ਅਸਲ ਫਰਿਸ਼ਤਾ - ਬਿੱਟੂ ਜਖੇਪਲ
Posted on:- 03-02-2015
ਕਰਮ ਸਿੰਘ ਇੱਕ ਮੁੱਛ ਫੁੱਟ ਗੱਭਰੂ ਸੀ। ਇੱਕ ਵਾਰ ਉਸਦਾ ਸਫ਼ਰ ’ਤੇ ਜਾਣਾ ਹੋਇਆ । ਉਹ ਸਟੇਸ਼ਨ ’ਤੇ ਪਹੁੰਚਿਆ ਤੇ ਰੇਲ ਗੱਡੀ ਦੀ ਉਡੀਕ ’ਚ ਸਟੇਸ਼ਨ ’ਤੇ ਬਣੇ ਬੈਂਚ ’ਤੇ ਬੈਠ ਗਿਆ । ਥੋੜ੍ਹੀ ਦੇਰ ਬਾਅਦ ਰੇਲ ਗੱਡੀ ਆ ਗਈ ਤੇ ਉਹ ਰੇਲ ਗੱਡੀ ’ਚ ਚੜ੍ਹ ਗਿਆ। ਗੱਡੀ ’ਚ ਬਹੁਤ ਭੀੜ ਸੀ। ਇਸ ਲਈ ਉਸਨੂੰ ਬੈਠਣ ਲਈ ਜਗ੍ਹਾ ਨਾ ਮਿਲੀ ਤੇ ਉਹ ਖੜ੍ਹਾ ਹੋ ਗਿਆ। ਅਗਲੇ ਸਟੇਸ਼ਨ ’ਤੇ ਜਾ ਕੇ ਭੀੜ ਕੁਝ ਘੱਟ ਹੋ ਗਈ ਤੇ ਉਹ ਬੈਠ ਗਿਆ। ਗੱਡੀ ਨੇ ਫਿਰ ਰਫਤਾਰ ਫੜ ਲਈ। ਜਦੋਂ ਗੱਡੀ ਅਗਲੇ ਸਟੇਸ਼ਨ ’ਤੇ ਰੁਕੀ ਤਾਂ ਕੁਝ ਯਾਤਰੀ ਉੱਤਰੇ ਤੇ ਕੁਝ ਹੋਰ ਚੜ੍ਹ ਗਏ, ਪਰ ਭੀੜ ਜਿਉਂ ਦੀ ਤਿਉਂ ਰਹੀ , ਉੱਥੋਂ ਚੜ੍ਹੀਆਂ ਸਵਾਰੀਆਂ ’ਚ ਕੁਝ ਕਾਲਜੀਏਟ ਕੁੜੀਆਂ ਵੀ ਸਨ। ਕੁਝ ਨੂੰ ਸੀਟਾਂ ਮਿਲ ਗਈਆਂ ਤੇ ਕੁਝ ਭੀੜ ’ਚ ਖੜ੍ਹੀਆਂ ਹੀ ਰਹੀਆਂ ।
ਇੱਕ ਮਾਸੂਮ ਜਿਹੀ ਕੁੜੀ ਉਸਦੀ ਸੀਟ ਕੋਲ ਆਣ ਖੜ੍ਹੀ ਤੇ ਸੀਟ ਖਾਲੀ ਹੋਣ ਦਾ ਇੰਤਜ਼ਾਰ ਕਰਨ ਲੱਗੀ। ਉਸਨੂੰ ਇਕੱਲੀ ਖੜ੍ਹੀ ਲੜਕੀ ’ਤੇ ਤਰਸ ਆਇਆ ਤੇ ਉਸ ਨੇ ਆਪਣੀ ਸੀਟ ਤੋਂ ਖੜ੍ਹੇ ਹੁੰਦਿਆਂ ਉਸ ਕੁੜੀ ਨੂੰ ਸੀਟ ’ਤੇ ਬੈਠ ਜਾਣ ਲਈ ਕਿਹਾ ਪਰ ਸ਼ਾਇਦ ਕੁੜੀ ਨੂੰ ਇਹ ਚੰਗਾ ਨਾ ਲੱਗਿਆ ਉਹ ਉਸਨੂੰ ਗਲਤ ਸਮਝ ਬੈਠੀ ਤੇ ਬੁਰਾ-ਭਲਾ ਕਹਿਣ ਲੱਗੀ ਤੇ ਪਤਾ ਨ੍ਹੀਂ ਗੁੱਸੇ ’ਚ ਕੀ-ਕੀ ਬੋਲ ਦਿੱਤਾ।
ਕਰਮ ਸਿੰਘ ਸੋਚਣ ਲੱਗਾ ਕਿ ਮੈਂ ਕੀ ਗੁਨਾਹ ਕੀਤਾ ਹੈ? ਮੈਂ ਤਾਂ ਅਜਿਹਾ ਕੁਝ ਸੋਚਿਆ ਵੀ ਨਹੀਂ ਸੀ। ਉਹ ਕੁੜੀ ਲਗਾਤਾਰ ਉਸਨੂੰ ਬੋਲਦੀ ਹੀ ਜਾ ਰਹੀ ਸੀ । ਕੁਝ ਮੁਸਾਫਿਰ ਕਹਿ ਰਹੇ ਸਨ ਕਿ ਤੇਰੀ ਇਹ ਕੁੜੀ ਕੀ ਲੱਗਦੀ ਹੈ? ਕੁਝ ਬੋਲ ਰਹੇ ਸਨ,‘‘ਅੱਜ-ਕੱਲ੍ਹ ਭਾਈ ਭਲਾਈ ਦਾ ਜ਼ਮਾਨਾ ਨਹੀਂ ਐ।’’ ਕੁਝ ਲੋਕ ਤਮਾਸ਼ਾ ਦੇਖ ਰਹੇ ਸਨ । ਕਰਮ ਸਿੰਘ ਚੁੱਪ-ਚਾਪ ਇਹ ਸਭ ਸੁਣਦਾ ਆਪਣੀ ਸੀਟ ’ਤੇ ਵਾਪਸ ਬੈਠ ਗਿਆ। ਕੁਝ ਦੇਰ ਬਾਅਦ ਕਰਮ ਸਿੰਘ ਤੇ ਉਨ੍ਹਾਂ ਕੁੜੀਆਂ ਦਾ ਸਟੇਸ਼ਨ ਆ ਗਿਆ। ਉਹ ਆਪਣੀ ਮੰਜਿਲ ਵੱਲ ਜਾਣ ਹੀ ਲੱਗਾ ਸੀ ਕਿ ਅਚਾਨਕ ਸਟੇਸ਼ਨ ’ਤੇ ਰੌਲ਼ਾ ਪੈਣ ਲੱਗ ਪਿਆ ਤੇ ਉਹ ਭੀੜ ਵੱਲ ਹੋ ਤੁਰਿਆ । ਉਸ ਨੇ ਕਿਸੇ ਯਾਤਰੀ ਨੂੰ ਪੁੱਛਿਆ, ‘ਕੀ ਹੋ ਗਿਆ? ਤਾਂ ਉਸਨੇ ਦੱਸਿਆ ਕਿ ਇਸ ਗੱਡੀ ’ਚੋਂ ਉੱਤਰ ਰਹੀ ਇੱਕ ਲੜਕੀ ਦਾ ਪੈਰ ਤਿਲ੍ਹਕ ਗਿਆ ਤੇ ਉਹ ਗੱਡੀ ਦੀ ਚਪੇਟ ’ਚ ਆ ਗਈ ਪਰ ਸ਼ੁਕਰ ਹੈ ਉਸ ਦੀ ਜਾਨ ਬਚ ਗਈ। ਸੱਟਾਂ ਕਾਫ਼ੀ ਵੱਜ ਗਈਆਂ ਕੁਝ ਲੋਕਾਂ ਤੇ ਪ੍ਰਸ਼ਾਸਨ ਦੀ ਮੱਦਦ ਨਾਲ ਕੁੜੀ ਨੂੰ ਜਲਦੀ-ਜਲਦੀ ਚੁੱਕ ਕੇ ਨੇੜੇ ਦੇ ਹਸਪਤਾਲ ’ਚ ਪਹੁੰਚਾਇਆ ਗਿਆ।
ਕਰਮ ਸਿੰਘ ਸਟੇਸ਼ਨ ਤੋਂ ਬਾਹਰ ਨਿਕਲ ਕੇ ਆਪਣੀ ਮੰਜ਼ਿਲ ਵੱਲ ਤੁਰ ਪਿਆ। ਰਸਤੇ ’ਚ ਉਸ ਦੇ ਦੋਸਤ ਦੀ ਦੁਕਾਨ ਸੀ। ਉਸ ਨੇ ਸੋਚਿਆ ਨਾਲੇ ਦੋਸਤ ਨੂੰ ਮਿਲ ਲੈਂਦੇ ਹਾਂ ਤੇ ਨਾਲੇ ਘੁੱਟ ਚਾਹ ਪੀ ਕੇ ਅੱਗੇ ਜਾਵਾਂਗੇ ਤੇ ਉਹ ਦੁਕਾਨ ’ਤੇ ਬੈਠ ਗਿਆ। ਇੰਨੇ ਨੂੰ ਇੱਕ ਆਦਮੀ ਆ ਕੇ ਕਹਿਣ ਲੱਗਿਆ ਕਿ ਕੋਈ ਲੜਕੀ ਗੱਡੀ ਦੀ ਚਪੇਟ ’ਚ ਆ ਗਈ ਸੀ। ਡਾਕਟਰ ਕਹਿ ਰਹੇ ਸੀ ਕਿ ਕੋਈ ਖੂਨ ਦਾਨ ਕਰਨ ਦਾ ਚਾਹਵਾਨ ਹੋਵੇ ਤਾਂ ਆ ਜਾਵੇ ਲੜਕੀ ਨੂੰ ਖੂਨ ਦੀ ਸਖ਼ਤ ਲੋੜ ਹੈ, ਉਸ ਦਾ ਕਾਫ਼ੀ ਖੂਨ ਵਹਿ ਗਿਆ ਹੈ ਪਰ ਕੋਈ ਖੂਨ ਦੇਣ ਲਈ ਤਿਆਰ ਨਹੀਂ ਸੀ। ਹਸਪਤਾਲ ਵਿੱਚ ਮੌਜੂਦ ਲੋਕਾਂ ’ਚੋਂ ਤੇ ਉਸਦੇ ਨਜ਼ਦੀਕੀ ਕੋਈ ਵੀ ਖੂਨ ਦੇਣ ਲਈ ਤਿਆਰ ਨਹੀਂ ਸੀ। ਕੋਈ ਕਹਿ ਰਿਹਾ ਸੀ ਕਿ ਮੈਂ ਪਿਛਲੇ ਮਹੀਨੇ ਬਿਮਾਰ ਸੀ, ਮੇਰੀ ਤਾਂ ਦਵਾਈ ਚੱਲਦੀ ਹੈ ਕੋਈ ਕਹਿ ਰਹਿ ਸੀ ਕਿ ਮੇਰਾ ਤਾਂ ਖੂਨ ਦਾ ਗਰੁੱਪ ਹੋਰ ਹੈ। ਇਹ ਸੁਣਦਿਆਂ ਹੀ ਕਰਮ ਸਿੰਘ ਆਪਣੇ ਦੋਸਤ ਨੂੰ ਨਾਲ ਲੈ ਕੇ ਇੱਕਦਮ ਹਸਪਤਾਲ ਵੱਲ ਦੌੜਿਆ ਤੇ ਉੱਥੇ ਪਹੁੰਚ ਕੇ ਦੇਖਿਆ ਕਿ ਵਾਕਈ ਕੋਈ ਖੂਨ ਦੇਣ ਲਈ ਤਿਆਰ ਨਹੀਂ ਸੀ। ਉਹ ਡਾਕਟਰਾਂ ਨੂੰ ਕਹਿਣ ਲੱਗਿਆ ਕਿ ਮੇਰਾ ਖੂਨ ਗਰੁੱਪ ਚੈੱਕ ਕਰੋ । ਖੂਨ ਗਰੁੱਪ ਚੈੱਕ ਕਰਨ ’ਤੇ ਪਤਾ ਲੱਗਾ ਕਿ ਉਸ ਦਾ ਖੂਨ ਗਰੁੱਪ ਕੁੜੀ ਦੇ ਖੂਨ ਗਰੁੱਪ ਨਾਲ ਮਿਲਦਾ ਸੀ। ਉਸ ਨੇ ਉਸ ਕੁੜੀ ਲਈ ਖੂਨ ਦਾਨ ਕਰ ਦਿੱਤਾ । ਉਸ ਕੁੜੀ ਨੂੰ ਖੂਨ ਚੜ੍ਹਾਇਆ ਗਿਆ ਤੇ ਕੁਝ ਦੇਰ ਬਾਅਦ ਉਸਨੂੰ ਹੋਸ਼ ਆ ਗਈ। ਉਹ ਕਰਮ ਸਿੰਘ ਵੱਲ ਵੇਖ ਕੇ ਫੁੱਟ-ਫੁੱਟ ਕੇ ਰੋ ਰਹੀ ਸੀ, ਪਰ ਕੁਝ ਬੋਲ ਨਹੀਂ ਰਹੀ ਸੀ।
ਕੁੜੀ ਦੇ ਪਰਿਵਾਰਕ ਮੈਂਬਰ ਕਰਮ ਸਿੰਘ ਦਾ ਧੰਨਵਾਦ ਕਰਦਿਆਂ ਬੋਲ ਰਹੇ ਸਨ ਕਿ ਤੂੰ ਤਾਂ ਰੱਬ ਵੱਲੋਂ ਭੇਜਿਆ ਇਨਸਾਨੀ ਰੂਪ ’ਚ ਫਰਿਸਤਾ ਹੈਂ, ਪਰਮਾਤਮਾ ਤੇਰੀ ਉਮਰ ਲੰਮੀ ਕਰੇ ਅਤੇ ਉਸ ਦਾ ਧੰਨਵਾਦ ਕਰ ਰਹੇ ਸਨ। ‘‘ਇਸ ’ਚ ਧੰਨਵਾਦ ਵਾਲੀ ਕਿਹੜੀ ਗੱਲ ਹੈ, ਇਹ ਤਾਂ ਹਰ ਇਨਸਾਨ ਦਾ ਫ਼ਰਜ਼ ਬਣਦਾ ਹੈ ਇਨਸਾਨ ਦੇ ਇਨਸਾਨ ਕੰਮ ਆਵੇ। ਇਸ ਤੋਂ ਵੱਡਾ ਹੋਰ ਕੋਈ ਉਪਕਾਰ ਹੋ ਹੀ ਨਹੀਂ ਸਕਦਾ।’’ ਇਹ ਕਹਿੰਦਾ ਕਰਮ ਸਿੰਘ ਹਸਪਤਾਲੋਂ ਬਾਹਰ ਆ ਗਿਆ ਤੇ ਆਪਣੀ ਮੰਜ਼ਿਲ ਵੱਲ ਤੁਰ ਪਿਆ। ਉਸ ਨੂੰ ਅਪਾਰ ਖੁਸ਼ੀ ਮਹਿਸੂਸ ਹੋ ਰਹੀ ਸੀ ਕਿ ਉਹ ਕਿਸੇ ਦੇ ਕੰਮ ਆ ਗਿਆ ।
ਉੱਧਰ ਲੜਕੀ ਨੂੰ ਵੀ ਪਤਾ ਲੱਗ ਗਿਆ ਸੀ ਕਿ ਇਹ ਉਹੀ ਇਨਸਾਨ ਸੀ, ਜਿਸ ਨੂੰ ਉਹ ਗੱਡੀ ’ਚ ਬੁਰਾ-ਭਲਾ ਕਹਿ ਰਹੀ ਸੀ। ਕੁੜੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਕਹਿ ਰਹੀ ਸੀ ਕਿ ਉਹ ਉਸ ਨੂੰ ਉਸ ਇਨਸਾਨ ਨਾਲ ਮਿਲਾ ਦੇਣ ਪਰ ਇੰਨੇ ਨੂੰ ਕਰਮ ਸਿੰਘ ਕਾਫ਼ੀ ਦੂਰ ਚਲਾ ਗਿਆ ਸੀ। ਉਹ ਮਾਯੂਸ ਲੜਕੀ ਆਪਣੇ ਮਨ ਹੀ ਮਨ ’ਚ ਆਪਣੇ-ਆਪ ਨੂੰ ਕੋਸ ਰਹੀ ਸੀ ਕਿ ਉਸ ਨੇ ਇੱਕ ਇਨਸਾਨ ਦੇ ਰੂਪ ’ਚ ਫਰਿਸ਼ਤੇ ਨੂੰ ਗਲਤ ਸਮਝਿਆ । ਉਹ ਹਸਪਤਾਲ ’ਚ ਖੜ੍ਹੇ ਪੱਥਰ ਦਿਲ ਇਨਸਾਨਾਂ ’ਚੋਂ ਕਰਮ ਸਿੰਘ ਦੇ ਨਕਸ਼ ਤਲਾਸ਼ ਰਹੀ ਸੀ।
ਸੰਪਰਕ: +91 85699 11132
parkash malhar
bahut psand ayaa mitter