ਯੂਨਾਈਟਡ ਪੰਜਾਬ ਫੁਟਬਾਲ ਕਲੱਬ ਮਾਹਿਲਪੁਰ: ਫੁਟਬਾਲਰਾਂ ਦੀ ਤਰੱਕੀ ਦਾ ਅਲੰਬਰਦਾਰ - ਬਲਜਿੰਦਰ ਮਾਨ
Posted on:- 07-03-2015
ਭਾਵੇਂ ਅੱਜ ਭਾਰਤੀ ਫੁਟਬਾਲ ਦਾ ਸਥਾਨ ਦੁਨੀਆਂ ਦੇ ਪਹਿਲੇ ਡੇਢ ਸੌ ਦੇਸ਼ਾਂ ਵਿਚ ਵੀ ਨਹੀਂ ਆਉਂਦਾ ਫਿਰ ਵੀ ਫੁਟਬਾਲ ਨੂੰ ਪਿਆਰਨ ਤੇ ਸਤਿਕਾਰਨ ਵਾਲੇ ਲੋਕ ਇਸਦੀ ਬਿਹਤਰੀ ਲਈ ਯਤਨ ਕਰਦੇ ਰਹਿੰਦੇ ਹਨ।2012 ਵਿਚ ਜਦੋਂ ਜੇ ਸੀ ਟੀ ਨੇ ਫੁਟਬਾਲ ਦੀ ਕਲੱਬ ਖਤਮ ਕਰ ਦਿੱਤੀ ਤਾਂ ਖੇਡ ਪ੍ਰੇਮੀਆਂ ਤੇ ਖਿਡਾਰੀਆਂ ਨੂੰ ਇਹ ਚਿੰਤਾ ਖਾਣ ਲੱਗੀ ਕਿ ਹੁਣ ਫੁਟਬਾਲ ਦੀ ਤਰੱਕੀ ਲਈ ਕੌਣ ਕੰਮ ਕਰੇਗਾ? ਫਿਰ ਮਾਹਿਲਪੁਰ ਇਲਾਕੇ ਦੇ ਉਘੇ ਫੁਟਬਾਲਰਾਂ, ਖੇਡ ਪ੍ਰੇਮੀਆਂ, ਖੇਡ ਪ੍ਰੋਮੋਟਰਾਂ, ਅਤੇ ਐਨ ਆਰ ਆਈ ਵੀਰਾਂ ਨੇ ਇਸ ਉਦੇਸ਼ ਦੀ ਪੂਰਤੀ ਲਈ ਇਕ ਕਲੱਬ ਦਾ ਸੰਗਠਨ ਕਰਨ ਦਾ ਬੀੜਾ ਚੁੱਕਿਆ।ਉਹਨਾਂ ਪੂਰੇ ਪੰਜਾਬ ਦੇ ਹਣਹਾਰ ਫੁਟਬਾਲਰਾਂ ਦੀ ਕੋਚਿੰਗ ਅਤੇ ਪ੍ਰੋਮਸ਼ਨ ਦਾ ਜ਼ਿੰਮਾ ਲੈ ਕਿ ਯੂਨਾਈਟਡ ਪੰਜਾਬ ਫੁਟਬਾਲ ਕਲੱਬ ਮਾਹਿਲਪੁਰ (ਹੁਸ਼ਿਆਰਪੁਰ) ਦੀ ਸਥਾਪਨਾ ਕਰ ਦਿੱਤੀ।ਇਸ ਕਲੱਬ ਦੀ ਕੋਚਿੰਗ ਦੀ ਜ਼ਿੰਮੇਵਾਰੀ ਉੱਘੇ ਕੋਚ ਅਲੀ ਹਸਨ ਅਤੇ ਮਨਜਿੰਦਰ ਸਿੰਘ ਦੇ ਸਪੁਰਦ ਕਰ ਦਿੱਤੀ।
ਕਲੱਬ ਦੇ ਸੰਸਥਾਪਕਾਂ ਨੂੰ ਖੁਦ ਇਸ ਦੀ ਦੇਖ ਰੇਖ ਕੀਤੀ ਤਾਂ ਬਹੁਤ ਥੋੜੇ ਸਮੇਂ ਵਿਚ ਸ਼ਾਨਦਾਰ ਨਤੀਜੇ ਸਾਹਮਣੇ ਆਉਣ ਲਗ ਪਏ।ਸੁਪਰ ਲੀਗ ਪੰਜਾਬ ਵਿਚ ਤੀਜੀ ਥਾਂ ਪ੍ਰਾਪਤ ਕਰਕੇ ਤਿੰਨਾ ਸਾਲਾਂ ਵਿਚ ਹੀ ਮਾਰਕਾ ਮਾਰ ਲਿਆ।ਲਗਾਤਾਰ ਦੋ ਵਾਰੀ ਪ੍ਰਿੰਸੀਪਲ ਹਰਭਜਨ ਸਿੰਘ ਫੁਟਬਾਲ ਕੱਪ ਜਿੱਤ ਲਿਆ।ਇਸੇ ਤਰ੍ਹਾਂ ਦੋਆਬਾ ਕੱਪ ਖੇੜਾ ਅਤੇ ਫਗਵਾੜਾ ਕੱਪ ਵਿਚ ਵੀ ਰਨਰਜ਼ ਅੱਪ ਰਹਿ ਕੇ ਸ਼ਾਨਦਾਰ ਜਿੱਤਾਂ ਦਾ ਖੇਡ ਪ੍ਰਦਰਸ਼ਨ ਕੀਤਾ।ਕਲੱਬ ਦੇ ਖਿਡਾਰੀਆਂ ਦੀ ਪਾਏਦਾਰ ਖੇਡ ਦੇਖ ਕੇ ਕਈ ਕਲੱਬਾਂ ਨੇ ਉਹਨਾਂ ਨੂੰ ਆਪਣੀਆਂ ਕਲੱਬਾਂ ਵਿਚ ਸ਼ਾਮਿਲ ਕਰਨ ਦਾ ਵਾਇਦਾ ਕੀਤਾ।ਇਸ ਕਲੱਬ ਵਿਚੋਂ ਬਾਲੀ ਗਗਨਦੀਪ ਅਤੇ ਅਮਨਦੀਪ ਸਿੰਘ ਏ ਜੀ ਪੰਜਾਬ ਵਿਚ ਭਰਤੀ ਹੋ ਚੁੱਕੇ ਹਨ।ਉਂਕਾਰ ਸਿੰਘ ਏਅਰ ਇੰਡੀਆ, ਆਸਿਮ ਹਸਨ ਡੀ ਐਸ ਕੇ ਸਿਵਾਜੀਅਨ ਪੂਨੇ, ਅਫਤਾਬ ਵੀਰ ਸਿੰਘ ਏ ਜੀ ਹਰਿਆਣਾ ,ਸੰਦੀਪ ਸਿੰਘ ਇੰਡੀਅਨ ਰੇਲਵੇ ਵਿਚ ਸ਼ਾਮਲ ਹੋ ਕੇ ਕਮਾਲ ਦੀ ਖੇਡ ਦਾ ਪ੍ਰਦਰਸ਼ਨ ਕਰ ਰਹੇ ਹਨ।ਇਥੇ ਹੀ ਬਸ ਨਹੀਂ ਸਗੋਂ ਪਰਮਜੀਤ ਸਿੰਘ, ਹਰਮਿੰਦਰ ਸਿੰਘ, ਗੁਰਵਿੰਦਰ ਸਿੰਘ ਅਤੇ ਸੁਖਦੇਵ ਸਿੰਘ ਨੂੰ ਬੀ ਐਸ ਐਫ ਦਾ ਆਫਰ ਲੈਟਰ ਮਿਲ ਚੁੱਕਾ ਹੈ।ਇੰਜ ਇਸ ਕਲੱਬ ਦੇ ਖਿਡਾਰੀ ਆਪਣੀ ਨਿਵਕਲੀ ਖੇਡ ਕਲਾ ਸਦਕਾ ਤਰੱਕੀ ਦੀਆਂ ਪੌੜੀਆਂ ਚੜ੍ਹਦੇ ਜਾ ਰਹੇ ਹਨ।
ਸਾਲ 13-14 ਵਿਚ ਇਸ ਕਲੱਬ ਦੇ ਅਮਨਦੀਪ ਸਿੰਘ, ਪਰਮਜੀਤ ਸਿੰਘ, ਅਤੇ ਹਰਮਿੰਦਰ ਸਿੰਘ ਨੇ ਸੰਤੋਸ਼ ਟਰਾਫੀ ਵਿਚ ਸ਼ਾਮਿਲ ਹੋ ਕੇ ਆਪਣੇ ਖੇਡ ਕੈਰੀਅਰ ਨੂੰ ਬੁਲੰਦ ਕਰ ਲਆ।ਸਾਲ 14-15 ਵਿਚ ਤਾਂ ਸਭ ਤੋਂ ਵੱਖ ਖਿਡਾਰੀ ਯੂ ਪੀ ਐਫ ਸੀ ਮਾਹਿਲਪੁਰ ਦੇ ਸੰਤੋਸ਼ ਟਰਾਫੀ ਵਿਚ ਖੇਡੇ।ਇਸ ਸਾਲ ਸਤਬੀਰ ਸਿੰਘ, ਤਰਨਜੀਤ ਸਿੰਘ ,ਪਰਮਜੀਤ ਸਿੰਘ, ਅਫਤਾਬ ਵੀਰ ਸਿੰਘ, ਸੰਦੀਪ ਸਿੰਘ ਅਤੇ ਤਰਨ ਤਨੇਜਾ ਨੇ ਆਪਣੀ ਖੇਡ ਦੀਆਂ ਧੂੰਮਾ ਕੌਮੀ ਫੁਟਬਾਲ ਚੈਂਪੀਅਨਸ਼ਿੱਪ ਵਿਚ ਪਾਈਆਂ।
ਕਲੱਬ ਵਲੋਂ ਹਰ ਸਾਲ ਮਈ ਮਹੀਨੇ ਵਿਚ ਕਲੱਬ ਲਈ ਨਵੇਂ ਖਿਡਾਰੀਆਂ ਦੀ ਭਰਤੀ ਕੀਤੀ ਜਾਂਦੀ ਹੈ।ਇਸ ਵੇਲੇ ਕਲੱਬ ਵਿਚ 26 ਖਿਡਾਰੀ ਹਨ ਜਿਨਾਂ ਦਾ ਰੋਜ਼ਾਨਾ ਅਭਿਆਸ ਕਰਵਾਇਆ ਜਾਂਦਾ ਹੈ।ਖਿਡਾਰੀਆਂ ਤੇ ਇਕ ਮਹੀਨੇ ਦਾ ਖਰਚਾ ਤਿੰਨ ਲੱਖ ਦੇ ਕਰੀਬ ਕੀਤਾ ਜਾ ਰਿਹਾ ਹੈ ਜੋ ਸਭ ਦੇ ਸਹਿਯੋਗ ਨਾਲ ਕੀਤਾ ਜਾਂਦਾ ਹੈ।ਸਟਾਰ ਇੰਪੈਕਟ ਮਲੇਰਕੋਟਲਾ ਵਲੋਂ ਇਸ ਕਲੱਬ ਨੰ ਖੇਡ ਮੈਟੀਰੀਅਲ ਮੁਫਤ ਮੁਹੱਈਆ ਕਰਵਾਇਆ ਜਾ ਰਿਹਾ ਹੈ।ਕਨੇਡਾ ਵਸਦੇ ਕਲੱਬ ਦੇ ਸਹਿਯੋਗੀ ਗੁਰਨੇਕ ਸਿੰਘ ਮਾਨ (ਨੇਕੀ) ਅਤੇ ਮੱਖਣ ਸਿੰਘ ਜੌਹਲ ਦਾ ਕਹਿਣਾ ਹੈ ਕਿ ਫੁਟਬਾਲ ਦੇ ਨਿਕਾਸ ਤੇ ਵਿਕਾਸ ਲਈ ਇਸ ੳਪਰਾਲੇ ਲਈ ਉਹ ਸਦਾ ਯਤਨਸ਼ੀਲ਼ ਰਹਿਣਗੇ।ਗੀਤਕਾਰ ਗੁਰਮਿੰਦਰ ਕੈਂਡੋਵਾਲ ਅਨੁਸਾਰ ਉਸਦੇ ਸਭ ਸੰਗੀ ਸਾਥੀ ਮਹਿਲਪੁਰ ਇਲਾਕੇ ਦੀ ਖੇਡ ਨੂੰ ਸਮੱਰਪਿਤ ਹਨ।ਕਲੱਬ ਵੱਲੋਂ ਭਰਪੂਰ ਜਾਣਕਾਰੀ ਪ੍ਰਦਾਨ ਕਰਨ ਲਈ ਯੂਪੀ ਐਫ ਸੀ ਮਾਹਿਲਪੁਰ ਡਾਟਕਮ ਨਾਮ ਦੀ ਵੈਬਸਾਈਟ ਵੀ ਚਲਾਈ ਹੋਈ ਹੈ।ਜਿਸ ਤੇ ਫੁਟਬਾਲ ਨਾਲ ਸਬੰਧਤ ਆਧੁਨਿਕਤਾ ਬਾਰੇ ਭਰਪੂਰ ਜਾਣਕਾਰੀ ਮੁਹੱਈਆ ਕੀਤੀ ਜਾ ਰਹੀ ਹੈ।ਕਲੱਬ ਦੇ ਸੰਚਾਲਕਾਂ ਨੂੰ ਸ਼ਬਾਸ਼ ਦੇਣੀ ਬਣਦੀ ਹੈ ਜੋ ਇਲਾਕੇ ਦੀ ਖੇਡ ਦੀ ਪ੍ਰਗਤੀ ਦੇ ਨਾਲ ਨਾਲ ਪੂਰੇ ਭਾਰਤ ਦੇ ਫੁਟਬਾਲ ਦੇ ਨੈਣ ਨਕਸ਼ ਸੁਆਰਨ ਵਿਚ ਜੁਟੇ ਹੋਏ ਹਨ।ਯੂਨਾਈਟਡ ਪੰਜਾਬ ਫੁਟਬਾਲ ਕਲੱਬ ਮਾਹਿਲਪੁਰ ਦੀਆਂ ਇਹ ਮਾਣ ਮੱਤੀਆਂ ਪ੍ਰਾਪਤੀਆਂ ਨਵੇਂ ਖਿਡਾਰੀਆਂ ਅਤੇ ਖੇਡ ਪ੍ਰੋਮੋਟਰਾਂ ਲਈ ਬੜੀਆਂ ਪ੍ਰੇਰਨਾਦਾਇਕ ਹਨ।ਪੰਜਾਬ ਦਾ ਕੋਈ ਵੀ ਫੁਟਬਾਲਰ ਇਸ ਰਾਹੀਂ ਆਪਣੇ ਖੈਡ ਕੈਰੀਅਰ ਨੂੰ ਸ਼ਿੰਗਾਰ ਸਕਦਾ ਹੈ।
ਸੰਪਰਕ: +91 98150 18947