Thu, 21 November 2024
Your Visitor Number :-   7256007
SuhisaverSuhisaver Suhisaver

ਅੱਜ ਸਾਨੂੰ ਪ੍ਰੋ. ਅਜਮੇਰ ਔਲਖ ਦੇ ਸਮਕਾਲੀ ਹੋਣ ਤੇ ਮਾਣ ਹੈ - ਕੰਵਲਜੀਤ ਖੰਨਾ

Posted on:- 07-03-2015

ਭਾਈ ਲਾਲੋ ਸਨਮਾਨ ਮੌਕੇ

ਜਿਵੇਂ ਟਾਲਸਟਾਏ ਦੇ ਨਾਵਲ ਰੂਸੀ ਇਨਕਲਾਬ ਦਾ ਸ਼ੀਸ਼ਾ ਹਨ, ਬਿਲਕੁਲ ਉਵੇਂ ਹੀ ਪ੍ਰੋਫੈਸਰ ਅਜਮੇਰ ਸਿੰਘ ਔਲਖ ਦੇ ਨਾਟਕ ਪੰਜਾਬੀ ਸਮਾਜ ਦਾ ਸ਼ੀਸ਼ਾ ਹਨ। ਵੀਹਵੀਂ ਸਦੀਂ ਦੇ ਚੌਥੇ-ਪੰਜਵੇਂ ਦਹਾਕੇ ’ਚ ਜਗੀਰੂ ਸਰਦਾਰਾਂ ਹੱਥੋਂ ਲੁੱਟੇ-ਪੁੱਟੇ ਜਾਂਦੇ ਮੁਜ਼ਾਰਿਆਂ ਦੀ ਹੱਡੀਂ ਭੋਗੀ ਚੀਸ ਨੇ, ਬਚਪਨ ’ਚ ਭੋਗੀ ਗਰੀਬੀ ਤੇ ਥੁੜ ਨੇ, ਆਪਣੇ ਪਿੰਡੇ ਤੇ ਝੱਲੀ ਰਜਵਾੜੇ ਦੀ ਮਾਰ ਨੇ, ਪਿੱਠ ਤੇ ਪਏ ਠੁੱਡੇ ਦੀ ਪੀੜ ਨੇ ਚੜਦੀ ਜਵਾਨੀ ’ਚ ਹੀ ਔਲਖ ਨੂੰ ਬਾਗੀ ਬਣਾ ਦਿੱਤਾ ਸੀ। ਪਹਿਲਾਂ-ਪਹਿਲ ਕਵਿਤਾ, ਫਿਰ ਕਹਾਣੀ ਤੇ ਫਿਰ ਨਾਟਕ ਤੇ ਫਿਰ ਚੱਲ ਸੋ ਚੱਲ ! ਭਾਅ ਜੀ ਗੁਰਸ਼ਰਨ ਸਿੰਘ ਦੇ ਵਿਛੜਣ ਤੋਂ ਪਹਿਲਾਂ ਉਸ ਦੇ ਸਮਕਾਲੀ ਵਜੋਂ ਤੇ ਵਿਛੜਣ ਤੋਂ ਬਾਅਦ ਉਸ ਦੇ ਸਾਜਿੰਦ ਵਾਰਸ ਵਜੋਂ ਪ੍ਰੋਫੈਸਰ ਅਜਮੇਰ ਔਲਖ ਨੇ ਪੰਜਾਬੀ ਨਾਟਕ ਨੂੰ, ਭਾਅ ਗੁਰਸ਼ਰਨ ਸਿੰਘ ਦੇ ਮੁਹਾਵਰੇ ਨਾਲ ਬਹੁਤ ਪੀਡੀ ਤਰ੍ਹਾਂ ਜੋੜੀ ਰੱਖਿਆ ਹੈ। ਪੰਜਾਬ ਲੋਕ ਸੱਭਿਆਚਾਰਕ ਮੰਚ ਵੱਲੋਂ ਪਹਿਲੀ ਮਈ ਦੇ ਸਾਰੀ ਰਾਤ ਦੇ ਨਾਟਕ ਮੇਲੇ ’ਤੇ ਸਨਮਾਨੇ ਜਾਣ ਵਾਲਾ, ਸਾਹਿਤ ਅਕਾਡਮੀ ਸਨਮਾਨ ਹਾਸਲ ਕਰਨ ਵਾਲਾ ਸਾਡਾ ਔਲਖ ਪੰਜਾਬੀ ਨਾਟਕ ਦਾ ਸ਼ਾਹ ਅਸਵਾਰ ਹੈ।

ਗੁਰਸ਼ਰਨ ਸਿੰਘ ‘ਲੋਕ ਕਲਾ ਸਲਾਮ ਕਾਫਲਾ’ ਵੱਲੋਂ ਇੱਕ ਮਾਰਚ ਨੂੰ ਪੰਜਾਬ ਦੀ ਲੋਕਪੱਖੀ, ਇਨਕਲਾਬੀ ਸਾਹਿਤਕ ਧਾਰਾ ਦੀ ਇਸ ਉੱਘੀ ਹਸਤੀ ਨੂੰ ‘ਭਾਈ ਲਾਲੋ ਕਲਾ ਸਨਮਾਨ’ ਨਾਲ ਨਿਵਾਜ਼ ਕੇ ਆਪਣੇ ਲੋਕ ਪਿਆਰੇ ਨੂੰ ਪਿਆਰ ਤੇ ਸਨਮਾਨ ਦਾ ਨਿੱਘ ਬਖਸ਼ਿਆ ਜਾ ਰਿਹਾ ਹੈ। ਜਦੋਂ ਅਤਿਅੰਤ ਗੰਭੀਰ ਹਾਲਤ ’ਚ ਪ੍ਰੋ. ਔਲਖ ਕੈਂਸਰ ਦੀ ਨਾਮੁਰਾਦ ਬਿਮਾਰੀ ਦੇ ਚਲਦਿਆਂ ਰੋਹਿਨੀ (ਦਿੱਲੀ) ਦੇ ਰਾਜੀਵ ਗਾਂਧੀ ਹਸਪਤਾਲ ’ਚ ਦਾਖਲ ਸਨ ਤਾਂ ਸੱਚਮੁੱਚ ਸਾਰਾ ਸਾਹਿਤਕ, ਸਭਿਆਚਾਰਕ ਤੇ ਇਨਕਲਾਬੀ ਜਮਹੂਰੀ ਹਲਕਾ ਡੂੰਘੇ ਫਿਕਰ ’ਚ ਡੁੱਬ ਗਿਆ ਸੀ। ਸ਼ਾਇਦ ਇਹ ਮਿਸ਼ਨ ਦੀ ਪ੍ਰਤੀਬੱਧਤਾ ਸੀ ਤੇ ਆਪਣੇ ਹਿੱਸੇ ਦੀ ਜਿੰਮੇਵਾਰੀ ਅਜੇ ਪੂਰੀ ਤਰ੍ਹਾਂ ਨਿਭਾਉਣ ਦੀ ਪਵਿੱਤਰ ਚਾਹਤ ਹੀ ਸੀ ਕਿ ਔਲਖ ਨੇ ਜ਼ਿੰਦਗੀ ’ਤੇ ਫਤਿਹ ਹਾਸਲ ਕੀਤੀ।

‘‘ਬਗਾਨੇ ਬੋਹੜ ਦੀ ਛਾਂ,’’ ਬੋਹਲ ਰੋਂਦੇ ਨੇ, ਅਰਬਦ ਨਰਬਦ ਧੰਦੂਕਾਰਾ, ਝਨਾਂ ਦੇ ਪਾਣੀ, ਅਵੇਸਲੇ ਯੁੱਧਾਂ ਦੀ ਨਾਇਕਾ, ਗਾਨੀ, ਜਿਹੇ ਅਮਰ ਨਾਟਕਾਂ ਦਾ ਰਚਣਹਾਰਾ ਸਾਡਾ ਔਲਖ ਅਗਾਂਹਵਧੂ, ਯਥਾਰਥਵਾਦੀ, ਪ੍ਰਤਿਭਾਸ਼ੀਲ ਨਾਟਕਕਾਰ ਵਜੋਂ ਸਥਾਪਤ ਹੋਇਆ ਹੈ। ਉਸਦੇ ਨਾਟਕ ਕਿਸੇ ਵੀ ਪੇਂਡੂ ਘਰ ਦੇ ਅਸਲ ਯਥਾਰਥ ਨੂੰ ਜਦੋਂ ਲੋਕ ਕਲਾ ਮੰਚ ਮਾਨਸਾ ਜਾਂ ਮੁਲਾਂਪੁਰ ਜਾਂ ਬਰਨਾਲਾ ਦੇ ਜਾਂ ਹੋਰ ਕਿਸੇ ਨਾਟਕ ਟੀਮ ਦੇ ਕਲਾਕਾਰ ਪੇਸ਼ ਕਰਦੇ ਹਨ ਤਾਂ ਲੋਕ ਆਪਣੀ ਅੰਦਰਲੀ ਪੀੜ ਨੂੰ ਦਿਲ ’ਚ ਉਸਲਵੱਟੇ ਲੈਂਦੇ ਦਰਦ ਨੂੰ, ਨਾਟਕ ’ਚ ਉਸਰਦੇ ਟਕਰਾਅ ’ਚੋਂ ਹਾਸਲ ਕਰਦੇ ਰੋਹ ਨੂੰ ਸਮਝ ਕੇ ਸੱਚਮੁੱਚ ਜਮਾਤੀ ਚੇਤਨਾ ਨਾਲ ਸਰੋਬਾਰ ਹੁੰਦੇ ਹਨ। ਪ੍ਰੋ. ਔਲਖ ਨੇ ਜਦੋਂ ‘‘ਅੰਨੇ ਨਿਸ਼ਾਨਚੀ’’ ਖੇਡਿਆ ਤਾਂ ਸਿੱਧਮ ਸਿੱਧਾ ਖਾਲਿਸਤਾਨੀ ਦਹਿਸ਼ਤਗਰਦੀ ਨੂੰ ਵੰਗਾਰ ਸੀ। ‘ਐਸੇ ਜਨ ਵਿਰਲੇ ਸੰਸਾਰ’ ਨਾਟਕ ਧਾਰਮਿਕ ਮੂਲਵਾਦ ਤੇ ਸਿੱਧੀ ਤੇ ਕਰਾਰੀ ਚੋਟ ਸੀ।

ਗੁਰਸ਼ਰਨ ਸਿੰਘ ਦੀ ਕਲਾ ਦੇ, ਗੁਰਸ਼ਰਨ ਸਿੰਘ ਦੇ ਮਿਸ਼ਨ ਦੇ, ਉਦੇਸ਼ਾਂ ਦੇ ਇਸ ਸਮਕਾਲੀ ਵਾਰਸ ਨੇ ਇੱਕ ਮੁਲਾਕਾਤ ’ਚ ਕਿਹਾ ਸੀ ਕਿ ‘ਇੱਛਾ ਇਹੋ ਹੈ ਕਿ ਗੁਰਸ਼ਰਨ ਸਿੰਘ ਦੇ ਰੰਗਮੰਚ ਨੂੰ ਹੁਣ ਅੱਗੇ ਤੋਰਿਆ ਜਾਵੇ, ਜਿਸ ਅਨੁਸਾਰ ਨਾਟਕ ਸਿਰਫ ਰੱਜੇ ਪੁੱਜੇ ਲੋਕਾਂ ਦੇ ਮਨੋਰੰਜਨ ਦਾ ਸਾਧਨ ਨਾ ਰਹਿਕੇ ਪਿੰਡਾਂ ਦੀਆਂ ਸੱਥਾ, ਗਲੀਆਂ, ਤੇ ਥੜਿਆਂ ਤੱਕ ਪਹੁੰਚਣਾ ਚਾਹੀਦਾ ਹੈ। ਗੁਰਸ਼ਰਨ ਸਿੰਘ ਦੀ ਥੜਾ ਕਲਾ ਦਾ ਇਹ ਸਮਕਾਲੀ ਵਾਰਸ ਉਸੇ ਬੜਕ ਤੇ ਧੜਕ ਨਾਲ ਇਨਕਲਾਬੀ ਕਲਾ ਨੂੰ ਜੀਵੰਤ ਰੱਖ ਰਿਹਾ ਹੈ - ਪੰਜਾਬ ਦੀ ਇਨਕਲਾਬੀ ਲੋਕ ਲਹਿਰ ਦੀ ਇਸ ਦਸਤਾਰ ਨੂੰ ਦਿੱਤਾ ਜਾ ਰਿਹਾ ਸਨਮਾਨ ਲੋਕਾਂ ਤੇ ਕਲਾ ਦੇ ਅਟੁੱਟ ਰਿਸ਼ਤੇ ਨੂੰ ਮਜਬੂਤ ਕਰਨ ਦਾ ਸ਼ਾਨਦਾਰ ਯਤਨ ਹੈ। ਪ੍ਰੋਫੈਸਰ ਗੁਰਦਿਆਲ ਸਿੰਘ ਨੇ ਪ੍ਰੋ. ਅਜਮੇਰ ਔਲਖ ਬਾਰੇ ਲਿਖਿਆ ਹੈ, ‘ਹੁਣ ਤੱਕ ਔਲਖ ਨੇ ਜਿੰਨੇ ਵੀ ਨਾਟਕ ਲਿਖੇ ਹਨ ਉਨ੍ਹਾਂ ਦੀ ਤਿੱਖੀ ਤੇ ਪ੍ਰਭਾਵਸ਼ਾਲੀ ਹੋਣ ਦਾ ਮੂਲ ਕਾਰਨ ਉਹਦੇ ਜੀਵਨ ਅਨੁਭਵ ਦੀ ਪ੍ਰਪੱਕਤਾ ਹੈ ਤੇ ਉਹਨੇ ਹੌਲੀ-ਹੌਲੀ ਨਾਟਕਕਾਰ ਦੇ ਤੌਰ ਤੇ ਆਪਣੀ ਵੱਖਰੀ ਥਾਂ ਬਣਾ ਲਈ ਹੈ। ਪੰਜਾਬੀ ਨਾਟਕ ਅਜੇ ਤੱਕ ਆਪਣੀ ਯੋਗ ਤੇ ਪੱਕੀ ਪਛਾਣ ਬਨਾਉਣ ਵਿੱਚ, ਸ਼ਾਇਦ ਪੂਰੀ ਤਰ੍ਹਾਂ ਸਫਲ ਨਹੀਂ ਸੀ ਹੋ ਸਕਿਆ। ਪਰ ਪਿਛਲੇ ਦੋ ਕੁ ਦਹਾਕਿਆ ਤੋਂ ਸਮੇਤ ਗੁਰਸ਼ਰਨ ਭਾਅ ਜੀ ਦੇ ਅਜਮੇਰ ਔਲਖ ਤੇ ਆਤਮਜੀਤ ਜਿਹੇ ਸਮਰੱਥ ਨਾਟਕਕਾਰ ਤੇ ਰੰਗਕਰਮੀਆਂ ਨੇ ਜੋ ਆਪਣੇ ਸਫਲ ਯਤਨਾਂ ਸਦਕਾ, ਪੰਜਾਬੀ ਨਾਟਕ ਦੀ ਪਛਾਣ ਬਣਾ ਲਈ ਹੈ, ਉਸ ਨਾਲ ਨਾਟਕ ਸਾਹਿਤ ਦਾ ਭਵਿੱਖ ਉੱਜਲਾ ਲੱਗਣ ਲੱਗ ਪਿਆ ਹੈ। ਮੇਰੀ ਆਸ਼ਾ ਤੇ ਕਾਮਨਾ ਹੈ ਕਿ ਅਜਮੇਰ ਤੇ ਗੁਰਸ਼ਰਨ ਭਾਅ ਜੀ ਦੇ ਕਿੰਨ੍ਹੇ ਹੀ ਹੋਰ ਸਾਥੀ ਇਸ ਖੇਤਰ ਵਿੱਚ ਆਉਣਗੇ, ਜਿਹਨਾਂ ਸਦਕਾ ਪੰਜਾਬੀ ਨਾਟਕ ਖੇਤਰ ਅਮੀਰ ਹੋਵੇਗਾ।

ਭਾਅ ਜੀ ਗੁਰਸ਼ਰਨ ਸਿੰਘ ਪ੍ਰੋ. ਔਲਖ ਬਾਰੇ ਲਿਖਦੇ ਹਨ ‘ਬਿਗਾਨੇ ਬੋਹੜ ਦੀ ਛਾਂ’ ਉਹਦਾ ਸਾਰਿਆਂ ਨਾਲੋਂ ਮਕਬੂਲ ਨਾਟਕ ਹੈ ਪਰ ਮੇਰੀ ਨਜ਼ਰ ਵਿੱਚ ‘ਬਹਿਕਦਾ ਰੋਹ’ ਉਸਦੀ ਸ਼ਾਹਕਾਰ ਰਚਨਾ ਹੈ। ਇਸ ਨਾਟਕ ਦਾ ਸ਼ੁਰੂ ਹੈ ਜਦੋਂ ਕਿਸਾਨ ਦੀ ਫਸਲ ਘਰ ਆਂਦੀ ਹੈ। ਸਾਰੇ ਘਰ ਦੇ ਜੀਆਂ ਤੇ ਸੀਰੀ ਵਿੱਚ ਇੱਕੋ ਜਿੰਨੀ ਖੁਸ਼ੀ ਦੀ ਲਹਿਰ ਹੈ। ਔਲਖ ਨੇ ਨਿੱਕੀਆਂ-ਨਿੱਕੀਆਂ ਵਾਰਤਾਲਾਪੀ ਛੋਹਾਂ ਨਾਲ ਕਿਸ ਤਰ੍ਹਾਂ ਇਹ ਖੁਸ਼ੀ ਸਥਾਪਿਤ ਕੀਤੀ ਹੈ। ਇਹ ਆਪਣੇ ਆਪ ’ਚ ਪੰਜਾਬੀ ਨਾਟਕ ਅਤੇ ਸਮੁੱਚੇ ਪੰਜਾਬੀ ਸਾਹਿਤ ਦੀ ਇੱਕ ਅਮੁੱਲ ਪ੍ਰਾਪਤੀ ਹੈ। ਮਿਹਨਤ ਕਰਨ ਵਾਲਿਆਂ ਦੀ ਮਿਹਨਤ ਜਦੋਂ ਘਰ ਆਉਂਦੀ ਹੈ ਤਾਂ ਇੱਕ ਮਾਸੂਮ ਖੁਸ਼ੀ ਵਿੱਚ ਆਉਣ ਵਾਲੇ ਦੁਖਾਂਤ ਦਾ ਮੁੱਢ ਬੰਨਿਆ ਜਾਂਦਾ ਹੈ। ਨਾਟਕ ਦਾ ਦਰਮਿਆਨ ਹੈ, ਜਦੋਂ ਲਹਿਣੇਦਾਰ ਆਪਣਾ ਦਿੱਤਾ ਹੋਇਆ ਪੈਸਾ ਵਾਪਸ ਮੰਗਣ ਆ ਜਾਂਦਾ ਹੈ। ਇੱਕ ਫਖ਼ਰ ਅਤੇ ਮਾਣ ਵਾਲਾ ਕਿਸਾਨ ਆਜਿਜ ਹੋ ਕੇ ਰਹਿ ਜਾਂਦਾ ਹੈ। ਬੈਂਕ ਵਾਲੇ ਕਰਜੇ ਦੀ ਵਸੂਲੀ ਲਈ ਆ ਜਾਂਦੇ ਹਨ। ਕੁੱਝ ਪਲ ਪਹਿਲਾਂ ਦੀ ਖੁਸ਼ੀ ਹੁਣ ਗਮੀ ਵਿੱਚ ਬਦਲ ਜਾਂਦੀ ਹੈ। ਜਦੋਂ ਕਿਸਾਨ ਤਰਾਂਗਲ ਚੁੱਕਦਾ ਹੈ ਅਤੇ ਇੱਕ ਲਪੇਟਵੀਂ ਗਾਲ੍ਹ ਨਾਲ ਬੋਹਲ ਖਾਲ੍ਹੀ ਕਰਨ ਵਾਲੇ ਨੂੰ ਵੰਗਾਰਦਾ ਹੈ। ਇਹ ਚੁੱਕਿਆ ਹੋਇਆ ਤਰਾਂਗਲ ਹੀ ਇਸ ਗੱਲ ਦਾ ਪ੍ਰਤੀਕ ਹੈ। ਜਦੋਂ ਮਿਹਨਤ ਕਰਨ ਵਾਲੇ ਆਪਣੀ ਮਿਹਨਤ ਦੀ ਰਖਵਾਲੀ ਲਈ ਬਗਾਵਤ ਕਰਨਗੇ। ਕਿਸੇ ਨਾਟਕ ਦਾ ਸਟਰਕਚਰ ਖੜਾ ਕਰਨ ਲਈ ਵਿਉਂਤਬੰਦੀ ਦੀ ਇਸ ਤੋਂ ਵੱਧ ਕੋਈ ਹੋਰ ਚੰਗੀ ਮਿਸਾਲ ਨਹੀਂ ਦਿੱਤੀ ਜਾ ਸਕਦੀ।

ਨਾਟਕਾਂ ਵਿੱਚ ਪੇਂਡੂ ਮੁਹਾਵਰੇ ਦੀ ਵਰਤੋਂ ਦੀ ਔਲਖ ਦੀ ਤੁਲਨਾ ਮੋਢੀ ਨਾਟਕਕਾਰ ਈਸ਼ਵਰ ਚੰਦਰ ਨੰਦਾ ਨਾਲ ਕੀਤੀ ਜਾ ਸਕਦੀ ਹੈ। ਇਹ ਤੁਲਨਾ ਅਕਾਦਮਿਕ ਹਲਕਿਆਂ ਵਿੱਚ ਇੱਕ ਖੋਜ ਦਾ ਮੁੱਦਾ ਵੀ ਹੋ ਸਕਦਾ ਹੈ। ਨੰਦਾ ਦੀ ਪਕੜ ਵੀ ਪੇਂਡੂ ਮੁਹਾਵਰੇ ਤੇ ਸੀ ਤੇ ਉਹਨੇ ਇਹਦੀ ਵਰਤੋਂ ਆਪਣੇ ਨਾਟਕਾਂ ਵਿੱਚ ਬਹੁਤ ਕੀਤੀ। ਉਹਦੀ ਮਿਸਾਲ ਉਹਦੀ ਪ੍ਰਮੁੱਖ ਰਚਨਾ ‘‘ਸੁੱਭਦਰਾ’’ ਵਿੱਚ ਮਿਲਦੀ ਹੈ। ਨੰਦਾ ਨੇ ਇਹ ਪਕੜ ਬਹੁਤ ਮਿਹਨਤ ਨਾਲ ਹਾਸਲ ਕੀਤੀ ਲਗਦੀ ਸੀ। ਪਰ ਔਲਖ ਦੀ ਇਹ ਪਕੜ ਉਹਦੇ ਜੀਵਨ ਤਜਰਬੇ ਤੋਂ ਬਹੁਤ ਸੁਭਾਵਕ ਹੈ ਅਤੇ ਇਸਦੀ ਵਰਤੋਂ ਵੀ ਸੁਭਾਵਕ ਤਰੀਕੇ ਨਾਲ ਕੀਤੀ ਗਈ ਹੈ। ਪੜਦਿਆਂ, ਸੁਣਦਿਆਂ, ਦੇਖਦਿਆਂ ਰੂਹ ਸਰਸ਼ਾਰ ਹੁੰਦੀ ਹੈ।

ਗੁਰਸ਼ਰਨ ਸਿੰਘ ਪ੍ਰੋ. ਅਜਮੇਰ ਔਲਖ ਨੂੰ ਪੰਜਾਬੀ ਨਾਟਕ ਦੀ ਇੱਕ ਵੱਡੀ ਪ੍ਰਾਪਤੀ ਮੰਨਦੇ ਸਨ। ਇੱਕ ਸਫਲ ਲੋਕ ਨਾਟਕਕਾਰ ਵਜੋਂ ਪ੍ਰੋ. ਔਲਖ ਦੀ ਸਥਾਪਤੀ ਸਾਡੇ ਸਮਿਆਂ ਦਾ ਇੱਕ ਡੂੰਘਾ ਸਕੂਨ ਬਖਸ਼ਣ ਵਾਲਾ ਸੱਚ ਹੈ। ਗੁਰਸ਼ਰਨ ਭਾਅ ਜੀ ਦੀ ਸੋਚ ਦੇ ਪਹਿਰੇਦਾਰ ਪ੍ਰੋ. ਔਲਖ ਨੇ ਆਪਣੀ ਲੋਕ ਕਲਾ ਨਾਲ ਡੂੰਘੀ ਯਾਰੀ ਨੂੰ ਜਿਵੇਂ ਬਾਖੂਬੀ ਨਿਭਾਇਆ ਹੈ, ਕਾਫੀ ਤੱਕ ਹੱਦ ਭਾਅ ਦੀ ਸਰੀਰਕ ਗੈਰ-ਹਾਜ਼ਰੀ ਦਾ ਖੱਪਾ ਪੂਰਨ ਦਾ ਯਤਨ ਕੀਤਾ ਹੈ।

ਪ੍ਰੋ. ਅਜਮੇਰ ਔਲਖ ਨੇ ਇੱਕ ਹੋਰ ਵੱਡਾ ਤੇ ਬਾਕਮਾਲ ਕੰਮ ਕੀਤਾ ਹੈ। ਪੰਜਾਬ ਦੇ ਲੋਕਪੱਖੀ ਬੁੱਧੀਜੀਵੀਆਂ ਦੀ ਖੜੋਤ ਦਾ ਸ਼ਿਕਾਰ ਜੱਥੇਬੰਦੀ ਜਮਹੂਰੀ ਅਧਿਕਾਰ ਸਭਾ ਦੇ ਪੁਨਰਗਠਨ ਦਾ। ਸਾਬਕਾ ਪ੍ਰਧਾਨ ਮਰੂਹਮ ਹਰੀ ਸਿੰਘ ਤਰਕ ਹੋਰਾਂ ਦੇ ਬੇਵਕਤ ਵਿਛੋੜੇ ਦੇ ਅਸਿਹ ਘਾਟੇ ਦੇ ਚੱਲਦਿਆਂ ਪ੍ਰੋ. ਔਲਖ ਨੇ ਜਿਸ ਸੁਘੜਤਾ ਦੇ ਸੁੱਚਜਤਾ ਨਾਲ ‘ਜਮਹੂਰੀ ਅਧਿਕਾਰ ਸਭਾ’ ਦੀ ਪ੍ਰਧਾਨਗੀ ਦੀ ਜਿੰਮੇਵਾਰੀ ਸਾਂਭੀ ਹੈ, ਸਾਡੇ ਸਮਕਾਲੀਆਂ ਲਈ ਵੱਡਾ ਤੇ ਮਾਣਯੋਗ ਪ੍ਰਰੇਨਾ ਸਰੋਤ ਹੈ। ਪੰਜਾਬ ਦੀ ਇਨਕਲਾਬੀ ਜਮਹੂਰੀ ਲਹਿਰ ’ਚ ਜਮਹੂਰੀ ਅਧਿਕਾਰ ਸਭਾ ਨੇ 80 ਵਿਆਂ ’ਚ ਬੇਹੱਦ ਸ਼ਾਨਦਾਰ ਭੂਮਿਕਾ ਨਿਭਾਈ ਸੀ। ਰਾਜ ਭਾਗ ਵੱਲੋਂ ਲੋਕਾਂ ਤੇ ਢਾਹੇ ਜਾਂਦੇ ਜਬਰ, ਸਮਾਜ ’ਚ ਮਜਦੂਰਾਂ, ਕਿਸਾਨਾਂ, ਔਰਤਾਂ ਨਾਲ ਹੁੰਦੇ ਧੱਕਿਆਂ, ਦੇਸ਼-ਵਿਦੇਸ਼ ਅੰਦਰ ਸੰਘਰਸ਼ਸ਼ੀਲ ਤਬਕਿਆਂ ਤੇ ਚਲਦੇ ਡੰਡੇ ਤੇ ਹੁੰਦੀ ਬਾਰੂਦ ਦੀ ਵਾਛੜ ਵਿਰੁੱਧ, ਘਟਨਾਵਾਂ ਦੀ ਨਿਰਪੱਖ ਪੜਤਾਲ ਉਪਰੰਤ ਜਾਰੀ ਹੁੰਦੀਆਂ ਜਾਂਚ ਰਿਪਰੋਟਾਂ ਲੋਕ ਲਹਿਰ ਲਈ ਇੱਕ ਵੱਡਾ ਸਹਾਰਾ ਤੇ ਹੁੰਗਾਰਾ ਰਹੀਆਂ ਸਨ ਤੇ ਹਨ। ਬਾਵਜੂਦ ਡਾਕਟਰੀ ਹਦਾਇਤਾਂ ਦੇ ਬੇਹੱਦ ਗੰਭੀਰ ਸਰੀਰਕ ਸਮਸਿੱਆ ਦੇ ਜਮਹੂਰੀ ਅਧਿਕਾਰ ਸਭਾ ਦੀ ਪੁਨਰ ਸਥਾਪਨਾ ਤੇ ਮਜਬੂਤੀ ਦੇ ਕਾਰਜ ਨੂੰ ਸਮਰਪਤ ਤੇ ਪੂਰੀ ਡੂੰਘੀ ਪ੍ਰਤੀਬੱਧਤਾ ਨਾਲ ਸੰਬੋਧਤ ਪ੍ਰੋ. ਔਲਖ ਤੇ ਸਮੁੱਚੀ ਟੀਮ ਇਸ ਗੱਲ ਦੀ ਲਖਾਇਕ ਹੈ ਕਿ ਜਮਹੂਰੀ ਹੱਕਾਂ ਤੇ ਹੁੰਦੇ ਹਰ ਵਾਰ ਨੂੰ ਮਜਬੂਤੀ ਨਾਲ ਠੱਲਣਾ ਪੈਂਦਾ ਹੈ। ਅੱਜ ਜਦੋਂ ਦੇਸ਼ ਭਰ ਅੰਦਰ ਅਫਸਪਾ, ਯੂ. ਏ. ਪੀ. ਏ. ਵਰਗੇ ਖਤਰਨਾਕ ਕਾਲੇ ਕਾਨੂੰਨ ਲੋਕ ਆਵਾਜ ਦੀ ਸੰਘੀ ਨੱਪਣ ਲਈ ਲਿਆਂਦੇ ਜਾ ਰਹੇ ਹਨ ਤਾਂ ਪ੍ਰੋ. ਔਲਖ ਦੀ ਅਗਵਾਈ ’ਚ ਪੂਰੇ ਸੂਬੇ ਭਰ ’ਚ ਸਭਾ ਦੀ ਮਜਬੂਤੀ ਦਾ ਕਾਰਨ ਤੇ ਦੇਸ਼ ਦੀ ਜਮਹੂਰੀ ਹੱਕਾਂ ਦੀ ਲਹਿਰ ਨਾਲ ਇਸ ਦੀ ਪੀਡੀ ਸਾਂਝ ਲਈ ਸਮੂਹ ਇਨਕਲਾਬੀ ਸ਼ਕਤੀਆਂ ਪੂਰੀ ਨਿਸ਼ਠਾ ਤੇ ਇਮਾਨਦਾਰੀ ਨਾਲ ਯਤਨ ਤੇਜ਼ ਕਰਨਗੀਆਂ ਤਾਂ ਫਿਰ ਪ੍ਰੋ. ਔਲਖ ਦਾ ਸੱਚਾ ਸਨਮਾਨ ਹੋਵੇਗਾ।

ਪ੍ਰੋ. ਔਲਖ ਨੇ ਅਜੋਕੇ ਸਮੇਂ ’ਚ ਜਦੋਂ ਮੁਲਕ ’ਚ ਜਲ, ਜੰਗਲ, ਜ਼ਮੀਨ ਦੇ ਅਦਿਵਾਸੀਆਂ ਦੇ ਬੁਨਿਆਦੀ ਜਮਹੂਰੀ ਹੱਕ ਤੇ ਫਾਸ਼ੀ ਹਮਲੇ ਖਿਲਾਫ ‘ਅਪ੍ਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ - ਪੰਜਾਬ ਉਸਰਿਆ ਸੀ ਤਾਂ ਮੁੱਢਲੀ ਕਤਾਰ ’ਚ ਸਮੂਲੀਅਤ ਕੀਤੀ ਤੇ ਲਗਭਗ ਸਾਰੀਆਂ ਹੀ ਸਰਗਰਮੀਆਂ ’ਚ ਆਗੂ ਭੂਮਿਕਾ ਨਿਭਾਈ। ਬਚਪਨ ’ਚ ਜਿਮੀਂਦਾਰ ਦੇ ਖੇਤਾਂ ’ਚ ਕੰਮ ਕਰਕੇ ਮੁੜੀ ਮਾਂ ਦੀ ਜਿਮੀਂਦਾਰ ਦੇ ਕਰਿੰਦਿਆਂ ਵੱਲੋਂ ਤਲਾਸ਼ੀ ਦੌਰਾਨ ਖੋਹੀ ਛੱਲੀ ਦੀ ਪੀੜ ਨੇ ਆਦੀਵਾਸੀਆਂ ਕੋਲੋਂ ਝਾਰਖੰਡ, ਛਤੀਸਗੜ੍ਹ ’ਚ ਖੋਹੀਆਂ ਤੇ ਕਬਜਾਈਆਂ ਜਾ ਰਹੀਆਂ ਜ਼ਮੀਨਾਂ ਦੀ ਪੀੜ ਨੂੰ ਪ੍ਰੋ. ਔਲਖ ਦੀ ਅਗਾਵਈ ’ਚ ਇਸ ਫਰੰਟ ਨੇ ਮੁੰਹਾਂ ਬਖਸ਼ਿਆ ਹੈ। ਇਸ ਫਰੰਟ ਦੇ ਪਹਿਲੇ ਕਨਵੀਨਰ ਭਾਅ ਜੀ ਗੁਰਸ਼ਰਨ ਸਿੰਘ ਨੇ ਵਹੀਲ ਚੇਅਰ ਤੇ ਚੱਲਦਿਆਂ ਇਹ ਮੋਹਰੀ ਭੂਮਿਕਾ ਨਿਭਾਈ ਤਾਂ ਉਨਾਂ ਦੇ ਵਿਛੋੜੇ ਉਪਰੰਤ ਪ੍ਰੋ. ਅੋਲਖ ਨੇ ਖੂੰਡੀ ਫੜਕੇ ਆਗੂ ਭੂਮਿਕਾ ਨੂੰ ਨਿਭਾਉਣ ਦੀ ਜਿੰਮੇਵਾਰੀ ਨੂੰ ਆਂਚ ਨਹੀਂ ਆਉਣ ਦਿੱਤੀ। ਅੱਜ ਜਦੋਂ ਝਾਰਖੰਡ, ਛਤੀਸਗੜ੍ਹ ਦੇ ਜੰਗਲਾਂ ’ਚ ਥੁੜਾਂ ਭਰਪੂਰ ਜ਼ਿੰਦਗੀ ਜਿਉਂਦੇ ਆਦਿਵਾਸੀਆਂ ਨੂੰ ਉਨ੍ਹਾਂ ਦੇ ਪਿੰਡਾਂ, ਘਰਾਂ ਤੋਂ ਬੇਘਰ ਕਰਕੇ ਜੰਗਲਾਂ ਤੇ ਕਬਜਾ ਕਰਨ ਤੇ ਕਾਰਪੋਰੇਟ ਘਰਾਣਿਆਂ ਨੂੰ ਵੱਡੇ ਮੁਨਾਫੇ ਕਮਾਕੇ ਦੇਣ ਦੀ ਗਰੰਟੀ ਕਰਨ ਲਈ ਭਾਰਤੀ ਫੌਜ ਚੜਾ ਰੱਖੀ ਹੈ। ਜਦੋਂ ਸੈਂਕੜੇ ਲੋਕ ਆਗੂਆਂ ਨੂੰ ਵਰ੍ਹਿਆਂ ਬੱਧੀ ਝੂਠੇ ਕੇਸਾਂ ’ਚ ਜੇਲ੍ਹਾਂ ’ਚ ਸੁੱਟਿਆ ਜਾ ਰਿਹਾ ਹੈ। ਜਦੋਂ ਮੁਨਾਫੇ ਦਾ ਨਾਗ ਮੱਨੁਖਤਾ ਦਾ, ਇਨਸਾਨੀਅਤ ਦਾ ਜਮਾਤੀ ਦੁਸ਼ਮਣ ਬਣ ਆਪਣਾ ਫਨ ਪੂਰੀ ਤਰ੍ਹਾਂ ਫੈਲਾ ਚੁੱਕਾ ਹੈ ਤਾਂ ਇਸ ਫਰੰਟ ਦੀ ਮਜ਼ਬੂਤੀ ਤੇ ਪ੍ਰਗਤੀ ਲਈ ਸੋਚਣਾ, ਵਿਚਾਰਨਾ ਤੇ ਅਪ੍ਰੇਸ਼ਨ ਗਰੀਨ ਹੰਟ ਖਿਲਾਫ ਸੰਘਰਸ਼ ਨੂੰ ਸੂਤਰਬੱਧ ਕਰਨਾ ਪ੍ਰੋ. ਔਲਖ ਦਾ ਸਹੀ ਸਨਮਾਨ ਹੋਵੇਗਾ।

ਗੁਰਸ਼ਰਨ ਸਿੰਘ ਹੋਰਾਂ ਦੇ ਸਮਕਾਲੀ ਤੇ ਵਾਰਸ ਵਜੋਂ ਭਾਅ ਦੀਆਂ ਪੈੜਾਂ ’ਚ ਪੈੜ ਧਰਨ ਵਾਲੇ ਪ੍ਰੋ. ਅਜਮੇਰ ਸਿੰਘ ਔਲਖ ਦਾ ਪੂਰਾ ਜੀਵਨ ਸੰਗਰਾਮ, ਇਨਕਲਾਬੀ ਸਿਆਸਤ ਦੀ ਪੈਰੋਕਾਰੀ ਦਾ ਸ਼ਾਨਦਾਰ ਸਫਰ ਉਨ੍ਹਾਂ ਨਾਟਕਕਾਰਾਂ, ਨਿਰਦੇਸ਼ਕਾਂ, ਰੰਗਕਰਮੀਆਂ ਲਈ ਇੱਕ ਸੰਦੇਸ਼ ਤਾਂ ਹੈ ਹੀ ਇੱਕ ਪ੍ਰੇਰਣਾ ਸਰੋਤ ਵੀ ਹੈ, ਜਿਹੜੇ ਰੰਗਕਰਮੀ ਦਾਅਵਾ ਤਾਂ ਲੋਕਪੱਖੀ ਰੰਗਕਰਮੀ ਹੋਣ ਦਾ ਕਰਦੇ ਹਨ ਪਰ ਇਨਕਲਾਬੀ ਸਿਆਸਤ ਨਾਲ ਸਿੱਧੇ ਸਬੰਧਾਂ ਤੋਂ ਕਤਰਾਉਂਦੇ ਵੀ ਹਨ। ਸਾਡੇ ਭਾਅ ਵਾਂਗ ਤੇ ਪ੍ਰੋਫੈਸਰ ਸਾਹਿਬ ਨੇ ਵੀ ਆਪਣੇ ਸਮੁੱਚੇ ਜੀਵਨ ਕਾਲ ’ਚ ਸਥਾਪਤੀ ਖਿਲਾਫ ਸਿੱਧੀ ਲਕੀਰ ਖਿੱਚ ਕੇ ਨਿਰੰਤਰ, ਅਡੋਲ ਚਿੱਤ ਕੰਮ ਕੀਤਾ ਹੈ। ਜੋ ਕਿਤੇ ਦਿਕੱਤ ਆਈ ਵੀ ਤਾਂ ਲੋਕਪੱਖੀ ਸ਼ਕਤੀਆਂ ਨੇ ਉਸੇ ਵੇਲੇ ਪੈਨਸਲੀਨ ਦਾ ਕੰਮ ਕੀਤਾ। ਦੋਹੇਂ ਨਾਟਕਕਾਰ ਸਖਸ਼ੀਅਤਾਂ ਨੇ ਨਾਟਕ ਨੂੰ ਲੋਕ ਚੇਤਨਾ ਦਾ ਜ਼ਰੀਆ ਬਣਾਉਂਦਿਆਂ ਸਪੱਸ਼ਟ ਤੌਰ ਤੇ ਸਮਾਜਵਾਦੀ ਸਮਾਜ ਦੀ ਸਥਾਪਨਾ ਦੀ ਲੜਾਈ ਨੂੰ ਆਪਣੇ ਨਾਟਕਾਂ ਦਾ ਇੱਕ ਅਟੁੱਟ ਅੰਗ ਦੱਸਿਆ। ਬਰਾਬਰਤਾ ਆਧਾਰਿਤ, ਲੁੱਟ ਰਹਿਤ ਸਮਾਜ ਦੀ ਸਥਾਪਨਾ ਦੇ ਪਵਿੱਤਰ ਕਾਰਜ ਨੂੰ ਸੁਚੇਤ ਤੌਰ ਤੇ ਸਮਰਪਤ ਗੁਰਸ਼ਰਨ ਭਾਅ ਤੋਂ ਬਾਅਦ ਉਸ ਦੇ ਮਿਸ਼ਨ ਨੂੰ ਅੱਗੇ ਲੈ ਕੇ ਜਾ ਰਹੇ ਪ੍ਰੋਫੈਸਰ ਔਲਖ ਨੂੰ ਭਾਈ ਲਾਲੋ ਸਨਮਾਨ ਮਿਲਣ ਤੋਂ ਸਮੁੱਚੀ ਇਨਕਲਾਬੀ ਲਹਿਰ ਨੂੰ ਖੁਸ਼ੀ ਹੈ, ਮਾਣ ਹੈ। ਸ਼ਾਲਾ ! ਸਾਡਾ ਔਲਖ ਤੰਦਰੁਸਤ ਰਹੇ, ਲੰਮੀ ਮੜਕ ਵਾਲੀ ਉਮਰ ਹੰਢਾਵੇ, ਇਨਕਲਾਬੀ ਲੋਕ ਲਹਿਰ ਦੀ ਅਲਖ ਜਗਾਈ ਰੱਖੇ, ਇਨਕਲਾਬੀ ਲਹਿਰ ਦੀ ਮਸ਼ਾਲ ਮਜਬੂਤੀ ਨਾਲ ਫੜ੍ਹ ਸਾਡਾ ਰਾਹ ਦਸੇਰਾ ਬਣਿਆ ਰਹੇ।

ਸੰਪਰਕ: +91 94170 67344

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ