ਜਗਾਉਣਾ ਪੈਂਦਾ।’ਤਦੋਂ, ਬਜ਼ੁਰਗ ਫ਼ੌਜੀ ਦਾ ਝੁਰੜਾ ਹੋਇਆ ਚਿਹਰਾ ਨਰਮ ਹੋ ਗਿਆ, ਉਸ ਨੇ ਸਿਗਰਟ ਦਾ ਕਸ਼ ਖਿੱਚਿਆ ਅਤੇ ਹੌਲੇ ਜਿਹੇ ਮੇਰੇ ਮੋਢੇ ਨੂੰ ਛੂੰਹਦੇ ਹੋਏ ਕਿਹਾ, ‘ਚੇਅਰਮੈਨ ਮਾਓ ਕਈ ਸਾਲਾਂ ਤੋਂ ਸਾਨੂੰ ਮਿਲਣ ਨਹੀਂ ਆਇਆ। ਜਦੋਂ ਤੁਸੀਂ ਪੀਕਿੰਗ ਪਰਤੋ ਤਾਂ ਉਨ੍ਹਾਂ ਨੂੰ ਕਹਿਣਾ ਕਿ ਯੇਨਾਨ ਵਿੱਚ ਉਨ੍ਹਾਂ ਦੇ ਕਾਮਰੇਡ ਉਨ੍ਹਾਂ ਨੂੰ ਬਹੁਤ ਯਾਦ ਕਰਦੇ ਹਨ।ਕੀ ਬਜ਼ੁਰਗ ਦੀਆਂ ਅੱਖਾਂ ਵਿੱਚ ਹੰਝੂ ਸਨ ਬਿਨਾਂ ਸ਼ੱਕ, ਉਨ੍ਹਾਂ ਵਿੱਚ ਪਿਆਰ ਸੀ-ਅਜਿਹਾ ਪਿਆਰ, ਜਿਹੜਾ ਕਿਤੇ ਵੀ ਕੋਈ ਮਜਦੂਰ ਤੇ ਕਿਸਾਨ, ਕਿਸੇ ਬੁਰਜੂਆ ਲੀਡਰ ਨੂੰ ਨਹੀਂ ਦਿੰਦੇ।(ਧੰਨਵਾਦ ਸਹਿਤ ‘ਜੈਕਾਰਾ’)
Tarsem
Very good article