Thu, 21 November 2024
Your Visitor Number :-   7253762
SuhisaverSuhisaver Suhisaver

ਜ਼ਿੰਦਗੀ ਜ਼ਿੰਦਾਬਾਦ ਰਹੇ… -ਦਵੀ ਦਵਿੰਦਰ ਕੌਰ

Posted on:- 09-02-2015

suhisaver

ਕੋਈ ਵਿਰਲੀਆਂ ਹੀ ਹਸਤੀਆਂ ਹਨ, ਜੋ ਰੱਜ ਆਉਣ ’ਤੇ ਆਪਣੀ ਧਰਤੀ ਅਤੇ ਆਪਣੇ ਲੋਕਾਂ ਦਾ ਕਰਜ਼ਾ ਮੋੜਨ ਵੱਲ ਮੋੜਾ ਪਾਉਂਦੀਆਂ ਹਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪੰਜਾਬੀ ਪੜ੍ਹਾਉਂਦੇ ਐਸੋਸੀਏਟ ਪ੍ਰੋਫ਼ੈਸਰ ਡਾ. ਸੁਰਜੀਤ ਸਿੰਘ ਤੇ ਬਹੁਮੁਖੀ ਕਲਾਕਾਰ ਰਾਣਾ ਰਣਬੀਰ ਇਹ ਕਰਮ ਕਰ ਰਹੇ ਹਨ। ਉਹ ਪਿੰਡਾਂ ਕਸਬਿਆਂ, ਛੋਟੇ ਸ਼ਹਿਰਾਂ ਦੇ ਕਾਲਜਾਂ ਤੇ ਸਕੂਲਾਂ ਵਿੱਚ ਜਾ ਕੇ ਵਿਦਿਆਰਥੀਆਂ, ਬੱਚਿਆਂ ਨੂੰ ਕਿਤਾਬਾਂ ਪੜ੍ਹਨ ਦੀ ਚੇਟਕ ਲਾ ਰਹੇ ਹਨ ਅਤੇ ਜ਼ਿੰਦਗੀ ਨਾਲ ਜੋੜ ਰਹੇ ਹਨ। ‘ਜ਼ਿੰਦਗੀ ਜ਼ਿੰਦਾਬਾਦ’ ਦੇ ਉਨਵਾਨ ਹੇਠ ਇਕ ਲਹਿਰ ਚਲਾ ਰਹੇ ਇਹ ਦੋਵੇਂ ਹੁਣ ਤੱਕ ਪੰਜਾਬ ਦੇ 18-20 ਸਕੂਲਾਂ ਕਾਲਜਾਂ ਵਿੱਚ ਇਹ ਲਹਿਰ ਪਹੁੰਚਾ ਚੁੱਕੇ ਹਨ।

ਪਹਿਲਾਂ ਡਾ. ਸੁਰਜੀਤ ਸਿੰਘ ਨੌਜਵਾਨਾਂ ਤੇ ਬੱਚਿਆਂ ਦੇ ਰੂਬਰੂ ਹੁੰਦਿਆਂ, ਉਨ੍ਹਾਂ ਨੂੰ ਮਾਤ-ਬੋਲੀ ਦੀ ਅਹਿਮੀਅਤ ਬਾਰੇ ਦੱਸਦੇ ਹਨ। ਇਕ ਬੱਚੇ ਦੇ ਮੁਕੰਮਲ ਮਨੁੱਖ ਵਜੋਂ ਵਿਕਾਸ ਲਈ ਮਾਂ-ਬੋਲੀ ਤੇ ਮਾਂ-ਭਾਸ਼ਾ ਕਿੰਨੀ ਵੱਡੀ ਭੂਮਿਕਾ ਨਿਭਾਉਂਦੀਆਂ ਹਨ, ਉਹ ਸਰਲ ਬੋਲਾਂ ਨਾਲ ਇਹ ਜਾਣਕਾਰੀ ਦਿੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕੋਈ ਵੀ ਦੂਜੀ ਭਾਸ਼ਾ ਜਾਣਨ ਲਈ ਆਪਣੀ ਮਾਂ-ਬੋਲੀ ਦੀ ਚੰਗੀ ਸਮਝ ਹੋਣੀ ਬਹੁਤ ਲਾਜ਼ਮੀ ਹੈ।

ਉਹ ਵਿਗਿਆਨਕ ਤਰੀਕੇ ਨਾਲ ਸਮਝਾਉਂਦੇ ਹਨ ਕਿ ਮਾਂ-ਬੋਲੀ ’ਚ ਸਿੱਖਿਆ ਹਾਸਲ ਕਰਨੀ ਬੱਚੇ ਲਈ ਕਿੰਨੀ ਆਸਾਨ ਤੇ ਸਹਿਜ ਹੁੰਦੀ ਹੈ ਅਤੇ ਬਿਗ਼ਾਨੀਆਂ ਭਾਸ਼ਾਵਾਂ ਦਾ ਬੋਝ ਬਹੁਤੇ ਬੱਚਿਆਂ ਨੂੰ ਕਿਵੇਂ ਇਸ ਨਿਜ਼ਾਮ ਦੀ ਦੌੜ ਵਿੱਚੋਂ ਬਾਹਰ ਕੱਢ ਦਿੰਦਾ ਹੈ। ਉਹ ਬੱਚਿਆਂ ਨੂੰ ਦੱਸਦੇ ਹਨ ਕਿ ਮਾਤ ਭਾਸ਼ਾ ਵਿੱਚ ਸਿੱਖਿਆ ਹਾਸਲ ਕਰਨੀ ਉਨ੍ਹਾਂ ਦਾ ਜਨਮ ਸਿੱਧ ਅਧਿਕਾਰ ਹੈ। ਚੰਗੀ ਪੰਜਾਬੀ ਪੜ੍ਹਨੀ ਬੋਲਣੀ ਸਿੱਖ ਕੇ ਉਹ ਹੋਰ ਭਾਸ਼ਾਵਾਂ ਦੀਆਂ ਮੰਜ਼ਿਲਾਂ ਵੀ ਸਹਿਜੇ ਹੀ ਸਰ ਕਰ ਸਕਦੇ ਹਨ। ਡਾ. ਸੁਰਜੀਤ ਸਿੰਘ ਦੁਨੀਆਂ ਭਰ ਦੇ ਬਿਹਤਰ ਸਾਹਿਤ ਤੇ ਚਿੰਤਨ ਤੋਂ ਵਾਕਿਫ਼ ਹਨ। ਉਹ ਆਪਣੇ ਸਾਰੇ ਗਿਆਨ ਨੂੰ ਬੜੇ ਸਰਲ ਅੰਦਾਜ਼ ’ਚ ਨਵੀਂ ਪਨੀਰੀ ਅੱਗੇ ਪੇਸ਼ ਕਰਦੇ ਹਨ। ਉਹ ਬੱਚਿਆਂ ਨੂੰ ਚੰਗੀ ਪੰਜਾਬੀ ਸਿੱਖ ਕੇ ਚੰਗੀਆਂ ਪੁਸਤਕਾਂ ਪੜ੍ਹ ਕੇ ਸਵੈ-ਵਿਕਾਸ ਦੀ ਜਾਗ ਲਾਉਣ ਦਾ ਯਤਨ ਕਰ ਰਹੇ ਹਨ।

ਰਾਣਾ ਰਣਬੀਰ ਆਪਣੀ ਸਿਖ਼ਰਾਂ ਵੱਲ ਦੀ ਯਾਤਰਾ ਬਾਰੇ ਬੱਚਿਆਂ ਨੂੰ ਦੱਸਦਾ ਹੋਇਆ ਕਿਤਾਬਾਂ ਤੇ ਸੰਵਾਦ ਦੀ ਅਹਿਮੀਅਤ ’ਤੇ ਜ਼ੋਰ ਦਿੰਦਾ ਹੈ। ਹਾਸੇ-ਹਾਸੇ ਵਿੱਚ ਉਹ ਬੱਚਿਆਂ ਨਾਲ ਗੰਭੀਰ ਸੰਵਾਦ ਰਚਾਉਂਦਾ ਹੋਇਆ ਜਾਤ-ਪਾਤ, ਊਚ-ਨੀਚ ਦਾ ਵਿਤਕਰਾ, ਭਰੂਣ ਹੱਤਿਆਵਾਂ ਤੇ ਦਾਜ ਜਿਹੀਆਂ ਲਾਹਨਤਾਂ ਵਿਰੁੱਧ ਉਨ੍ਹਾਂ ਨੂੰ ਲਾਮਬੰਦ ਕਰਨ ਲਈ ਯਤਨਸ਼ੀਲ ਹੈ। ਉਹ ਰੂਬਰੂ ਦੌਰਾਨ ਅਚਾਨਕ ਮੁੰਡਿਆਂ ਨੂੰ ਪੁੱਛਦਾ ਹੈ, ‘‘ਤੁਹਾਡੇ ਵਿੱਚੋਂ ਕਿੰਨੇ ਆਪਣੇ ਭਾਂਡੇ ਆਪ ਚੁੱਕਦੇ ਹਨ ਤੇ ਕਿੰਨੇ ਆਪਣੇ ਕੱਪੜੇ ਤੇ ਬਿਸਤਰਾ ਖ਼ੁਦ ਸੰਵਾਰਦੇ ਹਨ?’’ ਲੜਕੀਆਂ ਨੂੰ ਉਹ ਆਪਣੇ ਪਿਤਾ, ਭਰਾਵਾਂ ਨਾਲ ਸੰਵਾਦ ਤੋਰਨ ਲਈ ਆਖਦਾ ਹੈ। ਉਹ ਕੁੜੀਆਂ ਨੂੰ ਭਲਕ ਲਈ ਤਿਆਰ ਕਰਦਾ ਹੈ ਕਿ ਉਹ ਘਰ ਦੇ ਪੁਰਸ਼ਾਂ ਨੂੰ (ਪਿਤਾ ਤੇ ਭਰਾਵਾਂ ਆਦਿ ਨੂੰ) ਦੱਸਣ ਕਿ ‘‘ਜਦੋਂ ਲੜਕੇ ਜਾਂ ਮਰਦ ਕਿਸੇ ਵੀ ਥਾਂ ਮਾਂ, ਧੀ, ਭੈਣ ਦੀ ਗਾਲ੍ਹ ਦਿੰਦੇ ਹਨ ਤਾਂ ਉਨ੍ਹਾਂ ਨੂੰ ਚੰਗਾ ਨਹੀਂ ਲੱਗਦਾ।’’ ਰਾਣੇ ਨੂੰ ਪੱਕ ਹੈ ਕਿ ਇਸ ਸੰਵਾਦ ਵਿੱਚ ਲੜਕੇ ਤੇ ਪਿਤਾ ਜ਼ਰੂਰ ਇਕ ਵਾਰ ਆਪਣੇ ਅੰਦਰ ਝਾਤੀ ਮਾਰਨਗੇ। ਉਸ ਦੀ  ਪੱਕੀ ਧਾਰਨਾ ਹੈ ਕਿ ਜਦੋਂ ਬੱਚੇ ਬਿਹਤਰ ਢੰਗ ਨਾਲ ਮਾਂ-ਬੋਲੀ ਦੀਆਂ ਬਾਰੀਕੀਆਂ ਸਿੱਖਣਗੇ, ਘਰਾਂ ਵਿੱਚ ਸੰਵਾਦ ਤੁਰੇਗਾ, ਮੋਹ ਦੀਆਂ ਤੰਦਾਂ ਪੱਕੀਆਂ ਹੋਣਗੀਆਂ ਤਾਂ ਨਵੀਂ ਪੀੜ੍ਹੀ ਭਟਕਣਾ ਤੋਂ ਬਚੇਗੀ ਤਾਂ ਸਾਡਾ ਭਵਿੱਖ ਰੋਸ਼ਨ ਹੋਵੇਗਾ। ਰਾਣੇ ਤੋਂ ਆਟੋਗ੍ਰਾਫ਼ ਲੈਣ ਲਈ ਬੱਚਿਆਂ ਕੋਲ ਕਿਤਾਬ ਹੋਣੀ ਲਾਜ਼ਮੀ ਹੈ। ਇਸੇ ਕਰਕੇ ਬੱਚੇ ਕਿਤਾਬਾਂ ਖਰੀਦਦੇ ਹਨ। ਦੋਵਾਂ ਨਾਲ ਕੋਈ ਪ੍ਰਕਾਸ਼ਕ ਜਾਂ ਕਿਤਾਬਾਂ ਵੇਚਣ ਵਾਲਾ ਲਾਜ਼ਮੀ ਹੁੰਦਾ ਹੈ, ਜਿਸ ਕੋਲ ਇਨ੍ਹਾਂ ਵੱਲੋਂ ਦੱਸੀਆਂ ਚੋਣਵੀਆਂ ਪੁਸਤਕਾਂ ਹੀ ਹੁੰਦੀਆਂ ਹਨ। ਇਸ ਪੁਸਤਕਾਂ ਪ੍ਰਦਰਸ਼ਿਤ ਕੀਤੀਆਂ ਜਾਂਦੀਆਂ ਹਨ। ਇਕ ਪ੍ਰੋਗਰਾਮ ’ਚ ਦਸ ਹਜ਼ਾਰ ਤੋਂ 35 ਹਜ਼ਾਰ ਤੱਕ ਦੀਆਂ ਪੁਸਤਕਾਂ ਬੱਚੇ ਖਰੀਦ ਲੈਂਦੇ ਹਨ। ਬਹੁਤੇ ਪ੍ਰੋਗਰਾਮਾਂ ਵਿੱਚ ਪਿੰਡਾਂ ਵਾਲੇ ਤੇ ਬੱਚਿਆਂ ਦੇ ਮਾਪੇ ਵੀ ਸ਼ਾਮਲ ਹੁੰਦੇ ਹਨ।

ਡਾ. ਸੁਰਜੀਤ ਤੇ ਰਾਣੇ ਦੀ ਇਸ ਖ਼ੂਬਸੂਰਤ ਜੁਗਲਬੰਦੀ ਦਾ ਇਕੋ-ਇਕ ਟੀਚਾ ਬੱਚਿਆਂ ਵਿੱਚੋਂ ਹੀਣ ਭਾਵਨਾ ਕੱਢਣੀ, ਉਨ੍ਹਾਂ ਨੂੰ ਬਿਗਾਨੀਆਂ ਭਾਸ਼ਾਵਾਂ ਦੀ ਦਹਿਸ਼ਤ ਤੋਂ ਮੁਕਤ ਕਰਕੇ ਸਹਿਜ ਮਨੁੱਖ ਵਾਲੀ ਭਰਪੂਰ ਜ਼ਿੰਦਗੀ ਜਿਊਂ ਸਕਣ ਦੇ ਕਾਬਲ ਬਣਾਉਣਾ ਹੈ ਤਾਂ ਕਿ ਅਸਲੋਂ ਹੀ ਜ਼ਿੰਦਗੀ ਜ਼ਿੰਦਾਬਾਦ ਹੋ ਸਕੇ। ਆਪਣੀ ਭਾਸ਼ਾ ’ਚ ਮੁਹਾਰਤ ਕਰਨ ਵਾਲੇ ਹੋਰ ਭਾਸ਼ਾਵਾਂ ਵੀ ਓਨੀ ਹੀ ਸੌਖ ਨਾਲ ਸਿੱਖ ਸਕਦੇ ਹਨ। ਇਹ ਵਿਗਿਆਨਕ ਸੱਚ ਹੈ। ਇਨ੍ਹਾਂ ਸਮਾਗਮਾਂ ਮੌਕੇ ਇਕ ਲੜਕੀ ਵੀ ਉਨ੍ਹਾਂ ਨਾਲ ਹੁੰਦੀ ਹੈ। ਉਹ ਪ੍ਰੋਗਰਾਮ ਦਾ ਸੰਚਾਲਣ ਕਰਦੀ ਹੈ। ਬੱਚਿਆਂ ਨਾਲ ਰਾਬਤਾ ਬਣਾਉਂਦੀ ਹੈ। ਪੰਜਾਬੀ ਦੇ ਹੱਕ ਵਿੱਚ ਲੋਕਾਂ ਦੇ ਦਸਤਖ਼ਤ ਲੈਂਦੀ ਹੈ ਅਤੇ ਫੇਸਬੁੱਕ ’ਤੇ ‘ਜ਼ਿੰਦਗੀ ਜ਼ਿੰਦਾਬਾਦ’ ਸਫ਼ਾ ਸੰਭਾਲਦੀ ਹੈ।

ਸੰਪਰਕ: +91 98760 82982

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ