ਤੁਹਾਨੂੰ ਮਿਲ ਕੇ ਖੁਸ਼ੀ ਹੋਈ - ਸੰਤੋਖ ਸਿੰਘ ਭਾਣਾ
Posted on:- 01-02-2015
ਹੋਂਠ, ਨੱਕ, ਕੰਨ, ਵਾਲ ਆਦਿ ਤਾਂ ਹਰ ਇੱਕ ਦੇ ਚਿਹਰੇ `ਤੇ ਹੁੰਦੇ ਹਨ।ਸੁਭਾਵਿਕ ਹੈ ਕਿ ਸਾਡੀ ਯਾਦਾਸ਼ਤ ਐਨੀ ਚੰਗੀ ਵੀ ਨਹੀਂ ਹੁੰਦੀ ਕਿ ਅਸੀਂ ਹਜ਼ਾਰਾਂ ਆਦਮੀਆਂ ਨੂੰ ਹਰ ਵਾਰ ਵੱਖਰੇ ਤੌਰ `ਤੇ ਪਹਿਚਾਣ ਸਕੀਏ।ਕੀ ਕਾਰਨ ਹੈ ਕਿ ਦੁਨੀਆਂ ਦੇ ਕਰੋੜਾਂ ਲੋਕਾਂ ਦੀ ਇੱਕ ਵੱਖਰੀ ਹੀ ਪਹਿਚਾਣ ਹੈ।ਅਸੀ ਜਿਸ ਨੂੰ ਮਿਲਦੇ ਹਾਂ,ਉਹਦੇ ਨਾਲ ਗੱਲਬਾਤ ਕਰਦੇ ਹਾਂ,ਦੁਬਾਰਾ ਮਿਲਦੇ ਹਾਂ ਤਾਂ ਉਹਨੂੰ ਪਹਿਚਾਣ ਲੈਂਦੇ ਹਾਂ।ਇਸਦੇ ਪਿੱਛੇ ਸਿੱਧਾ ਜਿਹਾ ਕਾਰਨ ਹੈ ਕਿ ਹਰ ਇਨਸਾਨ ਦੇ ਚਿਹਰੇ ਤੋਂ ਜਿਆਦਾ ਉਂਹਦੀ ਅਵਾਜ਼,ਉਂਹਦੇ ਹਾਵ-ਭਾਵ ਅਤੇ ਉਂਹਦੀ ਮੁਸਕਾਨ ਤੋਂ ਅਸੀਂ ਉਹਨੂੰ ਪਹਿਚਾਣਦੇ ਹਾਂ।ਚਿਹਰਾ ਤਾਂ ਤੁਹਾਡੀ ਪਹਿਚਾਣ ਲਈ ਮਾਤਰ ਇੱਕ ਬਿੰਬ ਹੈ।ਕੋਈ ਆਦਮੀ ਆਪਣੇ ਚਿਹਰੇ ਨੂੰ ਭਾਵੇਂ ਜਿੰਨਾ ਮਰਜ਼ੀ ਬਦਲ ਲਵੇ ਫਿਰ ਵੀ ਅਸੀਂ ਉਹਨੂੰ ਅਸਾਨੀ ਨਾਲ ਪਹਿਚਾਣ ਲਵਾਂਗੇ। ਪਰ ਜਦ ਉਹ ਆਪਣੇ ਵਿਉਹਾਰ,ਬੋਲਚਾਲ,ਮੁਸਕਾਨ ਆਦਿ ਨੂੰ ਬਦਲ ਲਵੇ ਤਾਂ ਭਾਵੇਂ ਅਸੀ ਉਹਨੂੰ ਮਿਲਨ ਤੋ ਬਾਅਦ ਸੰਕੋਚ ਕਰੀਏ।ਭਾਵ ਆਦਮੀ ਦੀ ਪਹਿਚਾਣ ਉਹਦੀ ਮੁਸਕਾਨ ਤੋਂ ਵੀ ਹੁੰਦੀ ਹੈ।
ਤੁਹਾਨੂੰ ਪਹਿਚਾਣ ਦੇਣ ਵਾਲੀ ਨਿਹਮਤ ਜੋ ਕੁਦਰਤ ਨੇ ਤੁਹਾਨੂੰ ਤੋਹਫੇ ਦੇ ਰੂਪ ਵਿੱਚ ਬਖਸ਼ੀ ਹੈ ਉਹ ਹੈ ਤੁਹਾਡੇ ਅੰਦਰ ਛੁਪੀ ਹੋਈ ਮੁਸਕਾਨ।ਆਪਣੇ ਹੋਠਾਂ ਨੂੰ ਜ਼ਰਾ ਕੁ ਖੋਹਲਣ ਨਾਲ ਹੀ ਵੱਡੀਆਂ ਵੱਡੀਆਂ ਸਮੱਸਿਆਵਾ ਸੁਲਝ ਜਾਂਦੀਆਂ ਹਨ।ਵਰ੍ਹਿਆਂ ਤੋ ਰੁੱਸੀ ਹੋਈ ਜ਼ਿੰਦਗੀ ਤੁਹਾਡੇ ਵਿਹੜੇ ਵਿੱਚ ਧਮਾਲਾਂ ਪਾਉਣ ਲੱਗ ਪੈਂਦੀ ਹੈ।ਤੁਹਾਡੇ ਆਲੇ-ਦੁਆਲੇ ਜੇ ਕੋਈ ਆਦਮੀ ਤੁਹਾਨੂੰ ਰੁੱਖਾ,ਬੇਰਸ ਜਾਂ ਖੜੂਸ ਜਿਹਾ ਲੱਗਦਾ ਹੈ ਤਾਂ ਜਰੂਰ ਹੀ ਉਹ ਆਪਣੀ ਮੁਸਕਾਨ ਬਿਖੇਰਨ ਤੋਂ ਕੰਜੂਸੀ ਵਰਤਦਾ ਹੋਵੇਗਾ ਅਤੇ ਨਾਲ ਹੀ ਉਹਨੇ ਆਪਣੀ ਨਿੱਜੀ ਡਾਇਰੀ ਦੇ ਪੰਨਿਆਂ ਤੇ ਲਿਖਿਆ ਹੋਵੇਗਾ-ਹੱਸਣਾ ਮਨ੍ਹਾ ਹੈ।
ਕੋਈ ਔਰਤ ਗਹਿਣੇ ਪਹਿਣ ਕੇ ਜਿੰਨਾ ਸੁੰਦਰ ਦਿੱਸਣਾ ਚਾਹੁੰਦੀ ਹੈ ਉਸਤੋਂ ਕਿਤੇ ਜਿਆਦਾ ਸੁੰਦਰ ਉਹ ਆਪਣੀ ਮਧੁਰ-ਮੁਸਕਾਨ ਬਿਖੇਰ ਕੇ ਦਿਸ ਸਕਦੀ ਹੈ।ਮੁਸਕਾਨ ਦੂਸਰਿਆਂ ਨੂੰ ਦਿੱਤਾ ਜਾਣ ਵਾਲਾ ਉਹ ਤੋਹਫਾ ਹੈ, ਜਿਸਦੀ ਕੀਮਤ ਨਹੀਂ ਲਾਈ ਜਾ ਸਕਦੀ। ਜ਼ਿੰਦਗੀ ਦੀ ਇਹ ਅਨਮੋਲ ਅਮਾਨਤ ਦੂਸਰਿਆਂ ਨੂੰ ਦੇਣ ਲਈ ਹੈ ਨਾ ਕਿ ਇਸਨੂੰ ਆਪਣੇ ਹੋਠਾਂ ਅੰਦਰ ਮੂੰਹ ਦੀ ਬਾਲਕੋਨੀ `ਚ ਕੈਦ ਕਰਕੇ ਰੱਖਣ ਲਈ।
ਜ਼ਰਾ ਇੱਕ ਵੇਰ ਉਮੰਗਾਂ ਅਤੇ ਖੁਸ਼ੀਆਂ ਭਰੀ ਸੱਜਰੀ ਸਵੇਰ ਦੇ ਰਾਂਗਲੇ ਮੌਸਮ ਨੂੰ ਉਤਸ਼ਾਹ ਭਰੀਆਂ ਮੁਸਕ੍ਰਾਉਂਦੀਆਂ ਨਜ਼ਰਾਂ ਨਾਲ ਨਿਹਾਰੋ ਅਤੇ ਫਿਰ ਉਸਦੀ ਤੁਲਨਾ ਤਪਦੀ ਸਿਖਰ ਦੁਪਿਹਰ ਦੀ ਪਿੰਡਾ ਲੂੰਹਦੀ ਗਰਮੀ ਨਾਲ ਕਰੋ ਤਾਂ ਸ਼ਾਇਦ ਤੁਹਾਨੂੰ ਮੁਸਕ੍ਰਾਹਟ ਦੇ ਸਕਾਰਾਤਮਕ ਨਤੀਜੇ ਬਾਰੇ ਬਾਖੂਬੀ ਜਾਣਕਾਰੀ ਹੋ ਜਾਵੇਗੀ।ਬਨਾਉਟੀ ਮੁਸਕਾਨ ਤੋਂ ਬਚੋ।ਤੁਹਾਡੀ ਮੁਸਕਾਨ ਸਦਾਬਹਾਰ ਖੁਸ਼ੀ ਦਾ ਬਾਹਰੀ ਪ੍ਰਗਟਾਵਾ ਹੋਣੀ ਚਾਹੀਦੀ ਹੈ।
(2)
ਜਦੋਂ ਦੋ ਜਾਣੇ ਮਿਲਦੇ ਹਨ ਤਾਂ ਕੁਝ ਬੋਲਣ ਤੋਂ ਪਹਿਲਾਂ ਦੋਹਾਂ ਦੇ ਚਿਹਰਿਆਂ ਉੱਤੇ ਮੁਸਕਾਨ ਖਿੜ ਉੱਠਦੀ ਹੈ।ਦੋਹਾਂ ਦੇ ਚਿਹਰੇ ਅਤੇ ਹਾਵ-ਭਾਵ ਤਾਂ ਬਰਾਬਰ ਹੁੰਦੇ ਹਨ,ਫਿਰ ਬੋਲਣ ਤੋ ਪਹਿਲਾਂ ਇਸ ਪੌਣੀ ਕੂ ਇੰਚੀ ਹਾਸੇ ਦਾ ਕੀ ਕਾਰਨ ਹੋ ਸਕਦਾ ਹੈ। ਦਰਅਸਲ ਇਹ ਸਹਿਜ ਹੀ ਆ ਜਾਂਦਾ ਹੈ।ਚਿਹਰੇ ਉੱਤੇ ਬਿਨਾਂ ਕਿਸੇ ਵਜ੍ਹਾ ਦੇ ਖਿੜ੍ਹੀ ਮੁਸਕਾਨ ਸਾਡੇ ਚਿਹਰੇ ਨੂੰ ਆਕਰਸ਼ਕ ਬਨਾਉਣਾ ਚਾਹੁੰਦੀ ਹੈ।ਇਹ ਸਾਹਮਣੇ ਵਾਲੇ ਆਦਮੀ ਨੂੰ ਦੱਸ ਦੇਣਾ ਚਾਹੁੰਦੀ ਹੈ ਕਿ ਤੁਹਾਨੂੰ ਮਿਲਕੇ ਖੁਸ਼ੀ ਹੋਈ।
ਤੁਸੀਂ ਸੜਕ ਤੇ ਤੁਰੇ ਜਾ ਰਹੇ ਹੋਵੋ ਅਤੇ ਧੋੜੀ ਦੂਰ ਕੋਈ ਬਿਗਾਨਾ ਆਦਮੀ ਤੁਹਾਨੂੰ ਵੇਖ ਕੇ ਮੁਸਕ੍ਹਾਉਂਦਾ ਹੋਇਆ ਤੁਹਾਡੇ ਵੱਲ ਵਧ ਰਿਹਾ ਹੋਵੇ।ਤੁਸੀਂ ਉਹਨੂੰ ਜਾਣਦੇ ਨਹੀਂ ਪਰ ਉਹਦੀ ਅਪਣੱਤ ਭਰੀ ਮੁਸਕਾਨ ਵੇਖ ਕੇ ਇਹ ਸਮਝ ਲੈਂਦੇ ਹੋ ਕਿ ਉਹ ਜ਼ਰੂਰ ਹੀ ਤੁਹਾਡੇ ਨਾਲ ਗੱਲ ਕਰਨ ਲਈ ਉਤਸਕ ਹੈ।ਇਨਸਾਨ ਅੰਦਰ ਛੁਪੀ ਇਹ ਇੱਕ ਅਨਮੋਲ ਕਲਾ ਹੈ।ਬੱਸ ਲੋੜ ਹੈ ਇਸਦੇ ਉਪਯੋਗ ਦੀ।
ਸਾਡੇ ਚਿਹਰੇ ਦੀ ਮੁਸਕਾਨ ਸਾਡੀਆਂ ਭਾਵਨਾਵਾਂ ਦਾ ਸੂਚਨਾਂ-ਤੰਤਰ ਹੈ।ਅਨੇਕਾਂ ਸੁਨੇਹਿਆਂ ਨੂੰ ਬਿਨਾਂ ਅਵਾਜ਼ ਅਦਾਨ-ਪ੍ਰਦਾਨ ਕਰਨ ਦਾ ਇਹ ਸਰਵ-ਉੱਤਮ ਅਤੇ ਮੁਫਤ ਦਾ ਸਾਧਨ ਹੈ।ਇਸਦੇ ਰਾਹੀ ਚਿਹਰੇ ਦੇ ਅਣਗਿਣਤ ਭਾਵਾਂ ਨੂੰ ਪੜ੍ਹਿਆਂ ਅਤੇ ਸਮਝਿਆ ਜਾ ਸਕਦਾ ਹੈ।ਦੂਸਰਿਆਂ ਦੀ ਹਮਦਰਦੀ ਲੈਣ ਦਾ ਇਹ ਆਦਰਸ਼ ਮਾਰਗ ਹੈ। ਘੰਟਿਆ ਬੱਧੀ ਹੋਈ ਪ੍ਰਸਪਰ ਬਹਿਸ ਤੋਂ ਬਾਅਦ ਸਾਡੇ ਚਿਹਰੇ ਉੱਤੇ ਖਿੜੀ ਜ਼ਰਾ ਕੂ ਮੁਸਕਾਨ ਸਾਡੇ ਸਾਰੇ ਸ਼ਿਕਵੇ ਸ਼ਿਕਾਇਤਾਂ ਨੂੰ ਭੁਲਾ ਦਿੰਦੀ ਹੈ।ਵੱਡੇ ਤੋ ਵੱਡੇ ਕ੍ਰੋਧ ਨੂੰ ਕ੍ਰੋਧ ਨਾਲ ਸ਼ਾਂਤ ਨਹੀਂ ਕੀਤਾ ਜਾ ਸਕਦਾ।ਇਹਦੇ ਲਈ ਲੋੜ ਹੁੰਦੀ ਹੈ ਇੱਕ ਸਰਲ ਜਿਹੀ ਅਤੇ ਸੱਚੀ-ਸੁੱਚੀ ਮੁਸਕਾਨ ਦੀ।ਦਿਲ ਦੀ ਕਸਰਤ ਲਈ ਇਹ ਇੱਕ ਮਾਤਰ ਉਪਾਅ ਹੈ ਅਤੇ ਚਿਹਰੇ ਦੀ ਸਜਾਵਟ ਲਈ ਸੱਭ ਤੋ ਉੱਤਮ ਸ਼ਿੰਗਾਰ ਦਾ ਸਾਧਨ ਇਸ ਦੁਨੀਆਂ `ਚ ਹੋਰ ਕੋਈ ਹੋ ਈ ਨਹੀਂ ਸਕਦਾ।
ਚਿਹਰੇ ਦੀਆਂ ਝੁਰੜੀਆਂ ਅਤੇ ਉਮਰ ਨੂੰ ਲੁਕੋਨ ਦਾ ਇੱਕ ਮਾਤਰ ਤਰੀਕਾ ਇਹ ਵੀ ਹੇ ਕਿ ਆਪਣੇ ਚਿਹਰੇ ਨੂੰ ਹਸਮੁੱਖ ਬਣਾ ਕੇ ਰੱਖੋ।ਕਠੋਰ ਅਤੇ ਤਨਾਵਗ੍ਰਸਤ ਚਿਹਰਾ,ਜਵਾਨੀ ਵਿੱਚ ਹੀ ਬੁਢਾਪੇ ਦਾ ਰੂਪ ਧਾਰਨ ਕਰ ਲੈਂਦਾ ਹੈ।ਖੁਸ਼ ਹੋਣਾ ਖੁਸ਼ੀ ਦਾ ਕਾਰਨ ਨਹੀਂ ਹੈ,ਇਹ ਤਾਂ ਅੰਦਰ ਦੀ ਅਵਾਜ ਹੈ ਜੋ ਸਾਡੇ ਚਿਹਰੇ ਉੱਤੇ ਹਾਸੇ ਦੇ ਰੂਪ `ਚ ਪ੍ਰਗਟ ਹੁੰਦੀ ਹੈ।ਜੋ ਸਾਨੂੰ ਅਹਿਸਾਸ ਦਿਵਾਉਂਦੀ ਹੈ ਕਿ ਅਸੀਂ ਦੁੱਖਾਂ ਤੋਂ ਬਹੁਤ ਦੂਰ ਅਤੇ ਤਣਾਵ ਤੋਂ ਮੁਕਤ ਹਾਂ।ਤੁਸੀਂ ਕਿੰਨੇ ਸੁੰਦਰ ਹੋ,ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿੰਨੇ ਹੱਸਮੁੱਖ ਹੋ।
ਸੰਪਰਕ: +91 98152 96475